ਮੁੱਖ ਪੰਨੇ ਤੋਂ: ਖ਼ੁਸ਼ੀਆਂ ਭਰੀ ਜ਼ਿੰਦਗੀ!
ਕੀ ਖ਼ੁਸ਼ੀਆਂ ਭਰੀ ਜ਼ਿੰਦਗੀ ਸੰਭਵ ਹੈ?
“ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ।”—ਜ਼ਬੂਰਾਂ ਦੀ ਪੋਥੀ 90:10.
ਇਹ ਸ਼ਬਦ ਕਿੰਨੇ ਹੀ ਸੱਚ ਹਨ! ਇਸ ਦੁਨੀਆਂ ਵਿਚ ਜ਼ਿੰਦਗੀ “ਕਸ਼ਟ ਅਤੇ ਸੋਗ” ਨਾਲ ਭਰੀ ਹੋਈ ਹੈ। ਤੁਸੀਂ ਸ਼ਾਇਦ ਸੋਚਿਆ ਹੋਵੇ, ‘ਕੀ ਖ਼ੁਸ਼ੀਆਂ ਭਰੀ ਜ਼ਿੰਦਗੀ ਪਾਉਣੀ ਸੰਭਵ ਹੈ?’
ਮਾਰੀਆ ਦੀ ਮਿਸਾਲ ’ਤੇ ਗੌਰ ਕਰੋ। ਉਹ ਹਮੇਸ਼ਾ ਕੰਮ ਕਰਨ ਲਈ ਤਿਆਰ ਰਹਿੰਦੀ ਸੀ, ਪਰ 84 ਸਾਲਾਂ ਦੀ ਹੋਣ ਕਰਕੇ ਉਹ ਹੁਣ ਘਰ ਤੋਂ ਇਕੱਲੀ ਬਾਹਰ ਨਹੀਂ ਜਾ ਸਕਦੀ ਹੈ। ਉਸ ਦਾ ਦਿਮਾਗ਼ ਹਾਲੇ ਵੀ ਤੇਜ਼ ਚੱਲਦਾ ਹੈ, ਪਰ ਸਰੀਰ ਨੇ ਜਵਾਬ ਦੇ ਦਿੱਤਾ ਹੈ। ਫਿਰ ਉਹ ਕਿਵੇਂ ਕਹਿ ਸਕਦੀ ਹੈ ਕਿ ਉਸ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ?
ਤੁਹਾਡੇ ਬਾਰੇ ਕੀ? ਤੁਸੀਂ ਸ਼ਾਇਦ ਕਈ ਵਾਰ ਆਪਣੇ ਆਪ ਤੋਂ ਪੁੱਛਿਆ ਹੋਵੇ, ‘ਕੀ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ?’ ਸ਼ਾਇਦ ਤੁਹਾਨੂੰ ਵਾਰ-ਵਾਰ ਇੱਕੋ ਕੰਮ ਕਰਨਾ ਪਵੇ, ਜਿਸ ਤੋਂ ਤੁਸੀਂ ਅੱਕ-ਥੱਕ ਜਾਓ। ਸ਼ਾਇਦ ਤੁਹਾਡੇ ਕੰਮਾਂ ਜਾਂ ਕੋਸ਼ਿਸ਼ਾਂ ਨੂੰ ਕੋਈ ਨਾ ਦੇਖੇ। ਭਾਵੇਂ ਤੁਸੀਂ ਸਫ਼ਲ ਅਤੇ ਖ਼ੁਸ਼ ਹੋ, ਫਿਰ ਵੀ ਤੁਸੀਂ ਸ਼ਾਇਦ ਆਪਣੇ ਭਵਿੱਖ ਬਾਰੇ ਫ਼ਿਕਰ ਕਰਦੇ ਹੋਵੋ। ਸ਼ਾਇਦ ਤੁਸੀਂ ਕਈ ਵਾਰ ਇਕੱਲੇ ਜਾਂ ਨਿਰਾਸ਼ ਮਹਿਸੂਸ ਕਰਦੇ ਹੋਵੋ। ਹੋ ਸਕਦਾ ਹੈ ਕਿ ਤੁਹਾਡੇ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੋਵੇ ਜਾਂ ਤੁਹਾਡਾ ਕੋਈ ਅਜ਼ੀਜ਼ ਮਰ ਗਿਆ ਹੋਵੇ। ਆਂਡਰੇ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹ ਅਚਾਨਕ ਬੀਮਾਰ ਹੋ ਕੇ ਗੁਜ਼ਰ ਗਿਆ। ਆਂਡਰੇ ਲਈ ਇਹ ਬਹੁਤ ਵੱਡਾ ਸਦਮਾ ਸੀ। ਉਸ ਦੇ ਪਿਤਾ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਸੀ।
ਭਾਵੇਂ ਅਸੀਂ ਜਿਹੜੇ ਮਰਜ਼ੀ ਕਸ਼ਟ ਜਾਂ ਮੁਸ਼ਕਲ ਦਾ ਸਾਮ੍ਹਣਾ ਕਰਦੇ ਹੋਈਏ, ਪਰ ਸਾਨੂੰ ਸਾਰਿਆਂ ਨੂੰ ਇਸ ਸਵਾਲ ਦਾ ਜਵਾਬ ਜਾਣਨ ਦੀ ਲੋੜ ਹੈ: ਕੀ ਖ਼ੁਸ਼ੀਆਂ ਭਰੀ ਜ਼ਿੰਦਗੀ ਪਾਉਣੀ ਸੰਭਵ ਹੈ? ਅਸੀਂ ਇਸ ਦਾ ਜਵਾਬ ਯਿਸੂ ਮਸੀਹ ਦੀ ਜ਼ਿੰਦਗੀ ਤੋਂ ਪਾ ਸਕਦੇ ਹਾਂ। ਮੁਸ਼ਕਲਾਂ ਦੇ ਬਾਵਜੂਦ ਉਸ ਦੀ ਜ਼ਿੰਦਗੀ ਸੱਚ-ਮੁੱਚ ਖ਼ੁਸ਼ੀਆਂ ਭਰੀ ਸੀ। ਭਾਵੇਂ ਯਿਸੂ ਕੁਝ 2,000 ਸਾਲ ਪਹਿਲਾਂ ਇਸ ਧਰਤੀ ’ਤੇ ਆਇਆ ਸੀ, ਫਿਰ ਵੀ ਅਸੀਂ ਉਸ ਦੀ ਮਿਸਾਲ ’ਤੇ ਚੱਲ ਕੇ ਖ਼ੁਸ਼ੀਆਂ ਭਰੀ ਜ਼ਿੰਦਗੀ ਪਾ ਸਕਦੇ ਹਾਂ। (w13-E 04/01)