ਗ਼ਰੀਬਾਂ ਲਈ ਖ਼ੁਸ਼ ਖ਼ਬਰੀ
ਗ਼ਰੀਬਾਂ ਲਈ ਖ਼ੁਸ਼ ਖ਼ਬਰੀ
ਬਾਈਬਲ ਭਰੋਸਾ ਦਿੰਦੀ ਹੈ ਕਿ “ਕੰਗਾਲ ਤਾਂ ਸਦਾ ਵਿੱਸਰੇ ਨਹੀਂ ਰਹਿਣਗੇ।” (ਜ਼ਬੂਰਾਂ ਦੀ ਪੋਥੀ 9:18) ਪਰਮੇਸ਼ੁਰ ਬਾਰੇ ਬਾਈਬਲ ਇਹ ਵੀ ਕਹਿੰਦੀ ਹੈ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:16) ਇਹ ਕੋਈ ਖੋਖਲਾ ਵਾਅਦਾ ਨਹੀਂ ਹੈ। ਸਰਬਸ਼ਕਤੀਮਾਨ ਪਰਮੇਸ਼ੁਰ ਗ਼ਰੀਬਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਗ਼ਰੀਬੀ ਦੂਰ ਕਰ ਸਕਦਾ ਹੈ। ਗ਼ਰੀਬਾਂ ਦੀਆਂ ਲੋੜਾਂ ਕੀ ਹਨ?
ਇਕ ਅਫ਼ਰੀਕਨ ਇਕਾਨੋਮਿਸਟ ਨੇ ਕਿਹਾ ਕਿ ਗ਼ਰੀਬ ਦੇਸ਼ਾਂ ਨੂੰ ਇਕ ਅਜਿਹਾ ਚੰਗਾ ਲੀਡਰ ਚਾਹੀਦਾ ਹੈ ਜਿਸ ਕੋਲ ਕੁਝ ਕਰਨ ਦੀ ਤਾਕਤ ਹੋਵੇ ਤੇ ਉਹ ਗ਼ਰੀਬਾਂ ਦੀ ਪਰਵਾਹ ਵੀ ਕਰੇ। ਅਸੀਂ ਕਹਿ ਸਕਦੇ ਹਾਂ ਕਿ ਅਜਿਹਾ ਲੀਡਰ ਦੁਨੀਆਂ ਦਾ ਲੀਡਰ ਹੋਣਾ ਚਾਹੀਦਾ ਹੈ ਕਿਉਂਕਿ ਅੱਤ ਦੀ ਗ਼ਰੀਬੀ ਪੂਰੀ ਦੁਨੀਆਂ ਵਿਚ ਬੇਇਨਸਾਫ਼ੀ ਕਰਕੇ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹੇ ਲੀਡਰ ਨੂੰ ਗ਼ਰੀਬੀ ਦੀ ਜੜ੍ਹ ਯਾਨੀ ਖ਼ੁਦਗਰਜ਼ੀ ਬਾਰੇ ਵੀ ਕੁਝ ਕਰਨ ਦੀ ਲੋੜ ਹੋਵੇਗੀ। ਇਸ ਤਰ੍ਹਾਂ ਦਾ ਲੀਡਰ ਕਿੱਥੋਂ ਮਿਲ ਸਕਦਾ ਹੈ?
ਪਰਮੇਸ਼ੁਰ ਨੇ ਯਿਸੂ ਨੂੰ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਦੇਣ ਲਈ ਭੇਜਿਆ ਸੀ। ਜਦ ਯਿਸੂ ਨੇ ਪੜ੍ਹ ਕੇ ਸੁਣਾਇਆ ਕਿ ਪਰਮੇਸ਼ੁਰ ਨੇ ਉਸ ਨੂੰ ਕੀ ਕਰਨ ਲਈ ਭੇਜਿਆ ਸੀ, ਤਾਂ ਉਸ ਨੇ ਕਿਹਾ: “ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ ਅਤੇ ਉਸ ਨੇ ਮੈਨੂੰ ਚੁਣਿਆ ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।”—ਲੂਕਾ 4:16-18.
ਖ਼ੁਸ਼ ਖ਼ਬਰੀ ਕੀ ਹੈ?
ਪਰਮੇਸ਼ੁਰ ਨੇ ਯਿਸੂ ਨੂੰ ਰਾਜਾ ਬਣਾਇਆ ਹੈ। ਇਹ ਵਾਕਈ ਖ਼ੁਸ਼ ਖ਼ਬਰੀ ਹੈ। ਉਹ ਗ਼ਰੀਬੀ ਖ਼ਤਮ ਕਰਨ ਲਈ ਇਕ ਚੰਗਾ ਲੀਡਰ ਹੈ ਕਿਉਂਕਿ (1) ਉਸ ਨੇ ਸਾਰੇ ਇਨਸਾਨਾਂ ਉੱਤੇ ਰਾਜ ਕਰਨਾ ਹੈ ਤੇ ਉਸ ਕੋਲ ਕੁਝ ਕਰਨ ਦੀ ਤਾਕਤ ਹੈ। (2) ਉਹ ਗ਼ਰੀਬਾਂ ’ਤੇ ਦਇਆ ਕਰਦਾ ਹੈ ਤੇ ਆਪਣੇ ਚੇਲਿਆਂ ਨੂੰ ਉਨ੍ਹਾਂ ਦੀ ਦੇਖ-ਭਾਲ ਕਰਨੀ ਸਿਖਾਉਂਦਾ ਹੈ। (3) ਉਹ ਗ਼ਰੀਬੀ ਦੀ ਜੜ੍ਹ ਯਾਨੀ ਖ਼ੁਦਗਰਜ਼ੀ ਨੂੰ ਖ਼ਤਮ ਕਰ ਸਕਦਾ ਹੈ। ਆਓ ਆਪਾਂ ਖ਼ੁਸ਼ ਖ਼ਬਰੀ ਦੀਆਂ ਇਨ੍ਹਾਂ ਤਿੰਨਾਂ ਗੱਲਾਂ ਵੱਲ ਧਿਆਨ ਦੇਈਏ।
1. ਸਾਰੀਆਂ ਕੌਮਾਂ ’ਤੇ ਯਿਸੂ ਦਾ ਅਧਿਕਾਰ। ਯਿਸੂ ਬਾਰੇ ਬਾਈਬਲ ਕਹਿੰਦੀ ਹੈ: ‘ਪਾਤਸ਼ਾਹੀ ਉਹ ਨੂੰ ਦਿੱਤੀ ਗਈ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।’ (ਦਾਨੀਏਲ 7:14) ਜ਼ਰਾ ਸੋਚੋ ਕਿ ਸਾਰੇ ਇਨਸਾਨਾਂ ਉੱਤੇ ਸਿਰਫ਼ ਇੱਕੋ ਸਰਕਾਰ ਹੋਣ ਦਾ ਕਿੰਨਾ ਫ਼ਾਇਦਾ ਹੋਵੇਗਾ। ਧਰਤੀ ਦੇ ਭੰਡਾਰਾਂ ਲਈ ਕੋਈ ਵੀ ਲੜਾਈ-ਝਗੜਾ ਨਹੀਂ ਕਰੇਗਾ। ਇਨ੍ਹਾਂ ਭੰਡਾਰਾਂ ਤੋਂ ਸਾਰਿਆਂ ਨੂੰ ਇੱਕੋ ਜਿਹਾ ਫ਼ਾਇਦਾ ਹੋਵੇਗਾ। ਯਿਸੂ ਨੇ ਖ਼ੁਦ ਇਸ ਗੱਲ ਨੂੰ ਕਬੂਲ ਕੀਤਾ ਸੀ ਕਿ ਉਹ ਦੁਨੀਆਂ ਦਾ ਲੀਡਰ ਬਣੇਗਾ ਜਿਸ ਕੋਲ ਕੰਮ ਕਰਨ ਦੀ ਤਾਕਤ ਹੋਵੇਗੀ। ਉਸ ਨੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।”—ਮੱਤੀ 28:18.
2. ਗ਼ਰੀਬਾਂ ਲਈ ਯਿਸੂ ਦੀ ਹਮਦਰਦੀ। ਧਰਤੀ ’ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਗ਼ਰੀਬ ਲੋਕਾਂ ਉੱਤੇ ਦਇਆ ਕੀਤੀ। ਮਿਸਾਲ ਲਈ, ਇਕ ਤੀਵੀਂ ਦੇ 12 ਸਾਲਾਂ ਤੋਂ ਲਹੂ ਵਹਿ ਰਿਹਾ ਸੀ ਤੇ ਉਸ ਨੇ ਇਲਾਜ ਵਾਸਤੇ ਆਪਣੇ ਸਾਰੇ ਪੈਸੇ ਖ਼ਰਚ ਕਰ ਦਿੱਤੇ। ਕਾਨੂੰਨ ਮੁਤਾਬਕ ਉਹ ਕਿਸੇ ਨੂੰ ਹੱਥ ਨਹੀਂ ਲਾ ਸਕਦੀ ਸੀ ਤੇ ਜੇ ਉਹ ਕਿਸੇ ਨੂੰ ਹੱਥ ਲਾਉਂਦੀ, ਤਾਂ ਉਹ ਅਸ਼ੁੱਧ ਹੋ ਜਾਂਦਾ ਸੀ। ਪਰ ਉਸ ਨੇ ਠੀਕ ਹੋਣ ਲਈ ਯਿਸੂ ਦੇ ਕੱਪੜੇ ਨੂੰ ਛੂਹਿਆ। ਯਿਸੂ ਨੇ ਉਸ ਨੂੰ ਝਿੜਕਣ ਦੀ ਬਜਾਇ ਉਸ ਨਾਲ ਹਮਦਰਦੀ ਦਿਖਾਈ ਤੇ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।”—ਮਰਕੁਸ 5:25-34.
ਯਿਸੂ ਦੀਆਂ ਸਿੱਖਿਆਵਾਂ ਵਿਚ ਲੋਕਾਂ ਦੇ ਦਿਲਾਂ ਨੂੰ ਬਦਲਣ ਦੀ ਤਾਕਤ ਹੈ ਤਾਂਕਿ ਉਹ ਵੀ ਦਇਆ ਨਾਲ ਪੇਸ਼ ਆ ਸਕਣ। ਮਿਸਾਲ ਲਈ, ਜ਼ਰਾ ਯਿਸੂ ਦੇ ਜਵਾਬ ’ਤੇ ਗੌਰ ਕਰੋ ਜੋ ਉਸ ਨੇ ਉਸ ਆਦਮੀ ਨੂੰ ਦਿੱਤਾ ਜੋ ਜਾਣਨਾ ਚਾਹੁੰਦਾ ਸੀ ਕਿ ਉਹ ਰੱਬ ਨੂੰ ਕਿੱਦਾਂ ਖ਼ੁਸ਼ ਕਰ ਸਕਦਾ ਹੈ। ਆਦਮੀ ਜਾਣਦਾ ਸੀ ਕਿ ਰੱਬ ਚਾਹੁੰਦਾ ਹੈ ਕਿ ਅਸੀਂ ਆਪਣੇ ਗੁਆਂਢੀ ਨਾਲ ਪਿਆਰ ਕਰੀਏ, ਪਰ ਉਸ ਨੇ ਯਿਸੂ ਤੋਂ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?”
ਜਵਾਬ ਵਿਚ ਯਿਸੂ ਨੇ ਇਕ ਆਦਮੀ ਦੀ ਕਹਾਣੀ ਦੱਸੀ ਜੋ ਯਰੂਸ਼ਲਮ ਤੋਂ ਯਰੀਹੋ ਜਾ ਰਿਹਾ ਸੀ। ਰਾਹ ਵਿਚ ਲੁਟੇਰਿਆਂ ਨੇ ਲੂਕਾ 10:25-37.
ਉਸ ਨੂੰ ਲੁੱਟ ਲਿਆ ਤੇ “ਅਧਮੋਇਆ” ਛੱਡ ਦਿੱਤਾ। ਉਸ ਰਸਤਿਓਂ ਜਾ ਰਿਹਾ ਇਕ ਪੁਜਾਰੀ ਉਸ ਨੂੰ ਦੇਖ ਕੇ ਦੂਜੇ ਪਾਸਿਓਂ ਦੀ ਲੰਘ ਗਿਆ। ਇਕ ਲੇਵੀ ਨੇ ਵੀ ਇਸੇ ਤਰ੍ਹਾਂ ਕੀਤਾ। “ਪਰ ਫਿਰ ਇਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੋਂ ਦੀ ਲੰਘ ਰਿਹਾ ਸੀ। ਜਦ ਉਸ ਨੇ ਉਸ ਆਦਮੀ ਨੂੰ ਦੇਖਿਆ, ਤਾਂ ਸਾਮਰੀ ਨੂੰ ਉਸ ’ਤੇ ਬੜਾ ਤਰਸ ਆਇਆ।” ਉਸ ਨੇ ਆਦਮੀ ਦੇ ਜ਼ਖ਼ਮਾਂ ਨੂੰ ਸਾਫ਼ ਕੀਤਾ, ਉਸ ਨੂੰ ਮੁਸਾਫਰਖ਼ਾਨੇ ਲੈ ਗਿਆ ਤੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਉਸ ਦੀ ਦੇਖ-ਭਾਲ ਕਰਨ ਲਈ ਪੈਸੇ ਦਿੱਤੇ। ਯਿਸੂ ਨੇ ਪੁੱਛਿਆ: “ਤੇਰੇ ਮੁਤਾਬਕ . . . ਕਿਸ ਨੇ ਆਪਣੇ ਆਪ ਨੂੰ ਉਸ ਆਦਮੀ ਦਾ ਗੁਆਂਢੀ ਸਾਬਤ ਕੀਤਾ ਜੋ ਲੁਟੇਰਿਆਂ ਦੇ ਹੱਥ ਆ ਗਿਆ ਸੀ?” ਉਸ ਨੇ ਜਵਾਬ ਦਿੱਤਾ: “ਜਿਸ ਨੇ ਉਸ ਆਦਮੀ ਉੱਤੇ ਦਇਆ ਕਰ ਕੇ ਉਸ ਦੀ ਮਦਦ ਕੀਤੀ ਸੀ।” ਯਿਸੂ ਨੇ ਉਸ ਨੂੰ ਕਿਹਾ: “ਜਾਹ ਅਤੇ ਤੂੰ ਵੀ ਇਸੇ ਤਰ੍ਹਾਂ ਕਰਦਾ ਰਹਿ।”—ਜਿਹੜੇ ਲੋਕ ਯਹੋਵਾਹ ਦੇ ਗਵਾਹ ਬਣਦੇ ਹਨ ਉਹ ਯਿਸੂ ਦੀਆਂ ਅਜਿਹੀਆਂ ਸਿੱਖਿਆਵਾਂ ਪੜ੍ਹਦੇ ਹਨ ਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਲਾਤਵੀਆ ਤੋਂ ਇਕ ਲੇਖਕਾ ਨੇ ਆਪਣੀ ਕਿਤਾਬ ਵਿਚ ਉਸ ਸਮੇਂ ਬਾਰੇ ਲਿਖਿਆ ਜਦ 1960 ਦੇ ਦਹਾਕੇ ਵਿਚ ਉਹ ਪੋਟਮਾ ਨਾਂ ਦੀ ਜੇਲ੍ਹ ਵਿਚ ਸਜ਼ਾ ਕੱਟਦੀ ਹੋਈ ਬੀਮਾਰ ਪੈ ਗਈ। “ਬੀਮਾਰੀ ਦੌਰਾਨ [ਗਵਾਹਾਂ ਨੇ] ਮੇਰੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਇਸ ਤੋਂ ਵਧੀਆ ਕੋਈ ਮੇਰੀ ਦੇਖ-ਭਾਲ ਕਰ ਹੀ ਨਹੀਂ ਸਕਦਾ ਸੀ।” ਉਸ ਨੇ ਅੱਗੇ ਕਿਹਾ: “ਯਹੋਵਾਹ ਦੇ ਗਵਾਹ ਦੂਜਿਆਂ ਦੀ ਮਦਦ ਕਰਨੀ ਆਪਣਾ ਫ਼ਰਜ਼ ਮੰਨਦੇ ਹਨ ਉਹ ਚਾਹੇ ਕਿਸੇ ਵੀ ਧਰਮ ਜਾਂ ਕੌਮ ਦਾ ਹੋਵੇ।”
ਐਂਗਕੌਨ, ਇਕਵੇਡਾਰ ਵਿਚ ਮਾਲੀ ਸੰਕਟ ਕਾਰਨ ਜਦ ਯਹੋਵਾਹ ਦੇ ਕੁਝ ਗਵਾਹਾਂ ਨੇ ਨੌਕਰੀਆਂ ਗੁਆਈਆਂ, ਤਾਂ ਹੋਰਨਾਂ ਗਵਾਹਾਂ ਨੇ ਉਨ੍ਹਾਂ ਲਈ ਪੈਸੇ ਇਕੱਠਾ ਕਰਨ ਦਾ ਤਰੀਕਾ ਲੱਭਿਆ। ਉਨ੍ਹਾਂ ਨੇ ਉਨ੍ਹਾਂ ਮਛਿਆਰਿਆਂ ਨੂੰ ਖਾਣਾ ਤਿਆਰ ਕਰ ਕੇ ਵੇਚਿਆ ਜੋ ਰਾਤ ਨੂੰ ਮੱਛੀਆਂ ਫੜ੍ਹ ਕੇ ਆਉਂਦੇ ਸਨ (ਤਸਵੀਰ ਦੇਖੋ)। ਮੰਡਲੀ ਦੇ ਸਾਰੇ ਗਵਾਹਾਂ ਨੇ, ਇੱਥੋਂ ਤਕ ਕਿ ਬੱਚਿਆਂ ਨੇ ਵੀ ਮਿਲ ਕੇ ਕੰਮ ਕੀਤਾ। ਉਹ ਰਾਤ ਦੇ ਇਕ ਵਜੇ ਖਾਣਾ ਤਿਆਰ ਕਰਨਾ ਸ਼ੁਰੂ ਕਰਦੇ ਸਨ ਤਾਂਕਿ ਸਵੇਰ ਦੇ ਚਾਰ ਵਜੇ ਤਕ ਖਾਣਾ ਤਿਆਰ ਹੋਵੇ ਜਦੋਂ ਮਛਿਆਰੇ ਵਾਪਸ ਆਉਂਦੇ ਸਨ। ਜੋ ਪੈਸਾ ਉਨ੍ਹਾਂ ਨੇ ਇਕੱਠਾ ਕੀਤਾ ਉਨ੍ਹਾਂ ਨੇ ਲੋੜ ਮੁਤਾਬਕ ਸਾਰਿਆਂ ਵਿਚ ਵੰਡ ਦਿੱਤਾ।
ਇਸ ਤਰ੍ਹਾਂ ਦੇ ਤਜਰਬੇ ਦਿਖਾਉਂਦੇ ਹਨ ਕਿ ਯਿਸੂ ਮਸੀਹ ਦੀ ਮਿਸਾਲ ਅਤੇ ਸਿੱਖਿਆਵਾਂ ’ਤੇ ਚੱਲ ਕੇ ਲੋਕ ਲੋੜਵੰਦਾਂ ਦੀ ਮਦਦ ਕਰਨੀ ਚਾਹੁੰਦੇ ਹਨ।
3. ਯਿਸੂ ਲੋਕਾਂ ਦੇ ਸੁਭਾਅ ਨੂੰ ਬਦਲ ਸਕਦਾ ਹੈ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਇਨਸਾਨ ਖ਼ੁਦਗਰਜ਼ ਹੁੰਦੇ ਹਨ। ਬਾਈਬਲ ਸਮਝਾਉਂਦੀ ਹੈ ਕਿ ਇਹ ਪਾਪ ਕਰਕੇ ਹੈ। ਪੌਲੁਸ ਰਸੂਲ ਨੇ ਲਿਖਿਆ: “ਮੈਂ ਆਪਣੇ ਸੰਬੰਧ ਵਿਚ ਇਹ ਕਾਨੂੰਨ ਦੇਖਿਆ ਹੈ: ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ।” ਉਸ ਨੇ ਅੱਗੇ ਕਿਹਾ: “ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ? ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।” (ਰੋਮੀਆਂ 7:21-25) ਪੌਲੁਸ ਦੇ ਕਹਿਣ ਦਾ ਭਾਵ ਸੀ ਕਿ ਪਰਮੇਸ਼ੁਰ ਯਿਸੂ ਰਾਹੀਂ ਸਾਨੂੰ ਗ਼ਲਤ ਇੱਛਾਵਾਂ ਤੋਂ ਬਚਾਵੇਗਾ ਜਿਨ੍ਹਾਂ ਵਿੱਚੋਂ ਇਕ ਹੈ ਖ਼ੁਦਗਰਜ਼ੀ। ਖ਼ੁਦਗਰਜ਼ੀ ਹੀ ਗ਼ਰੀਬੀ ਨੂੰ ਜਨਮ ਦਿੰਦੀ ਹੈ। ਪਰ ਇਹ ਸਭ ਕੁਝ ਕਿਵੇਂ ਹੋਵੇਗਾ?
ਯਿਸੂ ਦੇ ਬਪਤਿਸਮੇ ਤੋਂ ਕੁਝ ਸਮੇਂ ਬਾਅਦ ਯੂਹੰਨਾ ਨੇ ਯਿਸੂ ਬਾਰੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਦੁਨੀਆਂ ਦਾ ਪਾਪ ਮਿਟਾ ਦੇਵੇਗਾ!” (ਯੂਹੰਨਾ 1:29) ਜਲਦੀ ਹੀ ਧਰਤੀ ਉਨ੍ਹਾਂ ਲੋਕਾਂ ਨਾਲ ਭਰ ਜਾਵੇਗੀ ਜਿਨ੍ਹਾਂ ਦੇ ਪਾਪ ਖ਼ਤਮ ਕੀਤੇ ਗਏ ਹਨ ਜਿਸ ਕਰਕੇ ਇਨ੍ਹਾਂ ਲੋਕਾਂ ਵਿੱਚੋਂ ਖ਼ੁਦਗਰਜ਼ੀ ਖ਼ਤਮ ਹੋ ਜਾਵੇਗੀ। (ਯਸਾਯਾਹ 11:9) ਇਸ ਤਰ੍ਹਾਂ ਯਿਸੂ ਗ਼ਰੀਬੀ ਦੀ ਜੜ੍ਹ ਨੂੰ ਮਿਟਾ ਦੇਵੇਗਾ।
ਉਹ ਕਿੰਨਾ ਹੀ ਖ਼ੁਸ਼ੀ ਭਰਿਆ ਸਮਾਂ ਹੋਵੇਗਾ ਜਦੋਂ ਸਾਰਿਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ! ਬਾਈਬਲ ਕਹਿੰਦੀ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:4) ਇਹ ਸ਼ਬਦ ਉਸ ਸਮੇਂ ਬਾਰੇ ਦੱਸਦੇ ਹਨ ਜਦੋਂ ਹਰ ਕਿਸੇ ਕੋਲ ਕੰਮ ਹੋਵੇਗਾ, ਹਰ ਕੋਈ ਸੁੱਖ ਨਾਲ ਵੱਸੇਗਾ ਤੇ ਦੁਨੀਆਂ ਵਿਚ ਗ਼ਰੀਬੀ ਨਹੀਂ ਰਹੇਗੀ। (w11-E 06/01)