ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਯਹੋਵਾਹ ਮੈਨੂੰ ਭੁੱਲਿਆ ਨਹੀਂ”
-
ਜਨਮ: 1922
-
ਦੇਸ਼: ਸਪੇਨ
-
ਅਤੀਤ: ਕੈਥੋਲਿਕ ਟੀਚਰ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰਾ ਜਨਮ ਉੱਤਰੀ ਸਪੇਨ ਦੇ ਬਿਲਬਾਓ ਸ਼ਹਿਰ ਵਿਚ ਇਕ ਮੱਧ-ਵਰਗੀ ਪਰਿਵਾਰ ਵਿਚ ਹੋਇਆ ਸੀ। ਮੈਂ ਚਾਰ ਭੈਣਾਂ ਵਿੱਚੋਂ ਦੂਜੇ ਨੰਬਰ ਤੇ ਸੀ। ਮੇਰਾ ਪਰਿਵਾਰ ਪੱਕਾ ਕੈਥੋਲਿਕ ਸੀ ਤੇ ਮੈਂ ਹਰ ਰੋਜ਼ ਚਰਚ ਵਿਚ ਰੱਬੀ ਭੋਜਨ ਲੈਂਦੀ ਸੀ। 23 ਸਾਲਾਂ ਦੀ ਉਮਰ ਵਿਚ ਮੈਂ ਇਕ ਟੀਚਰ ਬਣ ਗਈ। ਮੈਨੂੰ ਇਹ ਕੰਮ ਬਹੁਤ ਪਸੰਦ ਸੀ ਤੇ ਮੈਂ ਇਹ ਕੰਮ 40 ਸਾਲ ਕਰਦੀ ਰਹੀ। ਹੋਰਨਾਂ ਵਿਸ਼ਿਆਂ ਤੋਂ ਇਲਾਵਾ ਮੈਂ ਕੈਥੋਲਿਕ ਧਰਮ ਦੀ ਵੀ ਸਿੱਖਿਆ ਦਿੰਦੀ ਸੀ। ਹਰ ਸ਼ਾਮ ਮੈਂ ਛੋਟੀਆਂ ਬੱਚੀਆਂ ਨੂੰ ਸਿਖਾਉਂਦੀ ਸੀ ਕਿ ਪਹਿਲੀ ਵਾਰ ਰੱਬੀ ਭੋਜਨ ਲੈਣ ਲਈ ਉਨ੍ਹਾਂ ਨੂੰ ਕੀ-ਕੀ ਕਰਨ ਦੀ ਲੋੜ ਸੀ।
ਮੇਰੇ ਵਿਆਹ ਨੂੰ ਸਿਰਫ਼ 12 ਸਾਲ ਹੋਏ ਸਨ ਜਦ ਮੈਂ ਵਿਧਵਾ ਹੋ ਗਈ। ਉਦੋਂ ਮੇਰੀ ਉਮਰ ਸਿਰਫ਼ 33 ਸਾਲਾਂ ਦੀ ਸੀ ਤੇ ਹੁਣ ਮੈਨੂੰ ਇਕੱਲੀ ਨੂੰ ਆਪਣੀਆਂ ਚਾਰ ਕੁੜੀਆਂ ਦਾ ਪਾਲਣ-ਪੋਸ਼ਣ ਕਰਨਾ ਪੈਣਾ ਸੀ। ਮੈਨੂੰ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਤੋਂ ਕੋਈ ਦਿਲਾਸਾ ਨਹੀਂ ਮਿਲਿਆ ਤੇ ਮੇਰੇ ਮਨ ਵਿਚ ਬਹੁਤ ਸਾਰੇ ਸਵਾਲ ਸਨ। ਮੈਂ ਸੋਚਦੀ ਸੀ: ‘ਜੇ ਯਿਸੂ ਮਸੀਹ ਨੇ ਇਨਸਾਨਾਂ ਨੂੰ ਮੌਤ ਤੋਂ ਛੁਡਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ, ਤਾਂ ਫਿਰ ਅਸੀਂ ਕਿਉਂ ਮਰਦੇ ਹਾਂ? ਜੇ ਚੰਗੇ ਲੋਕ ਮਰ ਕੇ ਸਵਰਗ ਜਾਂਦੇ ਹਨ, ਤਾਂ ਅਸੀਂ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਿਉਂ ਕਰਦੇ ਹਾਂ?’ ਸਭ ਤੋਂ ਵੱਧ ਮੈਂ ਸੋਚਦੀ ਸੀ: ‘ਜੇ ਮਰਨ ਤੇ ਸਾਡਾ ਨਿਆਂ ਹੁੰਦਾ ਹੈ, ਤਾਂ ਫਿਰ ਰੱਬ ਸਾਨੂੰ ਸਵਰਗ, ਨਰਕ ਜਾਂ ਆਤਮਾ ਦੇ ਸੋਧਣ ਦੀ ਜਗ੍ਹਾ ਵਿੱਚੋਂ ਕੱਢ ਕੇ ਸਾਡਾ ਆਖ਼ਰੀ ਨਿਆਂ ਕਿਉਂ ਕਰੇਗਾ?’
ਮੈਂ ਇਹ ਸਾਰੇ ਸਵਾਲ ਕਈ ਪਾਦਰੀਆਂ ਤੋਂ ਪੁੱਛੇ। ਇਕ ਨੇ ਜਵਾਬ ਦਿੱਤਾ: “ਮੈਨੂੰ ਨਹੀਂ ਪਤਾ, ਵੱਡੇ ਪਾਦਰੀ ਤੋਂ ਪੁੱਛ ਲੈ। ਪਰ ਕੀ ਫ਼ਰਕ ਪੈਂਦਾ? ਤੂੰ ਰੱਬ ਨੂੰ ਮੰਨਦੀ ਤਾਂ ਹੈ। ਬੱਸ ਇੰਨਾ ਹੀ ਬਹੁਤ ਹੈ!” ਪਰ ਮੈਂ ਆਪਣੇ ਸਵਾਲਾਂ ਦੇ ਜਵਾਬ ਲੱਭਦੀ ਰਹੀ। ਬਾਅਦ ਵਿਚ ਮੈਂ ਹੋਰ ਈਸਾਈ ਫ਼ਿਰਕਿਆਂ ਦੇ ਚਰਚਾਂ ਵਿਚ ਜਾ ਕੇ ਵੀ ਇਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਇਨ੍ਹਾਂ ਵਿੱਚੋਂ ਕੋਈ ਵੀ ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ।
ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:
ਜਦ ਮੇਰੀ ਉਮਰ 60 ਕੁ ਸਾਲਾਂ ਦੀ ਹੋਈ, ਤਾਂ ਸਕੂਲ ਵਿਚ ਇਕ ਸੱਤਾਂ ਸਾਲਾਂ ਦੀ ਕੁੜੀ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਇਕ ਮੀਟਿੰਗ ਵਿਚ ਬੁਲਾਇਆ। ਉੱਥੇ ਮੈਂ ਜੋ ਵੀ ਸੁਣਿਆ ਤੇ ਦੇਖਿਆ ਮੈਨੂੰ ਚੰਗਾ ਲੱਗਾ, ਪਰ ਬਹੁਤ ਬਿਜ਼ੀ ਹੋਣ ਕਰਕੇ ਮੈਂ ਉਸ ਵੇਲੇ ਗਵਾਹਾਂ ਨੂੰ ਦੁਬਾਰਾ ਨਹੀਂ ਮਿਲ ਸਕੀ। ਦੋ ਸਾਲ ਬਾਅਦ ਹੁਆਨ ਤੇ ਮਾਈਟੇ ਨਾਂ ਦਾ ਵਿਆਹੁਤਾ ਜੋੜਾ ਘਰ-ਘਰ ਪ੍ਰਚਾਰ ਕਰਦਿਆਂ ਮੇਰੇ ਘਰ ਆਇਆ। ਉਹ ਦੋਨੋਂ ਯਹੋਵਾਹ ਦੇ ਗਵਾਹ ਸਨ ਤੇ ਤਿੰਨ ਮਹੀਨਿਆਂ ਤਕ ਅਸੀਂ ਬੈਠ ਕੇ ਸਵਾਲਾਂ-ਜਵਾਬਾਂ ਰਾਹੀਂ ਡੂੰਘੀ ਗੱਲਬਾਤ ਕੀਤੀ। ਇਸ ਤੋਂ ਬਾਅਦ ਮੈਂ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।
ਮੈਂ ਬੜੇ ਚਾਅ ਨਾਲ ਸਟੱਡੀ ਕਰਨ ਦਾ ਇੰਤਜ਼ਾਰ ਕਰਦੀ ਸੀ! ਮੈਂ ਬਾਈਬਲ ਦੇ ਤਿੰਨ ਤਰਜਮੇ ਵਰਤ ਕੇ ਹਰ ਗੱਲ ਦੀ ਚੰਗੀ ਤਰ੍ਹਾਂ ਰਿਸਰਚ ਕਰਦੀ ਸੀ ਤਾਂਕਿ ਮੈਂ ਆਪ ਦੇਖ ਸਕਾਂ ਕਿ ਯਹੋਵਾਹ ਦੇ ਗਵਾਹ ਜੋ ਸਿਖਾ ਰਹੇ ਸਨ, ਉਹ ਬਾਈਬਲ ਮੁਤਾਬਕ ਸਹੀ ਸੀ ਕਿ ਨਹੀਂ। ਮੈਨੂੰ ਅਹਿਸਾਸ ਹੋਇਆ ਕਿ ਇੰਨੇ ਸਾਲ ਮੈਂ ਸੱਚਾਈ ਤੋਂ ਕਿੰਨੀ ਦੂਰ ਸੀ। ਮੈਂ ਹੈਰਾਨ-ਪਰੇਸ਼ਾਨ ਸੀ ਕਿ ਮੇਰੇ ਪੁਰਾਣੇ ਵਿਸ਼ਵਾਸਾਂ ਅਤੇ ਬਾਈਬਲ ਦੀਆਂ ਸਿੱਖਿਆਵਾਂ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਮੇਰੇ ਵਿਸ਼ਵਾਸਾਂ ਨੇ ਮੇਰੇ ਅੰਦਰ ਡੂੰਘੀਆਂ ਜੜ੍ਹਾਂ ਫੜੀਆਂ ਹੋਈਆਂ ਸਨ ਤੇ ਮੈਨੂੰ ਲੱਗਾ ਜਿਵੇਂ ਇਨ੍ਹਾਂ ਨੂੰ ਹੁਣ ਉਖਾੜਿਆ ਜਾ ਰਿਹਾ ਸੀ।
ਮੈਨੂੰ ਪਤਾ ਸੀ ਕਿ ਮੈਨੂੰ ਸੱਚਾਈ ਲੱਭ ਗਈ ਸੀ
ਫਿਰ ਮੇਰੇ ਦੂਜੇ ਪਤੀ ਬਹੁਤ ਬੀਮਾਰ ਹੋ ਕੇ ਚੱਲ ਵਸੇ। ਉਸ ਸਮੇਂ ਮੈਂ ਨੌਕਰੀ ਤੋਂ ਰੀਟਾਇਰ ਹੋ ਗਈ ਤੇ ਕੁਝ ਸਮੇਂ ਲਈ ਬਿਲਬਾਓ ਸ਼ਹਿਰ ਛੱਡ ਕੇ ਚਲੀ ਗਈ। ਹੁਆਨ ਤੇ ਮਾਈਟੇ ਵੀ ਕਿਸੇ ਹੋਰ ਜਗ੍ਹਾ ਰਹਿਣ ਚਲੇ ਗਏ। ਅਫ਼ਸੋਸ ਹੈ ਕਿ ਮੈਂ ਬਾਈਬਲ ਸਟੱਡੀ ਵੀ ਛੱਡ ਦਿੱਤੀ। ਪਰ ਮੈਨੂੰ ਪਤਾ ਸੀ ਕਿ ਮੈਨੂੰ ਸੱਚਾਈ ਲੱਭ ਗਈ ਸੀ ਤੇ ਮੈਂ ਇਸ ਨੂੰ ਕਦੀ ਭੁੱਲੀ ਨਹੀਂ।
ਲਗਭਗ 20 ਸਾਲ ਬਾਅਦ ਜਦ ਮੇਰੀ ਉਮਰ 82 ਸਾਲਾਂ ਦੀ ਸੀ, ਤਾਂ ਹੁਆਨ ਤੇ ਮਾਈਟੇ ਬਿਲਬਾਓ ਵਾਪਸ ਆ ਗਏ ਤੇ ਮੈਨੂੰ ਮਿਲਣ ਆਏ। ਉਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ! ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੈਨੂੰ ਭੁੱਲਿਆ ਨਹੀਂ ਸੀ ਤੇ ਮੈਂ ਬਾਈਬਲ ਸਟੱਡੀ ਦੁਬਾਰਾ ਸ਼ੁਰੂ ਕਰ ਲਈ। ਹੁਆਨ ਤੇ ਮਾਈਟੇ ਨੇ ਬੜੇ ਧੀਰਜ ਨਾਲ ਮੈਨੂੰ ਸਿਖਾਇਆ ਕਿਉਂਕਿ ਮੈਂ ਵਾਰ-ਵਾਰ ਉਹੀ ਸਵਾਲ ਪੁੱਛਦੀ ਰਹਿੰਦੀ ਸੀ। ਮੈਨੂੰ ਬਾਈਬਲ ਵਿੱਚੋਂ ਗੱਲਾਂ ਵਾਰ-ਵਾਰ ਸੁਣਨ ਦੀ ਲੋੜ ਸੀ ਤਾਂਕਿ ਮੈਂ ਆਪਣੇ ਮਨ ਵਿਚ ਵੱਸੇ ਪੁਰਾਣੇ ਵਿਸ਼ਵਾਸਾਂ ਨੂੰ ਕੱਢ ਕੇ ਬਾਈਬਲ ਦੀਆਂ ਗੱਲਾਂ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾ ਸਕਾਂ। ਨਾਲੇ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਬਾਈਬਲ ਦੀ ਸੱਚਾਈ ਚੰਗੀ ਤਰ੍ਹਾਂ ਸਮਝਾ ਸਕਾਂ।
ਅਖ਼ੀਰ ਉਹ ਦਿਨ ਆ ਹੀ ਗਿਆ ਜਦ ਮੈਂ ਬਪਤਿਸਮਾ ਲਿਆ। ਮੈਂ 87 ਸਾਲਾਂ ਦੀ ਸੀ ਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀਆਂ ਭਰਿਆ ਦਿਨ ਸੀ। ਮੇਰਾ ਬਪਤਿਸਮਾ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਹੋਇਆ ਸੀ। ਉਸ ਦਿਨ ਬਪਤਿਸਮਾ ਲੈਣ ਵਾਲਿਆਂ ਲਈ ਮੰਡਲੀ ਦੇ ਇਕ ਬਜ਼ੁਰਗ ਨੇ ਬਾਈਬਲ ਵਿੱਚੋਂ ਇਕ ਭਾਸ਼ਣ ਦਿੱਤਾ। ਭਾਸ਼ਣ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਮੈਨੂੰ ਇੱਦਾਂ ਲੱਗਾ ਕਿ ਯਹੋਵਾਹ ਖ਼ੁਦ ਮੇਰੇ ਨਾਲ ਗੱਲ ਕਰ ਰਿਹਾ ਸੀ। ਬਪਤਿਸਮਾ ਲੈਣ ਤੋਂ ਬਾਅਦ ਕਈ ਗਵਾਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਭਾਵੇਂ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਣਦੀ ਵੀ ਨਹੀਂ ਸੀ!
ਅੱਜ ਮੇਰੀ ਜ਼ਿੰਦਗੀ:
ਮੈਂ ਹਮੇਸ਼ਾ ਜਾਣਦੀ ਸੀ ਕਿ ਯਿਸੂ ਮਸੀਹ ਹੀ ਰੱਬ ਕੋਲ ਜਾਣ ਦਾ “ਰਾਹ” ਹੈ। (ਯੂਹੰਨਾ 14:6) ਪਰ ਬਾਈਬਲ ਸਟੱਡੀ ਰਾਹੀਂ ਮੈਂ ਯਹੋਵਾਹ ਨੂੰ ਜਾਣ ਸਕੀ ਜਿਸ ਕੋਲ ਯਿਸੂ ਸਾਨੂੰ ਲੈ ਕੇ ਜਾਂਦਾ ਹੈ। ਹੁਣ ਯਹੋਵਾਹ ਮੇਰਾ ਪਿਆਰਾ ਪਿਤਾ ਤੇ ਦੋਸਤ ਹੈ ਤੇ ਮੈਂ ਉਸ ਨੂੰ ਪ੍ਰਾਰਥਨਾ ਕਰ ਸਕਦੀ ਹਾਂ। ਯਹੋਵਾਹ ਦੇ ਨੇੜੇ ਰਹੋ * ਨਾਂ ਦੀ ਕਿਤਾਬ ਪੜ੍ਹ ਕੇ ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਆਇਆ। ਮੈਂ ਪਹਿਲੀ ਵਾਰ ਇਹ ਕਿਤਾਬ ਇੱਕੋ ਰਾਤ ਵਿਚ ਪੜ੍ਹੀ ਸੀ! ਇਹ ਸਿੱਖ ਕੇ ਮੇਰੇ ’ਤੇ ਡੂੰਘਾ ਅਸਰ ਪਿਆ ਕਿ ਯਹੋਵਾਹ ਕਿੰਨਾ ਦਇਆਵਾਨ ਹੈ।
ਜਦ ਮੈਂ ਇਸ ਬਾਰੇ ਸੋਚਦੀ ਹਾਂ ਕਿ ਮੈਂ ਕਿੰਨਾ ਲੰਬਾ ਸਮਾਂ ਸੱਚਾਈ ਦੀ ਤਲਾਸ਼ ਕੀਤੀ, ਤਾਂ ਯਿਸੂ ਦੇ ਸ਼ਬਦ ਮੈਨੂੰ ਯਾਦ ਆਉਂਦੇ ਹਨ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” (ਮੱਤੀ 7:7) ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ ਹਨ ਤੇ ਹੁਣ ਦੂਜਿਆਂ ਨੂੰ ਬਾਈਬਲ ਦੀਆਂ ਗੱਲਾਂ ਦੱਸ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
ਭਾਵੇਂ ਮੈਂ ਹੁਣ 90 ਸਾਲਾਂ ਦੀ ਹਾਂ, ਪਰ ਅਜੇ ਵੀ ਮੈਨੂੰ ਯਹੋਵਾਹ ਬਾਰੇ ਬਹੁਤ ਕੁਝ ਸਿੱਖਣ ਦੀ ਲੋੜ ਹੈ। ਕਿੰਗਡਮ ਹਾਲ ਵਿਚ ਹਰ ਮੀਟਿੰਗ ਤੇ ਜਾਣਾ ਮੇਰੇ ਲਈ ਖ਼ਾਸ ਮੌਕਾ ਹੁੰਦਾ ਹੈ ਕਿਉਂਕਿ ਮੈਂ ਨਾ ਸਿਰਫ਼ ਬਾਈਬਲ ਬਾਰੇ ਹੋਰ ਸਿੱਖਦੀ ਹਾਂ, ਸਗੋਂ ਮੈਂ ਆਪਣੇ ਪਿਆਰੇ ਭੈਣਾਂ-ਭਰਾਵਾਂ ਨਾਲ ਵੀ ਸਮਾਂ ਗੁਜ਼ਾਰ ਸਕਦੀ ਹਾਂ। ਮੇਰੀ ਬੜੀ ਤਮੰਨਾ ਹੈ ਕਿ ਮੈਂ ਨਵੀਂ ਦੁਨੀਆਂ ਵਿਚ ਟੀਚਰ ਬਣਾਂ। (ਪ੍ਰਕਾਸ਼ ਦੀ ਕਿਤਾਬ 21:3, 4) ਮੈਂ ਖ਼ਾਸ ਕਰਕੇ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦੇ ਦੇਖਣਾ ਚਾਹੁੰਦੀ ਹਾਂ ਤੇ ਉਨ੍ਹਾਂ ਨੂੰ ਵੀ ਬਾਈਬਲ ਦੀ ਸਿੱਖਿਆ ਦੇਣੀ ਚਾਹੁੰਦੀ ਹਾਂ। (ਰਸੂਲਾਂ ਦੇ ਕੰਮ 24:15) ਫਿਰ ਮੈਂ ਉਨ੍ਹਾਂ ਨੂੰ ਦੱਸ ਸਕਾਂਗੀ ਕਿ ਬੁਢਾਪੇ ਵਿਚ ਯਹੋਵਾਹ ਨੇ ਮੈਨੂੰ ਕਿੰਨਾ ਕੀਮਤੀ ਤੋਹਫ਼ਾ ਦਿੱਤਾ ਸੀ! ▪ (w14-E 01/01)
^ ਪੈਰਾ 15 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।