Skip to content

Skip to table of contents

“ਹੇ ਯਹੋਵਾਹ, . . . ਤੈਂ ਮੈਨੂੰ ਜਾਣ ਲਿਆ”

“ਹੇ ਯਹੋਵਾਹ, . . . ਤੈਂ ਮੈਨੂੰ ਜਾਣ ਲਿਆ”

ਪਰਮੇਸ਼ੁਰ ਨੂੰ ਜਾਣੋ

“ਹੇ ਯਹੋਵਾਹ, . . . ਤੈਂ ਮੈਨੂੰ ਜਾਣ ਲਿਆ”

“ਇਸ ਤੋਂ ਵੱਡੀ ਦੁੱਖ ਦੀ ਗੱਲ ਹੋ ਹੀ ਨਹੀਂ ਸਕਦੀ ਕਿ ਕੋਈ ਤੁਹਾਡੀ ਪਰਵਾਹ ਨਹੀਂ ਕਰਦਾ ਤੇ ਤੁਹਾਨੂੰ ਸਮਝਦਾ ਨਹੀਂ।” * ਕੀ ਤੁਸੀਂ ਕਦੇ ਇਸ ਤਰ੍ਹਾਂ ਸੋਚਿਆ ਹੈ? ਕੀ ਤੁਹਾਨੂੰ ਕਦੇ ਲੱਗਾ ਹੈ ਕਿ ਜੋ ਕੁਝ ਤੁਹਾਡੇ ’ਤੇ ਬੀਤ ਰਿਹਾ ਹੈ ਉਸ ਨੂੰ ਕੋਈ ਸਮਝਦਾ ਨਹੀਂ ਅਤੇ ਤੁਹਾਡੀ ਪਰਵਾਹ ਨਹੀਂ ਕਰਦਾ? ਜੇ ਤੁਹਾਨੂੰ ਇੱਦਾਂ ਲੱਗਾ ਹੈ, ਤਾਂ ਤੁਸੀਂ ਇਸ ਗੱਲ ਤੋਂ ਹੌਸਲਾ ਪਾ ਸਕਦੇ ਹੋ: ਯਹੋਵਾਹ ਆਪਣੇ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਹਰ ਰੋਜ਼ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ। ਜ਼ਬੂਰ 139 ਵਿਚ ਦਾਊਦ ਦੇ ਸ਼ਬਦ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੇ ਹਨ।

ਦਾਊਦ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਵਿਚ ਦਿਲਚਸਪੀ ਲੈਂਦਾ ਹੈ। ਉਸ ਨੇ ਕਿਹਾ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ।” (ਆਇਤ 1) ਦਾਊਦ ਇੱਥੇ ਇਕ ਵਧੀਆ ਉਦਾਹਰਣ ਵਰਤਦਾ ਹੈ। ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਪਰਖ ਲਿਆ” ਕੀਤਾ ਗਿਆ ਹੈ ਉਸ ਦਾ ਮਤਲਬ ਧਰਤੀ ਵਿੱਚੋਂ ਧਾਤਾਂ ਨੂੰ ਖੋਦਣਾ (ਅੱਯੂਬ 28:3), ਜ਼ਮੀਨ ਦੀ ਸੂਹ ਲੈਣੀ (ਨਿਆਈਆਂ 18:2) ਜਾਂ ਮੁਕੱਦਮੇ ਵਿਚ ਸੱਚਾਈ ਦਾ ਪਤਾ ਲੈਣਾ (ਬਿਵਸਥਾ ਸਾਰ 13:14) ਹੋ ਸਕਦਾ ਹੈ। ਯਹੋਵਾਹ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿਉਂਕਿ ਉਸ ਨੇ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਜਾਂਚਿਆ ਹੈ। “ਮੈਨੂੰ” ਸ਼ਬਦ ਵਰਤ ਕੇ ਦਾਊਦ ਨੇ ਇਹ ਦਿਖਾਇਆ ਕਿ ਯਹੋਵਾਹ ਆਪਣੇ ਸੇਵਕਾਂ ਵਿਚ ਦਿਲਚਸਪੀ ਰੱਖਦਾ ਹੈ। ਉਹ ਹਰੇਕ ਨੂੰ ਪਰਖ ਕੇ ਚੰਗੀ ਤਰ੍ਹਾਂ ਜਾਣ ਲੈਂਦਾ ਹੈ।

ਯਹੋਵਾਹ ਦੇ ਪਰਖਣ ਬਾਰੇ ਦਾਊਦ ਹੋਰ ਦੱਸਦਾ ਹੈ: “ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ।” (ਆਇਤ 2) “ਦੂਰ ਤੋਂ ਹੀ” ਦਾ ਮਤਲਬ ਹੈ ਕਿ ਯਹੋਵਾਹ ਸਵਰਗ ਵਿਚ ਵੱਸਦਾ ਹੈ, ਪਰ ਫਿਰ ਵੀ ਉਹ ਜਾਣਦਾ ਹੈ ਕਿ ਕਦੋਂ ਅਸੀਂ ਆਪਣਾ ਦਿਨ ਪੂਰਾ ਕਰ ਕੇ ਬੈਠਦੇ ਹਾਂ ਤੇ ਕਦੋਂ ਅਸੀਂ ਸਵੇਰੇ ਉੱਠ ਕੇ ਆਪਣੇ ਰੋਜ਼ ਦੇ ਕੰਮ ਕਰਨ ਲੱਗਦੇ ਹਾਂ। ਉਹ ਸਾਡੀਆਂ ਸੋਚਾਂ, ਚਾਹਤਾਂ ਅਤੇ ਇਰਾਦਿਆਂ ਨੂੰ ਵੀ ਜਾਣਦਾ ਹੈ। ਕੀ ਦਾਊਦ ਡਰਦਾ ਸੀ ਕਿ ਯਹੋਵਾਹ ਉਸ ਨੂੰ ਇੰਨੀ ਚੰਗੀ ਤਰ੍ਹਾਂ ਜਾਂਚਦਾ ਹੈ? ਨਹੀਂ, ਪਰ ਇਸ ਦੇ ਉਲਟ ਉਹ ਤਾਂ ਚਾਹੁੰਦਾ ਸੀ ਕਿ ਯਹੋਵਾਹ ਉਸ ਨੂੰ ਜਾਂਚੇ। (ਆਇਤਾਂ 23, 24) ਉਹ ਇਸ ਤਰ੍ਹਾਂ ਕਿਉਂ ਚਾਹੁੰਦਾ ਸੀ?

ਦਾਊਦ ਜਾਣਦਾ ਸੀ ਕਿ ਯਹੋਵਾਹ ਚੰਗੇ ਕਾਰਨਾਂ ਕਰ ਕੇ ਆਪਣੇ ਸੇਵਕਾਂ ਨੂੰ ਜਾਂਚਦਾ ਹੈ। ਇਸ ਬਾਰੇ ਦਾਊਦ ਲਿਖਦਾ ਹੈ: “ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ।” (ਆਇਤ 3) ਹਰ ਦਿਨ ਯਹੋਵਾਹ ਸਾਡੀਆਂ “ਸਾਰੀਆਂ ਚਾਲਾਂ” ਯਾਨੀ ਸਾਡੀਆਂ ਗ਼ਲਤੀਆਂ ਤੇ ਸਾਡੇ ਚੰਗੇ ਕੰਮਾਂ ਨੂੰ ਦੇਖਦਾ ਹੈ। ਕੀ ਉਹ ਬੁਰੇ ਕੰਮਾਂ ’ਤੇ ਧਿਆਨ ਲਾਉਂਦਾ ਹੈ ਜਾਂ ਚੰਗੇ ਕੰਮਾਂ ’ਤੇ? ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਛਾਨਬੀਨ” ਕੀਤਾ ਗਿਆ ਹੈ ਉਸ ਦਾ ਮਤਲਬ “ਛਾਣਨਾ” ਵੀ ਹੋ ਸਕਦਾ ਹੈ ਜਿਵੇਂ ਕਿਸਾਨ ਚੰਗੇ ਦਾਣਿਆਂ ਵਿੱਚੋਂ ਤੂੜੀ ਨੂੰ ਕੱਢਣ ਲਈ ਉਨ੍ਹਾਂ ਨੂੰ ਛਾਣਦਾ ਹੈ। ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਵਾਕਫ਼” ਕੀਤਾ ਗਿਆ ਹੈ ਉਸ ਦਾ ਮਤਲਬ “ਕਦਰ ਕਰਨੀ” ਹੋ ਸਕਦਾ ਹੈ। ਜਦੋਂ ਯਹੋਵਾਹ ਆਪਣੇ ਸੇਵਕਾਂ ਦੀਆਂ ਕਹੀਆਂ ਅਤੇ ਕੀਤੀਆਂ ਗੱਲਾਂ ਦੀ ਜਾਂਚ ਕਰਦਾ ਹੈ, ਤਾਂ ਉਹ ਉਨ੍ਹਾਂ ਦੇ ਚੰਗੇ ਕੰਮਾਂ ਦੀ ਕਦਰ ਕਰਦਾ ਹੈ। ਕਿਉਂ? ਕਿਉਂਕਿ ਉਹ ਇਸ ਗੱਲ ਤੋਂ ਖ਼ੁਸ਼ ਹੁੰਦਾ ਹੈ ਕਿ ਉਸ ਦੀ ਭਗਤੀ ਕਰਨ ਲਈ ਉਹ ਕਿੰਨੀ ਕੋਸ਼ਿਸ਼ ਕਰ ਰਹੇ ਹਨ।

ਜ਼ਬੂਰ 139 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਭਗਤਾਂ ਦੀ ਦਿਲੋਂ ਪਰਵਾਹ ਕਰਦਾ ਹੈ। ਉਹ ਹਰ ਰੋਜ਼ ਉਨ੍ਹਾਂ ਨੂੰ ਪਰਖਦਾ ਤੇ ਉਨ੍ਹਾਂ ਦਾ ਧਿਆਨ ਰੱਖਦਾ ਹੈ। ਉਹ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਦਾ ਹੈ ਤੇ ਉਨ੍ਹਾਂ ਦੇ ਦਿਲ ਦੀ ਪੀੜ ਨੂੰ ਸਮਝਦਾ ਹੈ ਜੋ ਇਨ੍ਹਾਂ ਮੁਸ਼ਕਲਾਂ ਕਰਕੇ ਹੁੰਦੀ ਹੈ। ਕੀ ਤੁਸੀਂ ਇਸ ਤਰ੍ਹਾਂ ਦੇ ਪਿਆਰ ਕਰਨ ਵਾਲੇ ਰੱਬ ਦੀ ਭਗਤੀ ਕਰਨੀ ਚਾਹੁੰਦੇ ਹੋ? ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਇੱਦਾਂ ਦਾ ਨਹੀਂ ਕਿ ਉਹ “ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।”—ਇਬਰਾਨੀਆਂ 6:10. (w11-E 09/01)

[ਫੁਟਨੋਟ]

^ ਪੈਰਾ 1 ਇਹ ਸ਼ਬਦ ਆਰਥਰ ਐੱਚ. ਸਟੇਨਬੈੱਕ ਲਿਖਾਰੀ ਦੇ ਹਨ।