ਭਵਿੱਖਬਾਣੀਆਂ ਦਾ ਅਰਥ ਕੌਣ ਸਮਝਾ ਸਕਦਾ ਹੈ?
ਭਵਿੱਖਬਾਣੀਆਂ ਦਾ ਅਰਥ ਕੌਣ ਸਮਝਾ ਸਕਦਾ ਹੈ?
ਮਹਾਨ ਸਿਕੰਦਰ ਦੇ ਦਿਨਾਂ ਵਿਚ ਜੋਰਡੀਅਨ ਗੰਢ ਨੂੰ ਇਕ ਗੁੰਝਲਦਾਰ ਬੁਝਾਰਤ ਕਿਹਾ ਜਾਂਦਾ ਸੀ। ਲੋਕ ਸੋਚਦੇ ਸਨ ਕਿ ਜਿਹੜਾ ਇਨਸਾਨ ਇਸ ਬੁਝਾਰਤ ਨੂੰ ਬੁੱਝੇਗਾ, ਉਹ ਸਿਆਣਾ ਹੋਵੇਗਾ ਅਤੇ ਉਹ ਵੱਡੀਆਂ ਜਿੱਤਾਂ ਪ੍ਰਾਪਤ ਕਰੇਗਾ। * ਇਕ ਲੋਕ-ਕਥਾ ਅਨੁਸਾਰ ਸਿਕੰਦਰ ਨੇ ਆਪਣੀ ਤਲਵਾਰ ਦੇ ਇਕ ਵਾਰ ਨਾਲ ਇਸ ਗੁੱਥੀ ਨੂੰ ਸੁਲਝਾ ਦਿੱਤਾ।
ਸਦੀਆਂ ਤੋਂ ਬੁੱਧੀਮਾਨ ਇਨਸਾਨਾਂ ਨੇ ਨਾ ਸਿਰਫ਼ ਗੁੰਝਲਦਾਰ ਗੰਢਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਸਗੋਂ ਬੁਝਾਰਤਾਂ ਨੂੰ ਸੁਲਝਾਉਣ, ਭਵਿੱਖਬਾਣੀਆਂ ਦਾ ਮਤਲਬ ਦੱਸਣ ਅਤੇ ਭਵਿੱਖਬਾਣੀਆਂ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ।
ਪਰ ਅਕਸਰ ਇਹ ਕੰਮ ਉਨ੍ਹਾਂ ਦੇ ਵੱਸੋਂ ਬਾਹਰ ਸਨ। ਮਿਸਾਲ ਲਈ, ਰਾਜਾ ਬੇਲਸ਼ੱਸਰ ਦੇ ਮਹਿਲ ਵਿਚ ਇਕ ਵੱਡੀ ਦਾਅਵਤ ਦੌਰਾਨ ਕੰਧ ਉੱਤੇ ਚਮਤਕਾਰੀ ਢੰਗ ਨਾਲ ਕੁਝ ਲਿਖਿਆ ਹੋਇਆ ਪ੍ਰਗਟ ਹੋਇਆ, ਪਰ ਬਾਬਲ ਦੇ ਬੁੱਧੀਮਾਨ ਆਦਮੀ ਉਨ੍ਹਾਂ ਸ਼ਬਦਾਂ ਦਾ ਅਰਥ ਸਮਝਾ ਨਾ ਸਕੇ। ਸਿਰਫ਼ ਯਹੋਵਾਹ ਦਾ ਇਕ ਬਜ਼ੁਰਗ ਨਬੀ ਦਾਨੀਏਲ, ਜੋ “ਔਖੀਆਂ ਗੱਲਾਂ ਦੇ ਭੇਤ ਖੋਲ੍ਹਣ” ਵਿਚ ਮਾਹਰ ਸੀ, ਪਰਮੇਸ਼ੁਰ ਦੇ ਇਸ ਸੰਦੇਸ਼ ਨੂੰ ਸਮਝਾ ਸਕਿਆ। (ਦਾਨੀਏਲ 5:12) ਇਹ ਭਵਿੱਖਬਾਣੀ ਬਾਬਲ ਸਾਮਰਾਜ ਦੇ ਨਾਸ਼ ਬਾਰੇ ਸੀ ਜੋ ਉਸੇ ਰਾਤ ਪੂਰੀ ਹੋ ਗਈ ਸੀ।—ਦਾਨੀਏਲ 5:1, 4-8, 25-30.
ਭਵਿੱਖਬਾਣੀ ਕੀ ਹੈ?
ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦਿੱਤੀ ਗਈ ਜਾਣਕਾਰੀ ਨੂੰ ਭਵਿੱਖਬਾਣੀ ਕਹਿੰਦੇ ਹਨ। ਸੱਚੀ ਭਵਿੱਖਬਾਣੀ ਦਾ ਮਤਲਬ ਹੈ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖ ਕੇ ਜਾਂ ਬੋਲ ਕੇ ਦਿੱਤਾ ਸੰਦੇਸ਼, ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਨੂੰ ਜ਼ਾਹਰ ਕਰਨਾ। ਬਾਈਬਲ ਵਿਚ ਮਸੀਹ ਦੇ ਪ੍ਰਗਟ ਹੋਣ, ਉਸ ਦੀ ਪਛਾਣ ਅਤੇ “ਇਸ ਯੁਗ ਦੇ ਆਖ਼ਰੀ ਸਮੇਂ” ਬਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਅਤੇ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਦਾ ਐਲਾਨ ਵੀ ਕੀਤਾ ਗਿਆ ਹੈ।—ਮੱਤੀ 24:3; ਦਾਨੀਏਲ 9:25.
ਅੱਜ ਦੇ “ਬੁੱਧੀਮਾਨ ਇਨਸਾਨ” ਯਾਨੀ ਵਿਗਿਆਨ, ਅਰਥਸ਼ਾਸਤਰ, ਸਿਹਤ, ਰਾਜਨੀਤੀ, ਵਾਤਾਵਰਣ ਅਤੇ ਹੋਰ ਕਈ ਖੇਤਰਾਂ ਵਿਚ ਮਾਹਰਾਂ ਨੇ ਭਵਿੱਖ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਇਸ ਤਰ੍ਹਾਂ ਦੀਆਂ ਕਈ ਭਵਿੱਖਬਾਣੀਆਂ ਦੀ ਚਰਚਾ ਮੀਡੀਆ ਵਿਚ ਹੁੰਦੀ ਰਹਿੰਦੀ ਹੈ ਅਤੇ ਲੋਕ ਉਨ੍ਹਾਂ ਨੂੰ ਇਕਦਮ ਮੰਨ ਲੈਂਦੇ ਹਨ, ਫਿਰ ਵੀ ਇਹ ਥੋੜ੍ਹੀ ਜਿਹੀ ਜਾਣਕਾਰੀ ਮੁਤਾਬਕ ਲਾਇਆ ਅਨੁਮਾਨ ਜਾਂ ਨਿੱਜੀ ਰਾਵਾਂ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਜੇ ਕੋਈ ਇਕ ਸੁਝਾਅ ਦਿੰਦਾ ਹੈ, ਤਾਂ ਹਮੇਸ਼ਾ ਉਸ ਦੇ ਵਿਰੋਧ ਵਿਚ ਕਈ ਹੋਰ ਵਿਚਾਰ ਅਤੇ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਸਾਡੇ ਲਈ ਭਵਿੱਖਬਾਣੀ ਕਰਨੀ ਚੰਗੀ ਗੱਲ ਨਹੀਂ ਹੈ ਕਿਉਂਕਿ ਭਵਿੱਖ ਬਾਰੇ ਕਿਸੇ ਨੂੰ ਪੱਕਾ ਪਤਾ ਨਹੀਂ ਹੁੰਦਾ।
ਸੱਚੀ ਭਵਿੱਖਬਾਣੀ ਦਾ ਸ੍ਰੋਤ
ਤਾਂ ਫਿਰ ਸੱਚੀ ਭਵਿੱਖਬਾਣੀ ਦਾ ਸ੍ਰੋਤ ਕੌਣ ਹੈ ਅਤੇ ਭਵਿੱਖਬਾਣੀਆਂ ਦਾ ਅਰਥ ਕੌਣ ਦੱਸ ਸਕਦਾ ਹੈ? ਪਤਰਸ ਰਸੂਲ ਨੇ ਲਿਖਿਆ: “ਕੋਈ ਵੀ ਭਵਿੱਖਬਾਣੀ ਕਿਸੇ ਇਨਸਾਨ ਦੇ ਆਪਣੇ ਵਿਚਾਰਾਂ ਅਨੁਸਾਰ ਨਹੀਂ ਕੀਤੀ ਜਾਂਦੀ।” (2 ਪਤਰਸ 1:20) ਜਿਸ ਸ਼ਬਦ ਦਾ ਅਨੁਵਾਦ ਇੱਥੇ ‘ਵਿਚਾਰ’ ਕੀਤਾ ਗਿਆ ਹੈ, ਉਹ ਯੂਨਾਨੀ ਭਾਸ਼ਾ ਵਿਚ ‘ਕਿਸੇ ਗੱਲ ਦਾ ਹੱਲ ਲੱਭਣ ਜਾਂ ਉਸ ਨੂੰ ਪ੍ਰਗਟ ਕਰਨ’ ਦਾ ਭਾਵ ਦਿੰਦਾ ਹੈ ਜੋ ਗੱਲ ਪਹਿਲਾਂ ‘ਲੁਕੀ ਹੋਈ ਸੀ।’ ਇਕ ਬਾਈਬਲ ਕਹਿੰਦੀ ਹੈ ਕਿ ‘ਧਰਮ-ਗ੍ਰੰਥ ਦੀ ਕੋਈ ਵੀ ਭਵਿੱਖਬਾਣੀ ਕਿਸੇ ਇਨਸਾਨ ਦੇ ਆਪਣੇ ਖ਼ਿਆਲਾਂ ਅਨੁਸਾਰ ਪ੍ਰਗਟ ਨਹੀਂ ਹੁੰਦੀ।’—ਐਮਪਲੀਫਾਈਡ ਨਿਊ ਟੈਸਟਾਮੈਂਟ।
ਕਲਪਨਾ ਕਰੋ ਕਿ ਇਕ ਮਲਾਹ ਬੜੇ ਹੁਨਰ ਨਾਲ ਇਕ ਰੱਸੇ ਨੂੰ ਗੁੰਝਲਦਾਰ ਗੰਢ ਦਿੰਦਾ ਹੈ। ਜਦੋਂ ਗੰਢ ਬੱਝ ਜਾਂਦੀ ਹੈ, ਤਾਂ ਇਕ ਆਮ ਆਦਮੀ ਸਿਰਫ਼ ਇਹੀ ਦੇਖ ਸਕਦਾ ਹੈ ਕਿ ਰੱਸੀ ਦੀਆਂ ਲੜੀਆਂ ਕਿਵੇਂ ਗੰਢ ਵਿਚ ਦੀ ਜਾ ਰਹੀਆਂ ਹਨ, ਪਰ ਉਸ ਨੂੰ ਇਹ ਨਹੀਂ ਪਤਾ ਕਿ ਗੰਢ ਨੂੰ ਖੋਲ੍ਹਣਾ ਕਿਵੇਂ ਹੈ। ਇਸੇ ਤਰ੍ਹਾਂ, ਲੋਕ ਅੱਜ ਦੇ ਹਾਲਾਤਾਂ ਨੂੰ ਦੇਖ ਸਕਦੇ ਹਨ ਜਿਨ੍ਹਾਂ ਕਰਕੇ ਭਵਿੱਖ ਵਿਚ ਗੁੰਝਲਦਾਰ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸਲ ਵਿਚ ਭਵਿੱਖ ਕਿਹੋ ਜਿਹਾ ਹੋਵੇਗਾ।
ਦਾਨੀਏਲ ਵਰਗੇ ਪੁਰਾਣੇ ਜ਼ਮਾਨੇ ਦੇ ਨਬੀਆਂ ਨੇ ਆਪਣੇ ਜ਼ਮਾਨੇ ਦੇ ਹਾਲਾਤਾਂ ਦੀ ਆਪਣੇ ਆਪ ਜਾਂਚ ਕਰ ਕੇ ਭਵਿੱਖਬਾਣੀ 2 ਪਤਰਸ 1:21.
ਨਹੀਂ ਕੀਤੀ ਸੀ ਕਿ ਭਵਿੱਖ ਵਿਚ ਕੀ ਹੋਵੇਗਾ। ਜੇ ਉਹ ਇਸ ਤਰੀਕੇ ਨਾਲ ਭਵਿੱਖ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ, ਤਾਂ ਇਹ ਭਵਿੱਖਬਾਣੀ ਉਨ੍ਹਾਂ ਦੇ ਆਪਣੇ ਵਿਚਾਰਾਂ ਮੁਤਾਬਕ ਹੋਣੀ ਸੀ। ਇਹ ਇਨਸਾਨੀ ਭਵਿੱਖਬਾਣੀ ਯਾਨੀ ਨਾਮੁਕੰਮਲ ਅੰਦਾਜ਼ੇ ਮੁਤਾਬਕ ਕੀਤੀ ਗਈ ਭਵਿੱਖਬਾਣੀ ਹੋਣੀ ਸੀ। ਇਸ ਦੇ ਉਲਟ ਪਤਰਸ ਦੱਸਦਾ ਹੈ: “ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।”—“ਅਰਥ ਕਰਨਾ ਪਰਮੇਸ਼ੁਰ ਦਾ ਕੰਮ ਹੈ”
ਤਕਰੀਬਨ 3,700 ਸਾਲ ਪਹਿਲਾਂ ਦੋ ਆਦਮੀ ਮਿਸਰ ਦੀ ਇਕ ਜੇਲ੍ਹ ਵਿਚ ਬੰਦ ਸਨ। ਦੋਵਾਂ ਨੇ ਅਜੀਬ ਸੁਪਨੇ ਦੇਖੇ। ਆਪੋ-ਆਪਣੇ ਸੁਪਨੇ ਦਾ ਅਰਥ ਪੁੱਛਣ ਲਈ ਉਹ ਦੇਸ਼ ਦੇ ਬੁੱਧੀਮਾਨ ਆਦਮੀਆਂ ਕੋਲ ਤਾਂ ਜਾ ਨਹੀਂ ਸਕੇ, ਇਸ ਲਈ ਉਨ੍ਹਾਂ ਨੇ ਆਪਣੇ ਨਾਲ ਦੇ ਕੈਦੀ ਯੂਸੁਫ਼ ਨੂੰ ਆਪਣੀ ਉਲਝਣ ਦੱਸੀ। ਉਨ੍ਹਾਂ ਨੇ ਕਿਹਾ: “ਅਸਾਂ ਇੱਕ ਇੱਕ ਸੁਫਨਾ ਡਿੱਠਾ ਹੈ ਜਿਸ ਦਾ ਅਰਥ ਕਰਨ ਵਾਲਾ ਕੋਈ ਨਹੀਂ।” ਉਸ ਪਰਮੇਸ਼ੁਰ ਦੇ ਭਗਤ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਦੱਸਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਕੀ ਅਰਥ ਕਰਨਾ ਪਰਮੇਸ਼ੁਰ ਦਾ ਕੰਮ ਨਹੀਂ ਹੈ?” (ਉਤਪਤ 40:8) ਜਿਵੇਂ ਇਕ ਤਜਰਬੇਕਾਰ ਮਲਾਹ ਹੀ ਇਕ ਗੁੰਝਲਦਾਰ ਗੰਢ ਨੂੰ ਖੋਲ੍ਹ ਸਕਦਾ ਹੈ, ਉਸੇ ਤਰ੍ਹਾਂ ਸਿਰਫ਼ ਯਹੋਵਾਹ ਪਰਮੇਸ਼ੁਰ ਕੋਲ ਹੀ ਭਵਿੱਖਬਾਣੀਆਂ ਦਾ ਅਰਥ ਸਮਝਾਉਣ ਦੀ ਕਾਬਲੀਅਤ ਹੈ। ਜਦ ਇਹ ਭਵਿੱਖਬਾਣੀਆਂ ਪਰਮੇਸ਼ੁਰ ਨੇ ਹੀ ਕੀਤੀਆਂ ਸਨ, ਤਾਂ ਇਨ੍ਹਾਂ ਦਾ ਅਰਥ ਵੀ ਉਹੀ ਦੱਸ ਸਕਦਾ ਹੈ। ਇਸ ਲਈ, ਸਾਨੂੰ ਭਵਿੱਖਬਾਣੀਆਂ ਦਾ ਮਤਲਬ ਸਮਝਣ ਲਈ ਉਸ ਦੀ ਮਦਦ ਲੈਣੀ ਚਾਹੀਦੀ ਹੈ। ਹਾਂ, ਸੁਪਨਿਆਂ ਦੇ ਅਰਥ ਦੱਸਣ ਦਾ ਸਿਹਰਾ ਪਰਮੇਸ਼ੁਰ ਨੂੰ ਦੇ ਕੇ ਯੂਸੁਫ਼ ਨੇ ਬਿਲਕੁਲ ਸਹੀ ਕੀਤਾ ਸੀ।
ਤਾਂ ਫਿਰ, “ਅਰਥ ਕਰਨਾ ਪਰਮੇਸ਼ੁਰ ਦਾ ਕੰਮ” ਕਿਵੇਂ ਹੈ? ਅਸੀਂ ਕਈ ਗੱਲਾਂ ਤੋਂ ਦੇਖ ਸਕਦੇ ਹਾਂ ਕਿ ਇਹ ਪਰਮੇਸ਼ੁਰ ਦਾ ਕੰਮ ਹੈ। ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਉਨ੍ਹਾਂ ਦੀ ਪੂਰਤੀ ਦੇ ਨਾਲ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਮਤਲਬ ਸਮਝਣਾ ਸੌਖਾ ਹੈ ਜਿਵੇਂ ਉਨ੍ਹਾਂ ਗੰਢਾਂ ਨੂੰ ਖੋਲ੍ਹਣਾ ਸੌਖਾ ਹੈ ਜਿਨ੍ਹਾਂ ਨੂੰ ਖੋਲ੍ਹਣ ਦਾ ਰਾਜ਼ ਮਲਾਹ ਦੱਸ ਦਿੰਦਾ ਹੈ।—ਉਤਪਤ 18:14; 21:2.
ਹੋਰਨਾਂ ਭਵਿੱਖਬਾਣੀਆਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਆਇਤਾਂ ਦੀ ਜਾਂਚ ਕਰ ਕੇ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਦਾਨੀਏਲ ਨਬੀ ਨੇ ਸੁਪਨੇ ਵਿਚ ‘ਇਕ ਦੋ ਸਿੰਙਾਂ ਵਾਲਾ ਮੇਢਾ’ ਦੇਖਿਆ ਜਿਸ ਨੂੰ ਉਸ “ਬੱਕਰੇ” ਨੇ ਮਾਰਿਆ ਜਿਸ ਦੀਆਂ “ਦੋਹਾਂ ਅੱਖਾਂ ਦੇ ਵਿਚਕਾਰ ਇਕ ਅਚਰਜ ਸਿੰਙ ਸੀ।” ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਦੋ ਸਿੰਗਾਂ ਵਾਲਾ ਮੇਢਾ ‘ਮਾਦਾ ਅਤੇ ਫ਼ਾਰਸ ਦੇ ਰਾਜਿਆਂ’ ਅਤੇ ਬੱਕਰਾ ‘ਯੂਨਾਨ ਦੇ ਰਾਜੇ’ ਨੂੰ ਦਰਸਾਉਂਦਾ ਹੈ। (ਦਾਨੀਏਲ 8:3-8, 20-22) 200 ਤੋਂ ਜ਼ਿਆਦਾ ਸਾਲਾਂ ਤੋਂ ਬਾਅਦ ‘ਵੱਡੇ ਸਿੰਙ’ ਸਿਕੰਦਰ ਮਹਾਨ ਨੇ ਫ਼ਾਰਸ ਨੂੰ ਜਿੱਤਣਾ ਸ਼ੁਰੂ ਕੀਤਾ। ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਦਾਅਵਾ ਕੀਤਾ ਕਿ ਜਦ ਸਿਕੰਦਰ ਆਪਣੀ ਫ਼ੌਜ ਯਰੂਸ਼ਲਮ ਦੇ ਲਾਗੇ ਲੈ ਕੇ ਗਿਆ ਸੀ, ਤਾਂ ਉਸ ਨੂੰ ਇਹ ਭਵਿੱਖਬਾਣੀ ਦਿਖਾਈ ਗਈ ਅਤੇ ਉਸ ਨੇ ਮੰਨਿਆ ਕਿ ਇਹ ਭਵਿੱਖਬਾਣੀ ਉਸ ’ਤੇ ਹੀ ਲਾਗੂ ਹੁੰਦੀ ਸੀ।
ਇਕ ਹੋਰ ਗੱਲ ਕਰਕੇ ਵੀ ਕਿਹਾ ਜਾ ਸਕਦਾ ਹੈ ਕਿ “ਅਰਥ ਕਰਨਾ ਪਰਮੇਸ਼ੁਰ ਦਾ ਕੰਮ ਹੈ।” ਯਹੋਵਾਹ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਯੂਸੁਫ਼ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੇ ਸਾਥੀ ਕੈਦੀਆਂ ਦੇ ਗੁੰਝਲਦਾਰ ਸੁਪਨਿਆਂ ਦਾ ਮਤਲਬ ਸਮਝ ਸਕਿਆ ਸੀ। (ਉਤਪਤ 41:38) ਅੱਜ ਜਦੋਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਿਸੇ ਖ਼ਾਸ ਭਵਿੱਖਬਾਣੀ ਦਾ ਮਤਲਬ ਸਮਝ ਨਹੀਂ ਆਉਂਦਾ, ਤਾਂ ਉਹ ਪਰਮੇਸ਼ੁਰ ਨੂੰ ਉਸ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਨ ਅਤੇ ਉਸ ਦੇ ਪ੍ਰੇਰਿਤ ਬਚਨ ਦਾ ਧਿਆਨ ਨਾਲ ਅਧਿਐਨ ਕਰ ਕੇ ਖੋਜਬੀਨ ਕਰਦੇ ਹਨ। ਪਰਮੇਸ਼ੁਰ ਦੀ ਸੇਧ ਨਾਲ ਉਹ ਉਨ੍ਹਾਂ ਆਇਤਾਂ ਨੂੰ ਲੱਭ ਸਕਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਕੁਝ ਭਵਿੱਖਬਾਣੀਆਂ ਦਾ ਮਤਲਬ ਸਮਝ ਸਕਦੇ ਹਨ। ਇਹ ਸਮਝ ਕਿਸੇ ਇਨਸਾਨ ਦੁਆਰਾ ਚਮਤਕਾਰੀ ਢੰਗ ਨਾਲ ਨਹੀਂ ਮਿਲਦੀ। ਇਹ ਪਰਮੇਸ਼ੁਰ ਤੋਂ ਮਿਲਦੀ ਹੈ ਕਿਉਂਕਿ ਉਸ ਦੀ ਸ਼ਕਤੀ ਅਤੇ ਉਸ ਦੇ ਬਚਨ ਦੁਆਰਾ ਅਰਥ ਸਪੱਸ਼ਟ ਹੁੰਦਾ ਹੈ। ਭਵਿੱਖਬਾਣੀਆਂ ਦਾ ਅਰਥ ਬਾਈਬਲ ਤੋਂ ਛੁੱਟ ਕੋਈ ਇਨਸਾਨ ਨਹੀਂ ਦੱਸ ਸਕਦਾ।—ਰਸੂਲਾਂ ਦੇ ਕੰਮ 15:12-21.
ਇਕ ਹੋਰ ਗੱਲ ਕਰਕੇ ਵੀ ਕਿਹਾ ਜਾ ਸਕਦਾ ਹੈ ਕਿ “ਅਰਥ ਕਰਨਾ ਪਰਮੇਸ਼ੁਰ ਦਾ ਕੰਮ ਹੈ।” ਉਹ ਤੈਅ ਕਰਦਾ ਅਤੇ ਸੇਧ ਦਿੰਦਾ ਹੈ ਕਿ ਧਰਤੀ ਉੱਤੇ ਉਸ ਦੇ ਵਫ਼ਾਦਾਰ ਸੇਵਕ ਕਦੋਂ ਉਸ ਦੀ ਕਿਸੇ ਭਵਿੱਖਬਾਣੀ ਨੂੰ ਸਮਝਣਗੇ। ਭਵਿੱਖਬਾਣੀ ਦਾ ਅਰਥ ਇਸ ਦੀ ਪੂਰਤੀ ਹੋਣ ਤੋਂ ਪਹਿਲਾਂ, ਦੌਰਾਨ ਜਾਂ ਪੂਰਤੀ ਹੋਣ ਤੋਂ ਬਾਅਦ ਸਮਝਿਆ ਜਾ ਸਕਦਾ ਹੈ। ਪਰਮੇਸ਼ੁਰ ਨੇ ਭਵਿੱਖਬਾਣੀਆਂ ਕੀਤੀਆਂ ਹਨ ਅਤੇ ਉਹੀ ਇਨ੍ਹਾਂ ਦੇ ਮਤਲਬ ਨੂੰ ਆਪਣੇ ਠੀਕ ਸਮੇਂ ਤੇ ਦੱਸੇਗਾ।
ਯੂਸੁਫ਼ ਅਤੇ ਉਸ ਦੇ ਦੋ ਸਾਥੀ ਕੈਦੀਆਂ ਦੇ ਬਿਰਤਾਂਤ ਵਿਚ ਯੂਸੁਫ਼ ਨੇ ਸੁਪਨਿਆਂ ਦਾ ਅਰਥ ਉਨ੍ਹਾਂ ਦੀ ਪੂਰਤੀ ਹੋਣ ਤੋਂ ਤਿੰਨ ਦਿਨ ਪਹਿਲਾਂ ਦੱਸਿਆ ਸੀ। (ਉਤਪਤ 40:13, 19) ਬਾਅਦ ਵਿਚ, ਜਦੋਂ ਯੂਸੁਫ਼ ਨੂੰ ਤਾਕਤਵਰ ਫ਼ਿਰਊਨ ਅੱਗੇ ਉਸ ਦੇ ਸੁਪਨਿਆਂ ਦਾ ਅਰਥ ਦੱਸਣ ਲਈ ਲਿਆਂਦਾ ਗਿਆ ਸੀ, ਤਾਂ ਉਸ ਸਮੇਂ ਉਹ ਸੱਤ ਵਰ੍ਹੇ ਸ਼ੁਰੂ ਹੋਣ ਵਾਲੇ ਸਨ ਜਿਨ੍ਹਾਂ ਵਿਚ ਭਰਪੂਰ ਫ਼ਸਲਾਂ ਹੋਣੀਆਂ ਸਨ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਯੂਸੁਫ਼ ਨੇ ਫ਼ਿਰਊਨ ਨੂੰ ਸੁਪਨਿਆਂ ਦਾ ਅਰਥ ਦੱਸਿਆ ਤਾਂਕਿ ਜਦ ਭਰਪੂਰ ਫ਼ਸਲਾਂ ਹੋਣੀਆਂ ਸਨ, ਤਾਂ ਉਨ੍ਹਾਂ ਨੂੰ ਸੰਭਾਲਣ ਦਾ ਇੰਤਜ਼ਾਮ ਕੀਤਾ ਜਾ ਸਕੇ।—ਉਤਪਤ 41:29, 39, 40.
ਹੋਰਨਾਂ ਭਵਿੱਖਬਾਣੀਆਂ ਨੂੰ ਪਰਮੇਸ਼ੁਰ ਦੇ ਸੇਵਕ ਉਦੋਂ ਹੀ ਪੂਰੀ ਤਰ੍ਹਾਂ ਸਮਝਦੇ ਹਨ ਜਦੋਂ ਉਹ ਪੂਰੀਆਂ ਹੋ ਜਾਂਦੀਆਂ ਹਨ। ਯਿਸੂ ਦੀ ਜ਼ਿੰਦਗੀ ਵਿਚ ਵਾਪਰਨ ਵਾਲੀਆਂ ਕਈ ਘਟਨਾਵਾਂ ਬਾਰੇ ਭਵਿੱਖਬਾਣੀ ਉਸ ਦੇ ਜਨਮ ਤੋਂ ਸਦੀਆਂ ਪਹਿਲਾਂ ਕੀਤੀ ਗਈ ਸੀ। ਪਰ ਉਸ ਦੇ ਚੇਲਿਆਂ ਨੂੰ ਇਨ੍ਹਾਂ ਦੀ ਪੂਰੀ ਸਮਝ ਉਸ ਦੇ ਮੁੜ ਜੀ ਉਠਾਏ ਜਾਣ ਤੋਂ ਬਾਅਦ ਹੀ ਲੱਗੀ। (ਜ਼ਬੂਰਾਂ ਦੀ ਪੋਥੀ 22:18; 34:20; ਯੂਹੰਨਾ 19:24, 36) ਮੁਕਦੀ ਗੱਲ ਇਹ ਹੈ ਕਿ ਦਾਨੀਏਲ 12:4 ਦੇ ਮੁਤਾਬਕ ਕੁਝ ਭਵਿੱਖਬਾਣੀਆਂ ਉੱਤੇ “ਓੜਕ ਦੇ ਸਮੇਂ ਤੀਕਰ ਮੋਹਰ” ਲੱਗੀ ਰਹਿਣੀ ਸੀ ਜਦੋਂ ਦਾਨੀਏਲ ਨੇ ਕਿਹਾ ਸੀ ਕਿ “ਵਿੱਦਿਆ ਵਧੇਗੀ।” ਅਸੀਂ ਉਸੇ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਉਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਹੋ ਰਹੀ ਹੈ। *
ਬਾਈਬਲ ਦੀਆਂ ਭਵਿੱਖਬਾਣੀਆਂ ਦਾ ਤੁਹਾਡੇ ਉੱਤੇ ਅਸਰ
ਯੂਸੁਫ਼ ਅਤੇ ਦਾਨੀਏਲ ਨੇ ਆਪਣੇ ਸਮਿਆਂ ਵਿਚ ਰਾਜਿਆਂ ਦੇ ਸਾਮ੍ਹਣੇ ਖੜ੍ਹ ਕੇ ਭਵਿੱਖ ਬਾਰੇ ਰੱਬੀ ਸੰਦੇਸ਼ ਦਿੱਤੇ ਸਨ ਜਿਨ੍ਹਾਂ ਦਾ ਅਸਰ ਕੌਮਾਂ ਅਤੇ ਰਾਜਾਂ ’ਤੇ ਪਿਆ। ਪਹਿਲੀ ਸਦੀ ਦੇ ਮਸੀਹੀਆਂ ਨੇ ਭਵਿੱਖਬਾਣੀਆਂ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਬੁਲਾਰਿਆਂ ਵਜੋਂ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਸੰਦੇਸ਼ ਸੁਣਾਏ ਅਤੇ ਜਿਨ੍ਹਾਂ ਨੇ ਸੰਦੇਸ਼ ਸੁਣੇ, ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਇਆ।
ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਇਹ ਖ਼ੁਸ਼ ਖ਼ਬਰੀ ਸੁਣਾ ਰਹੇ ਹਨ ਕਿ ਭਵਿੱਖ ਵਿਚ ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ। ਉਹ ਲੋਕਾਂ ਨੂੰ ਦੱਸ ਰਹੇ ਹਨ ਕਿ “ਇਸ ਯੁਗ ਦੇ ਆਖ਼ਰੀ ਸਮੇਂ” ਬਾਰੇ ਯਿਸੂ ਦੀ ਭਵਿੱਖਬਾਣੀ ਹੁਣ ਪੂਰੀ ਹੋ ਰਹੀ ਹੈ। (ਮੱਤੀ 24:3, 14) ਕੀ ਤੁਹਾਨੂੰ ਪਤਾ ਹੈ ਕਿ ਉਹ ਕਿਹੜੀ ਭਵਿੱਖਬਾਣੀ ਹੈ ਅਤੇ ਉਸ ਦਾ ਤੁਹਾਡੇ ’ਤੇ ਕੀ ਅਸਰ ਪਵੇਗਾ? ਬਾਈਬਲ ਦੀ ਇਹ ਇਕ ਬਹੁਤ ਅਹਿਮ ਭਵਿੱਖਬਾਣੀ ਹੈ। ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਇਸ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਅਤੇ ਇਸ ਨੂੰ ਸਮਝ ਕੇ ਤੁਹਾਨੂੰ ਫ਼ਾਇਦਾ ਹੋਵੇਗਾ। (w11-E 12/01)
[ਫੁਟਨੋਟ]
^ ਪੈਰਾ 2 ਯੂਨਾਨੀ ਲੋਕ-ਕਥਾ ਸੀ ਕਿ ਫ਼ਰੂਗੀਆ ਦੀ ਰਾਜਧਾਨੀ ਜੋਰਡੀਅਮ ਦੇ ਮੋਢੀ ਜੋਰਡੀਓਸ ਦੇ ਰਥ ਨੂੰ ਖੰਭੇ ਨਾਲ ਰੱਸੇ ਨੂੰ ਗੁੰਝਲਦਾਰ ਗੰਢ ਦੇ ਕੇ ਬੰਨ੍ਹ ਦਿੱਤਾ ਗਿਆ ਸੀ। ਭਵਿੱਖ ਵਿਚ ਏਸ਼ੀਆ ਨੂੰ ਕੋਈ ਜਿੱਤਣ ਵਾਲਾ ਹੀ ਇਸ ਗੰਢ ਨੂੰ ਖੋਲ੍ਹ ਸਕਦਾ ਸੀ।
^ ਪੈਰਾ 19 ਅੰਤ ਦੇ ਦਿਨਾਂ ਵਿਚ ਪੂਰੀਆਂ ਹੋ ਰਹੀਆਂ ਭਵਿੱਖਬਾਣੀਆਂ ਬਾਰੇ ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਨੌਵੇਂ ਅਧਿਆਇ ਦੇ ਪੈਰੇ 6-14 ਦੇਖੋ।
[ਸਫ਼ਾ 13 ਉੱਤੇ ਤਸਵੀਰਾਂ]
ਯੂਸੁਫ਼ ਅਤੇ ਦਾਨੀਏਲ ਨੇ ਭਵਿੱਖਬਾਣੀ ਦੇ ਅਰਥ ਨੂੰ ਸਮਝਾਉਣ ਦਾ ਸਿਹਰਾ ਪਰਮੇਸ਼ੁਰ ਨੂੰ ਦਿੱਤਾ