Skip to content

Skip to table of contents

ਯਹੋਵਾਹ ਨੇ ਮੇਰੀਆਂ ਅੱਖਾਂ ਖੋਲ੍ਹੀਆਂ

ਯਹੋਵਾਹ ਨੇ ਮੇਰੀਆਂ ਅੱਖਾਂ ਖੋਲ੍ਹੀਆਂ

ਯਹੋਵਾਹ ਨੇ ਮੇਰੀਆਂ ਅੱਖਾਂ ਖੋਲ੍ਹੀਆਂ

ਪਤਰੀਸ ਓਯੇਕਾ ਦੀ ਜ਼ਬਾਨੀ

ਸ਼ਾਮ ਦਾ ਵੇਲਾ ਸੀ। ਇਕ ਹੋਰ ਦਿਨ ਘੁੱਪ ਹਨੇਰੇ ਵਿਚ ਇਕੱਲਿਆਂ ਬੇਧਿਆਨੇ ਰੇਡੀਓ ਸੁਣਦਿਆਂ ਗੁਜ਼ਰ ਗਿਆ ਤੇ ਮੈਂ ਆਪਣੀ ਦੁੱਖਾਂ ਭਰੀ ਜ਼ਿੰਦਗੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ। ਮੈਂ ਪਾਣੀ ਦੇ ਕੱਪ ਵਿਚ ਜ਼ਹਿਰੀਲਾ ਪਾਊਡਰ ਮਿਲਾ ਲਿਆ ਅਤੇ ਆਪਣੇ ਮੋਹਰੇ ਪਏ ਮੇਜ਼ ’ਤੇ ਰੱਖ ਦਿੱਤਾ। ਜ਼ਹਿਰ ਪੀਣ ਤੋਂ ਪਹਿਲਾਂ ਮੈਂ ਆਖ਼ਰੀ ਵਾਰ ਨਹਾ-ਧੋ ਕੇ ਵਧੀਆ ਕੱਪੜੇ ਪਾਉਣੇ ਚਾਹੁੰਦਾ ਸੀ ਤੇ ਫਿਰ ਇਸ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਮੈਂ ਆਤਮ-ਹੱਤਿਆ ਕਿਉਂ ਕਰਨੀ ਚਾਹੁੰਦਾ ਸੀ? ਇਹ ਕਹਾਣੀ ਦੱਸਣ ਲਈ ਮੈਂ ਅੱਜ ਜੀਉਂਦਾ ਕਿਵੇਂ ਹਾਂ?

ਮੇਰਾ ਜਨਮ 2 ਫਰਵਰੀ 1958 ਨੂੰ ਕਾਂਗੋ ਗਣਰਾਜ ਦੇ ਸੂਬੇ ਕਸਾਈ ਓਰੀਐਂਟਲ ਵਿਚ ਹੋਇਆ ਸੀ। ਮੈਂ ਨੌਂ ਸਾਲਾਂ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਮੇਰੇ ਵੱਡੇ ਭਰਾ ਨੇ ਮੈਨੂੰ ਪਾਲ਼ਿਆ।

ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਰਬੜ ਦੇ ਬਾਗ਼ ਵਿਚ ਕੰਮ ਕਰਨ ਲੱਗ ਪਿਆ। 1989 ਵਿਚ ਇਕ ਦਿਨ ਸਵੇਰ ਨੂੰ ਜਦੋਂ ਮੈਂ ਆਪਣੇ ਆਫ਼ਿਸ ਵਿਚ ਰਿਪੋਰਟ ਤਿਆਰ ਕਰ ਰਿਹਾ ਸੀ, ਤਾਂ ਅਚਾਨਕ ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ। ਪਹਿਲਾਂ-ਪਹਿਲ ਮੈਂ ਸੋਚਿਆ ਕਿ ਬਿਜਲੀ ਚਲੀ ਗਈ ਪਰ ਅਜੇ ਸਵੇਰਾ ਹੀ ਸੀ ਅਤੇ ਮੈਂ ਜੈਨਰੇਟਰ ਦੇ ਚੱਲਣ ਦੀ ਆਵਾਜ਼ ਵੀ ਸੁਣ ਸਕਦਾ ਸੀ! ਮੈਂ ਬਹੁਤ ਡਰ ਗਿਆ ਜਦੋਂ ਮੈਨੂੰ ਕੁਝ ਨਜ਼ਰ ਨਹੀਂ ਆਇਆ ਇੱਥੋਂ ਤਕ ਕਿ ਮੇਰੇ ਅੱਗੇ ਪਏ ਕਾਗਜ਼ ਵੀ ਨਹੀਂ!

ਮੈਂ ਫਟਾਫਟ ਆਪਣੇ ਅਧੀਨ ਕੰਮ ਕਰਦੇ ਇਕ ਬੰਦੇ ਨੂੰ ਬੁਲਾਇਆ ਤਾਂਕਿ ਉਹ ਮੈਨੂੰ ਹਸਪਤਾਲ ਲੈ ਜਾਵੇ। ਡਾਕਟਰ ਨੇ ਸਲਾਹ ਦਿੱਤੀ ਕਿ ਮੈਨੂੰ ਸ਼ਹਿਰ ਵਿਚ ਹੋਰ ਚੰਗੇ ਡਾਕਟਰ ਕੋਲ ਲੈ ਜਾਇਆ ਜਾਵੇ। ਉਸ ਨੇ ਦੇਖਿਆ ਕਿ ਮੇਰੇ ਦੋਵੇਂ ਰੈਟਿਨਾ ਫਟ ਚੁੱਕੇ ਸਨ ਅਤੇ ਮੇਰੀ ਹਾਲਤ ਬਹੁਤ ਗੰਭੀਰ ਸੀ। ਇਸ ਕਰਕੇ ਉਸ ਨੇ ਮੈਨੂੰ ਰਾਜਧਾਨੀ ਕਿੰਸ਼ਾਸਾ ਭੇਜ ਦਿੱਤਾ।

ਕਿੰਸ਼ਾਸਾ ਵਿਚ ਜ਼ਿੰਦਗੀ

ਕਿੰਸ਼ਾਸਾ ਵਿਚ ਮੈਂ ਬਹੁਤ ਸਾਰੇ ਅੱਖਾਂ ਦੇ ਮਾਹਰਾਂ ਨੂੰ ਮਿਲਿਆ, ਪਰ ਕੋਈ ਵੀ ਮੇਰੀ ਮਦਦ ਨਹੀਂ ਕਰ ਸਕਿਆ। ਹਸਪਤਾਲ ਵਿਚ 43 ਦਿਨ ਬਿਤਾਉਣ ਤੋਂ ਬਾਅਦ ਡਾਕਟਰਾਂ ਨੇ ਕਹਿ ਦਿੱਤਾ ਕਿ ਮੈਂ ਜ਼ਿੰਦਗੀ ਭਰ ਲਈ ਅੰਨ੍ਹਾ ਰਹਾਂਗਾ! ਮੇਰੇ ਪਰਿਵਾਰ ਦੇ ਜੀ ਮੈਨੂੰ ਹਰ ਤਰ੍ਹਾਂ ਦੇ ਚਰਚ ਵਿਚ ਲੈ ਕੇ ਗਏ ਤਾਂਕਿ ਮੈਂ ਚਮਤਕਾਰੀ ਢੰਗ ਨਾਲ ਠੀਕ ਹੋ ਜਾਵਾਂ, ਪਰ ਕੋਈ ਫ਼ਰਕ ਨਹੀਂ ਪਿਆ।

ਅਖ਼ੀਰ ਮੈਂ ਉਮੀਦ ਛੱਡ ਦਿੱਤੀ ਕਿ ਮੈਂ ਫਿਰ ਤੋਂ ਦੇਖ ਸਕਾਂਗਾ। ਮੇਰੀ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਸੀ। ਮੇਰੀ ਨਿਗਾਹ ਚਲੀ ਗਈ, ਮੇਰੀ ਨੌਕਰੀ ਚਲੀ ਗਈ ਤੇ ਮੇਰੀ ਪਤਨੀ ਵੀ ਮੈਨੂੰ ਛੱਡ ਕੇ ਚਲੀ ਗਈ ਤੇ ਸਭ ਕੁਝ ਘਰੋਂ ਲੈ ਗਈ। ਮੈਂ ਸ਼ਰਮ ਦੇ ਮਾਰੇ ਘਰੋਂ ਬਾਹਰ ਨਹੀਂ ਸੀ ਜਾਂਦਾ ਜਾਂ ਲੋਕਾਂ ਨਾਲ ਮਿਲਦਾ-ਜੁਲਦਾ ਨਹੀਂ ਸੀ। ਮੈਂ ਲੋਕਾਂ ਤੋਂ ਦੂਰ-ਦੂਰ ਰਹਿੰਦਾ ਸੀ ਅਤੇ ਕਈ-ਕਈ ਦਿਨ ਅੰਦਰ ਹੀ ਰਹਿੰਦਾ ਸੀ। ਮੈਂ ਆਪਣੇ ਆਪ ਨੂੰ ਕਿਸੇ ਕੰਮ ਦਾ ਨਹੀਂ ਸੀ ਸਮਝਦਾ।

ਮੈਂ ਦੋ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਦੂਸਰੀ ਕੋਸ਼ਿਸ਼ ਬਾਰੇ ਇਸ ਕਹਾਣੀ ਦੇ ਸ਼ੁਰੂ ਵਿਚ ਮੈਂ ਦੱਸਿਆ ਹੈ। ਪਰਿਵਾਰ ਦੇ ਇਕ ਛੋਟੇ ਜਿਹੇ ਮੁੰਡੇ ਨੇ ਮੇਰੀ ਜਾਨ ਬਚਾਈ। ਜਦੋਂ ਮੈਂ ਨਹਾ ਰਿਹਾ ਸੀ, ਤਾਂ ਉਸ ਨੇ ਅਣਜਾਣੇ ਵਿਚ ਜ਼ਹਿਰ ਵਾਲਾ ਕੱਪ ਚੁੱਕ ਕੇ ਜ਼ਮੀਨ ’ਤੇ ਸੁੱਟ ਦਿੱਤਾ। ਸ਼ੁਕਰ ਹੈ ਕਿ ਉਸ ਨੇ ਆਪ ਜ਼ਹਿਰ ਨਹੀਂ ਪੀਤਾ। ਪਰ ਮੈਂ ਬੜਾ ਨਿਰਾਸ਼ ਹੋਇਆ ਕਿ ਮੈਨੂੰ ਉਹ ਕੱਪ ਨਹੀਂ ਲੱਭਾ। ਫਿਰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਮੈਂ ਕੱਪ ਕਿਉਂ ਲੱਭ ਰਿਹਾ ਸੀ ਅਤੇ ਮੇਰਾ ਇਰਾਦਾ ਕੀ ਸੀ।

ਮੈਂ ਰੱਬ ਅਤੇ ਆਪਣੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਨਜ਼ਰ ਰੱਖੀ। ਆਪਣੀ ਜਾਨ ਲੈਣ ਦੀ ਮੇਰੀ ਕੋਸ਼ਿਸ਼ ਨਾਕਾਮ ਰਹੀ।

ਜ਼ਿੰਦਗੀ ਵਿਚ ਦੁਬਾਰਾ ਖ਼ੁਸ਼ੀਆਂ-ਖੇੜੇ

1992 ਵਿਚ ਐਤਵਾਰ ਦੇ ਦਿਨ ਜਦੋਂ ਮੈਂ ਸਿਗਰਟ ਪੀ ਰਿਹਾ ਸੀ, ਤਾਂ ਯਹੋਵਾਹ ਦੇ ਦੋ ਗਵਾਹ ਘਰ-ਘਰ ਪ੍ਰਚਾਰ ਕਰਦਿਆਂ ਮੇਰੇ ਘਰ ਆਏ। ਜਦੋਂ ਉਨ੍ਹਾਂ ਨੇ ਦੇਖਿਆ ਕਿ ਮੈਂ ਅੰਨ੍ਹਾ ਸੀ, ਤਾਂ ਉਨ੍ਹਾਂ ਨੇ ਮੇਰੇ ਲਈ ਯਸਾਯਾਹ 35:5 ਪੜ੍ਹਿਆ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ।” ਇਹ ਸ਼ਬਦ ਸੁਣ ਕੇ ਮੇਰੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ! ਚਰਚਾਂ ਵਿਚ ਜਾ ਕੇ ਮੈਂ ਜੋ ਕੁਝ ਸੁਣਿਆ, ਉਸ ਦੇ ਬਿਲਕੁਲ ਉਲਟ ਗਵਾਹਾਂ ਨੇ ਕਿਹਾ ਕਿ ਉਹ ਮੈਨੂੰ ਚਮਤਕਾਰੀ ਤਰੀਕੇ ਨਾਲ ਠੀਕ ਨਹੀਂ ਕਰ ਸਕਦੇ ਹਨ। ਇਸ ਦੀ ਬਜਾਇ, ਉਨ੍ਹਾਂ ਨੇ ਸਮਝਾਇਆ ਕਿ ਜੇ ਮੈਂ ਪਰਮੇਸ਼ੁਰ ਬਾਰੇ ਗਿਆਨ ਲਵਾਂਗਾ, ਤਾਂ ਮੈਂ ਪਰਮੇਸ਼ੁਰ ਵੱਲੋਂ ਵਾਅਦਾ ਕੀਤੀ ਗਈ ਨਵੀਂ ਦੁਨੀਆਂ ਵਿਚ ਹੀ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। (ਯੂਹੰਨਾ 17:3) ਮੈਂ ਉਸੇ ਵੇਲੇ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਂ ਦੀ ਕਿਤਾਬ ਤੋਂ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਆਪਣੇ ਇਲਾਕੇ ਦੇ ਕਿੰਗਡਮ ਹਾਲ ਵਿਚ ਸਾਰੀਆਂ ਮੀਟਿੰਗਾਂ ਵਿਚ ਵੀ ਜਾਣ ਲੱਗ ਪਿਆ ਅਤੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ। ਮੈਂ ਸਿਗਰਟਾਂ ਪੀਣੀਆਂ ਛੱਡ ਦਿੱਤੀਆਂ।

ਪਰ ਅੰਨ੍ਹਾ ਹੋਣ ਕਰਕੇ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਇੰਨੀ ਤਰੱਕੀ ਨਹੀਂ ਕਰ ਪਾ ਰਿਹਾ ਸੀ। ਇਸ ਲਈ ਮੈਂ ਬ੍ਰੇਲ ਭਾਸ਼ਾ ਲਿਖਣੀ ਅਤੇ ਪੜ੍ਹਨੀ ਸਿੱਖਣ ਲਈ ਇਕ ਸੰਸਥਾ ਵਿਚ ਗਿਆ। ਇਸ ਦੀ ਮਦਦ ਨਾਲ ਮੈਂ ਕਿੰਗਡਮ ਹਾਲ ਵਿਚ ਪ੍ਰਚਾਰ ਬਾਰੇ ਦਿੱਤੀ ਜਾਂਦੀ ਸਿਖਲਾਈ ਵਿਚ ਹਿੱਸਾ ਲੈਣ ਲੱਗ ਪਿਆ। ਜਲਦੀ ਹੀ ਮੈਂ ਆਪਣੇ ਗੁਆਂਢ ਵਿਚ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਫਿਰ ਤੋਂ ਜ਼ਿੰਦਗੀ ਵਿਚ ਖ਼ੁਸ਼ੀਆਂ ਮਿਲਣ ਲੱਗੀਆਂ। ਮੈਂ ਤਰੱਕੀ ਕਰਦਾ ਗਿਆ ਅਤੇ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸੌਂਪ ਦਿੱਤੀ। 7 ਮਈ 1994 ਵਿਚ ਮੈਂ ਬਪਤਿਸਮਾ ਲੈ ਲਿਆ।

ਜਿੱਦਾਂ-ਜਿੱਦਾਂ ਯਹੋਵਾਹ ਅਤੇ ਲੋਕਾਂ ਲਈ ਮੇਰਾ ਪਿਆਰ ਵਧਦਾ ਗਿਆ, ਉੱਦਾਂ-ਉੱਦਾਂ ਪੂਰਾ ਸਮਾਂ ਪ੍ਰਚਾਰ ਕਰਨ ਦੀ ਮੇਰੀ ਇੱਛਾ ਵਧਦੀ ਗਈ। ਇਸ ਕਰਕੇ 1 ਦਸੰਬਰ 1995 ਤੋਂ ਮੈਂ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਿਆ। ਫਰਵਰੀ 2004 ਤੋਂ ਮੈਂ ਮਸੀਹੀ ਮੰਡਲੀ ਵਿਚ ਨਿਗਾਹਬਾਨ ਵਜੋਂ ਵੀ ਸੇਵਾ ਕਰ ਰਿਹਾ ਹਾਂ। ਕਦੇ-ਕਦੇ ਮੇਰੇ ਇਲਾਕੇ ਦੀਆਂ ਦੂਸਰੀਆਂ ਮੰਡਲੀਆਂ ਮੈਨੂੰ ਬਾਈਬਲ ਬਾਰੇ ਭਾਸ਼ਣ ਦੇਣ ਲਈ ਬੁਲਾਉਂਦੀਆਂ ਹਨ। ਇਨ੍ਹਾਂ ਸਾਰੀਆਂ ਬਰਕਤਾਂ ਕਾਰਨ ਮੈਂ ਬਹੁਤ ਖ਼ੁਸ਼ ਹਾਂ ਅਤੇ ਯਾਦ ਰੱਖਦਾ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਅਪਾਹਜਪੁਣਾ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕ ਨਹੀਂ ਸਕਦਾ।

ਯਹੋਵਾਹ ਨੇ ਮੈਨੂੰ “ਅੱਖਾਂ” ਦਿੱਤੀਆਂ

ਜਿਵੇਂ ਪਹਿਲਾਂ ਦੱਸਿਆ ਗਿਆ ਸੀ ਕਿ ਮੇਰੀ ਪਤਨੀ ਮੇਰੇ ਅੰਨ੍ਹੇਪਣ ਕਰਕੇ ਮੈਨੂੰ ਛੱਡ ਕੇ ਚਲੇ ਗਈ। ਪਰ ਯਹੋਵਾਹ ਨੇ ਮੈਨੂੰ ਇਕ ਹੋਰ ਬਰਕਤ ਦਿੱਤੀ। ਇਕ ਖ਼ਾਸ ਅਰਥ ਵਿਚ ਉਸ ਨੇ ਮੈਨੂੰ ਦੇਖਣ ਲਈ ਅੱਖਾਂ ਦਿੱਤੀਆਂ ਹਨ। ਐਨੀ ਮਾਵਾਂਬੂ, ਜਿਸ ਨੇ ਮੇਰੇ ਅੰਨ੍ਹੇ ਹੋਣ ਦੇ ਬਾਵਜੂਦ ਮੈਨੂੰ ਆਪਣੇ ਪਤੀ ਵਜੋਂ ਸਵੀਕਾਰ ਕਰ ਲਿਆ, ਮੇਰੀਆਂ ਅੱਖਾਂ ਬਣ ਗਈ। ਉਹ ਵੀ ਪੂਰਾ ਸਮਾਂ ਪ੍ਰਚਾਰ ਕਰਦੀ ਹੈ ਅਤੇ ਹਮੇਸ਼ਾ ਪ੍ਰਚਾਰ ਕਰਦਿਆਂ ਮੇਰੇ ਨਾਲ ਹੁੰਦੀ ਹੈ। ਉਹ ਮੇਰੇ ਭਾਸ਼ਣਾਂ ਵਿਚਲੀ ਜਾਣਕਾਰੀ ਵੀ ਮੇਰੇ ਲਈ ਪੜ੍ਹਦੀ ਹੈ ਤਾਂਕਿ ਮੈਂ ਬ੍ਰੇਲ ਵਿਚ ਆਪਣੇ ਨੋਟਸ ਲਿਖ ਸਕਾਂ। ਉਹ ਮੇਰੇ ਲਈ ਖ਼ਾਸ ਬਰਕਤ ਹੈ। ਉਸ ਕਾਰਨ ਮੈਂ ਕਹਾਉਤਾਂ 19:14 ਦੇ ਸ਼ਬਦਾਂ ਨੂੰ ਸੱਚ ਹੁੰਦੇ ਦੇਖਿਆ ਹੈ: “ਘਰ ਅਤੇ ਧਨ ਪਿਉ ਤੋਂ ਮਿਰਾਸ ਮਿਲਦੇ ਹਨ, ਪਰ ਸੁਘੜ ਵਹੁਟੀ ਯਹੋਵਾਹ ਵੱਲੋਂ ਮਿਲਦੀ ਹੈ।”

ਯਹੋਵਾਹ ਨੇ ਮੈਨੂੰ ਅਤੇ ਐਨੀ ਨੂੰ ਇਕ ਹੋਰ ਬਰਕਤ ਦਿੱਤੀ ਹੈ ਯਾਨੀ ਇਕ ਪੁੱਤਰ ਅਤੇ ਇਕ ਧੀ। ਮੈਂ ਨਵੀਂ ਦੁਨੀਆਂ ਵਿਚ ਉਨ੍ਹਾਂ ਦੇ ਮੂੰਹ ਦੇਖਣ ਲਈ ਤਰਸਦਾ ਹਾਂ! ਇਕ ਹੋਰ ਬਰਕਤ ਇਹ ਹੈ ਕਿ ਮੇਰੇ ਵੱਡੇ ਭਰਾ ਨੇ ਬਾਈਬਲ ਦੀ ਸੱਚਾਈ ਸਵੀਕਾਰ ਕੀਤੀ ਅਤੇ ਬਪਤਿਸਮਾ ਲੈ ਲਿਆ। ਉਸ ਦੇ ਕਹਿਣ ’ਤੇ ਅਸੀਂ ਉਸ ਦੀ ਜ਼ਮੀਨ ’ਤੇ ਰਹਿਣ ਲੱਗ ਪਏ। ਅਸੀਂ ਸਾਰੇ ਇੱਕੋ ਮੰਡਲੀ ਵਿਚ ਹਾਂ।

ਅੰਨ੍ਹਾ ਹੋਣ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਕਰਨ ਦੀ ਮੇਰੀ ਇੱਛਾ ਹੋਰ ਵੀ ਵਧਦੀ ਜਾਂਦੀ ਹੈ ਕਿਉਂਕਿ ਉਸ ਨੇ ਮੈਨੂੰ ਢੇਰ ਸਾਰੀਆਂ ਬਰਕਤਾਂ ਦਿੱਤੀਆਂ ਹਨ। (ਮਲਾਕੀ 3:10) ਹਰ ਰੋਜ਼ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਸ ਦਾ ਰਾਜ ਆਵੇ ਅਤੇ ਧਰਤੀ ਉੱਤੋਂ ਸਾਰੇ ਦੁੱਖ-ਦਰਦ ਮਿਟ ਜਾਣ। ਜਦੋਂ ਤੋਂ ਮੈਂ ਯਹੋਵਾਹ ਬਾਰੇ ਗਿਆਨ ਲਿਆ ਹੈ, ਉਦੋਂ ਤੋਂ ਮੈਂ ਇਹ ਗੱਲ ਕਹਿ ਸਕਦਾ ਹਾਂ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22. (w12-E 06/01)

[ਸਫ਼ਾ 11 ਉੱਤੇ ਤਸਵੀਰਾਂ]

ਬਾਈਬਲ ਬਾਰੇ ਭਾਸ਼ਣ ਦਿੰਦਾ ਹੋਇਆ; ਆਪਣੇ ਪਰਿਵਾਰ ਅਤੇ ਭਰਾ ਨਾਲ