ਇਤਿਹਾਸ, ਨਾ ਕਿ ਕਥਾ-ਕਹਾਣੀਆਂ
ਇਤਿਹਾਸ, ਨਾ ਕਿ ਕਥਾ-ਕਹਾਣੀਆਂ
“ਮੈਂ ਬੜੇ ਧਿਆਨ ਨਾਲ ਸ਼ੁਰੂ ਤੋਂ ਸਾਰੀਆਂ ਗੱਲਾਂ ਦੀ ਛਾਣਬੀਣ ਕੀਤੀ ਹੈ।”—ਲੂਕਾ 1:3.
ਬਾਈਬਲ ਵੱਖਰੀ ਕਿਵੇਂ ਹੈ? ਲੋਕ-ਕਥਾਵਾਂ ਅਤੇ ਮਿਥਿਆਸਕ ਕਹਾਣੀਆਂ ਮਜ਼ੇਦਾਰ ਕਹਾਣੀਆਂ ਹੁੰਦੀਆਂ ਹਨ, ਪਰ ਇਨ੍ਹਾਂ ਵਿਚ ਖ਼ਾਸ ਥਾਵਾਂ, ਤਾਰੀਖ਼ਾਂ ਅਤੇ ਇਤਿਹਾਸ ਦੀਆਂ ਮਹਾਨ ਹਸਤੀਆਂ ਬਾਰੇ ਨਹੀਂ ਦੱਸਿਆ ਹੁੰਦਾ। ਇਸ ਦੇ ਉਲਟ, ਬਾਈਬਲ ਵਿਚ ਬਹੁਤ ਸਾਰੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਜਿਸ ਕਰਕੇ ਪੜ੍ਹਨ ਵਾਲੇ ਨੂੰ ਯਕੀਨ ਹੋ ਜਾਂਦਾ ਹੈ ਕਿ ਬਾਈਬਲ ਵਿਚਲੇ “ਸਾਰੇ ਵਚਨ ਦਾ ਸਾਰ ‘ਸੱਤ’ ਹੈ।”—ਭਜਨ 119:160, CL.
ਇਕ ਮਿਸਾਲ: ਬਾਈਬਲ ਦੱਸਦੀ ਹੈ ਕਿ “ਬਾਬਲ ਦਾ ਪਾਤਸ਼ਾਹ ਨਬੂਕਦ-ਨੱਸਰ . . . [ਯਹੂਦਾਹ ਦੇ ਰਾਜੇ] ਯਹੋਯਾਕੀਨ ਨੂੰ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ।” ਬਾਅਦ ਵਿਚ “ਬਾਬਲ ਦੇ ਪਾਤਸ਼ਾਹ ਅਵੀਲ ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਵਰਹੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਨ ਨੂੰ ਕੈਦੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ।” ਇਸ ਦੇ ਨਾਲ-ਨਾਲ “ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ [ਯਹੋਯਾਕੀਨ ਨੂੰ] ਪਾਤਸ਼ਾਹ ਵੱਲੋਂ ਉਹ ਦੀ ਉਮਰ ਭਰ ਨੇਤਕੀ [ਰੋਜ਼] ਦਿੱਤਾ ਜਾਂਦਾ ਰਿਹਾ।”—2 ਰਾਜਿਆਂ 24:11, 15; 25:27-30.
ਪੁਰਾਤੱਤਵ-ਵਿਗਿਆਨੀਆਂ ਨੇ ਕੀ ਲੱਭਿਆ ਹੈ? ਪ੍ਰਾਚੀਨ ਬਾਬਲ ਦੇ ਖੰਡਰਾਂ ਵਿੱਚੋਂ ਪੁਰਾਤੱਤਵ-ਵਿਗਿਆਨੀਆਂ ਨੂੰ ਨਬੂਕਦਨੱਸਰ ਦੂਜੇ ਦੇ ਰਾਜ ਦੇ ਸਮੇਂ ਦੇ ਸਰਕਾਰੀ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਵਿਚ ਉਸ ਰਾਸ਼ਨ ਦੀ ਲਿਸਟ ਦਿੱਤੀ ਗਈ ਹੈ ਜੋ ਬਾਬਲ ਵਿਚ ਰਹਿੰਦੇ ਗ਼ੁਲਾਮਾਂ ਅਤੇ ਸ਼ਾਹੀ ਘਰਾਣੇ ਲਈ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਸੀ। ਇਸ ਲਿਸਟ ਵਿਚ ਸ਼ਾਮਲ ਹੈ: “ਯਾਊਕਿਨ [ਯਹੋਯਾਕੀਨ]” ਜੋ “ਯਾਹੂਦ (ਯਹੂਦਾਹ) ਦਾ ਰਾਜਾ” ਸੀ ਅਤੇ ਉਸ ਦਾ ਘਰਾਣਾ। ਨਬੂਕਦਨੱਸਰ ਤੋਂ ਬਾਅਦ ਬਣੇ ਰਾਜੇ ਅਵੀਲ ਮਰੋਦਕ ਬਾਰੇ ਕੀ? ਕੀ ਉਹ ਅਸਲ ਵਿਚ ਸੀ? ਸੂਸਾ ਸ਼ਹਿਰ ਦੇ ਨੇੜੇ ਲੱਭੇ ਫੁੱਲਦਾਨ ਉੱਤੇ ਇਸ ਤਰ੍ਹਾਂ ਲਿਖਿਆ ਹੈ: “ਬਾਬਲ ਦੇ ਰਾਜੇ ਨਬੂਕਦਨੱਸਰ ਦੇ ਪੁੱਤਰ ਅਮੀਲ-ਮਾਰਦੁੱਕ [ਅਵੀਲ ਮਰੋਦਕ] ਦਾ ਮਹਿਲ।”
ਤੁਹਾਡਾ ਕੀ ਖ਼ਿਆਲ ਹੈ? ਕੀ ਕਿਸੇ ਹੋਰ ਪੁਰਾਣੀ ਧਾਰਮਿਕ ਕਿਤਾਬ ਵਿਚ ਇੰਨੀ ਖ਼ਾਸ ਤੇ ਸਹੀ-ਸਹੀ ਇਤਿਹਾਸਕ ਜਾਣਕਾਰੀ ਮਿਲਦੀ ਹੈ? ਜਾਂ ਕੀ ਬਾਈਬਲ ਇਸ ਮਾਮਲੇ ਵਿਚ ਅਨੋਖੀ ਕਿਤਾਬ ਹੈ? (w12-E 06/01)
[ਸਫ਼ਾ 5 ਉੱਤੇ ਸੁਰਖੀ]
“ਬਾਈਬਲ ਵਿਚ ਕਿਸੇ ਘਟਨਾ ਦੇ ਸਮੇਂ ਅਤੇ ਜਗ੍ਹਾ ਬਾਰੇ ਜਾਣਕਾਰੀ ਹੋਰ ਕਿਸੇ ਵੀ ਪੁਰਾਣੇ ਦਸਤਾਵੇਜ਼ ਵਿਚ ਦਿੱਤੀ ਜਾਣਕਾਰੀ ਨਾਲੋਂ ਕਿਤੇ ਜ਼ਿਆਦਾ ਸਹੀ ਅਤੇ ਭਰੋਸੇਯੋਗ ਹੈ।”—ਏ ਸਾਇੰਟੀਫਿਕ ਇਨਵੈਸਟੀਗੇਸ਼ਨ ਆਫ਼ ਦ ਓਲਡ ਟੈਸਟਾਮੈਂਟ, ਰੌਬਰਟ ਡੀ. ਵਿਲਸਨ
[ਸਫ਼ਾ 5 ਉੱਤੇ ਤਸਵੀਰ]
ਬਾਬਲੀ ਦਸਤਾਵੇਜ਼ ਜਿਸ ਵਿਚ ਯਹੂਦਾਹ ਦੇ ਰਾਜੇ ਯਹੋਯਾਕੀਨ ਬਾਰੇ ਜ਼ਿਕਰ ਕੀਤਾ ਗਿਆ ਹੈ
[ਕ੍ਰੈਡਿਟ ਲਾਈਨ]
© bpk, Berlin/Vorderasiatisches Museum, SMB/Olaf M. Tessmer/Art Resource, NY