ਦੁਨੀਆਂ ਦਾ ਅੰਤ ਕੁਝ ਲੋਕਾਂ ਦੇ ਭਾਣੇ ਇਸ ਦਾ ਕੀ ਮਤਲਬ ਹੈ?
ਦੁਨੀਆਂ ਦਾ ਅੰਤ ਕੁਝ ਲੋਕਾਂ ਦੇ ਭਾਣੇ ਇਸ ਦਾ ਕੀ ਮਤਲਬ ਹੈ?
“ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।”—ਪ੍ਰਕਾਸ਼ ਦੀ ਕਿਤਾਬ 16:16.
ਜਦੋਂ ਤੁਸੀਂ “ਦੁਨੀਆਂ ਦੇ ਅੰਤ” ਬਾਰੇ ਸੁਣਦੇ ਹੋ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਸ਼ਾਇਦ ਤੁਹਾਡੇ ਮਨ ਵਿਚ ਵੱਡੀ ਤਬਾਹੀ ਦੀਆਂ ਤਸਵੀਰਾਂ ਆਉਣ। ਕੁਝ ਲੋਕ ਸੋਚਦੇ ਹਨ ਕਿ ਇਹ ਤਬਾਹੀ “ਆਰਮਾਗੇਡਨ” ਹੈ ਜਿਸ ਦਾ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਇਹ ਸ਼ਬਦ ਬਾਈਬਲ ਵਿਚ ਇੱਕੋ ਵਾਰ ਆਉਂਦਾ ਹੈ, ਪਰ ਖ਼ਬਰਾਂ ਵਿਚ ਅਤੇ ਧਾਰਮਿਕ ਆਗੂਆਂ ਦੁਆਰਾ ਇਸ ਸ਼ਬਦ ਨੂੰ ਅਕਸਰ ਵਰਤਿਆ ਜਾਂਦਾ ਹੈ।
ਕੀ ਦੁਨੀਆਂ ਦੇ ਅੰਤ ਬਾਰੇ ਲੋਕਾਂ ਦੇ ਵਿਚਾਰ ਬਾਈਬਲ ਨਾਲ ਮੇਲ ਖਾਂਦੇ ਹਨ? ਇਸ ਸਵਾਲ ਦਾ ਜਵਾਬ ਜਾਣਨਾ ਜ਼ਰੂਰੀ ਹੈ। ਕਿਉਂ? ਕਿਉਂਕਿ ਦੁਨੀਆਂ ਦੇ ਅੰਤ ਬਾਰੇ ਸੱਚਾਈ ਜਾਣ ਕੇ ਤੁਸੀਂ ਬੇਲੋੜਾ ਡਰੋਗੇ ਨਹੀਂ, ਤੁਸੀਂ ਵਧੀਆ ਭਵਿੱਖ ਦੀ ਉਮੀਦ ਰੱਖ ਸਕੋਗੇ ਅਤੇ ਪਰਮੇਸ਼ੁਰ ਬਾਰੇ ਤੁਹਾਡਾ ਨਜ਼ਰੀਆ ਬਦਲ ਜਾਵੇਗਾ।
ਅਗਲੇ ਤਿੰਨ ਸਵਾਲਾਂ ਉੱਤੇ ਗੌਰ ਕਰੋ ਅਤੇ ਦੁਨੀਆਂ ਦੇ ਅੰਤ ਯਾਨੀ ਆਰਮਾਗੇਡਨ ਬਾਰੇ ਲੋਕਾਂ ਦੇ ਵਿਚਾਰਾਂ ਦੀ ਤੁਲਨਾ ਬਾਈਬਲ ਵਿਚ ਦੱਸੀਆਂ ਗੱਲਾਂ ਨਾਲ ਕਰੋ।
1. ਕੀ ਆਰਮਾਗੇਡਨ ਇਨਸਾਨਾਂ ਵੱਲੋਂ ਕੀਤੀ ਜਾਣ ਵਾਲੀ ਤਬਾਹੀ ਹੈ?
ਪੱਤਰਕਾਰ ਅਤੇ ਖੋਜਕਾਰ ਇਨਸਾਨਾਂ ਵੱਲੋਂ ਕੀਤੀਆਂ ਤਬਾਹੀਆਂ ਲਈ ਅਕਸਰ “ਆਰਮਾਗੇਡਨ” ਸ਼ਬਦ ਵਰਤਦੇ ਹਨ। ਮਿਸਾਲ ਲਈ, ਲੋਕਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਨੂੰ “ਆਰਮਾਗੇਡਨ” ਕਿਹਾ ਹੈ। ਉਨ੍ਹਾਂ ਯੁੱਧਾਂ ਤੋਂ ਬਾਅਦ ਲੋਕ ਚਿੰਤਾ ਵਿਚ ਪੈ ਗਏ ਕਿ ਅਮਰੀਕਾ ਅਤੇ ਸੋਵੀਅਤ ਸੰਘ ਇਕ-ਦੂਜੇ ਉੱਤੇ ਨਿਊਕਲੀਅਰ ਹਥਿਆਰਾਂ ਨਾਲ ਹਮਲਾ ਕਰਨਗੇ। ਮੀਡੀਆ ਨੇ ਇਸ ਨੂੰ “ਨਿਊਕਲੀਅਰ ਹਥਿਆਰਾਂ ਨਾਲ ਲੜੀ ਜਾਣ ਵਾਲੀ ਆਰਮਾਗੇਡਨ” ਦੀ ਲੜਾਈ ਕਿਹਾ। ਅੱਜ ਜਿਨ੍ਹਾਂ ਖੋਜਕਾਰਾਂ ਨੂੰ ਡਰ ਹੈ ਕਿ ਪ੍ਰਦੂਸ਼ਣ ਨਾਲ ਧਰਤੀ ਦੇ ਮੌਸਮ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਹੋਣਗੀਆਂ, ਉਹ ਚੇਤਾਵਨੀ ਦਿੰਦੇ ਹਨ ਕਿ ਖ਼ਰਾਬ “ਮੌਸਮ ਕਰਕੇ ਆਰਮਾਗੇਡਨ” ਆਵੇਗਾ।
ਲੋਕਾਂ ਦੇ ਕਹਿਣ ਦਾ ਮਤਲਬ ਹੈ: ਧਰਤੀ ਅਤੇ ਇਸ ਉਤਲੇ ਸਾਰੇ ਜੀਵ-ਜੰਤੂਆਂ ਦਾ ਭਵਿੱਖ ਇਨਸਾਨਾਂ ਦੇ ਹੱਥਾਂ ਵਿਚ ਹੈ। ਜੇ ਸਰਕਾਰਾਂ ਨੇ ਅਕਲ ਤੋਂ ਕੰਮ ਨਹੀਂ ਲਿਆ, ਤਾਂ ਧਰਤੀ ਹਮੇਸ਼ਾ ਲਈ ਤਬਾਹ ਹੋ ਜਾਵੇਗੀ।
ਬਾਈਬਲ ਸਿਖਾਉਂਦੀ ਹੈ: ਪਰਮੇਸ਼ੁਰ ਇਨਸਾਨਾਂ ਨੂੰ ਧਰਤੀ ਨੂੰ ਤਬਾਹ ਕਰਨ ਨਹੀਂ ਦੇਵੇਗਾ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ * ਨੇ ਧਰਤੀ ਨੂੰ ਐਵੇਂ ਨਹੀਂ ਬਣਾਇਆ, ਸਗੋਂ ਉਸ ਨੂੰ “ਵੱਸਣ ਲਈ” ਬਣਾਇਆ ਹੈ। (ਯਸਾਯਾਹ 45:18) ਪਰਮੇਸ਼ੁਰ ਇਨਸਾਨਾਂ ਨੂੰ ਧਰਤੀ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਨ ਦੇਵੇਗਾ। ਇਸ ਦੀ ਬਜਾਇ ਉਹ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ।’—ਪ੍ਰਕਾਸ਼ ਦੀ ਕਿਤਾਬ 11:18.
2. ਕੀ ਆਰਮਾਗੇਡਨ ਕੋਈ ਕੁਦਰਤੀ ਆਫ਼ਤ ਹੈ?
ਪੱਤਰਕਾਰ ਕਦੇ-ਕਦੇ ਵੱਡੀਆਂ-ਵੱਡੀਆਂ ਕੁਦਰਤੀ ਆਫ਼ਤਾਂ ਲਈ “ਆਰਮਾਗੇਡਨ” ਸ਼ਬਦ ਵਰਤਦੇ ਹਨ। ਮਿਸਾਲ ਲਈ, 2010 ਵਿਚ ਇਕ ਰਿਪੋਰਟ ਨੇ ਹੈਟੀ ਵਿਚ ਆਏ ਭੁਚਾਲ਼ ਨੂੰ “ਆਰਮਾਗੇਡਨ” ਕਿਹਾ ਸੀ। ਦੇਸ਼ ਨੂੰ ਹਿਲਾ ਦੇਣ ਵਾਲੇ ਇਸ ਵੱਡੇ ਭੁਚਾਲ਼ ਨੂੰ ਆਰਮਾਗੇਡਨ ਇਸ ਲਈ ਕਿਹਾ ਗਿਆ ਸੀ ਕਿਉਂਕਿ ਇਸ ਕਾਰਨ ਲੋਕਾਂ ਨੂੰ ਬਹੁਤ ਦੁੱਖ ਤੇ ਨੁਕਸਾਨ ਸਹਿਣਾ ਪਿਆ ਅਤੇ ਬਹੁਤ ਸਾਰੀਆਂ ਜਾਨਾਂ ਗਈਆਂ। ਰਿਪੋਰਟਰ ਅਤੇ ਫ਼ਿਲਮਾਂ ਬਣਾਉਣ ਵਾਲੇ ਇਸ ਸ਼ਬਦ ਨੂੰ ਨਾ ਸਿਰਫ਼ ਹੋ ਚੁੱਕੀਆਂ ਘਟਨਾਵਾਂ ਲਈ ਵਰਤਦੇ ਹਨ, ਸਗੋਂ ਉਨ੍ਹਾਂ ਘਟਨਾਵਾਂ ਲਈ ਵੀ ਵਰਤਦੇ ਹਨ ਜਿਨ੍ਹਾਂ ਦੇ ਹੋਣ ਦਾ ਉਨ੍ਹਾਂ ਨੂੰ ਡਰ ਹੈ। ਮਿਸਾਲ ਲਈ, ਇਨ੍ਹਾਂ ਨੇ “ਆਰਮਾਗੇਡਨ” ਸ਼ਬਦ ਉਸ ਤਬਾਹੀ ਲਈ ਵਰਤਿਆ ਹੈ ਜੋ ਉਨ੍ਹਾਂ ਦੇ ਭਾਣੇ ਧਰਤੀ ਨਾਲ ਚਟਾਨ ਵਰਗੇ ਛੋਟੇ ਤਾਰੇ ਦੇ ਟਕਰਾਉਣ ਨਾਲ ਹੋਵੇਗੀ।
ਲੋਕਾਂ ਦੇ ਕਹਿਣ ਦਾ ਮਤਲਬ ਹੈ: ਆਰਮਾਗੇਡਨ ਇਤਫ਼ਾਕ ਨਾਲ ਹੋਣ ਵਾਲੀ ਘਟਨਾ ਹੈ ਜੋ ਅੰਨ੍ਹੇਵਾਹ ਮਾਸੂਮ ਲੋਕਾਂ ਦੀਆਂ ਜਾਨਾਂ ਲਵੇਗੀ। ਇਸ ਤੋਂ ਬਚਣ ਲਈ ਤੁਸੀਂ ਕੁਝ ਨਹੀਂ ਕਰ ਸਕਦੇ।
ਬਾਈਬਲ ਸਿਖਾਉਂਦੀ ਹੈ: ਆਰਮਾਗੇਡਨ ਇਤਫ਼ਾਕੀ ਘਟਨਾ ਨਹੀਂ ਹੈ ਜੋ ਸਾਰਿਆਂ ਲੋਕਾਂ ਦਾ ਨਾਸ਼ ਕਰੇਗੀ। ਇਸ ਦੇ ਉਲਟ, ਆਰਮਾਗੇਡਨ ਦੌਰਾਨ ਸਿਰਫ਼ ਦੁਸ਼ਟ ਲੋਕਾਂ ਦਾ ਨਾਸ਼ ਕੀਤਾ ਜਾਵੇਗਾ। ਬਾਈਬਲ ਵਾਅਦਾ ਕਰਦੀ ਹੈ ਕਿ ਥੋੜ੍ਹੇ ਚਿਰ ਬਾਅਦ “ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ।”—ਜ਼ਬੂਰਾਂ ਦੀ ਪੋਥੀ 37:10.
3. ਕੀ ਪਰਮੇਸ਼ੁਰ ਆਰਮਾਗੇਡਨ ਵਿਚ ਧਰਤੀ ਦਾ ਨਾਸ਼ ਕਰੇਗਾ?
ਕਈ ਧਾਰਮਿਕ ਖ਼ਿਆਲਾਂ ਵਾਲੇ ਲੋਕ ਵਿਸ਼ਵਾਸ ਕਰਦੇ ਹਨ ਕਿ ਚੰਗਾਈ ਅਤੇ ਬੁਰਾਈ ਵਿਚਕਾਰ ਇਕ ਆਖ਼ਰੀ ਲੜਾਈ ਹੋਵੇਗੀ ਜਿਸ ਦੇ ਨਤੀਜੇ ਵਜੋਂ ਧਰਤੀ ਦਾ ਨਾਸ਼ ਹੋ ਜਾਵੇਗਾ। ਅਮਰੀਕਾ ਦੀ ਇਕ ਸੰਸਥਾ ਦੁਆਰਾ ਕੀਤੇ ਗਏ ਸਰਵੇ ਮੁਤਾਬਕ 40 ਪ੍ਰਤਿਸ਼ਤ ਲੋਕ ਮੰਨਦੇ ਹਨ ਕਿ ਦੁਨੀਆਂ ਦਾ ਅੰਤ “ਆਰਮਾਗੇਡਨ ਦੀ ਲੜਾਈ” ਵਿਚ ਹੋਵੇਗਾ।
ਲੋਕਾਂ ਦੇ ਇਸ ਵਿਸ਼ਵਾਸ ਦਾ ਮਤਲਬ ਹੈ: ਇਨਸਾਨਾਂ ਨੂੰ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਵਾਸਤੇ ਨਹੀਂ ਸੀ ਬਣਾਇਆ
ਗਿਆ ਅਤੇ ਨਾ ਹੀ ਧਰਤੀ ਨੂੰ ਹਮੇਸ਼ਾ ਰਹਿਣ ਵਾਸਤੇ ਬਣਾਇਆ ਸੀ। ਪਰਮੇਸ਼ੁਰ ਨੇ ਇਨਸਾਨਾਂ ਨੂੰ ਇਸ ਇਰਾਦੇ ਨਾਲ ਬਣਾਇਆ ਸੀ ਕਿ ਉਹ ਇਕ-ਨਾ-ਇਕ ਦਿਨ ਮਰਨਗੇ।ਬਾਈਬਲ ਸਿਖਾਉਂਦੀ ਹੈ: ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ “ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਧਰਤੀ ’ਤੇ ਰਹਿੰਦੇ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.
ਇਸ ਤੋਂ ਸਪੱਸ਼ਟ ਹੈ ਕਿ ਬਾਈਬਲ ਦੁਨੀਆਂ ਦੇ ਅੰਤ ਬਾਰੇ ਲੋਕਾਂ ਦੇ ਅਨੇਕ ਵਿਚਾਰਾਂ ਨੂੰ ਗ਼ਲਤ ਸਾਬਤ ਕਰਦੀ ਹੈ। ਤਾਂ ਫਿਰ ਸੱਚਾਈ ਕੀ ਹੈ? (w12-E 02/01)
[ਫੁਟਨੋਟ]
^ ਪੈਰਾ 9 ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ।