Skip to content

Skip to table of contents

ਪਰਮੇਸ਼ੁਰ ਨੂੰ ਜਾਣੋ

‘ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ’

‘ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ’

ਬਿਜ਼ੀ ਸੜਕ ਪਾਰ ਕਰਨ ਤੋਂ ਪਹਿਲਾਂ ਇਕ ਪਿਤਾ ਆਪਣੇ ਛੋਟੇ ਮੁੰਡੇ ਨੂੰ ਕਹਿੰਦਾ ਹੈ, “ਮੇਰਾ ਹੱਥ ਫੜ।” ਆਪਣੇ ਪਿਤਾ ਦਾ ਮਜ਼ਬੂਤ ਹੱਥ ਫੜ ਕੇ ਮੁੰਡੇ ਨੂੰ ਕੋਈ ਡਰ ਨਹੀਂ ਲੱਗਦਾ ਤੇ ਉਹ ਸੁਰੱਖਿਅਤ ਮਹਿਸੂਸ ਕਰਦਾ ਹੈ। ਕੀ ਤੁਸੀਂ ਕਦੇ ਇਵੇਂ ਸੋਚਿਆ ਹੈ ਕਿ ਕਾਸ਼ ਕੋਈ ਮੇਰਾ ਹੱਥ ਫੜ ਕੇ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਦੀ ਲੰਘਣ ਵਿਚ ਮੇਰੀ ਮਦਦ ਕਰੇ? ਜੇ ਤੁਸੀਂ ਇਸ ਤਰ੍ਹਾਂ ਸੋਚਿਆ ਹੈ, ਤਾਂ ਤੁਹਾਨੂੰ ਯਸਾਯਾਹ ਦੇ ਸ਼ਬਦਾਂ ਤੋਂ ਦਿਲਾਸਾ ਮਿਲ ਸਕਦਾ ਹੈ।—ਯਸਾਯਾਹ 41:10, 13 ਪੜ੍ਹੋ।

ਯਸਾਯਾਹ ਨੇ ਇਹ ਸ਼ਬਦ ਇਜ਼ਰਾਈਲੀਆਂ ਨੂੰ ਕਹੇ ਸਨ। ਭਾਵੇਂ ਕਿ ਪਰਮੇਸ਼ੁਰ ਇਸ ਕੌਮ ਨੂੰ ਆਪਣੀ “ਨਿਜੀ ਪਰਜਾ” ਸਮਝਦਾ ਸੀ, ਫਿਰ ਵੀ ਉਹ ਦੁਸ਼ਮਣਾਂ ਨਾਲ ਘਿਰੀ ਹੋਈ ਸੀ। (ਕੂਚ 19:5) ਕੀ ਇਜ਼ਰਾਈਲੀਆਂ ਨੂੰ ਡਰਨ ਦੀ ਲੋੜ ਸੀ? ਯਹੋਵਾਹ ਨੇ ਯਸਾਯਾਹ ਦੇ ਜ਼ਰੀਏ ਉਨ੍ਹਾਂ ਨੂੰ ਭਰੋਸਾ ਦੇਣ ਵਾਲੇ ਸ਼ਬਦ ਕਹੇ। ਇਨ੍ਹਾਂ ਸ਼ਬਦਾਂ ’ਤੇ ਗੌਰ ਕਰਦਿਆਂ, ਆਓ ਆਪਾਂ ਯਾਦ ਰੱਖੀਏ ਕਿ ਇਹ ਸ਼ਬਦ ਅੱਜ ਵੀ ਪਰਮੇਸ਼ੁਰ ਦੇ ਭਗਤਾਂ ਉੱਤੇ ਲਾਗੂ ਹੁੰਦੇ ਹਨ।—ਰੋਮੀਆਂ 15:4.

ਯਹੋਵਾਹ ਤਾਕੀਦ ਕਰਦਾ ਹੈ ‘ਨਾ ਡਰੋ।’ (ਆਇਤ 10) ਇਹ ਕੋਈ ਖੋਖਲੀ ਗੱਲ ਨਹੀਂ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਸਮਝਾਇਆ ਸੀ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਕਿਉਂ ਨਹੀਂ ਸੀ। ਉਸ ਨੇ ਕਿਹਾ: ‘ਮੈਂ ਤੁਹਾਡੇ ਅੰਗ ਸੰਗ ਹਾਂ।’ ਉਹ ਸਾਡੇ ਤੋਂ ਵੀ ਬਹੁਤ ਦੂਰ ਨਹੀਂ ਹੈ। ਉਹ ਅਜਿਹਾ ਸ਼ਖ਼ਸ ਨਹੀਂ ਹੈ ਜੋ ਸਿਰਫ਼ ਉਸ ਸਮੇਂ ਆਉਣ ਦਾ ਵਾਅਦਾ ਕਰਦਾ ਹੈ ਜਦੋਂ ਸਾਨੂੰ ਮਦਦ ਦੀ ਲੋੜ ਪੈਂਦੀ ਹੈ। ਉਹ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਕੀ ਇਹ ਜਾਣ ਕੇ ਸਾਨੂੰ ਹੌਸਲਾ ਨਹੀਂ ਮਿਲਦਾ?

ਯਹੋਵਾਹ ਆਪਣੇ ਭਗਤਾਂ ਨੂੰ ਅੱਗੋਂ ਭਰੋਸਾ ਦਿੰਦਿਆਂ ਹੋਇਆ ਕਹਿੰਦਾ ਹੈ: ‘ਨਾ ਘਾਬਰੋ।’ (ਆਇਤ 10) ਯਹੋਵਾਹ ਸਮਝਾਉਂਦਾ ਹੈ ਕਿ ਉਸ ਦੇ ਲੋਕਾਂ ਨੂੰ ਡਰ ਦੇ ਮਾਰੇ ਘਬਰਾਉਣ ਦੀ ਲੋੜ ਕਿਉਂ ਨਹੀਂ ਹੈ: ‘ਮੈਂ ਤੁਹਾਡਾ ਪਰਮੇਸ਼ੁਰ ਜੋ ਹਾਂ।’ ਇਸ ਤੋਂ ਜ਼ਿਆਦਾ ਭਰੋਸੇ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਯਹੋਵਾਹ “ਅੱਤ ਮਹਾਨ” ਤੇ “ਸਰਬ ਸ਼ਕਤੀਮਾਨ” ਪਰਮੇਸ਼ੁਰ ਹੈ। (ਜ਼ਬੂਰਾਂ ਦੀ ਪੋਥੀ 91:1) ਜਦ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਨਾਲ ਹੈ, ਤਾਂ ਫਿਰ ਉਨ੍ਹਾਂ ਨੂੰ ਡਰਨ ਦੀ ਕੀ ਲੋੜ ਹੈ?

ਯਹੋਵਾਹ ਦੇ ਭਗਤ ਉਸ ਤੋਂ ਕੀ ਉਮੀਦ ਰੱਖ ਸਕਦੇ ਹਨ? ਉਹ ਵਾਅਦਾ ਕਰਦਾ ਹੈ: ‘ਮੈਂ ਤੁਹਾਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।’ (ਆਇਤ 10) ਉਹ ਇਹ ਵੀ ਕਹਿੰਦਾ ਹੈ: ‘ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਤਾਂ ਤੁਹਾਡਾ ਸੱਜਾ ਹੱਥ ਫੜੀ ਬੈਠਾ ਹਾਂ।’ (ਆਇਤ 13) ਇਹ ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਕਿਹੜੀ ਤਸਵੀਰ ਆਉਂਦੀ ਹੈ? ਇਕ ਕਿਤਾਬ ਸਮਝਾਉਂਦੀ ਹੈ, “ਜਦੋਂ ਇਨ੍ਹਾਂ ਦੋ ਆਇਤਾਂ ਉੱਤੇ ਇਕੱਠਿਆਂ ਗੌਰ ਕੀਤਾ ਜਾਂਦਾ ਹੈ, ਤਾਂ ਸਾਡੇ ਮਨ ਵਿਚ ਪਿਤਾ ਤੇ ਉਸ ਦੇ ਬੱਚੇ ਦੀ ਤਸਵੀਰ ਆਉਂਦੀ ਹੈ। ਪਿਤਾ ਬੱਚੇ ਤੋਂ ਦੂਰ ਖੜ੍ਹਾ ਨਹੀਂ ਰਹਿੰਦਾ ਅਤੇ ਨਾ ਹੀ ਉਹ ਬੱਚੇ ਕੋਲ ਸਿਰਫ਼ ਉਦੋਂ ਆਉਂਦਾ ਹੈ ਜਦੋਂ ਉਸ ਨੂੰ ਮਦਦ ਦੀ ਲੋੜ ਪੈਂਦੀ ਹੈ, ਸਗੋਂ ਉਹ ਹਮੇਸ਼ਾ ਆਪਣੇ ਬੱਚੇ ਦੇ ਨਾਲ ਰਹਿੰਦਾ ਹੈ।” ਜ਼ਰਾ ਸੋਚੋ, ਯਹੋਵਾਹ ਆਪਣੇ ਲੋਕਾਂ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦੇਵੇਗਾ, ਉਦੋਂ ਵੀ ਨਹੀਂ ਜਦੋਂ ਉਹ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਮੁਸ਼ਕਲ ਘੜੀਆਂ ਵਿੱਚੋਂ ਦੀ ਗੁਜ਼ਰ ਰਹੇ ਹੁੰਦੇ ਹਨ।—ਇਬਰਾਨੀਆਂ 13:5, 6.

ਯਹੋਵਾਹ ਦੇ ਭਗਤਾਂ ਨੂੰ ਯਸਾਯਾਹ ਦੇ ਸ਼ਬਦਾਂ ਤੋਂ ਅੱਜ ਵੀ ਕਾਫ਼ੀ ਹੌਸਲਾ ਮਿਲ ਸਕਦਾ ਹੈ। ਇਨ੍ਹਾਂ “ਮੁਸੀਬਤਾਂ ਨਾਲ ਭਰੇ” ਸਮਿਆਂ ਵਿਚ ਸਾਨੂੰ ਸ਼ਾਇਦ ਲੱਗੇ ਕਿ ਅਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਦੇ ਬੋਝ ਥੱਲੇ ਦੱਬੇ ਹੋਏ ਹਾਂ। (2 ਤਿਮੋਥਿਉਸ 3:1) ਪਰ ਸਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਇਕੱਲਿਆਂ ਨੂੰ ਕਰਨ ਦੀ ਲੋੜ ਨਹੀਂ। ਯਹੋਵਾਹ ਆਪਣਾ ਹੱਥ ਵਧਾ ਕੇ ਸਾਡੀ ਮਦਦ ਕਰਨ ਲਈ ਤਿਆਰ ਹੈ। ਬੱਚਿਆਂ ਵਾਂਗ ਅਸੀਂ ਭਰੋਸੇ ਨਾਲ ਉਸ ਦਾ ਮਜ਼ਬੂਤ ਹੱਥ ਫੜ ਸਕਦੇ ਹਾਂ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਸਹੀ ਰਾਹ ਪਾਵੇਗਾ ਅਤੇ ਲੋੜ ਪੈਣ ਤੇ ਸਾਡੀ ਮਦਦ ਕਰੇਗਾ।—ਜ਼ਬੂਰਾਂ ਦੀ ਪੋਥੀ 63:7, 8. (w12-E 01/01)