ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?
ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?
“ਮੈਂ ਤਾਂ ਮਸਕੀਨ ਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ।” *—ਇਜ਼ਰਾਈਲ ਦਾ ਰਾਜਾ ਦਾਊਦ, 11ਵੀਂ ਸਦੀ ਈਸਵੀ ਪੂਰਵ।
ਕੀ ਦਾਊਦ ਲਈ ਇਹ ਉਮੀਦ ਰੱਖਣੀ ਸਹੀ ਸੀ ਕਿ ਰੱਬ ਉਸ ਦੀ ਚਿੰਤਾ ਕਰੇ? ਕੀ ਰੱਬ ਨੂੰ ਤੁਹਾਡੀ ਚਿੰਤਾ ਹੈ? ਬਹੁਤ ਸਾਰੇ ਲੋਕਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਦਾ ਫ਼ਿਕਰ ਕਰਦਾ ਹੈ। ਪਰ ਕਿਉਂ?
ਇਕ ਕਾਰਨ ਇਹ ਹੈ ਕਿ ਰੱਬ ਮਾਮੂਲੀ ਇਨਸਾਨਾਂ ਤੋਂ ਕਿਤੇ ਉੱਚਾ ਹੈ। ਜਦ ਰੱਬ ਸਵਰਗੋਂ ਦੇਖਦਾ ਹੈ, ਤਾਂ ਸਾਰੀਆਂ ਕੌਮਾਂ “ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ।” (ਯਸਾਯਾਹ 40:15) ਧਰਮਾਂ ’ਤੇ ਨੁਕਤਾਚੀਨੀ ਕਰਨ ਵਾਲੇ ਇਕ ਲੇਖਕ ਨੇ ਕਿਹਾ: “ਇਹ ਸਭ ਤੋਂ ਵੱਡੀ ਬੇਵਕੂਫ਼ੀ ਦੀ ਗੱਲ ਹੋਵੇਗੀ ਜੇ ਅਸੀਂ ਮੰਨਦੇ ਹਾਂ ਕਿ ਰੱਬ ਹੈ ਅਤੇ ਉਹ ਸਾਡੀ ਪਰਵਾਹ ਕਰਦਾ ਹੈ।”
ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਚਾਲ-ਚਲਣ ਕਰਕੇ ਉਹ ਇਸ ਗੱਲ ਦੇ ਲਾਇਕ ਨਹੀਂ ਕਿ ਪਰਮੇਸ਼ੁਰ ਉਨ੍ਹਾਂ ਦੀ ਫ਼ਿਕਰ ਕਰੇ। ਮਿਸਾਲ ਲਈ, 50 ਕੁ ਸਾਲਾਂ ਦਾ ਜਿਮ ਦੱਸਦਾ ਹੈ: “ਮੈਂ ਰੱਬ ਨੂੰ ਲਗਾਤਾਰ ਸ਼ਾਂਤੀ ਅਤੇ ਸੰਜਮ ਲਈ ਪ੍ਰਾਰਥਨਾ ਕਰਦਾ ਰਹਿੰਦਾ ਸੀ, ਪਰ ਮੇਰਾ ਗੁੱਸਾ ਫਿਰ ਭੜਕ ਜਾਂਦਾ ਸੀ। ਆਖ਼ਰਕਾਰ ਮੈਂ ਮੰਨ ਲਿਆ ਕਿ ਮੈਂ ਧੁਰ ਅੰਦਰ ਬੁਰਾ ਇਨਸਾਨ ਹਾਂ ਜਿਸ ਦੀ ਰੱਬ ਵੀ ਮਦਦ ਨਹੀਂ ਕਰ ਸਕਦਾ।”
ਕੀ ਰੱਬ ਇਨਸਾਨਾਂ ਤੋਂ ਇੰਨਾ ਦੂਰ ਹੈ ਕਿ ਉਸ ਨੂੰ ਸਾਡਾ ਜ਼ਰਾ ਵੀ ਫ਼ਿਕਰ ਨਹੀਂ? ਉਹ ਸਾਡੇ ਵਰਗੇ ਪਾਪੀ ਇਨਸਾਨਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਇਨ੍ਹਾਂ ਸਵਾਲਾਂ ਦੇ ਸਹੀ-ਸਹੀ ਜਵਾਬ ਕੌਣ ਦੇ ਸਕਦਾ ਹੈ? ਸਿਰਫ਼ ਰੱਬ ਹੀ ਸਾਨੂੰ ਦੱਸ ਸਕਦਾ ਹੈ ਕਿ ਉਸ ਨੂੰ ਸਾਡੀ ਫ਼ਿਕਰ ਹੈ ਜਾਂ ਨਹੀਂ। ਪਰਮੇਸ਼ੁਰ ਨੇ ਸਾਨੂੰ ਇਸ ਲਈ ਆਪਣਾ ਬਚਨ ਯਾਨੀ ਬਾਈਬਲ ਦਿੱਤੀ ਹੈ ਤਾਂਕਿ ਅਸੀਂ ਯਕੀਨ ਕਰੀਏ ਕਿ ਉਹ ਸਾਡੇ ਤੋਂ ਦੂਰ ਨਹੀਂ, ਬਲਕਿ ਉਹ ਹਰ ਇਨਸਾਨ ਦੀ ਚਿੰਤਾ ਕਰਦਾ ਹੈ। ਬਾਈਬਲ ਕਹਿੰਦੀ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਅਗਲੇ ਚਾਰ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਰੱਬ ਇਨਸਾਨਾਂ ਬਾਰੇ ਕੀ ਸੋਚਦਾ ਹੈ ਅਤੇ ਉਸ ਨੇ ਕਿਵੇਂ ਦਿਖਾਇਆ ਹੈ ਕਿ ਉਸ ਨੂੰ ਤੁਹਾਡਾ ਫ਼ਿਕਰ ਹੈ। (w14-E 08/01)
^ ਪੈਰਾ 3 ਜ਼ਬੂਰਾਂ ਦੀ ਪੋਥੀ 40:17; ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।