ਯਿਸੂ—ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਰਾਜ਼
ਕੀ ਯਿਸੂ ਦੀ ਜ਼ਿੰਦਗੀ ਸੱਚ-ਮੁੱਚ ਖ਼ੁਸ਼ੀਆਂ ਭਰੀ ਸੀ? ਉਸ ਦਾ ਪਾਲਣ-ਪੋਸ਼ਣ ਇਕ ਗ਼ਰੀਬ ਪਰਿਵਾਰ ਵਿਚ ਹੋਇਆ ਸੀ ਤੇ ਉਸ ਕੋਲ ਬਹੁਤ ਚੀਜ਼ਾਂ ਨਹੀਂ ਸਨ। ਅਸਲ ਵਿਚ ਉਸ ਕੋਲ ‘ਆਪਣਾ ਸਿਰ ਰੱਖਣ ਲਈ ਵੀ ਜਗ੍ਹਾ ਨਹੀਂ ਸੀ।’ (ਲੂਕਾ 9:57, 58) ਇਸ ਦੇ ਨਾਲ-ਨਾਲ ਲੋਕ ਉਸ ਨੂੰ ਨਫ਼ਰਤ ਕਰਦੇ ਸਨ, ਉਸ ’ਤੇ ਤੁਹਮਤਾਂ ਲਾਉਂਦੇ ਸਨ ਅਤੇ ਅਖ਼ੀਰ ਉਸ ਦੇ ਦੁਸ਼ਮਣਾਂ ਨੇ ਉਸ ਦੀ ਜਾਨ ਲੈ ਲਈ।
ਤੁਸੀਂ ਸ਼ਾਇਦ ਕਹੋ: ‘ਅਜਿਹੀ ਜ਼ਿੰਦਗੀ ਤਾਂ ਖ਼ੁਸ਼ੀਆਂ ਭਰੀ ਨਹੀਂ ਹੈ!’ ਪਰ ਯਿਸੂ ਦੀ ਜ਼ਿੰਦਗੀ ਵਿਚ ਹੋਰ ਵੀ ਬਹੁਤ ਕੁਝ ਸੀ ਜਿਸ ਬਾਰੇ ਸਾਨੂੰ ਜਾਣਨ ਦੀ ਲੋੜ ਹੈ। ਆਓ ਅਸੀਂ ਉਸ ਦੀ ਜ਼ਿੰਦਗੀ ਦੀਆਂ ਚਾਰ ਗੱਲਾਂ ’ਤੇ ਧਿਆਨ ਦੇਈਏ।
1. ਯਿਸੂ ਦੀ ਜ਼ਿੰਦਗੀ ਦਾ ਮਕਸਦ ਸੀ—ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ
“ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।”—ਯੂਹੰਨਾ 4:34.
ਯਿਸੂ ਨੇ ਆਪਣੀਆਂ ਗੱਲਾਂ ਤੇ ਆਪਣੇ ਕੰਮਾਂ ਰਾਹੀਂ ਆਪਣੇ ਸਵਰਗੀ ਪਿਤਾ ਯਹੋਵਾਹ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। * ਉਸ ਨੂੰ ਆਪਣੇ ਪਿਤਾ ਦੀ ਇੱਛਾ ਪੂਰੀ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ। ਉੱਪਰ ਦਿੱਤੇ ਹਵਾਲੇ ਵਿਚ ਯਿਸੂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਤੁਲਨਾ ਭੋਜਨ ਖਾਣ ਨਾਲ ਕੀਤੀ। ਉਨ੍ਹਾਂ ਹਾਲਾਤਾਂ ’ਤੇ ਗੌਰ ਕਰੋ ਜਦੋਂ ਯਿਸੂ ਨੇ ਇਹ ਗੱਲ ਕਹੀ ਸੀ।
ਯਿਸੂ ਨੇ ਇਹ ਸ਼ਬਦ ਲਗਭਗ ਦੁਪਹਿਰ ਦੇ ਸਮੇਂ ਕਹੇ ਸਨ। (ਯੂਹੰਨਾ 4:6) ਉਹ ਪੂਰੀ ਸਵੇਰ ਸਾਮਰੀਆ ਦੇ ਪਹਾੜੀ ਇਲਾਕਿਆਂ ਵਿਚ ਤੁਰਿਆ ਸੀ। ਇਸ ਲਈ ਉਸ ਨੂੰ ਜ਼ਰੂਰ ਭੁੱਖ ਲੱਗੀ ਹੋਣੀ। ਉਸ ਦੇ ਚੇਲਿਆਂ ਨੇ ਉਸ ਨੂੰ ਕਿਹਾ: “ਗੁਰੂ ਜੀ, ਰੋਟੀ ਖਾ ਲੈ।” (ਯੂਹੰਨਾ 4:31) ਯਿਸੂ ਦੇ ਜਵਾਬ ਤੋਂ ਪਤਾ ਲੱਗਾ ਕਿ ਪਰਮੇਸ਼ੁਰ ਦਾ ਕੰਮ ਕਰ ਕੇ ਉਸ ਨੂੰ ਮਜ਼ਬੂਤ ਰਹਿਣ ਦੀ ਤਾਕਤ ਮਿਲਦੀ ਸੀ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਦੀ ਜ਼ਿੰਦਗੀ ਵਿਚ ਮਕਸਦ ਸੀ ਜਿਸ ਕਰਕੇ ਉਹ ਖ਼ੁਸ਼ ਸੀ।
2. ਯਿਸੂ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਸੀ
“ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।”—ਯੂਹੰਨਾ 14:31.
ਯਿਸੂ ਦਾ ਆਪਣੇ ਸਵਰਗੀ ਪਿਤਾ ਨਾਲ ਗੂੜ੍ਹਾ ਰਿਸ਼ਤਾ ਸੀ। ਪਰਮੇਸ਼ੁਰ ਲਈ ਗੂੜ੍ਹਾ ਪਿਆਰ ਹੋਣ ਕਰਕੇ ਕੋਈ ਵੀ ਯਿਸੂ ਨੂੰ ਉਸ ਦੇ ਨਾਂ, ਉਸ ਦੇ ਮਕਸਦ ਤੇ ਉਸ ਦੇ ਗੁਣਾਂ ਬਾਰੇ ਦੱਸਣ ਤੋਂ ਰੋਕ ਨਾ ਸਕਿਆ। ਯਿਸੂ ਨੇ ਹਰ ਸੋਚ, ਹਰ ਸ਼ਬਦ ਤੇ ਹਰ ਕੰਮ ਰਾਹੀਂ ਆਪਣੇ ਪਿਤਾ ਦੀ ਨਕਲ ਕੀਤੀ। ਇਸ ਲਈ ਜਦੋਂ ਅਸੀਂ ਯਿਸੂ ਬਾਰੇ ਪੜ੍ਹਦੇ ਹਾਂ, ਤਾਂ ਲੱਗਦਾ ਹੈ ਕਿ ਅਸੀਂ ਯਹੋਵਾਹ ਬਾਰੇ ਪੜ੍ਹ ਰਹੇ ਹਾਂ। ਇਸ ਕਰਕੇ ਜਦ ਯਿਸੂ ਦੇ ਚੇਲੇ ਫ਼ਿਲਿੱਪੁਸ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪਿਤਾ ਦੇ ਦਰਸ਼ਣ ਕਰਾ,” ਤਾਂ ਯਿਸੂ ਨੇ ਜਵਾਬ ਦਿੱਤਾ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।”—ਯੂਹੰਨਾ 14:8, 9.
ਯਿਸੂ ਆਪਣੇ ਪਿਤਾ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਉਸ ਲਈ ਮਰਨ ਲਈ ਵੀ ਤਿਆਰ ਸੀ। (ਫ਼ਿਲਿੱਪੀਆਂ 2:7, 8; 1 ਯੂਹੰਨਾ ) ਪਰਮੇਸ਼ੁਰ ਲਈ ਇਸ ਤਰ੍ਹਾਂ ਦਾ ਗੂੜ੍ਹਾ ਪਿਆਰ ਹੋਣ ਕਰਕੇ ਯਿਸੂ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਸੀ। 5:3
3. ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ
“ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।”—ਯੂਹੰਨਾ 15:13.
ਨਾਮੁਕੰਮਲ ਇਨਸਾਨ ਹੋਣ ਦੇ ਨਾਤੇ ਅਸੀਂ ਮੌਤ ਦੇ ਰਾਹ ’ਤੇ ਤੁਰ ਰਹੇ ਹਾਂ। ਬਾਈਬਲ ਦੱਸਦੀ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਪਾਪ ਦੇ ਨਤੀਜੇ ਵਜੋਂ ਮਿਲਣ ਵਾਲੀ ਮੌਤ ਤੋਂ ਅਸੀਂ ਆਪਣੇ ਆਪ ਨਹੀਂ ਬਚ ਸਕਦੇ।—ਰੋਮੀਆਂ 6:23.
ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਡੇ ਅੰਦਰ ਉਮੀਦ ਦੀ ਕਿਰਨ ਜਗਾਈ ਹੈ। ਉਸ ਨੇ ਸਾਡੇ ਵਰਗੇ ਪਾਪੀ ਇਨਸਾਨਾਂ ਲਈ ਆਪਣੇ ਮੁਕੰਮਲ ਬੇਟੇ ਯਿਸੂ ਨੂੰ ਦੁੱਖ ਝੱਲਣ ਤੇ ਮਰਨ ਦਿੱਤਾ। ਇਸ ਤਰ੍ਹਾਂ ਉਸ ਨੇ ਮਨੁੱਖਜਾਤੀ ਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ। ਸਿਰਫ਼ ਆਪਣੇ ਪਿਤਾ ਲਈ ਹੀ ਨਹੀਂ, ਸਗੋਂ ਮਨੁੱਖਜਾਤੀ ਲਈ ਵੀ ਪਿਆਰ ਹੋਣ ਕਰਕੇ ਉਹ ਪਰਮੇਸ਼ੁਰ ਦੀ ਆਗਿਆ ਮੰਨਣ ਤੇ ਇਨਸਾਨਾਂ ਲਈ ਆਪਣੀ ਜਾਨ ਦੇਣ ਲਈ ਤਿਆਰ ਸੀ। (ਰੋਮੀਆਂ 5:6-8) ਇਸ ਤਰ੍ਹਾਂ ਦੇ ਨਿਰਸੁਆਰਥ ਪਿਆਰ ਕਰਕੇ ਉਸ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਸੀ। *
4. ਯਿਸੂ ਜਾਣਦਾ ਸੀ ਕਿ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਸੀ
“ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।”—ਮੱਤੀ 3:17.
ਯਹੋਵਾਹ ਨੇ ਇਹ ਸ਼ਬਦ ਸਵਰਗ ਤੋਂ ਯਿਸੂ ਦੇ ਬਪਤਿਸਮੇ ਸਮੇਂ ਕਹੇ ਸਨ। ਯਹੋਵਾਹ ਨੇ ਸਾਰਿਆਂ ਸਾਮ੍ਹਣੇ ਆਪਣੇ ਬੇਟੇ ਯਿਸੂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਕੇ ਦਿਖਾਇਆ ਕਿ ਉਹ ਯਿਸੂ ਤੋਂ ਖ਼ੁਸ਼ ਸੀ। ਇਸੇ ਕਰਕੇ ਯਿਸੂ ਨੇ ਕਿਹਾ: “ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ।” (ਯੂਹੰਨਾ 10:17) ਇਹ ਜਾਣਨ ਕਰਕੇ ਯਿਸੂ ਨੇ ਹਿੰਮਤ ਨਾਲ ਵਿਰੋਧਤਾ ਤੇ ਲੋਕਾਂ ਦੀ ਨਿੰਦਿਆ ਦਾ ਸਾਮ੍ਹਣਾ ਕੀਤਾ। ਯਹੋਵਾਹ ਦੇ ਪਿਆਰ ਤੇ ਮਿਹਰ ਨੇ ਯਿਸੂ ਨੂੰ ਮੌਤ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੱਤੀ। (ਯੂਹੰਨਾ 10:18) ਯਿਸੂ ਜਾਣਦਾ ਸੀ ਕਿ ਜ਼ਿੰਦਗੀ ਦੇ ਹਰ ਮੋੜ ’ਤੇ ਯਹੋਵਾਹ ਉਸ ਦੇ ਨਾਲ ਸੀ। ਇਸੇ ਕਰਕੇ ਯਿਸੂ ਦੀ ਜ਼ਿੰਦਗੀ ਖ਼ੁਸ਼ੀਆਂ ਭਰੀ ਸੀ।
ਯਿਸੂ ਦੀ ਜ਼ਿੰਦਗੀ ਵਾਕਈ ਖ਼ੁਸ਼ੀਆਂ ਭਰੀ ਸੀ। ਅਸੀਂ ਉਸ ਤੋਂ ਸਿੱਖ ਸਕਦੇ ਹਾਂ ਕਿ ਅਸੀਂ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਕਿਵੇਂ ਬਿਤਾ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਯਿਸੂ ਦੀ ਆਪਣੇ ਚੇਲਿਆਂ ਨੂੰ ਜ਼ਿੰਦਗੀ ਬਾਰੇ ਦਿੱਤੀ ਸਲਾਹ ’ਤੇ ਗੌਰ ਕਰਾਂਗੇ। (w13-E 04/01)
^ ਪੇਰਗ੍ਰੈਫ 6 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।
^ ਪੇਰਗ੍ਰੈਫ 15 ਯਿਸੂ ਦੀ ਕੁਰਬਾਨੀ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਵੱਲੋਂ ਛਾਪੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਪੰਜਵਾਂ ਅਧਿਆਇ ਦੇਖੋ।