ਆਪਣੇ ਬੱਚਿਆਂ ਨੂੰ ਸਿਖਾਓ
ਅਸੀਂ ਇਕ ਅਪਰਾਧੀ ਤੋਂ ਕੀ ਸਿੱਖ ਸਕਦੇ ਹਾਂ?
ਜ਼ਰਾ ਤਸਵੀਰ ਵੱਲ ਦੇਖ। ਤਸਵੀਰ ਵਿਚ ਯਿਸੂ ਇਕ ਅਪਰਾਧੀ ਨਾਲ ਗੱਲ ਕਰ ਰਿਹਾ ਹੈ। ਅਸੀਂ ਇਸ ਅਪਰਾਧੀ ਤੋਂ ਕੀ ਸਿੱਖ ਸਕਦੇ ਹਾਂ? ਇਹ ਬੰਦਾ ਆਪਣੇ ਅਪਰਾਧਾਂ ਤੋਂ ਸ਼ਰਮਿੰਦਾ ਹੈ। ਉਸ ਨੇ ਯਿਸੂ ਨੂੰ ਕਿਹਾ: “ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” ਕੀ ਤੈਨੂੰ ਪਤਾ ਕਿ ਯਿਸੂ ਉਸ ਨੂੰ ਕੀ ਕਹਿ ਰਿਹਾ ਹੈ?— * ਯਿਸੂ ਉਸ ਨਾਲ ਇਹ ਵਾਅਦਾ ਕਰ ਰਿਹਾ ਹੈ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।”
ਤੇਰੇ ਖ਼ਿਆਲ ਵਿਚ ਇਹ ਜ਼ਿੰਦਗੀ ਦਾ ਬਾਗ਼ ਕਿਹੋ ਜਿਹਾ ਹੋਵੇਗਾ?— ਇਸ ਸਵਾਲ ਦਾ ਸਹੀ ਜਵਾਬ ਲੈਣ ਲਈ ਆਓ ਆਪਾਂ ਉਸ ਬਾਗ਼ ਬਾਰੇ ਗੱਲ ਕਰੀਏ ਜੋ ਪਰਮੇਸ਼ੁਰ ਨੇ ਪਹਿਲੇ ਤੀਵੀਂ-ਆਦਮੀ ਯਾਨੀ ਆਦਮ ਤੇ ਹੱਵਾਹ ਲਈ ਬਣਾਇਆ ਸੀ। ਇਹ ਬਾਗ਼ ਕਿੱਥੇ ਸੀ? ਕੀ ਇਹ ਸਵਰਗ ਵਿਚ ਸੀ ਜਾਂ ਧਰਤੀ ’ਤੇ?—
ਜੇ ਤੂੰ ਕਿਹਾ ਧਰਤੀ ’ਤੇ, ਤਾਂ ਤੇਰਾ ਜਵਾਬ ਸਹੀ ਹੈ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਅਪਰਾਧੀ “ਜ਼ਿੰਦਗੀ ਦੇ ਬਾਗ਼” ਵਿਚ ਹੋਵੇਗਾ, ਤਾਂ ਇਸ ਦਾ ਮਤਲਬ ਹੈ ਕਿ ਉਹ ਇਸੇ ਧਰਤੀ ’ਤੇ ਰਹੇਗਾ ਜਦੋਂ ਇਸ ਨੂੰ ਸੋਹਣਾ ਬਣਾਇਆ ਜਾਵੇਗਾ। ਜ਼ਿੰਦਗੀ ਦਾ ਇਹ ਬਾਗ਼ ਕਿਹੋ ਜਿਹਾ ਹੋਵੇਗਾ?— ਆਓ ਦੇਖੀਏ।
ਬਾਈਬਲ ਦੱਸਦੀ ਹੈ ਕਿ ਪਹਿਲੇ ਤੀਵੀਂ-ਆਦਮੀ, ਆਦਮ ਅਤੇ ਹੱਵਾਹ, ਨੂੰ ਬਣਾਉਣ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸੇ ਧਰਤੀ ’ਤੇ ਇਕ ਬਾਗ਼ ਵਿਚ ਰੱਖਿਆ। ਇਸ ਨੂੰ ‘ਅਦਨ ਦਾ ਬਾਗ਼’ ਕਿਹਾ ਜਾਂਦਾ ਸੀ। ਤੇਰੇ ਖ਼ਿਆਲ ਵਿਚ ਇਹ ਬਾਗ਼ ਕਿੰਨਾ ਸੋਹਣਾ ਹੋਣਾ?— ਅੱਜ ਦੀ ਕਿਸੇ ਵੀ ਜਗ੍ਹਾ ਨਾਲੋਂ ਵਧੀਆ ਤੇ ਸੋਹਣਾ ਸੀ!
ਤੇਰੇ ਖ਼ਿਆਲ ਵਿਚ ਕੀ ਯਿਸੂ ਉਸ ਅਪਰਾਧੀ ਨਾਲ ਧਰਤੀ ’ਤੇ ਹੋਵੇਗਾ ਜੋ ਆਪਣੇ ਪਾਪਾਂ ਤੋਂ ਸ਼ਰਮਿੰਦਾ ਸੀ?— ਨਹੀਂ। ਯਿਸੂ ਉਸ ਸਮੇਂ ਸਵਰਗ ਤੋਂ ਰਾਜੇ ਵਜੋਂ ਧਰਤੀ ’ਤੇ ਰਾਜ ਕਰਦਾ ਹੋਵੇਗਾ। ਉਹ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰੇਗਾ ਤੇ ਉਸ ਦੀ ਦੇਖ-ਭਾਲ ਕਰਨ ਦਾ ਇੰਤਜ਼ਾਮ ਕਰੇਗਾ। ਪਰ ਯਿਸੂ ਇਕ ਅਪਰਾਧੀ
ਨੂੰ ਜ਼ਿੰਦਗੀ ਦੇ ਬਾਗ਼ ਵਿਚ ਕਿਉਂ ਰਹਿਣ ਦੇਵੇਗਾ?— ਚੱਲੋ ਇਸ ਬਾਰੇ ਗੱਲ ਕਰੀਏ।ਇਹ ਸੱਚ ਹੈ ਕਿ ਇਸ ਅਪਰਾਧੀ ਨੇ ਕਈ ਬੁਰੇ ਕੰਮ ਕੀਤੇ ਸਨ। ਇਸੇ ਤਰ੍ਹਾਂ ਧਰਤੀ ’ਤੇ ਰਹਿਣ ਵਾਲੇ ਲੱਖਾਂ-ਕਰੋੜਾਂ ਇਨਸਾਨਾਂ ਨੇ ਕਈ ਬੁਰੇ ਕੰਮ ਕੀਤੇ ਹਨ। ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਬੁਰੇ ਕੰਮ ਇਸ ਲਈ ਕੀਤੇ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਬਾਰੇ ਅਤੇ ਉਸ ਦੀ ਮਰਜ਼ੀ ਬਾਰੇ ਕਦੀ ਨਹੀਂ ਸਿਖਾਇਆ ਗਿਆ ਸੀ।
ਇਸ ਲਈ ਇਹੋ ਜਿਹੇ ਲੋਕਾਂ ਨੂੰ ਇਸ ਧਰਤੀ ’ਤੇ ਜ਼ਿੰਦਗੀ ਦੇ ਬਾਗ਼ ਵਿਚ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਇਨ੍ਹਾਂ ਵਿਚ ਸੂਲ਼ੀ ’ਤੇ ਟੰਗਿਆ ਉਹ ਅਪਰਾਧੀ ਵੀ ਹੋਵੇਗਾ ਜਿਸ ਨਾਲ ਯਿਸੂ ਨੇ ਗੱਲ ਕੀਤੀ ਸੀ। ਉਨ੍ਹਾਂ ਨੂੰ ਯਹੋਵਾਹ ਦੀ ਮਰਜ਼ੀ ਬਾਰੇ ਸਿਖਾਇਆ ਜਾਵੇਗਾ। ਫਿਰ ਉਹ ਦਿਖਾ ਸਕਣਗੇ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ।
ਕੀ ਤੈਨੂੰ ਪਤਾ ਉਹ ਕਿੱਦਾਂ ਦਿਖਾ ਸਕਦੇ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ?— ਉਸ ਦਾ ਕਹਿਣਾ ਮੰਨ ਕੇ। ਉਸ ਸਮੇਂ ਜ਼ਿੰਦਗੀ ਦੇ ਬਾਗ਼ ਵਿਚ ਰਹਿਣਾ ਕਿੰਨਾ ਵਧੀਆ ਹੋਵੇਗਾ ਜਦੋਂ ਸਾਰੇ ਲੋਕ ਯਹੋਵਾਹ ਨੂੰ ਤੇ ਆਪਸ ਵਿਚ ਪਿਆਰ ਕਰਦੇ ਰਹਿਣਗੇ! (w13-E 06/01)
ਬਾਈਬਲ ਵਿੱਚੋਂ ਪੜ੍ਹੋ
^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।