ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?
ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।
1. ਕੀ ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?
ਯਹੋਵਾਹ ਸਾਰੇ ਲੋਕਾਂ ਨੂੰ ਪ੍ਰਾਰਥਨਾ ਰਾਹੀਂ ਆਪਣੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਪਰ ਉਹ ਸਾਰੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਹੈ। ਮਿਸਾਲ ਲਈ, ਜਦੋਂ ਇਜ਼ਰਾਈਲੀ ਬੁਰੇ ਕੰਮ ਕਰਦੇ ਰਹੇ, ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ। (ਯਸਾਯਾਹ 1:15) ਉਸ ਆਦਮੀ ਦੀਆਂ ਪ੍ਰਾਰਥਨਾਵਾਂ ਵਿਚ ਵੀ ਰੁਕਾਵਟ ਆ ਸਕਦੀ ਹੈ ਜੋ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ। (1 ਪਤਰਸ 3:7) ਫਿਰ ਵੀ ਪਰਮੇਸ਼ੁਰ ਪਾਪੀਆਂ ਦੀਆਂ ਪ੍ਰਾਰਥਨਾਵਾਂ ਸੁਣੇਗਾ ਜੇ ਉਹ ਆਪਣੇ ਪਾਪਾਂ ਤੋਂ ਤੋਬਾ ਕਰਨ।—2 ਇਤਹਾਸ 33:9-13 ਪੜ੍ਹੋ।
2. ਸਾਨੂੰ ਕਿੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਪ੍ਰਾਰਥਨਾ ਕਰਨੀ ਇਕ ਵੱਡਾ ਸਨਮਾਨ ਹੈ ਤੇ ਰੱਬ ਦੀ ਭਗਤੀ ਕਰਨ ਦਾ ਇਕ ਤਰੀਕਾ ਵੀ ਹੈ। ਇਸ ਲਈ ਸਾਨੂੰ ਸਿਰਫ਼ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਮੱਤੀ 4:10; 6:9) ਪਾਪੀ ਹੋਣ ਕਰਕੇ ਸਾਨੂੰ ਯਿਸੂ ਦੇ ਨਾਂ ਰਾਹੀਂ ਪ੍ਰਾਰਥਨਾ ਕਰਨ ਦੀ ਲੋੜ ਹੈ ਕਿਉਂਕਿ ਪਰਮੇਸ਼ੁਰ ਕੋਲ ਜਾਣ ਦਾ “ਰਾਹ” ਯਿਸੂ ਹੀ ਹੈ। (ਯੂਹੰਨਾ 14:6) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਕਰੀਏ, ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਦਿਲੋਂ ਪ੍ਰਾਰਥਨਾ ਕਰੀਏ।—ਮੱਤੀ 6:7; ਫ਼ਿਲਿੱਪੀਆਂ 4:6, 7 ਪੜ੍ਹੋ।
ਯਹੋਵਾਹ ਪਰਮੇਸ਼ੁਰ ਮਨ ਵਿਚ ਕੀਤੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ। (1 ਸਮੂਏਲ 1:12, 13) ਉਹ ਸਾਨੂੰ ਹਰ ਮੌਕੇ ਤੇ ਪ੍ਰਾਰਥਨਾ ਕਰਨ ਦਾ ਸੱਦਾ ਦਿੰਦਾ ਹੈ ਜਿਵੇਂ ਕਿ ਸਵੇਰ ਨੂੰ, ਸ਼ਾਮ ਨੂੰ, ਰੋਟੀ ਖਾਣ ਤੋਂ ਪਹਿਲਾਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਵੇਲੇ।—ਜ਼ਬੂਰਾਂ ਦੀ ਪੋਥੀ 55:22; ਮੱਤੀ 15:36 ਪੜ੍ਹੋ।
3. ਭਗਤੀ ਕਰਨ ਲਈ ਮਸੀਹੀ ਇਕੱਠੇ ਕਿਉਂ ਹੁੰਦੇ ਹਨ?
ਪਰਮੇਸ਼ੁਰ ਦੇ ਨੇੜੇ ਰਹਿਣਾ ਸੌਖਾ ਨਹੀਂ ਹੈ ਕਿਉਂਕਿ ਅਸੀਂ ਅਜਿਹੇ ਲੋਕਾਂ ਵਿਚ ਰਹਿੰਦੇ ਹਾਂ ਜੋ ਪਰਮੇਸ਼ੁਰ ’ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਸ ਦੇ ਇਸ ਵਾਅਦੇ ਦਾ ਮਖੌਲ ਉਡਾਉਂਦੇ ਹਨ ਕਿ ਧਰਤੀ ’ਤੇ ਸ਼ਾਂਤੀ ਆਵੇਗੀ। (2 ਤਿਮੋਥਿਉਸ 3:1, 4; 2 ਪਤਰਸ 3:3, 13) ਇਸ ਲਈ ਹੋਰਨਾਂ ਮਸੀਹੀਆਂ ਨਾਲ ਇਕੱਠੇ ਹੋ ਕੇ ਰੱਬ ਦੀ ਭਗਤੀ ਕਰਨੀ ਜ਼ਰੂਰੀ ਹੈ ਤਾਂਕਿ ਸਾਡਾ ਹੌਸਲਾ ਵਧ ਸਕੇ।—ਇਬਰਾਨੀਆਂ 10:24, 25 ਪੜ੍ਹੋ।
ਤੁਸੀਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ ਜੇ ਤੁਸੀਂ ਉਨ੍ਹਾਂ ਨਾਲ ਦੋਸਤੀ ਕਰੋ ਜੋ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ। ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਦੂਸਰਿਆਂ ਦੀ ਨਿਹਚਾ ਤੋਂ ਹੌਸਲਾ ਮਿਲੇਗਾ।—ਰੋਮੀਆਂ 1:11, 12 ਪੜ੍ਹੋ।
4. ਤੁਸੀਂ ਪਰਮੇਸ਼ੁਰ ਦੇ ਨੇੜੇ ਕਿਵੇਂ ਜਾ ਸਕਦੇ ਹੋ?
ਪਰਮੇਸ਼ੁਰ ਦੇ ਬਚਨ ਤੋਂ ਤੁਸੀਂ ਜੋ ਕੁਝ ਵੀ ਸਿੱਖਦੇ ਹੋ ਉਸ ’ਤੇ ਸੋਚ-ਵਿਚਾਰ ਕਰਨ ਨਾਲ ਵੀ ਤੁਸੀਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ। ਪਰਮੇਸ਼ੁਰ ਦੇ ਕੰਮਾਂ, ਉਸ ਦੀ ਸਲਾਹ ਅਤੇ ਉਸ ਦੇ ਵਾਅਦਿਆਂ ਬਾਰੇ ਸੋਚੋ। ਜੇ ਤੁਸੀਂ ਪ੍ਰਾਰਥਨਾ ਵਿਚ ਇਨ੍ਹਾਂ ਗੱਲਾਂ ਦਾ ਜ਼ਿਕਰ ਕਰੋਗੇ, ਤਾਂ ਪਰਮੇਸ਼ੁਰ ਦੇ ਪਿਆਰ ਤੇ ਬੁੱਧ ਲਈ ਤੁਹਾਡੀ ਕਦਰ ਵਧੇਗੀ।—ਯਹੋਸ਼ੁਆ 1:8; ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।
ਤੁਸੀਂ ਉਦੋਂ ਹੀ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ ਜਦੋਂ ਤੁਸੀਂ ਉਸ ’ਤੇ ਭਰੋਸਾ ਅਤੇ ਨਿਹਚਾ ਕਰਦੇ ਹੋ। ਪਰ ਨਿਹਚਾ ਨੂੰ ਵਧਾਉਂਦੇ ਰਹਿਣ ਦੀ ਲੋੜ ਹੈ। ਇਸ ਨੂੰ ਵਧਾਉਣ ਲਈ ਤੁਹਾਨੂੰ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਤੁਸੀਂ ਸਿੱਖਿਆ ਹੈ।—1 ਥੱਸਲੁਨੀਕੀਆਂ 5:21; ਇਬਰਾਨੀਆਂ 11:1, 6 ਪੜ੍ਹੋ।
5. ਪਰਮੇਸ਼ੁਰ ਦੇ ਨੇੜੇ ਜਾਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
ਯਹੋਵਾਹ ਉਨ੍ਹਾਂ ਲੋਕਾਂ ਦਾ ਖ਼ਿਆਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਉਹ ਆਪਣੇ ਲੋਕਾਂ ਨੂੰ ਉਨ੍ਹਾਂ ਚੀਜ਼ਾਂ ਤੋਂ ਬਚਾ ਕੇ ਰੱਖਦਾ ਹੈ ਜੋ ਉਨ੍ਹਾਂ ਦੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ ਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਨੂੰ ਧੁੰਦਲਾ ਕਰ ਸਕਦੀਆਂ ਹਨ। (ਜ਼ਬੂਰਾਂ ਦੀ ਪੋਥੀ 91:1, 2, 7-10) ਉਹ ਉਨ੍ਹਾਂ ਚੀਜ਼ਾਂ ਬਾਰੇ ਚੇਤਾਵਨੀ ਦਿੰਦਾ ਹੈ ਜੋ ਸਾਡੀ ਸਿਹਤ ਨੂੰ ਵਿਗਾੜ ਸਕਦੀਆਂ ਤੇ ਸਾਡੀ ਖ਼ੁਸ਼ੀ ਨੂੰ ਲੁੱਟ ਸਕਦੀਆਂ ਹਨ। ਯਹੋਵਾਹ ਸਾਨੂੰ ਸਭ ਤੋਂ ਵਧੀਆ ਜ਼ਿੰਦਗੀ ਜੀਉਣੀ ਸਿਖਾਉਂਦਾ ਹੈ।—ਜ਼ਬੂਰਾਂ ਦੀ ਪੋਥੀ 73:27, 28; ਯਾਕੂਬ 4:4, 8 ਪੜ੍ਹੋ। (w11-E 09/01)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਸਤਾਰ੍ਹਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।