Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ

ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ

ਬ੍ਰਾਜ਼ੀਲ ਵਿਚ ਰਹਿਣ ਵਾਲਾ ਅਗੋਸਿਟਨੋ ਕਹਿੰਦਾ ਹੈ: “ਮੈਂ ਇਕ ਪਿੰਡ ਵਿਚ ਜੰਮਿਆ-ਪਲ਼ਿਆ ਸੀ। ਅਸੀਂ ਬਹੁਤ ਗ਼ਰੀਬ ਸੀ। ਕੰਮ ਕਰਨ ਅਤੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮੈਨੂੰ ਸਕੂਲ ਛੱਡਣਾ ਪਿਆ।” ਉਸ ਨੇ 33 ਸਾਲ ਦੀ ਉਮਰ ਵਿਚ ਪੜ੍ਹਨਾ-ਲਿਖਣਾ ਸਿੱਖਿਆ। ਉਹ ਦੱਸਦਾ ਹੈ: “ਪੜ੍ਹਨਾ-ਲਿਖਣਾ ਸਿੱਖਣ ਕਰਕੇ ਮੇਰੀ ਇੱਜ਼ਤ ਹੋਰ ਵਧ ਗਈ ਹੈ।”

ਪਿਛਲੇ 70 ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਜਿਨ੍ਹਾਂ 2 ਲੱਖ 50 ਹਜ਼ਾਰ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ, ਉਨ੍ਹਾਂ ਵਿਚ ਅਗੋਸਿਟਨੋ ਵੀ ਸੀ। ਯਹੋਵਾਹ ਦੇ ਗਵਾਹ ਇਹੋ ਜਿਹੀਆਂ ਕਲਾਸਾਂ ਦਾ ਪ੍ਰਬੰਧ ਕਿਉਂ ਕਰਦੇ ਹਨ? ਲੋਕਾਂ ਨੂੰ ਇਨ੍ਹਾਂ ਕਲਾਸਾਂ ਤੋਂ ਕਿਵੇਂ ਫ਼ਾਇਦਾ ਹੋਇਆ?

ਅਨਪੜ੍ਹਤਾ ਕਰਕੇ ਸਿੱਖਣਾ ਔਖਾ

1935 ਵਿਚ ਯਹੋਵਾਹ ਦੇ ਗਵਾਹ 115 ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਸਨ। ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਤਕ ਸੰਦੇਸ਼ ਪਹੁੰਚਾਉਣ ਲਈ ਮਿਸ਼ਨਰੀ ਅਨੁਵਾਦ ਕੀਤੇ ਗਏ ਬਾਈਬਲ-ਆਧਾਰਿਤ ਭਾਸ਼ਣਾਂ ਦੀਆਂ ਰਿਕਾਰਡਿੰਗਾਂ ਸੁਣਾਉਂਦੇ ਸਨ ਅਤੇ ਕਦੇ-ਕਦੇ ਉੱਥੋਂ ਦੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਨ ਦਿੰਦੇ ਸਨ। ਭਾਵੇਂ ਬਹੁਤ ਸਾਰੇ ਲੋਕ ਬਾਈਬਲ ਵਿਚ ਦਿਲਚਸਪੀ ਲੈਂਦੇ ਸਨ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਅਨਪੜ੍ਹ ਸਨ।

ਬਾਈਬਲ ਨਾ ਪੜ੍ਹ ਸਕਣ ਕਰਕੇ ਲੋਕਾਂ ਨੂੰ ਬਾਈਬਲ ਦੇ ਅਸੂਲ ਲਾਗੂ ਕਰਨੇ ਔਖੇ ਲੱਗਦੇ ਸਨ। (ਯਹੋਸ਼ੁਆ 1:8; ਜ਼ਬੂਰ 1:2, 3) ਉਨ੍ਹਾਂ ਨੂੰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ। ਉਦਾਹਰਣ ਲਈ, ਜੇ ਮਾਤਾ-ਪਿਤਾ ਨੂੰ ਪੜ੍ਹਨਾ ਨਹੀਂ ਆਉਂਦਾ ਸੀ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਬਾਈਬਲ ਦੀਆਂ ਗੱਲਾਂ ਸਿਖਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ। (ਬਿਵਸਥਾ ਸਾਰ 6:6, 7) ਜਿਹੜੇ ਲੋਕ ਨਵੇਂ-ਨਵੇਂ ਗਵਾਹ ਬਣੇ ਸਨ, ਉਹ ਪੜ੍ਹ-ਲਿਖ ਨਹੀਂ ਸਕਦੇ ਸਨ ਜਿਸ ਕਰਕੇ ਉਨ੍ਹਾਂ ਲਈ ਦੂਜਿਆਂ ਨੂੰ ਬਾਈਬਲ ਵਿੱਚੋਂ ਸਿਖਾਉਣਾ ਔਖਾ ਸੀ।

ਪੜ੍ਹਨਾ-ਲਿਖਣਾ ਸਿਖਾਉਣ ਦੀ ਮੁਹਿੰਮ

1940 ਤੋਂ 1950 ਦੇ ਦਹਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਦੀ ਅਗਵਾਈ ਕਰਨ ਵਾਲੇ ਦੋ ਭਰਾ ਨੇਥਨ ਐੱਚ. ਨੌਰ ਅਤੇ ਮਿਲਟਨ ਜੀ. ਹੈੱਨਸ਼ਲ ਪ੍ਰਚਾਰ ਦੇ ਕੰਮ ਵਿਚ ਮਦਦ ਕਰਨ ਲਈ ਵੱਖੋ-ਵੱਖਰੇ ਦੇਸ਼ਾਂ ਵਿਚ ਗਏ। ਜਿਨ੍ਹਾਂ ਦੇਸ਼ਾਂ ਵਿਚ ਅਨਪੜ੍ਹਤਾ ਜ਼ਿਆਦਾ ਸੀ, ਉਨ੍ਹਾਂ ਦੇਸ਼ਾਂ ਦੇ ਬ੍ਰਾਂਚ ਆਫ਼ਿਸਾਂ ਨੂੰ ਇਨ੍ਹਾਂ ਭਰਾਵਾਂ ਨੇ ਮੰਡਲੀਆਂ ਵਿਚ ਪੜ੍ਹਨਾ-ਲਿਖਣਾ ਸਿਖਾਉਣ ਲਈ ਕਲਾਸਾਂ ਲਗਾਉਣ ਦੀ ਹੱਲਾਸ਼ੇਰੀ ਦਿੱਤੀ।

1954 ਵਿਚ ਜ਼ੈਂਬੀਆ ਦੇ ਸ਼ਹਿਰ ਚਿੰਗੋਲਾ ਦੇ ਇਕ ਸੰਮੇਲਨ ਵਿਚ ਚਿਨਯਾਂਜਾ ਭਾਸ਼ਾ ਵਿਚ ਰਿਲੀਜ਼ ਕੀਤਾ ਗਿਆ ਪ੍ਰਕਾਸ਼ਨ

ਬ੍ਰਾਂਚ ਆਫ਼ਿਸਾਂ ਨੇ ਇਹ ਕਲਾਸਾਂ ਚਲਾਉਣ ਸੰਬੰਧੀ ਮੰਡਲੀਆਂ ਨੂੰ ਹਿਦਾਇਤਾਂ ਭੇਜੀਆਂ। ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗ੍ਰਾਮ ਚਲਾਏ ਹੋਏ ਸਨ ਜਿਨ੍ਹਾਂ ਦੀ ਗਵਾਹ ਮਦਦ ਲੈ ਸਕਦੇ ਸਨ। ਉਦਾਹਰਣ ਲਈ, ਬ੍ਰਾਜ਼ੀਲ ਦੀ ਸਰਕਾਰ ਨੇ ਉੱਥੇ ਦੇ ਬ੍ਰਾਂਚ ਆਫ਼ਿਸ ਨੂੰ ਕਿਤਾਬਾਂ ਅਤੇ ਕੁਝ ਹੋਰ ਜ਼ਰੂਰੀ ਚੀਜ਼ਾਂ ਭੇਜੀਆਂ ਅਤੇ ਇਹ ਸਾਰਾ ਕੁਝ ਉਨ੍ਹਾਂ ਨੇ ਅੱਗੋਂ ਮੰਡਲੀਆਂ ਵਿਚ ਭੇਜਿਆ। ਦੂਸਰੇ ਦੇਸ਼ਾਂ ਵਿਚ ਗਵਾਹਾਂ ਨੇ ਆਪਣੇ ਸਿਖਲਾਈ ਪ੍ਰੋਗ੍ਰਾਮ ਤਿਆਰ ਕੀਤੇ।

ਇਨ੍ਹਾਂ ਕਲਾਸਾਂ ਵਿਚ ਆਦਮੀ ਤੇ ਔਰਤਾਂ, ਜਵਾਨ ਅਤੇ ਬਜ਼ੁਰਗ ਆ ਸਕਦੇ ਸਨ। ਇਨ੍ਹਾਂ ਦਾ ਮਕਸਦ ਸੀ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਪੜ੍ਹਨੀ ਅਤੇ ਲਿਖਣੀ ਸਿਖਾਉਣੀ, ਭਾਵੇਂ ਕਿ ਇੱਕੋ ਮੰਡਲੀ ਵਿਚ ਕਈ ਭਾਸ਼ਾਵਾਂ ਕਿਉਂ ਨਾ ਸਿਖਾਉਣੀਆਂ ਪੈਣ।

ਇਕ ਪ੍ਰੋਗ੍ਰਾਮ ਨੇ ਲੋਕਾਂ ਦੀ ਮਦਦ ਕੀਤੀ

ਇਸ ਪੜ੍ਹਾਈ-ਲਿਖਾਈ ਦੇ ਪ੍ਰੋਗ੍ਰਾਮ ਤੋਂ ਲੋਕਾਂ ਨੂੰ ਕਿਵੇਂ ਫ਼ਾਇਦਾ ਹੋਇਆ? ਮੈਕਸੀਕੋ ਤੋਂ ਇਕ ਗਵਾਹ ਦੱਸਦੀ ਹੈ: “ਹੁਣ ਮੈਂ ਬਾਈਬਲ ਦੀਆਂ ਗੱਲਾਂ ਨੂੰ ਸਮਝ ਸਕਦੀ ਹਾਂ ਅਤੇ ਇਹ ਮੇਰੇ ਦਿਲ ਨੂੰ ਛੂਹ ਜਾਂਦੀਆਂ ਹਨ। ਪੜ੍ਹਨਾ ਆਉਣ ਕਰਕੇ ਹੁਣ ਮੈਂ ਆਪਣੇ ਗੁਆਂਢੀਆਂ ਨਾਲ ਗੱਲਬਾਤ ਕਰ ਸਕਦੀ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾ ਸਕਦੀ ਹਾਂ।”

ਇਸ ਪ੍ਰੋਗ੍ਰਾਮ ਨੇ ਲੋਕਾਂ ਦੀ ਸਿਰਫ਼ ਬਾਈਬਲ ਸਮਝਣ ਵਿਚ ਹੀ ਮਦਦ ਨਹੀਂ ਕੀਤੀ, ਸਗੋਂ ਹੋਰ ਵੀ ਕੁਝ ਸਿਖਾਇਆ। ਬੁਰੁੰਡੀ ਵਿਚ ਰਹਿਣ ਵਾਲਾ ਆਈਜ਼ਕ ਦੱਸਦਾ ਹੈ: “ਪੜ੍ਹਨ-ਲਿਖਣ ਕਰਕੇ ਮੈਂ ਉਸਾਰੀ ਦਾ ਕੰਮ ਸਿੱਖ ਸਕਿਆ। ਹੁਣ ਇਹੀ ਮੇਰਾ ਕੈਰੀਅਰ ਹੈ ਅਤੇ ਮੈਂ ਵੱਡੇ-ਵੱਡੇ ਉਸਾਰੀ ਦੇ ਕੰਮਾਂ ਦਾ ਸੁਪਰਵਾਈਜ਼ਰ ਹਾਂ।”

2014 ਵਿਚ ਮਲਾਵੀ ਦੀ ਰਾਜਧਾਨੀ ਲਿਲੋਂਗਵੇ ਦੇ ਕਿੰਗਡਮ ਹਾਲ ਵਿਚ ਚਿਚੇਵਾ ਭਾਸ਼ਾ ਸਿਖਾਈ ਜਾ ਰਹੀ ਹੈ

ਪੀਰੂ ਦੀ ਰਹਿਣ ਵਾਲੀ ਹੇਸੁਸਾ 49 ਸਾਲਾਂ ਦੀ ਸੀ ਜਦੋਂ ਉਸ ਨੇ ਇਨ੍ਹਾਂ ਕਲਾਸਾਂ ਵਿਚ ਆ ਕੇ ਪੜ੍ਹਨਾ-ਲਿਖਣਾ ਸਿੱਖਣਾ ਸ਼ੁਰੂ ਕੀਤਾ। ਉਹ ਦੱਸਦੀ ਹੈ: “ਬਾਜ਼ਾਰ ਵਿਚ ਚੀਜ਼ਾਂ ਖ਼ਰੀਦਣ ਵੇਲੇ ਮੈਂ ਉਨ੍ਹਾਂ ਦੇ ਨਾਂ ਅਤੇ ਭਾਅ ਦੇਖਦੀ ਹਾਂ। ਪਹਿਲਾਂ ਮੇਰੇ ਲਈ ਇੱਦਾਂ ਕਰਨਾ ਬਹੁਤ ਔਖਾ ਸੀ, ਪਰ ਇਨ੍ਹਾਂ ਕਲਾਸਾਂ ਬਦੌਲਤ ਮੈਂ ਹੁਣ ਪੂਰੇ ਭਰੋਸੇ ਨਾਲ ਆਪਣੇ ਪਰਿਵਾਰ ਲਈ ਖ਼ਰੀਦਾਰੀ ਕਰ ਸਕਦੀ ਹਾਂ।”

ਸਾਲਾਂ ਤੋਂ ਵੱਖੋ-ਵੱਖਰੇ ਦੇਸ਼ਾਂ ਦੇ ਅਧਿਕਾਰੀਆਂ ਨੇ ਯਹੋਵਾਹ ਦੇ ਗਵਾਹਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਲਈ ਕਿੰਨੀ ਮਿਹਨਤ ਕੀਤੀ ਹੈ। ਅੱਜ ਵੀ ਯਹੋਵਾਹ ਦੇ ਗਵਾਹ ਇਹ ਕਲਾਸਾਂ ਚਲਾ ਰਹੇ ਹਨ। ਇਨ੍ਹਾਂ ਕਲਾਸਾਂ ਵਿਚ ਉਹ ਅਜਿਹੇ ਪ੍ਰੋਗ੍ਰਾਮ ਅਤੇ ਚੀਜ਼ਾਂ ਵਰਤਦੇ ਹਨ ਜਿਨ੍ਹਾਂ ਵਿਚ ਸਾਲਾਂ ਤੋਂ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਨੇ ਅਨਪੜ੍ਹ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਲਈ 720 ਭਾਸ਼ਾਵਾਂ ਵਿਚ ਲਗਭਗ 22 ਕਰੋੜ 40 ਲੱਖ ਰਸਾਲੇ ਤਿਆਰ ਕੀਤੇ ਤੇ ਛਾਪੇ ਹਨ। *

^ ਪੈਰਾ 11 ਉਦਾਹਰਣ ਲਈ, ਲਗਨ ਨਾਲ ਪੜ੍ਹਨਾ ਅਤੇ ਲਿਖਣਾ ਬਰੋਸ਼ਰ 123 ਭਾਸ਼ਾਵਾਂ ਵਿਚ ਅਤੇ ਰੱਬ ਦੀ ਸੁਣੋ ਬਰੋਸ਼ਰ 610 ਭਾਸ਼ਾਵਾਂ ਵਿਚ ਉਪਲਬਧ ਹੈ।