ਮੁੱਖ ਪੰਨੇ ਤੋਂ | ਕੀ ਸਾਨੂੰ ਰੱਬ ਦੀ ਲੋੜ ਹੈ?
ਇਹ ਸਵਾਲ ਕਿਉਂ ਉੱਠਦਾ ਹੈ?
“ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਰੱਬ ਦੀ ਕੋਈ ਲੋੜ ਨਹੀਂ? ਲੱਖਾਂ ਲੋਕ ਇੱਦਾਂ ਹੀ ਸੋਚਦੇ ਹਨ।” ਹਾਲ ਹੀ ਵਿਚ ਇਹ ਗੱਲ ਕਿਸੇ ਨਾਸਤਿਕ ਗਰੁੱਪ ਨੇ ਇਕ ਇਸ਼ਤਿਹਾਰੀ ਬੋਰਡ ’ਤੇ ਲਿਖਵਾਈ ਸੀ। ਇਹ ਲੋਕ ਸੋਚਦੇ ਹਨ ਕਿ ਉਨ੍ਹਾਂ ਨੂੰ ਰੱਬ ਦੀ ਕੋਈ ਲੋੜ ਨਹੀਂ ਹੈ।
ਦੂਜੇ ਪਾਸੇ, ਕਈ ਲੋਕ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਦੇ ਫ਼ੈਸਲਿਆਂ ਤੋਂ ਇਵੇਂ ਲੱਗਦਾ ਹੈ ਜਿਵੇਂ ਪਰਮੇਸ਼ੁਰ ਹੈ ਹੀ ਨਹੀਂ। ਸਾਲਵਾਤੋਰੇ ਫਿਜ਼ੀਕੈਲਾ ਨਾਂ ਦੇ ਕੈਥੋਲਿਕ ਆਰਚਬਿਸ਼ਪ ਨੇ ਆਪਣੇ ਚਰਚ ਮੈਂਬਰਾਂ ਬਾਰੇ ਕਿਹਾ: “ਸਾਡੇ ਵੱਲ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਅਸੀਂ ਮਸੀਹੀ ਹਾਂ ਕਿਉਂਕਿ ਸਾਡੇ ਰਹਿਣ-ਸਹਿਣ ਦਾ ਢੰਗ ਉਨ੍ਹਾਂ ਲੋਕਾਂ ਵਰਗਾ ਹੈ ਜਿਹੜੇ ਪਰਮੇਸ਼ੁਰ ਨੂੰ ਨਹੀਂ ਮੰਨਦੇ।”
ਨੱਠ-ਭੱਜ ਦੀ ਜ਼ਿੰਦਗੀ ਕਰਕੇ ਕੁਝ ਲੋਕਾਂ ਕੋਲ ਪਰਮੇਸ਼ੁਰ ਬਾਰੇ ਸੋਚਣ ਦਾ ਵਿਹਲ ਹੀ ਨਹੀਂ ਹੈ। ਉਹ ਸੋਚਦੇ ਹਨ ਕਿ ਰੱਬ ਉਨ੍ਹਾਂ ਤੋਂ ਬਹੁਤ ਦੂਰ ਹੈ ਜਾਂ ਉਸ ਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਕੋਈ ਵਾਸਤਾ ਨਹੀਂ। ਉਹ ਰੱਬ ਬਾਰੇ ਉਦੋਂ ਹੀ ਸੋਚਦੇ ਹਨ ਜਦੋਂ ਉਹ ਕਿਸੇ ਮੁਸ਼ਕਲ ਵਿਚ ਹੁੰਦੇ ਹਨ ਜਾਂ ਜਦ ਉਨ੍ਹਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਉਹ ਰੱਬ ਨੂੰ ਇਕ ਨੌਕਰ ਵਾਂਗ ਸਮਝਦੇ ਹਨ ਜੋ ਉਨ੍ਹਾਂ ਦੀ ਟਹਿਲ-ਸੇਵਾ ਕਰਨ ਲਈ ਤਿਆਰ-ਬਰ-ਤਿਆਰ ਖੜ੍ਹਾ ਰਹਿੰਦਾ ਹੈ।
ਹੋਰ ਲੋਕਾਂ ਨੂੰ ਲੱਗਦਾ ਹੈ ਕਿ ਧਾਰਮਿਕ ਸਿੱਖਿਆਵਾਂ ’ਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਕਈ ਉਨ੍ਹਾਂ ਗੱਲਾਂ ’ਤੇ ਬਿਲਕੁਲ ਹੀ ਨਹੀਂ ਚੱਲਦੇ ਜੋ ਉਨ੍ਹਾਂ ਦਾ ਧਰਮ ਸਿਖਾਉਂਦਾ ਹੈ। ਮਿਸਾਲ ਲਈ, ਜਰਮਨੀ ਵਿਚ ਰਹਿੰਦੇ 76 ਪ੍ਰਤਿਸ਼ਤ ਕੈਥੋਲਿਕ ਲੋਕਾਂ ਦਾ ਵਿਚਾਰ ਹੈ ਕਿ ਆਦਮੀ-ਔਰਤ ਲਈ ਵਿਆਹ ਤੋਂ ਬਿਨਾਂ ਇਕੱਠੇ ਰਹਿਣ ਵਿਚ ਕੋਈ ਹਰਜ਼ ਨਹੀਂ। ਪਰ ਇਹ ਵਿਚਾਰ ਉਨ੍ਹਾਂ ਦੇ ਚਰਚ ਅਤੇ ਬਾਈਬਲ ਦੀਆਂ ਸਿੱਖਿਆਵਾਂ ਦੇ ਬਿਲਕੁਲ ਉਲਟ ਹੈ। (1 ਕੁਰਿੰਥੀਆਂ 6:18; ਇਬਰਾਨੀਆਂ 13:4) ਵੱਖੋ-ਵੱਖਰੇ ਧਰਮਾਂ ਦੇ ਲੋਕ ਕਹਿੰਦੇ ਹਨ ਕਿ ਉਹ ਧਰਮ ਨੂੰ ਮੰਨਦੇ ਹਨ, ਪਰ ਉਨ੍ਹਾਂ ਗੱਲਾਂ ’ਤੇ ਨਹੀਂ ਚੱਲਦੇ ਜਿਨ੍ਹਾਂ ਨੂੰ ਉਹ ਮੰਨਣ ਦਾ ਦਾਅਵਾ ਕਰਦੇ ਹਨ। ਬਹੁਤ ਸਾਰੇ ਧਾਰਮਿਕ ਆਗੂ ਅਫ਼ਸੋਸ ਨਾਲ ਆਪਣੇ ਧਰਮ ਦੇ ਲੋਕਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਦੇ ਰਹਿਣ-ਸਹਿਣ ਦਾ ਢੰਗ “ਨਾਸਤਿਕ ਲੋਕਾਂ” ਵਰਗਾ ਹੀ ਹੈ।
ਇਨ੍ਹਾਂ ਮਿਸਾਲਾਂ ਨੂੰ ਦੇਖ ਕੇ ਮੱਲੋ-ਮੱਲੀ ਇਹ ਸਵਾਲ ਖੜ੍ਹਾ ਹੁੰਦਾ ਹੈ: ਕੀ ਸਾਨੂੰ ਵਾਕਈ ਰੱਬ ਦੀ ਲੋੜ ਹੈ? ਇਹ ਕੋਈ ਨਵਾਂ ਸਵਾਲ ਨਹੀਂ ਹੈ। ਇਹ ਸਵਾਲ ਬਾਈਬਲ ਦੇ ਸ਼ੁਰੂਆਤੀ ਸਫ਼ਿਆਂ ’ਤੇ ਉਠਾਇਆ ਗਿਆ ਸੀ। ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਬਾਈਬਲ ਦੀ ਪਹਿਲੀ ਕਿਤਾਬ ਉਤਪਤ ਵਿਚ ਉਠਾਏ ਗਏ ਹੋਰ ਮੁੱਦਿਆਂ ’ਤੇ ਗੌਰ ਕਰੀਏ। (w13-E 12/01)