ਅਸੀਂ ਚੰਗੇ ਦੋਸਤਾਂ ਦੀ ਕਿਵੇਂ ਚੋਣ ਕਰ ਸਕਦੇ ਹਾਂ?
ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਅਸੀਂ ਚੰਗੇ ਦੋਸਤਾਂ ਦੀ ਕਿਵੇਂ ਚੋਣ ਕਰ ਸਕਦੇ ਹਾਂ?
ਇਸ ਲੇਖ ਵਿਚ ਉਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਗਈ ਹੈ ਜੋ ਸ਼ਾਇਦ ਤੁਹਾਡੇ ਮਨ ਵਿਚ ਆਏ ਹੋਣ। ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਤੁਹਾਡੇ ਨਾਲ ਇਨ੍ਹਾਂ ਬਾਰੇ ਗੱਲ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਖ਼ੁਸ਼ੀ ਹੋਵੇਗੀ।
1. ਸਾਨੂੰ ਦੋਸਤਾਂ ਦੀ ਚੋਣ ਧਿਆਨ ਨਾਲ ਕਿਉਂ ਕਰਨੀ ਚਾਹੀਦੀ ਹੈ?
ਜ਼ਿਆਦਾਤਰ ਲੋਕ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨੂੰ ਪਸੰਦ ਕਰਨ। ਇਸ ਚਾਹਤ ਕਰਕੇ ਅਸੀਂ ਅਕਸਰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਰੀਸ ਕਰਦੇ ਹਾਂ। ਇਸ ਕਾਰਨ ਸਾਡੇ ਦੋਸਤਾਂ ਦਾ ਸਾਡੇ ਰਵੱਈਏ ’ਤੇ ਗਹਿਰਾ ਅਸਰ ਪੈਂਦਾ ਹੈ। ਇਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਉਹੋ ਜਿਹੇ ਇਨਸਾਨ ਬਣ ਜਾਈਏ ਜਿਹੋ ਜਿਹੇ ਸਾਡੇ ਦੋਸਤ ਹਨ।—ਕਹਾਉਤਾਂ 4:23; 13:20 ਪੜ੍ਹੋ।
ਬਾਈਬਲ ਦੇ ਲਿਖਾਰੀ ਦਾਊਦ ਨੇ ਆਪਣੇ ਦੋਸਤ ਸੋਚ-ਸਮਝ ਕੇ ਚੁਣੇ ਸਨ। ਉਸ ਨੇ ਉਨ੍ਹਾਂ ਨਾਲ ਸੰਗਤ ਰੱਖੀ ਜਿਨ੍ਹਾਂ ਨੇ ਉਸ ਦੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਮਦਦ ਕੀਤੀ। (ਜ਼ਬੂਰਾਂ ਦੀ ਪੋਥੀ 26:4, 5, 11, 12) ਮਿਸਾਲ ਲਈ, ਦਾਊਦ ਨੇ ਯੋਨਾਥਾਨ ਨਾਲ ਦੋਸਤੀ ਕੀਤੀ ਕਿਉਂਕਿ ਯੋਨਾਥਾਨ ਨੇ ਉਸ ਨੂੰ ਯਹੋਵਾਹ ’ਤੇ ਭਰੋਸਾ ਰੱਖਣ ਦੀ ਹੱਲਾਸ਼ੇਰੀ ਦਿੱਤੀ ਸੀ।—1 ਸਮੂਏਲ 23:16-18 ਪੜ੍ਹੋ।
2. ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰ ਸਕਦੇ ਹੋ?
ਭਾਵੇਂ ਕਿ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਫਿਰ ਵੀ ਅਸੀਂ ਉਸ ਨਾਲ ਦੋਸਤੀ ਕਰ ਸਕਦੇ ਹਾਂ। ਮਿਸਾਲ ਲਈ, ਅਬਰਾਹਾਮ ਪਰਮੇਸ਼ੁਰ ਦਾ ਦੋਸਤ ਸੀ। ਅਬਰਾਹਾਮ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਅਤੇ ਉਸ ਦਾ ਕਹਿਣ ਮੰਨਿਆ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਆਪਣਾ ਦੋਸਤ ਕਿਹਾ। (ਉਤਪਤ 22:2, 9-12; ਯਾਕੂਬ 2:21-23) ਜੇ ਅਸੀਂ ਯਹੋਵਾਹ ਉੱਤੇ ਭਰੋਸਾ ਰੱਖੀਏ ਅਤੇ ਉਸ ਦਾ ਕਹਿਣਾ ਮੰਨੀਏ, ਤਾਂ ਅਸੀਂ ਵੀ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 15:1, 2 ਪੜ੍ਹੋ।
3. ਚੰਗੇ ਦੋਸਤਾਂ ਤੋਂ ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
ਸੱਚੇ ਦੋਸਤ ਵਫ਼ਾਦਾਰ ਹੁੰਦੇ ਹਨ ਅਤੇ ਸਹੀ ਕੰਮ ਕਰਨ ਵਿਚ ਤੁਹਾਡੀ ਮਦਦ ਕਰਦੇ ਹਨ। (ਕਹਾਉਤਾਂ 17:17; 18:24) ਮਿਸਾਲ ਲਈ, ਭਾਵੇਂ ਕਿ ਯੋਨਾਥਾਨ ਦਾਊਦ ਨਾਲੋਂ ਕੁਝ 30 ਸਾਲ ਵੱਡਾ ਸੀ ਅਤੇ ਇਜ਼ਰਾਈਲ ਦਾ ਅਗਲਾ ਰਾਜਾ ਬਣਨ ਵਾਲਾ ਸੀ, ਫਿਰ ਵੀ ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦਾਊਦ ਦਾ ਵਫ਼ਾਦਾਰੀ ਨਾਲ ਸਮਰਥਨ ਕੀਤਾ। ਸੱਚੇ ਦੋਸਤ ਤੁਹਾਨੂੰ ਸੁਧਾਰਨ ਦੀ ਵੀ ਹਿੰਮਤ ਰੱਖਣਗੇ ਜਦੋਂ ਉਹ ਤੁਹਾਨੂੰ ਕੋਈ ਗ਼ਲਤ ਕੰਮ ਕਰਦਿਆਂ ਦੇਖਣਗੇ। (ਜ਼ਬੂਰਾਂ ਦੀ ਪੋਥੀ 141:5) ਜੋ ਦੋਸਤ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ, ਉਹ ਚੰਗੀਆਂ ਆਦਤਾਂ ਅਪਣਾਉਣ ਵਿਚ ਤੁਹਾਡੀ ਮਦਦ ਕਰਨਗੇ।—1 ਕੁਰਿੰਥੀਆਂ 15:33 ਪੜ੍ਹੋ।
ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲੋਗੇ ਜੋ ਤੁਹਾਡੇ ਵਾਂਗ ਸਹੀ ਕੰਮ ਕਰਨੇ ਚਾਹੁੰਦੇ ਹਨ। ਉੱਥੇ ਤੁਹਾਨੂੰ ਅਜਿਹੇ ਦੋਸਤ ਮਿਲਣਗੇ ਜੋ ਤੁਹਾਨੂੰ ਹੱਲਾਸ਼ੇਰੀ ਦੇਣਗੇ ਕਿ ਤੁਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੋ।—ਇਬਰਾਨੀਆਂ 10:24, 25 ਪੜ੍ਹੋ।
ਪਰ ਜੋ ਦੋਸਤ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ, ਉਹ ਵੀ ਕਦੇ-ਕਦੇ ਸਾਨੂੰ ਨਿਰਾਸ਼ ਕਰ ਸਕਦੇ ਹਨ। ਉਨ੍ਹਾਂ ਦੀਆਂ ਗ਼ਲਤੀਆਂ ਕਾਰਨ ਜਲਦੀ ਗੁੱਸਾ ਨਾ ਕਰੋ। (ਉਪਦੇਸ਼ਕ ਦੀ ਪੋਥੀ 7:9, 20-22) ਯਾਦ ਰੱਖੋ ਕਿ ਕੋਈ ਵੀ ਦੋਸਤ ਮੁਕੰਮਲ ਨਹੀਂ ਹੈ ਅਤੇ ਜਿਹੜੇ ਦੋਸਤ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ, ਉਹ ਸਾਡੇ ਲਈ ਅਨਮੋਲ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਮਾਫ਼ ਕਰ ਦੇਈਏ।—ਕੁਲੁੱਸੀਆਂ 3:13 ਪੜ੍ਹੋ।
4. ਤੁਸੀਂ ਕੀ ਕਰੋਗੇ ਜੇ ਤੁਹਾਡੇ ਪੁਰਾਣੇ ਦੋਸਤ ਤੁਹਾਡਾ ਵਿਰੋਧ ਕਰਨ?
ਕਈ ਲੋਕਾਂ ਨਾਲ ਇੱਦਾਂ ਹੋਇਆ ਹੈ ਕਿ ਜਦ ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਦੇ ਕੁਝ ਪੁਰਾਣੇ ਦੋਸਤਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਸ਼ਾਇਦ ਇਹ ਦੋਸਤ ਸਮਝਦੇ ਨਹੀਂ ਕਿ ਬਾਈਬਲ ਤੋਂ ਤੁਹਾਨੂੰ ਵਧੀਆ ਸਲਾਹ ਅਤੇ ਪੱਕੀ ਉਮੀਦ ਮਿਲੀ ਹੈ। ਸ਼ਾਇਦ ਤੁਸੀਂ ਉਨ੍ਹਾਂ ਦੀ ਮਦਦ ਕਰ ਸਕੋ।—ਕੁਲੁੱਸੀਆਂ 4:6 ਪੜ੍ਹੋ।
ਸ਼ਾਇਦ ਤੁਹਾਡੇ ਪੁਰਾਣੇ ਦੋਸਤ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਖ਼ੁਸ਼ ਖ਼ਬਰੀ ਦਾ ਮਜ਼ਾਕ ਉਡਾਉਣ। (2 ਪਤਰਸ 3:3, 4) ਕੁਝ ਲੋਕ ਸ਼ਾਇਦ ਇਸ ਲਈ ਤੁਹਾਡਾ ਮਜ਼ਾਕ ਉਡਾਉਣ ਕਿਉਂਕਿ ਤੁਸੀਂ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ। (1 ਪਤਰਸ 4:4) ਜੇ ਇਸ ਤਰ੍ਹਾਂ ਤੁਹਾਡੇ ਨਾਲ ਹੋਵੇ, ਤਾਂ ਸ਼ਾਇਦ ਤੁਹਾਨੂੰ ਚੋਣ ਕਰਨੀ ਪਵੇ ਕਿ ਤੁਸੀਂ ਉਨ੍ਹਾਂ ਦੇ ਦੋਸਤ ਬਣੋਗੇ ਜਾਂ ਪਰਮੇਸ਼ੁਰ ਦੇ। ਜੇ ਤੁਸੀਂ ਪਰਮੇਸ਼ੁਰ ਦੇ ਦੋਸਤ ਬਣਨ ਦੀ ਚੋਣ ਕਰੋਗੇ, ਤਾਂ ਤੁਸੀਂ ਦੁਨੀਆਂ ਦਾ ਸਭ ਤੋਂ ਚੰਗਾ ਦੋਸਤ ਚੁਣੋਗੇ।—ਯਾਕੂਬ 4:4, 8 ਪੜ੍ਹੋ। (w11-E 12/01)
ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਬਾਰ੍ਹਵਾਂ ਅਤੇ ਉੱਨੀਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।