ਪਰਿਵਾਰ ਵਿਚ ਖ਼ੁਸ਼ੀਆਂ ਲਿਆਓ
ਜਦੋਂ ਤੁਹਾਡੇ ਬੱਚੇ ਨੂੰ ਲਾਇਲਾਜ ਬੀਮਾਰੀ ਹੋਵੇ
ਕਾਰਲੋ: * “ਸਾਡੇ ਪੁੱਤਰ ਆਂਜੇਲੋ ਨੂੰ ਡਾਊਨ ਸਿੰਡ੍ਰੋਮ ਹੈ। ਉਸ ਦੀ ਬੀਮਾਰੀ ਕਾਰਨ ਅਸੀਂ ਸਰੀਰਕ, ਮਾਨਸਿਕ ਤੇ ਜਜ਼ਬਾਤੀ ਤੌਰ ਤੇ ਥੱਕ ਜਾਂਦੇ ਹਾਂ। ਅੰਦਾਜ਼ਾ ਲਾਓ ਕਿ ਚੰਗੇ-ਭਲੇ ਬੱਚੇ ਦੀ ਦੇਖ-ਭਾਲ ਕਰਨ ਲਈ ਕਿੰਨੀ ਤਾਕਤ ਚਾਹੀਦੀ ਹੈ ਤੇ ਫਿਰ ਇਸ ਨੂੰ 100 ਨਾਲ ਗੁਣਾ ਕਰੋ। ਕਦੇ-ਕਦੇ ਸਾਡੇ ਵਿਆਹੁਤਾ ਜੀਵਨ ’ਤੇ ਵੀ ਅਸਰ ਪੈਂਦਾ ਹੈ।”
ਮੀਆ: “ਆਂਜੇਲੋ ਨੂੰ ਛੋਟੀ ਜਿਹੀ ਗੱਲ ਸਿੱਖਣ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ ਜਿਸ ਕਰਕੇ ਸਾਨੂੰ ਬਹੁਤ ਧੀਰਜ ਰੱਖਣ ਦੀ ਲੋੜ ਪੈਂਦੀ ਹੈ। ਜਦੋਂ ਮੈਂ ਬਹੁਤ ਥੱਕ ਜਾਂਦੀ ਹਾਂ, ਤਾਂ ਮੈਨੂੰ ਆਪਣੇ ਪਤੀ ਕਾਰਲੋ ਉੱਤੇ ਖਿੱਝ ਆਉਂਦੀ ਹੈ। ਕਦੇ-ਕਦੇ ਅਸੀਂ ਕੁਝ ਗੱਲਾਂ ’ਤੇ ਸਹਿਮਤ ਨਹੀਂ ਹੁੰਦੇ ਜਿਸ ਕਰਕੇ ਸਾਡਾ ਝਗੜਾ ਹੋ ਜਾਂਦਾ ਹੈ।”
ਕੀ ਤੁਹਾਨੂੰ ਉਹ ਦਿਨ ਯਾਦ ਹੈ ਜਦੋਂ ਤੁਹਾਡੇ ਬੱਚੇ ਦਾ ਜਨਮ ਹੋਇਆ ਸੀ? ਕੋਈ ਸ਼ੱਕ ਨਹੀਂ ਕਿ ਤੁਸੀਂ ਆਪਣੇ ਬੱਚੇ ਨੂੰ ਗੋਦੀ ਚੁੱਕਣ ਲਈ ਉਤਾਵਲੇ ਸੀ। ਪਰ ਕਾਰਲੋ ਅਤੇ ਮੀਆ ਵਰਗੇ ਮਾਪਿਆਂ ਨੂੰ ਖ਼ੁਸ਼ੀ ਦੇ ਨਾਲ-ਨਾਲ ਚਿੰਤਾ ਵੀ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਬੱਚਾ ਬੀਮਾਰ ਜਾਂ ਅਪਾਹਜ ਹੋਵੇਗਾ।
ਕੀ ਤੁਹਾਡਾ ਬੱਚਾ ਕਿਸੇ ਬੀਮਾਰੀ ਤੋਂ ਪੀੜਿਤ ਹੈ? ਜੇ ਹਾਂ, ਤਾਂ ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਇਸ ਬੀਮਾਰੀ ਦਾ ਸਾਮ੍ਹਣਾ ਸਫ਼ਲਤਾ ਨਾਲ ਕਰ ਪਾਓਗੇ ਜਾਂ ਨਹੀਂ। ਇਸ ਤਰ੍ਹਾਂ ਸੋਚ ਕੇ ਨਿਰਾਸ਼ ਨਾ ਹੋਵੋ। ਤੁਹਾਡੇ ਵਰਗੇ ਮਾਪਿਆਂ ਨੇ ਅਜਿਹੀਆਂ ਸਮੱਸਿਆਵਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕੀਤਾ ਹੈ। ਤਿੰਨ ਆਮ ਚੁਣੌਤੀਆਂ ਉੱਤੇ ਗੌਰ ਕਰੋ ਜੋ ਤੁਹਾਨੂੰ ਆ ਸਕਦੀਆਂ ਹਨ ਅਤੇ ਦੇਖੋ ਕਿ ਬਾਈਬਲ ਵਿਚਲੀ ਬੁੱਧ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।
ਚੁਣੌਤੀ 1: ਬੀਮਾਰੀ ਬਾਰੇ ਸੁਣ ਕੇ ਤੁਹਾਨੂੰ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ।
ਕਈ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਬੀਮਾਰੀ ਹੈ। ਮੈਕਸੀਕੋ ਵਿਚ ਰਹਿੰਦੀ ਜੂਲੀਆਨਾ ਨਾਂ ਦੀ ਮਾਂ ਕਹਿੰਦੀ ਹੈ: “ਜਦੋਂ ਡਾਕਟਰਾਂ ਨੇ ਦੱਸਿਆ ਕਿ ਸਾਡੇ ਪੁੱਤਰ ਸਾਂਤੀਆਗੋ ਨੂੰ ਸੈਰੀਬਰਲ ਪਾਲਸੀ (ਦਿਮਾਗ਼ੀ ਅਧਰੰਗ ਦੀ ਬੀਮਾਰੀ) ਹੈ, ਤਾਂ ਮੈਨੂੰ ਯਕੀਨ ਨਹੀਂ ਹੋਇਆ। ਮੈਨੂੰ ਲੱਗਾ ਜਿਵੇਂ ਮੇਰੇ ਸਿਰ ’ਤੇ ਕੋਈ ਪਹਾੜ ਡਿਗ ਪਿਆ ਹੋਵੇ।” ਕੁਝ
ਮਾਪੇ ਸ਼ਾਇਦ ਇਟਲੀ ਤੋਂ ਵੀਲਾਨਾ ਨਾਂ ਦੀ ਮਾਂ ਵਾਂਗ ਮਹਿਸੂਸ ਕਰਨ। ਉਹ ਕਹਿੰਦੀ ਹੈ: “ਮੈਂ ਗਰਭਵਤੀ ਹੋਣ ਦਾ ਫ਼ੈਸਲਾ ਕਰ ਲਿਆ ਭਾਵੇਂ ਮੇਰੀ ਉਮਰ ਦੀਆਂ ਔਰਤਾਂ ਨੂੰ ਖ਼ਤਰੇ ਹਨ। ਹੁਣ ਜਦੋਂ ਮੈਂ ਆਪਣੇ ਪੁੱਤਰ ਨੂੰ ਡਾਊਨ ਸਿੰਡ੍ਰੋਮ ਨਾਲ ਸੰਬੰਧਿਤ ਸਮੱਸਿਆਵਾਂ ਹੁੰਦੀਆਂ ਦੇਖਦੀ ਹਾਂ, ਤਾਂ ਮੈਂ ਦੋਸ਼ੀ ਮਹਿਸੂਸ ਕਰਦੀ ਹਾਂ।”ਜੇ ਤੁਸੀਂ ਨਿਰਾਸ਼ਾ ਜਾਂ ਦੋਸ਼ੀ ਭਾਵਨਾਵਾਂ ਨਾਲ ਜੂਝ ਰਹੇ ਹੋ, ਤਾਂ ਇਹ ਆਮ ਗੱਲ ਹੈ। ਬੀਮਾਰੀਆਂ ਪਰਮੇਸ਼ੁਰ ਦੇ ਮੁਢਲੇ ਮਕਸਦ ਵਿਚ ਸ਼ਾਮਲ ਨਹੀਂ ਸਨ। (ਉਤਪਤ 1:27, 28) ਉਸ ਨੇ ਮਾਪਿਆਂ ਨੂੰ ਇਸ ਕਾਬਲੀਅਤ ਨਾਲ ਨਹੀਂ ਬਣਾਇਆ ਕਿ ਉਹ ਆਸਾਨੀ ਨਾਲ ਗ਼ੈਰ-ਕੁਦਰਤੀ ਗੱਲਾਂ ਮੰਨ ਲੈਣ। ਇਸ ਲਈ ਉਦਾਸ ਹੋਣਾ ਆਮ ਗੱਲ ਹੈ, ਖ਼ਾਸਕਰ ਜਦੋਂ ਮਾਪਿਆਂ ਨੂੰ ਪਤਾ ਚੱਲਦਾ ਹੈ ਕਿ ਬੱਚਾ ਸਿਹਤਮੰਦ ਨਹੀਂ ਹੈ। ਆਪਣੇ ਜਜ਼ਬਾਤਾਂ ’ਤੇ ਕਾਬੂ ਪਾਉਣ ਅਤੇ ਨਵੇਂ ਹਾਲਾਤ ਮੁਤਾਬਕ ਜੀਣ ਲਈ ਸਮਾਂ ਲੱਗੇਗਾ।
ਪਰ ਤਦ ਕੀ ਜੇ ਤੁਸੀਂ ਆਪਣੇ ਬੱਚੇ ਦੀ ਬੀਮਾਰੀ ਦੇ ਕਸੂਰਵਾਰ ਖ਼ੁਦ ਨੂੰ ਸਮਝਦੇ ਹੋ? ਯਾਦ ਰੱਖੋ ਕਿ ਕੋਈ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਕਿ ਜੱਦੀ-ਪੁਸ਼ਤੀ ਬੀਮਾਰੀਆਂ, ਵਾਤਾਵਰਣ ਅਤੇ ਹੋਰ ਗੱਲਾਂ ਦਾ ਬੱਚੇ ਦੀ ਸਿਹਤ ’ਤੇ ਕਿਵੇਂ ਅਸਰ ਪੈਂਦਾ ਹੈ। ਦੂਜੇ ਪਾਸੇ, ਤੁਸੀਂ ਸ਼ਾਇਦ ਆਪਣੇ ਪਤੀ ਜਾਂ ਪਤਨੀ ਨੂੰ ਇਸ ਦੇ ਦੋਸ਼ੀ ਠਹਿਰਾਓ। ਇੱਦਾਂ ਨਾ ਕਰੋ। ਬਿਹਤਰ ਹੋਵੇਗਾ ਜੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਆਪਣੇ ਬੱਚੇ ਦੀ ਦੇਖ-ਭਾਲ ਕਰਨ ਵੱਲ ਧਿਆਨ ਦਿਓ।—ਉਪਦੇਸ਼ਕ ਦੀ ਪੋਥੀ 4:9, 10.
ਸੁਝਾਅ: ਆਪਣੇ ਬੱਚੇ ਦੀ ਬੀਮਾਰੀ ਬਾਰੇ ਜਾਣੋ। ਬਾਈਬਲ ਕਹਿੰਦੀ ਹੈ: “ਬੁੱਧੀ ਨਾਲ ਘਰ ਦੀ ਉਸਾਰੀ ਹੁੰਦੀ ਹੈ ਅਤੇ ਸਮਝ ਨਾਲ ਇਹ ਪੱਕਾ ਹੁੰਦਾ ਹੈ।”—ਕਹਾਉਤਾਂ 24:3, CL.
ਤੁਸੀਂ ਡਾਕਟਰਾਂ ਅਤੇ ਭਰੋਸੇਯੋਗ ਪ੍ਰਕਾਸ਼ਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ। ਤੁਸੀਂ ਆਪਣੇ ਬੱਚੇ ਦੀ ਬੀਮਾਰੀ ਬਾਰੇ ਜਾਣਨ ਦੀ ਤੁਲਨਾ ਸ਼ਾਇਦ ਨਵੀਂ ਭਾਸ਼ਾ ਸਿੱਖਣ ਨਾਲ ਕਰ ਸਕਦੇ ਹੋ। ਪਹਿਲਾਂ-ਪਹਿਲਾਂ ਤੁਹਾਨੂੰ ਔਖਾ ਲੱਗੇਗਾ, ਪਰ ਤੁਸੀਂ ਸਿੱਖ ਸਕਦੇ ਹੋ।
ਸ਼ੁਰੂ ਵਿਚ ਜ਼ਿਕਰ ਕੀਤੇ ਕਾਰਲੋ ਤੇ ਮੀਆ ਨੇ ਆਪਣੇ ਡਾਕਟਰ ਅਤੇ ਇਕ ਅਜਿਹੀ ਸੰਸਥਾ ਤੋਂ ਜਾਣਕਾਰੀ ਲਈ ਜੋ ਉਸ ਦੇ ਪੁੱਤਰ ਦੀ ਬੀਮਾਰੀ ਵਿਚ ਮਾਹਰ ਹਨ। ਉਹ ਕਹਿੰਦੇ ਹਨ: “ਇਸ ਨਾਲ ਨਾ ਸਿਰਫ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਅਸੀਂ ਸਮਝ ਸਕੇ, ਸਗੋਂ ਇਹ ਵੀ ਪਤਾ ਲੱਗਾ ਕਿ ਡਾਊਨ ਸਿੰਡ੍ਰੋਮ ਵਾਲੇ ਬੱਚੇ ਕੀ-ਕੀ ਕਰ ਸਕਦੇ ਹਨ। ਅਸੀਂ ਜਾਣਿਆ ਕਿ ਸਾਡਾ ਪੁੱਤਰ ਕਈ ਗੱਲਾਂ ਪੱਖੋਂ ਆਮ ਜ਼ਿੰਦਗੀ ਜੀ ਸਕਦਾ ਹੈ। ਇਹ ਜਾਣ ਕੇ ਸਾਨੂੰ ਬਹੁਤ ਹੌਸਲਾ ਮਿਲਿਆ।”
ਅਜ਼ਮਾ ਕੇ ਦੇਖੋ: ਉਨ੍ਹਾਂ ਗੱਲਾਂ ’ਤੇ ਧਿਆਨ ਲਾਓ ਜੋ ਤੁਹਾਡਾ ਬੱਚਾ ਕਰ ਸਕਦਾ ਹੈ। ਸਾਰਾ ਪਰਿਵਾਰ ਮਿਲ ਕੇ ਮਨੋਰੰਜਨ ਕਰਨ ਦਾ ਪ੍ਰੋਗ੍ਰਾਮ ਬਣਾਓ। ਜਦ ਤੁਹਾਡਾ ਬੱਚਾ ਛੋਟਾ ਜਿਹਾ ਕੰਮ ਕਰਨ ਵਿਚ “ਸਫ਼ਲ” ਹੁੰਦਾ ਹੈ, ਤਾਂ ਫਟਾਫਟ ਉਸ ਦੀ ਤਾਰੀਫ਼ ਕਰੋ ਤੇ ਉਸ ਨਾਲ ਖ਼ੁਸ਼ ਹੋਵੋ।
ਚੁਣੌਤੀ 2: ਤੁਹਾਡੀ ਬਸ ਹੋ ਜਾਂਦੀ ਹੈ ਤੇ ਲੱਗਦਾ ਹੈ ਕਿ ਕੋਈ ਗੱਲ ਕਰਨ ਲਈ ਹੈ ਨਹੀਂ।
ਤੁਹਾਨੂੰ ਸ਼ਾਇਦ ਲੱਗੇ ਕਿ ਤੁਹਾਡੀ ਸਾਰੀ ਤਾਕਤ ਆਪਣੇ ਬੀਮਾਰ ਬੱਚੇ ਦੀ ਦੇਖ-ਭਾਲ ਕਰਨ ਵਿਚ ਲੱਗ ਜਾਂਦੀ ਹੈ। ਨਿਊਜ਼ੀਲੈਂਡ ਤੋਂ ਜੈਨੀ ਨਾਂ ਦੀ ਮਾਂ ਕਹਿੰਦੀ ਹੈ: “ਜਦ ਪਤਾ ਲੱਗਾ ਕਿ ਮੇਰੇ ਮੁੰਡੇ ਨੂੰ ਸਪਾਈਨਾ ਬਿਫ਼ਿਡਾ (ਰੀੜ੍ਹ ਦੀ ਬੀਮਾਰੀ) ਹੈ, ਉਸ ਤੋਂ ਬਾਅਦ ਦੇ ਕੁਝ ਸਾਲਾਂ ਵਿਚ ਮੈਂ ਥੱਕੀ ਰਹਿੰਦੀ ਸੀ ਤੇ ਰੋਣ ਲੱਗ ਪੈਂਦੀ ਸੀ ਜਦੋਂ ਵੀ ਮੈਂ ਘਰ ਦਾ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰਦੀ ਸੀ।”
ਇਕ ਹੋਰ ਚੁਣੌਤੀ ਸ਼ਾਇਦ ਇਕੱਲਾਪਣ ਹੋਵੇ। ਬੈੱਨ ਦੇ ਮੁੰਡੇ ਨੂੰ ਮਸਕੂਲਰ ਡਿਸਟਰੋਫੀ (ਪੱਠਿਆਂ ਦਾ ਰੋਗ) ਅਤੇ ਐਸਪਰਜਰ ਸਿੰਡ੍ਰੋਮ (ਦਿਮਾਗ਼ੀ ਬੀਮਾਰੀ) ਹੈ। ਉਹ ਦੱਸਦਾ ਹੈ: “ਬਹੁਤੇ ਲੋਕ ਕਦੇ ਨਹੀਂ ਸਮਝ ਸਕਦੇ ਕਿ ਸਾਡੀ ਜ਼ਿੰਦਗੀ ਕਿਵੇਂ ਲੰਘ ਰਹੀ ਹੈ।” ਤੁਸੀਂ ਸ਼ਾਇਦ ਕਿਸੇ ਨਾਲ ਗੱਲ ਕਰਨ ਲਈ ਤਰਸ ਰਹੇ ਹੋਵੋ, ਪਰ ਤੁਹਾਡੇ ਜ਼ਿਆਦਾਤਰ ਦੋਸਤਾਂ ਦੇ ਬੱਚੇ ਸਿਹਤਮੰਦ ਹਨ। ਇਸ ਲਈ ਤੁਸੀਂ ਉਨ੍ਹਾਂ ਨਾਲ ਗੱਲ ਕਰਨ ਤੋਂ ਹਿਚਕਿਚਾਉਂਦੇ ਹੋ।
ਸੁਝਾਅ: ਦੂਜਿਆਂ ਤੋਂ ਮਦਦ ਮੰਗੋ ਤੇ ਜਦ ਕੋਈ ਮਦਦ ਦਿੰਦਾ ਹੈ, ਤਾਂ ਲਓ। ਪਹਿਲਾਂ ਜ਼ਿਕਰ ਕੀਤੀ ਜੂਲੀਆਨਾ ਮੰਨਦੀ ਹੈ: “ਕਦੇ-ਕਦੇ ਮੈਨੂੰ ਤੇ ਮੇਰੇ ਪਤੀ ਨੂੰ ਮਦਦ ਮੰਗਦਿਆਂ ਸ਼ਰਮ ਆਉਂਦੀ ਹੈ।” ਪਰ ਉਹ ਅੱਗੇ ਕਹਿੰਦੀ ਹੈ: “ਅਸੀਂ ਸਿੱਖਿਆ ਹੈ ਕਿ ਅਸੀਂ ਆਪ ਸਭ ਕੁਝ ਨਹੀਂ ਕਰ ਸਕਦੇ। ਜਦ ਦੂਸਰੇ ਸਾਡੀ ਮਦਦ ਕਰਦੇ ਹਨ, ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ।” ਜੇ ਤੁਹਾਡਾ ਕਰੀਬੀ ਦੋਸਤ ਜਾਂ ਪਰਿਵਾਰ ਦਾ ਮੈਂਬਰ ਕਿਸੇ ਪਾਰਟੀ ਜਾਂ ਮੀਟਿੰਗ ਵਿਚ ਤੁਹਾਡੇ ਬੱਚੇ ਨਾਲ ਬੈਠਣ ਲਈ ਕਹਿੰਦਾ ਹੈ, ਤਾਂ ਉਸ ਨੂੰ ਬੈਠ ਲੈਣ ਦਿਓ। ਬਾਈਬਲ ਦੀ ਕਹਾਵਤ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.
ਆਪਣੀ ਸਿਹਤ ਦਾ ਖ਼ਿਆਲ ਰੱਖੋ। ਜਿਸ ਤਰ੍ਹਾਂ ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਲਈ ਐਂਬੂਲੈਂਸ ਵਿਚ ਤੇਲ ਪਾਉਂਦੇ ਰਹਿਣ ਦੀ ਲੋੜ ਹੈ, ਉਸੇ ਤਰ੍ਹਾਂ ਤਾਕਤ ਲਈ ਤੁਹਾਨੂੰ ਚੰਗੀ ਖ਼ੁਰਾਕ ਖਾਣ, ਕਸਰਤ ਅਤੇ ਆਰਾਮ ਕਰਨ ਦੀ ਲੋੜ ਹੈ ਤਾਂਕਿ ਤੁਸੀਂ ਆਪਣੇ ਬੱਚੇ ਦੀ ਦੇਖ-ਭਾਲ ਕਰਦੇ ਰਹਿ ਸਕੋ। ਖ਼ਾਵੀਅਰ, ਜਿਸ ਦਾ ਪੁੱਤਰ ਅਪਾਹਜ ਹੈ, ਇਸ ਤਰ੍ਹਾਂ ਕਹਿੰਦਾ ਹੈ: “ਮੇਰਾ ਪੁੱਤਰ ਚੱਲ-ਫਿਰ ਨਹੀਂ ਸਕਦਾ, ਇਸ ਕਰਕੇ ਮੈਂ ਚੰਗੀ ਖ਼ੁਰਾਕ ਲੈਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਹੀ ਉਸ ਨੂੰ ਇੱਧਰ-ਉੱਧਰ ਲੈ ਕੇ ਜਾਂਦਾ ਹਾਂ। ਮੇਰੇ ਪੈਰ ਹੀ ਉਸ ਦੇ ਪੈਰ ਹਨ!”
ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਸਮਾਂ ਕਿਵੇਂ ਕੱਢ ਸਕਦੇ ਹੋ? ਕੁਝ ਮਾਪੇ ਵਾਰੀ-ਵਾਰੀ ਨਾਲ ਆਪਣੇ ਬੱਚੇ ਦੀ ਦੇਖ-ਭਾਲ ਕਰਦੇ ਹਨ। ਇਸ ਤਰ੍ਹਾਂ ਇਕ ਜਣਾ ਆਰਾਮ ਕਰ ਸਕਦਾ ਹੈ ਜਾਂ ਆਪਣੀਆਂ ਲੋੜਾਂ ਵੱਲ ਧਿਆਨ ਦੇ ਸਕਦਾ ਹੈ। ਤੁਹਾਨੂੰ ਘੱਟ ਜ਼ਰੂਰੀ ਕੰਮਾਂ ਵਿੱਚੋਂ ਸਮਾਂ ਕੱਢਣਾ ਪਵੇਗਾ ਅਤੇ ਉਹ ਸਮਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਵਿਚ ਲਾ ਸਕਦੇ ਹੋ। ਭਾਰਤ ਵਿਚ ਮਾਯੂਰੀ ਨਾਂ ਦੀ ਮਾਂ ਦੱਸਦੀ ਹੈ: “ਹੌਲੀ-ਹੌਲੀ ਤੁਸੀਂ ਇਸ ਤਰ੍ਹਾਂ ਕਰਨ ਦੇ ਆਦੀ ਹੋ ਜਾਂਦੇ ਹੋ।”
ਕਿਸੇ ਭਰੋਸੇਯੋਗ ਦੋਸਤ ਨਾਲ ਗੱਲ ਕਰੋ। ਜਿਨ੍ਹਾਂ ਦੋਸਤਾਂ ਦੇ ਬੀਮਾਰ ਬੱਚੇ ਨਹੀਂ ਵੀ ਹਨ, ਉਹ ਵੀ ਤੁਹਾਨੂੰ ਹੌਸਲਾ ਦੇ ਸਕਦੇ ਹਨ। ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਵੀ ਪ੍ਰਾਰਥਨਾ ਕਰ ਸਕਦੇ ਹੋ। ਪਰ ਕੀ ਪ੍ਰਾਰਥਨਾ ਤੁਹਾਡੀ ਮਦਦ ਕਰੇਗੀ? ਯਜ਼ਮੀਨ ਦੇ ਦੋ ਬੱਚਿਆਂ ਨੂੰ ਸਿਸਟਿਕ ਫਾਇਬਰੋਸਿਸ (ਫੇਫੜਿਆਂ ਦੀ ਬੀਮਾਰੀ) ਹੈ ਤੇ ਉਹ ਮੰਨਦੀ ਹੈ: “ਕਦੇ-ਕਦੇ ਜ਼ਬੂਰਾਂ ਦੀ ਪੋਥੀ 145:18.
ਮੈਂ ਇੰਨੀ ਤਣਾਅ ਵਿਚ ਹੁੰਦੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੇਰੇ ਤੋਂ ਹੋਰ ਬਰਦਾਸ਼ਤ ਨਹੀਂ ਹੋਣਾ।” ਪਰ ਉਹ ਕਹਿੰਦੀ ਹੈ: “ਮੈਂ ਰਾਹਤ ਤੇ ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ। ਫਿਰ ਮੈਨੂੰ ਲੱਗਦਾ ਹੈ ਕਿ ਮੈਂ ਬੱਚਿਆਂ ਦੀ ਦੇਖ-ਭਾਲ ਕਰਦੀ ਰਹਿ ਸਕਦੀ ਹਾਂ।”—ਅਜ਼ਮਾ ਕੇ ਦੇਖੋ: ਦੇਖੋ ਕਿ ਤੁਸੀਂ ਕੀ ਖਾਂਦੇ ਹੋ, ਕਦੋਂ ਕਸਰਤ ਕਰਦੇ ਹੋ ਅਤੇ ਕਿੰਨਾ ਕੁ ਸੌਂਦੇ ਹੋ। ਇਹ ਵੀ ਦੇਖੋ ਕਿ ਤੁਸੀਂ ਘੱਟ ਜ਼ਰੂਰੀ ਕੰਮਾਂ ਵਿੱਚੋਂ ਸਮਾਂ ਕਿਵੇਂ ਕੱਢ ਸਕਦੇ ਹੋ ਤਾਂਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕੋ। ਲੋੜ ਪੈਣ ਤੇ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਦੇ ਰਹੋ।
ਚੁਣੌਤੀ 3: ਤੁਸੀਂ ਬਾਕੀ ਪਰਿਵਾਰ ਨਾਲੋਂ ਬੀਮਾਰ ਬੱਚੇ ਦਾ ਜ਼ਿਆਦਾ ਧਿਆਨ ਰੱਖਦੇ ਹੋ।
ਬੱਚੇ ਦੀ ਬੀਮਾਰੀ ਕਾਰਨ ਸ਼ਾਇਦ ਇਨ੍ਹਾਂ ਗੱਲਾਂ ’ਤੇ ਅਸਰ ਪਵੇ ਕਿ ਪਰਿਵਾਰ ਕੀ ਖਾਂਦਾ ਹੈ, ਪਰਿਵਾਰ ਕਿੱਥੇ ਜਾਂਦਾ ਹੈ ਤੇ ਮਾਪੇ ਕਿੰਨਾ ਕੁ ਸਮਾਂ ਹਰ ਬੱਚੇ ਨਾਲ ਗੁਜ਼ਾਰਦੇ ਹਨ। ਨਤੀਜੇ ਵਜੋਂ, ਦੂਜੇ ਬੱਚੇ ਸ਼ਾਇਦ ਸੋਚਣ ਕਿ ਮਾਪੇ ਉਨ੍ਹਾਂ ਵੱਲ ਇੰਨਾ ਧਿਆਨ ਨਹੀਂ ਦਿੰਦੇ। ਇਸ ਤੋਂ ਇਲਾਵਾ, ਮਾਪੇ ਆਪਣੇ ਬੀਮਾਰ ਬੱਚੇ ਦੀ ਦੇਖ-ਭਾਲ ਕਰਨ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਉੱਤੇ ਅਸਰ ਪੈਂਦਾ ਹੈ। ਲਾਈਬੀਰੀਆ ਵਿਚ ਲਾਈਨਲ ਨਾਂ ਦਾ ਪਿਤਾ ਦੱਸਦਾ ਹੈ: “ਕਦੇ-ਕਦੇ ਮੇਰੀ ਪਤਨੀ ਕਹਿੰਦੀ ਹੈ ਕਿ ਸਾਰਾ ਬੋਝ ਉਸ ਦੇ ਸਿਰ ’ਤੇ ਹੈ ਤੇ ਮੈਨੂੰ ਆਪਣੇ ਪੁੱਤਰ ਦੀ ਇੰਨੀ ਪਰਵਾਹ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਮੇਰਾ ਆਦਰ ਨਹੀਂ ਕਰਦੀ ਤੇ ਕਦੇ-ਕਦੇ ਮੈਂ ਉਸ ਨਾਲ ਗੁੱਸੇ ਨਾਲ ਬੋਲਦਾ ਹਾਂ।”
ਸੁਝਾਅ: ਆਪਣੇ ਸਾਰੇ ਬੱਚਿਆਂ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਨ੍ਹਾਂ ਵਿਚ ਦਿਲਚਸਪੀ ਰੱਖਦੇ ਹੋ ਤੇ ਉਸੇ ਤਰ੍ਹਾਂ ਦਾ ਮਨੋਰੰਜਨ ਕਰਨ ਦੀ ਯੋਜਨਾ ਬਣਾਓ ਜਿਸ ਤੋਂ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਪਹਿਲਾਂ ਜ਼ਿਕਰ ਕੀਤੀ ਜੈਨੀ ਕਹਿੰਦੀ ਹੈ: “ਕਦੇ-ਕਦੇ ਅਸੀਂ ਆਪਣੇ ਸਭ ਤੋਂ ਵੱਡੇ ਮੁੰਡੇ ਲਈ ਕੁਝ ਖ਼ਾਸ ਕਰਦੇ ਹਾਂ, ਚਾਹੇ ਇਹ ਉਸ ਦੇ ਮਨ-ਪਸੰਦ ਦੇ ਰੈਸਟੋਰੈਂਟ ਵਿਚ ਦੁਪਹਿਰ ਨੂੰ ਖਾਣਾ ਖਾਣਾ ਹੀ ਕਿਉਂ ਨਾ ਹੋਵੇ।”
ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਰੱਖਣ ਲਈ ਆਪਣੇ ਜੀਵਨ ਸਾਥੀ ਨਾਲ ਗੱਲ ਕਰੋ ਤੇ ਇਕੱਠੇ ਪ੍ਰਾਰਥਨਾ ਕਰੋ। ਭਾਰਤ ਵਿਚ ਰਹਿੰਦਾ ਅਸੀਮ ਨਾਂ ਦਾ ਪਿਤਾ, ਜਿਸ ਦੇ ਪੁੱਤਰ ਨੂੰ ਦੌਰੇ ਪੈਂਦੇ ਹਨ, ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਕਦੇ-ਕਦੇ ਬਹੁਤ ਥੱਕ ਜਾਂਦੇ ਹਾਂ ਤੇ ਬੇਬੱਸ ਮਹਿਸੂਸ ਕਰਦੇ ਹਾਂ, ਫਿਰ ਵੀ ਅਸੀਂ ਇਕੱਠੇ ਬੈਠ ਕੇ ਇਕ-ਦੂਜੇ ਨਾਲ ਗੱਲ ਕਰਨ ਅਤੇ ਪ੍ਰਾਰਥਨਾ ਕਰਨ ਲਈ ਸਮਾਂ ਰੱਖਿਆ ਹੋਇਆ ਹੈ। ਬੱਚਿਆਂ ਦੇ ਉੱਠਣ ਤੋਂ ਪਹਿਲਾਂ ਅਸੀਂ ਹਰ ਸਵੇਰ ਨੂੰ ਬਾਈਬਲ ਦੇ ਕਿਸੇ ਹਵਾਲੇ ’ਤੇ ਇਕੱਠੇ ਚਰਚਾ ਕਰਦੇ ਹਾਂ।” ਹੋਰ ਜੋੜੇ ਸੌਣ ਤੋਂ ਪਹਿਲਾਂ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਦਿਲੋਂ ਪ੍ਰਾਰਥਨਾ ਕਰਨ ਨਾਲ ਤਣਾਅ ਦੇ ਪਲਾਂ ਦੌਰਾਨ ਤੁਹਾਡਾ ਵਿਆਹੁਤਾ ਬੰਧਨ ਮਜ਼ਬੂਤ ਹੋਵੇਗਾ। (ਕਹਾਉਤਾਂ 15:22) ਇਕ ਜੋੜਾ ਇਸ ਤਰ੍ਹਾਂ ਕਹਿੰਦਾ ਹੈ: “ਸਾਡੀ ਜ਼ਿੰਦਗੀ ਦੇ ਹਸੀਨ ਪਲ ਉਹ ਸਨ ਜੋ ਅਸੀਂ ਸਭ ਤੋਂ ਮੁਸ਼ਕਲ ਦਿਨਾਂ ਦੌਰਾਨ ਇਕੱਠਿਆਂ ਗੁਜ਼ਾਰੇ ਸਨ।”
ਅਜ਼ਮਾ ਕੇ ਦੇਖੋ: ਆਪਣੇ ਦੂਜੇ ਬੱਚਿਆਂ ਦੀ ਤਾਰੀਫ਼ ਕਰੋ ਜਦ ਉਹ ਬੀਮਾਰ ਬੱਚੇ ਦੀ ਕਿਸੇ ਵੀ ਤਰ੍ਹਾਂ ਮਦਦ ਕਰਦੇ ਹਨ। ਬਾਕਾਇਦਾ ਉਨ੍ਹਾਂ ਲਈ ਅਤੇ ਆਪਣੇ ਜੀਵਨ ਸਾਥੀ ਲਈ ਆਪਣਾ ਪਿਆਰ ਤੇ ਕਦਰ ਜ਼ਾਹਰ ਕਰਦੇ ਰਹੋ।
ਸਹੀ ਨਜ਼ਰੀਆ ਰੱਖੋ
ਬਾਈਬਲ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ਜਲਦੀ ਹੀ ਛੋਟੇ-ਵੱਡਿਆਂ ’ਤੇ ਕਹਿਰ ਢਾਹੁਣ ਵਾਲੀ ਹਰ ਤਰ੍ਹਾਂ ਦੀ ਬੀਮਾਰੀ ਅਤੇ ਅਪਾਹਜਪੁਣੇ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 21:3, 4) ਉਸ ਸਮੇਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” *—ਯਸਾਯਾਹ 33:24.
ਉਹ ਸਮਾਂ ਆਉਣ ਤਕ ਤੁਸੀਂ ਆਪਣੇ ਬੀਮਾਰ ਬੱਚੇ ਦੀ ਦੇਖ-ਭਾਲ ਕਰਨ ਵਿਚ ਸਫ਼ਲ ਹੋ ਸਕਦੇ ਹੋ। ਪਹਿਲਾਂ ਜ਼ਿਕਰ ਕੀਤੇ ਕਾਰਲੋ ਤੇ ਮੀਆ ਕਹਿੰਦੇ ਹਨ: “ਹਾਰ ਨਾ ਮੰਨੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਸਭ ਕੁਝ ਠੀਕ ਨਹੀਂ ਹੋ ਰਿਹਾ। ਆਪਣੇ ਬੱਚੇ ਦੀਆਂ ਖੂਬੀਆਂ ਵੱਲ ਧਿਆਨ ਦਿਓ ਤੇ ਤੁਹਾਨੂੰ ਉਸ ਦੀਆਂ ਕਈ ਖੂਬੀਆਂ ਨਜ਼ਰ ਆਉਣਗੀਆਂ।” (w13-E 02/01)
^ ਪੇਰਗ੍ਰੈਫ 3 ਇਸ ਲੇਖ ਵਿਚ ਨਾਂ ਬਦਲੇ ਗਏ ਹਨ।
^ ਪੇਰਗ੍ਰੈਫ 29 ਪੂਰੀ ਤਰ੍ਹਾਂ ਸਿਹਤਮੰਦ ਹੋਣ ਸੰਬੰਧੀ ਬਾਈਬਲ ਦੇ ਵਾਅਦੇ ਬਾਰੇ ਹੋਰ ਜਾਣਨ ਲਈ ਤੁਸੀਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਤੀਜੇ ਅਧਿਆਇ ਵਿਚ ਪੜ੍ਹ ਸਕਦੇ ਹੋ।
ਆਪਣੇ ਆਪ ਨੂੰ ਪੁੱਛੋ . . .
-
ਮੈਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਅਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਜਿੰਨਾ ਹੋ ਸਕੇ, ਕੀ ਮੈਂ ਉੱਨਾ ਕਰਦਾ ਹਾਂ?
-
ਪਿਛਲੀ ਵਾਰ ਕਦੋਂ ਮੈਂ ਆਪਣੇ ਦੂਸਰੇ ਬੱਚਿਆਂ ਦੀ ਤਾਰੀਫ਼ ਕੀਤੀ ਜਦੋਂ ਉਨ੍ਹਾਂ ਨੇ ਮਦਦ ਕੀਤੀ?