ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀ ਪਾਉਣ ਲਈ ਬਾਈਬਲ ਦੀ ਸਲਾਹ ਵਧੀਆ ਹੈ ਕਿਉਂਕਿ ਇਹ ਸਲਾਹ ਵਿਆਹ ਦਾ ਇੰਤਜ਼ਾਮ ਕਰਨ ਵਾਲੇ ਯਹੋਵਾਹ ਪਰਮੇਸ਼ੁਰ ਤੋਂ ਹੈ। ਬਾਈਬਲ ਦੱਸਦੀ ਹੈ ਕਿ ਅਸੀਂ ਆਪਣੇ ਵਿਚ ਚੰਗੇ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ ਜਿਨ੍ਹਾਂ ਨਾਲ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਆਉਣਗੀਆਂ। ਨਾਲੇ ਬਾਈਬਲ ਇਹ ਵੀ ਦੱਸਦੀ ਹੈ ਕਿ ਅਸੀਂ ਆਪਣੇ ਵਿਚ ਗ਼ਲਤ ਰਵੱਈਏ ਪੈਦਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਨਾਲ ਵਿਆਹ ਟੁੱਟ ਸਕਦਾ ਹੈ। ਇਹ ਸਾਨੂੰ ਗੱਲਬਾਤ ਕਰਨ ਦਾ ਹੁਨਰ ਵੀ ਸਿਖਾਉਂਦੀ ਹੈ ਜਿਸ ਨਾਲ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਆਉਣਗੀਆਂ।—ਕੁਲੁੱਸੀਆਂ 3:8-10, 12-14 ਪੜ੍ਹੋ।
ਪਤੀ-ਪਤਨੀ ਨੂੰ ਇਕ-ਦੂਜੇ ਦਾ ਆਦਰ-ਮਾਣ ਕਰਨਾ ਚਾਹੀਦਾ ਹੈ। ਜਦੋਂ ਪਤੀ-ਪਤਨੀ ਰੱਬ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ ਮਿਲ ਸਕਦੀ ਹੈ।—ਕੁਲੁੱਸੀਆਂ 3:18, 19 ਪੜ੍ਹੋ।
ਵਿਆਹ ਉਮਰ ਭਰ ਦਾ ਬੰਧਨ ਕਿਵੇਂ ਬਣ ਸਕਦਾ ਹੈ?
ਪਤੀ-ਪਤਨੀ ਉਮਰ ਭਰ ਲਈ ਇਕੱਠੇ ਰਹਿ ਸਕਦੇ ਹਨ ਜੇ ਉਹ ਇਕ-ਦੂਜੇ ਨੂੰ ਪਿਆਰ ਕਰਦੇ ਰਹਿਣ। ਰੱਬ ਸਾਨੂੰ ਪਿਆਰ ਕਰਨਾ ਸਿਖਾਉਂਦਾ ਹੈ। ਉਹ ਤੇ ਉਸ ਦਾ ਪੁੱਤਰ ਯਿਸੂ ਪਿਆਰ ਕਰਨ ਦੀਆਂ ਸਭ ਤੋਂ ਵਧੀਆ ਮਿਸਾਲਾਂ ਹਨ।—1 ਯੂਹੰਨਾ 4:7, 8, 19 ਪੜ੍ਹੋ।
ਜਦੋਂ ਪਤੀ-ਪਤਨੀ ਵਿਆਹ ਨੂੰ ਪਰਮੇਸ਼ੁਰ ਵੱਲੋਂ ਕੀਤਾ ਇੰਤਜ਼ਾਮ ਸਮਝਦੇ ਹਨ, ਤਾਂ ਉਹ ਹਮੇਸ਼ਾ ਲਈ ਇਕੱਠੇ ਰਹਿਣਗੇ। ਰੱਬ ਨੇ ਵਿਆਹ ਨੂੰ ਉਮਰ ਭਰ ਦਾ ਬੰਧਨ ਬਣਾਇਆ ਹੈ ਤਾਂਕਿ ਪਰਿਵਾਰ ਸੁਰੱਖਿਅਤ ਰਹਿ ਸਕਣ। ਵਿਆਹ ਦਾ ਰਿਸ਼ਤਾ ਹਮੇਸ਼ਾ ਲਈ ਬਣਿਆ ਰਹਿ ਸਕਦਾ ਹੈ ਕਿਉਂਕਿ ਰੱਬ ਨੇ ਆਦਮੀ ਤੇ ਔਰਤ ਨੂੰ ਇਕ-ਦੂਜੇ ਲਈ ਬਣਾਇਆ ਸੀ। ਉਸ ਨੇ ਉਨ੍ਹਾਂ ਨੂੰ ਆਪਣੇ ਸਰੂਪ ’ਤੇ ਵੀ ਬਣਾਇਆ ਹੈ ਜਿਸ ਕਰਕੇ ਉਹ ਉਸ ਵਾਂਗ ਪਿਆਰ ਕਰਨ ਦੇ ਕਾਬਲ ਹਨ।—ਉਤਪਤ 1:27; 2:18, 24 ਪੜ੍ਹੋ। (w13-E 09/01)