Skip to content

Skip to table of contents

ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

ਰੱਬ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ

ਰੱਬ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ

“ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।”​—ਯੂਹੰਨਾ 6:44.

ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਰੱਬ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਰੱਬ ਉਨ੍ਹਾਂ ਤੋਂ ਕੋਸਾਂ ਹੀ ਦੂਰ ਹੈ। ਆਇਰਲੈਂਡ ਵਿਚ ਰਹਿਣ ਵਾਲੀ ਕ੍ਰਿਸਟੀਨਾ ਹਰ ਹਫ਼ਤੇ ਚਰਚ ਜਾਂਦੀ ਹੁੰਦੀ ਸੀ। ਉਹ ਕਹਿੰਦੀ ਹੈ: “ਮੈਂ ਸਿਰਫ਼ ਇੰਨਾ ਹੀ ਮੰਨਦੀ ਸੀ ਕਿ ਰੱਬ ਨੇ ਹਰ ਚੀਜ਼ ਬਣਾਈ ਹੈ, ਪਰ ਮੈਂ ਉਸ ਨੂੰ ਜਾਣਦੀ ਨਹੀਂ ਸੀ। ਮੈਂ ਇਕ ਪਲ ਲਈ ਵੀ ਖ਼ੁਦ ਨੂੰ ਉਸ ਦੇ ਕਰੀਬ ਮਹਿਸੂਸ ਨਹੀਂ ਕੀਤਾ।”

ਰੱਬ ਦਾ ਬਚਨ ਸਿਖਾਉਂਦਾ ਹੈ: ਜਦੋਂ ਅਸੀਂ ਬੇਬੱਸ ਮਹਿਸੂਸ ਕਰਦੇ ਹਾਂ, ਤਾਂ ਯਹੋਵਾਹ ਸਾਡੀ ਵਾਰ-ਵਾਰ ਮਦਦ ਕਰਦਾ ਹੈ। ਯਿਸੂ ਨੇ ਮਿਸਾਲ ਦੇ ਕੇ ਸਮਝਾਇਆ ਕਿ ਪਰਮੇਸ਼ੁਰ ਸਾਡੀ ਕਿਵੇਂ ਪਰਵਾਹ ਕਰਦਾ ਹੈ: “ਜੇ ਕਿਸੇ ਕੋਲ ਸੌ ਭੇਡਾਂ ਹੋਣ ਤੇ ਉਨ੍ਹਾਂ ਵਿੱਚੋਂ ਇਕ ਭੇਡ ਭਟਕ ਜਾਵੇ, ਤਾਂ ਕੀ ਉਹ ਨੜ੍ਹਿੰਨਵੇਂ ਭੇਡਾਂ ਨੂੰ ਪਹਾੜ ਉੱਤੇ ਛੱਡ ਕੇ ਉਸ ਭਟਕੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ?” ਯਿਸੂ ਦੇ ਕਹਿਣ ਦਾ ਭਾਵ ਕੀ ਸੀ? “ਇਸੇ ਤਰ੍ਹਾਂ, ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।”​—ਮੱਤੀ 18:12-14.

‘ਇਹ ਨਿਮਾਣੇ’ ਸਾਰੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਪਰਮੇਸ਼ੁਰ ‘ਭਟਕੀਆਂ ਹੋਈਆਂ ਭੇਡਾਂ ਨੂੰ ਲੱਭਣ’ ਲਈ ਕੀ ਕਰਦਾ ਹੈ? ਇਸ ਲੇਖ ਦੇ ਸ਼ੁਰੂ ਵਿਚ ਦਿੱਤੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ।

ਅੱਜ ਕੌਣ ਹਨ ਜੋ ਲੋਕਾਂ ਦੇ ਘਰਾਂ ਅਤੇ ਪਬਲਿਕ ਥਾਵਾਂ ’ਤੇ ਜਾ ਕੇ ਬਾਈਬਲ ਵਿੱਚੋਂ ਰੱਬ ਦਾ ਸੰਦੇਸ਼ ਦੇ ਰਹੇ ਹਨ?

ਧਿਆਨ ਦਿਓ ਕਿ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਰੱਬ ਨੇ ਕਿਵੇਂ ਪਹਿਲ ਕੀਤੀ। ਪਹਿਲੀ ਸਦੀ ਵਿਚ ਪਰਮੇਸ਼ੁਰ ਨੇ ਫ਼ਿਲਿੱਪੁਸ ਨਾਂ ਦੇ ਮਸੀਹੀ ਚੇਲੇ ਨੂੰ ਕਿਹਾ ਕਿ ਉਹ ਰਾਹ ਜਾਂਦੇ ਇਥੋਪੀਆ ਦੇ ਇਕ ਮੰਤਰੀ ਕੋਲ ਜਾਵੇ। ਕਿਉਂ? ਤਾਂਕਿ ਉਹ ਮੰਤਰੀ ਨੂੰ ਬਾਈਬਲ ਦੀ ਇਕ ਭਵਿੱਖਬਾਣੀ ਦਾ ਮਤਲਬ ਸਮਝਾਵੇ ਜੋ ਮੰਤਰੀ ਪੜ੍ਹ ਰਿਹਾ ਸੀ। (ਰਸੂਲਾਂ ਦੇ ਕੰਮ 8:26-39) ਬਾਅਦ ਵਿਚ ਰੱਬ ਨੇ ਪਤਰਸ ਰਸੂਲ ਨੂੰ ਕੁਰਨੇਲੀਅਸ ਨਾਂ ਦੇ ਰੋਮੀ ਅਫ਼ਸਰ ਦੇ ਘਰ ਭੇਜਿਆ ਜੋ ਪ੍ਰਾਰਥਨਾ ਕਰ ਰਿਹਾ ਸੀ ਅਤੇ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। (ਰਸੂਲਾਂ ਦੇ ਕੰਮ 10:1-48) ਨਾਲੇ ਪਰਮੇਸ਼ੁਰ ਨੇ ਪੌਲੁਸ ਰਸੂਲ ਅਤੇ ਉਸ ਦੇ ਸਾਥੀਆਂ ਨੂੰ ਫ਼ਿਲਿੱਪੈ ਸ਼ਹਿਰ ਦੇ ਬਾਹਰ ਪੈਂਦੇ ਦਰਿਆ ਵੱਲ ਭੇਜਿਆ। ਉੱਥੇ ਉਨ੍ਹਾਂ ਨੂੰ “ਪਰਮੇਸ਼ੁਰ ਦੀ ਭਗਤੀ ਕਰਨ ਵਾਲੀ” ਲੀਡੀਆ ਨਾਂ ਦੀ ਇਕ ਤੀਵੀਂ ਮਿਲੀ ਅਤੇ ‘ਯਹੋਵਾਹ ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ ਤਾਂਕਿ ਉਹ ਗੱਲਾਂ ਨੂੰ ਕਬੂਲ ਕਰੇ।’​—ਰਸੂਲਾਂ ਦੇ ਕੰਮ 16:9-15.

ਇਨ੍ਹਾਂ ਤਿੰਨਾਂ ਹਾਲਾਤਾਂ ਵਿਚ ਯਹੋਵਾਹ ਨੇ ਇੰਤਜ਼ਾਮ ਕੀਤਾ ਕਿ ਉਸ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਉਸ ਨੂੰ ਜਾਣਨ ਦਾ ਮੌਕਾ ਮਿਲੇ। ਅੱਜ ਕੌਣ ਹਨ ਜੋ ਲੋਕਾਂ ਦੇ ਘਰਾਂ ਅਤੇ ਪਬਲਿਕ ਥਾਵਾਂ ’ਤੇ ਜਾ ਕੇ ਬਾਈਬਲ ਵਿੱਚੋਂ ਰੱਬ ਦਾ ਸੰਦੇਸ਼ ਦੇ ਰਹੇ ਹਨ? ਜ਼ਿਆਦਾਤਰ ਲੋਕ ਕਹਿਣਗੇ ਕਿ “ਯਹੋਵਾਹ ਦੇ ਗਵਾਹ।” ਸੋ ਖ਼ੁਦ ਨੂੰ ਪੁੱਛੋ: ‘ਕੀ ਰੱਬ ਉਨ੍ਹਾਂ ਨੂੰ ਵਰਤ ਕੇ ਮੇਰੇ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ?’ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਰੱਬ ਤੁਹਾਨੂੰ ਆਪਣੇ ਵੱਲ ਖਿੱਚਣ ਦੀਆਂ ਜੋ ਕੋਸ਼ਿਸ਼ਾਂ ਕਰ ਰਿਹਾ ਹੈ, ਉਸ ਨੂੰ ਸਵੀਕਾਰ ਕਰੋ ਤਾਂਕਿ ਤੁਸੀਂ ਉਸ ਦੇ ਦੋਸਤ ਬਣ ਸਕੋ। * ▪ (w14-E 08/01)

^ ਪੈਰਾ 8 ਹੋਰ ਜਾਣਕਾਰੀ ਲਈ www.pr418.com/pa ਉੱਤੇ ਬਾਈਬਲ ਕਿਉਂ ਪੜ੍ਹੀਏ? ਨਾਮਕ ਵੀਡੀਓ ਦੇਖੋ।