Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

ਨਿਊਜ਼ੀਲੈਂਡ ਵਿਚ ਯਹੋਵਾਹ ਦੇ ਗਵਾਹ—ਸ਼ਾਂਤੀ-ਪਸੰਦ ਅਤੇ ਸਮਰਪਿਤ ਮਸੀਹੀ

ਨਿਊਜ਼ੀਲੈਂਡ ਵਿਚ ਯਹੋਵਾਹ ਦੇ ਗਵਾਹ—ਸ਼ਾਂਤੀ-ਪਸੰਦ ਅਤੇ ਸਮਰਪਿਤ ਮਸੀਹੀ

21 ਅਕਤੂਬਰ 1940 ਵਿਚ ਨਿਊਜ਼ੀਲੈਂਡ ਦੀ ਸਰਕਾਰ ਨੇ ਐਲਾਨ ਕੀਤਾ ਕਿ ਯਹੋਵਾਹ ਦੇ ਗਵਾਹ ਸਰਕਾਰ ਅਤੇ ਲੋਕਾਂ ਲਈ ਖ਼ਤਰਾ ਹਨ। ਭਾਵੇਂ ਕਿ ਇਸ ਐਲਾਨ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਮੁਸ਼ਕਲਾਂ ਆਈਆਂ, ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਦਾਹਰਣ ਲਈ, ਉਨ੍ਹਾਂ ਨੇ ਅਧਿਕਾਰੀਆਂ ਦੁਆਰਾ ਛਾਪੇ ਮਾਰੇ ਜਾਣ ਅਤੇ ਗਿਰਫ਼ਤਾਰ ਕੀਤੇ ਜਾਣ ਦੇ ਡਰੋਂ ਭਗਤੀ ਦੇ ਕੰਮਾਂ ਵਿਚ ਹਿੱਸਾ ਲੈਣਾ ਨਹੀਂ ਛੱਡਿਆ।

ਐਂਡੀ ਕਲਾਰਕ ਯਹੋਵਾਹ ਦਾ ਗਵਾਹ ਨਹੀਂ ਸੀ, ਪਰ ਉਸ ਦੀ ਪਤਨੀ ਮੈਰੀ ਯਹੋਵਾਹ ਦੀ ਗਵਾਹ ਸੀ। ਉਸ ਨੇ ਗੌਰ ਕੀਤਾ ਕਿ ਖ਼ਤਰੇ ਦੇ ਬਾਵਜੂਦ ਵੀ ਉਸ ਦੀ ਪਤਨੀ ਦਾ ਮੀਟਿੰਗਾਂ ’ਤੇ ਜਾਣ ਦਾ ਇਰਾਦਾ ਪੱਕਾ ਸੀ। ਉਸ ਨੂੰ ਡਰ ਸੀ ਕਿ ਮੀਟਿੰਗਾਂ ਵਿਚ ਜਾਣ ਕਰਕੇ ਕਿਤੇ ਉਸ ਦੀ ਪਤਨੀ ਨੂੰ ਗਿਰਫ਼ਤਾਰ ਨਾ ਕਰ ਲਿਆ ਜਾਵੇ। ਭਾਵੇਂ ਕਿ ਐਂਡੀ ਪਹਿਲਾਂ ਕਦੇ ਮੀਟਿੰਗਾਂ ਵਿਚ ਨਹੀਂ ਗਿਆ, ਪਰ ਉਸ ਨੇ ਮੈਰੀ ਨਾਲ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਐਂਡੀ ਨੇ ਆਪਣੀ ਪਤਨੀ ਨੂੰ ਕਿਹਾ: “ਠੀਕ ਹੈ, ਜੇ ਉਹ ਤੈਨੂੰ ਗਿਰਫ਼ਤਾਰ ਕਰਨਗੇ, ਤਾਂ ਮੈਂ ਵੀ ਤੇਰੇ ਨਾਲ ਹੀ ਜੇਲ੍ਹ ਵਿਚ ਜਾਵਾਂਗਾ!” ਉਦੋਂ ਤੋਂ ਐਂਡੀ ਆਪਣੀ ਪਤਨੀ ਨਾਲ ਹਰ ਮੀਟਿੰਗ ’ਤੇ ਜਾਣ ਲੱਗਾ। ਸਮੇਂ ਦੇ ਬੀਤਣ ਨਾਲ ਉਹ ਵੀ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ। ਭਾਵੇਂ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਨਿਊਜ਼ੀਲੈਂਡ ਵਿਚ ਗਵਾਹਾਂ ’ਤੇ ਅਤਿਆਚਾਰ ਕੀਤੇ ਗਏ, ਫਿਰ ਵੀ ਮੈਰੀ ਵਾਂਗ ਬਹੁਤ ਸਾਰੇ ਗਵਾਹਾਂ ਨੇ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ।

ਨਜ਼ਰਬੰਦ ਹੋਣ ਦੇ ਬਾਵਜੂਦ ਵਾਧਾ

ਇਕ ਦਿਨ 78 ਸਾਲਾਂ ਦਾ ਭਰਾ ਜੌਨ ਮਰੇਅ ਘਰ-ਘਰ ਜਾ ਕੇ ਬਾਈਬਲ ਵਿੱਚੋਂ ਗੱਲਾਂ ਕਰ ਰਿਹਾ ਸੀ। ਉਸ ਵੇਲੇ ਪੁਲਿਸ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਅਦਾਲਤ ਨੇ ਭਰਾ ਨੂੰ ਦੋਸ਼ੀ ਕਰਾਰ ਦਿੱਤਾ ਕਿ ਉਹ ਖ਼ਤਰਨਾਕ ਸੰਗਠਨ ਦੇ ਕੰਮਾਂ ਵਿਚ ਹਿੱਸਾ ਲੈ ਰਿਹਾ ਸੀ। ਹੋਰ ਵੀ ਬਹੁਤ ਸਾਰੇ ਗਵਾਹਾਂ ਨੂੰ ਅਦਾਲਤ ਸਾਮ੍ਹਣੇ ਪੇਸ਼ ਕੀਤਾ ਗਿਆ। ਕੁਝ ਗਵਾਹਾਂ ਨੂੰ ਜੁਰਮਾਨਾ ਲਾਇਆ ਗਿਆ ਅਤੇ ਹੋਰਾਂ ਨੂੰ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ ਸੀ।

ਬਾਈਬਲ ਦੁਆਰਾ ਸਿਖਾਈ ਗਈ ਜ਼ਮੀਰ ਕਰਕੇ ਗਵਾਹਾਂ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰ ਦਿੱਤਾ। (ਯਸਾਯਾਹ 2:4) ਇਸ ਲਈ ਯੁੱਧ ਦੌਰਾਨ ਉਨ੍ਹਾਂ ’ਤੇ ਬਹੁਤ ਜ਼ੁਲਮ ਕੀਤੇ ਗਏ। ਕੁਝ 80 ਕੁ ਗਵਾਹਾਂ ਨੂੰ ਯੁੱਧ ਖ਼ਤਮ ਹੋਣ ਤਕ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਗਿਆ। ਬਹੁਤ ਜ਼ਿਆਦਾ ਬੁਰੇ ਸਲੂਕ ਅਤੇ ਜ਼ਬਰਦਸਤ ਠੰਢ ਹੋਣ ਦੇ ਬਾਵਜੂਦ ਵੀ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੇ।

ਨਜ਼ਰਬੰਦੀ ਕੈਂਪਾਂ ਵਿਚ ਭਰਾਵਾਂ ਨੇ ਬਿਨਾਂ ਸਮਾਂ ਗੁਆਏ ਭਗਤੀ ਨਾਲ ਜੁੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਇਕ ਮੰਡਲੀ ਵਜੋਂ ਬਾਕਾਇਦਾ ਮੀਟਿੰਗਾਂ ਅਤੇ ਪ੍ਰਚਾਰ ਵਿਚ ਹਿੱਸਾ ਲੈਣ ਦਾ ਪ੍ਰਬੰਧ ਕੀਤਾ। ਕਈ ਕੈਂਪਾਂ ਵਿਚ ਤਾਂ ਗਵਾਹਾਂ ਨੂੰ ਇਕ ਗਾਰਡ ਦੀ ਮੌਜੂਦਗੀ ਵਿਚ ਸੰਮੇਲਨ ਕਰਨ ਦੀ ਇਜਾਜ਼ਤ ਵੀ ਮਿਲ ਗਈ। ਕੈਂਪਾਂ ਵਿਚ ਕੁਝ ਕੈਦੀਆਂ ਨੇ ਬਾਈਬਲ ਦੀਆਂ ਸੱਚਾਈਆਂ ਬਾਰੇ ਸਿੱਖਿਆ ਅਤੇ ਉੱਥੇ ਹੀ ਬਪਤਿਸਮਾ ਲੈ ਲਿਆ।

ਨਜ਼ਰਬੰਦੀ ਕੈਂਪ ਵਿਚ ਗਵਾਹਾਂ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਦਾ ਪ੍ਰਬੰਧ ਕੀਤਾ

ਮੈਰੀ ਅਤੇ ਐਂਡੀ, ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦਾ ਛੋਟਾ ਪੁੱਤਰ ਬਰੂਸ ਵੀ ਕੈਂਪ ਵਿਚ ਸੀ। ਉਸ ਨੇ ਇਸ ਸਮੇਂ ਨੂੰ ਬਾਈਬਲ ਬਾਰੇ ਹੋਰ ਸਿੱਖਣ ਦਾ ਮੌਕਾ ਸਮਝਿਆ। ਉਹ ਦੱਸਦਾ ਹੈ: “ਮੇਰੇ ਲਈ ਇਹ ਸਕੂਲ ਜਾਣ ਵਾਂਗ ਸੀ ਕਿਉਂਕਿ ਇੱਥੇ ਮੈਂ ਸਾਰੇ ਭੈਣਾਂ-ਭਰਾਵਾਂ ਦੇ ਤਜਰਬਿਆਂ ਤੇ ਬਾਈਬਲ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਤੋਂ ਬਹੁਤ ਕੁਝ ਸਿੱਖਦਾ ਸੀ।”

1944 ਵਿਚ ਸਰਕਾਰ ਨੇ ਕੁਝ ਗਵਾਹਾਂ ਨੂੰ ਕੈਂਪਾਂ ਵਿੱਚੋਂ ਰਿਹਾ ਕਰਨ ਬਾਰੇ ਸੋਚਿਆ। ਪਰ ਫ਼ੌਜੀ ਅਧਿਕਾਰੀ ਸਰਕਾਰ ਨਾਲ ਸਹਿਮਤ ਨਹੀਂ ਸਨ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਗਵਾਹਾਂ ਨੂੰ ਰਿਹਾ ਕਰ ਦਿੱਤਾ, ਤਾਂ ਵੀ ਉਨ੍ਹਾਂ ਨੇ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਤੋਂ ਨਹੀਂ ਹਟਣਾ। ਉਨ੍ਹਾਂ ਦੀ ਇਕ ਰਿਪੋਰਟ ਕਹਿੰਦੀ ਹੈ: “ਨਜ਼ਰਬੰਦੀ ਕੈਂਪਾਂ ਵਿਚ ਰੱਖ ਕੇ ਇਨ੍ਹਾਂ ਕੱਟੜਪੰਥੀਆਂ ਦੇ ਕੰਮਾਂ ’ਤੇ ਕੁਝ ਹੱਦ ਤਕ ਤਾਂ ਰੋਕ ਲਗਾਈ ਜਾ ਸਕਦੀ ਹੈ, ਫਿਰ ਵੀ ਇਹ ਕਦੇ ਨਹੀਂ ਬਦਲਣਗੇ।”

ਉਹ ਲੋਕਾਂ ਲਈ ਖ਼ਤਰਾ ਨਹੀਂ ਹਨ

ਗਵਾਹਾਂ ਦੇ ਕੰਮਾਂ ’ਤੇ ਲੱਗੀ ਪਾਬੰਦੀ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਵਿਚ ਦਿਲਚਸਪੀ ਲੈਣ ਲੱਗ ਪਏ। ਸਮੇਂ ਦੇ ਬੀਤਣ ਨਾਲ ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਦੇ ਗਵਾਹ ਉਨ੍ਹਾਂ ਲਈ ਖ਼ਤਰਾ ਨਹੀਂ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਗਵਾਹ ਨੁਕਸਾਨ ਪਹੁੰਚਾਉਣ ਵਾਲੇ ਨਹੀਂ, ਸਗੋਂ ਸ਼ਾਂਤੀ-ਪਸੰਦ ਮਸੀਹੀ ਸਨ। ਨਤੀਜੇ ਵਜੋਂ, ਨਿਊਜ਼ੀਲੈਂਡ ਵਿਚ 1939 ਤੋਂ 1945 ਤਕ ਗਵਾਹਾਂ ਦੀ ਗਿਣਤੀ 320 ਤੋਂ ਵਧ ਕੇ 536 ਹੋ ਗਈ!

ਉਸ ਸਮੇਂ ਨਿਰਪੱਖ ਸੋਚ ਰੱਖਣ ਵਾਲੇ ਅਧਿਕਾਰੀਆਂ ਨੇ ਦੇਖਿਆ ਕਿ ਯਹੋਵਾਹ ਦੇ ਗਵਾਹਾਂ ’ਤੇ ਪਾਬੰਦੀ ਲਾਉਣਾ ਬੇਇਨਸਾਫ਼ੀ ਸੀ। ਇਕ ਭਰਾ ਨੂੰ ਪ੍ਰਚਾਰ ਕਰਨ ਕਰਕੇ ਗਿਰਫ਼ਤਾਰ ਕੀਤਾ ਗਿਆ ਸੀ। ਉਸ ਦੀ ਸੁਣਵਾਈ ਵੇਲੇ ਜੱਜ ਨੇ ਸਬੂਤ ਸੁਣਨ ਤੋਂ ਬਾਅਦ ਕੇਸ ਰੱਦ ਕਰ ਦਿੱਤਾ। ਜੱਜ ਨੇ ਕਿਹਾ: “ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਵੀ ਸਿਰਫ਼ ਇਸ ਕਰਕੇ ਅਪਰਾਧੀ ਠਹਿਰਾ ਦਿੱਤਾ ਜਾਵੇ ਕਿਉਂਕਿ ਉਹ ਬਾਈਬਲ ਦੀਆਂ ਕਾਪੀਆਂ ਵੰਡਦਾ ਹੈ ਅਤੇ ਜਿੱਥੋਂ ਤਕ ਮੈਨੂੰ ਕਾਨੂੰਨ ਦੀ ਸਮਝ ਹੈ, ਇਹ ਕੋਈ ਜੁਰਮ ਨਹੀਂ ਹੈ।”

ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਜਦੋਂ ਪਾਬੰਦੀ ਹਟਾ ਦਿੱਤੀ ਗਈ, ਤਾਂ ਗਵਾਹਾਂ ਦਾ ਆਪਣੇ ਗੁਆਂਢੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਦਾ ਇਰਾਦਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੱਕਾ ਹੋ ਗਿਆ। 1945 ਵਿਚ ਨਿਊਜ਼ੀਲੈਂਡ ਦੀਆਂ ਸਾਰੀਆਂ ਮੰਡਲੀਆਂ ਨੂੰ ਬ੍ਰਾਂਚ ਆਫ਼ਿਸ ਤੋਂ ਮਿਲੀ ਇਕ ਚਿੱਠੀ ਵਿਚ ਕਿਹਾ ਗਿਆ: “ਆਓ ਆਪਾਂ ਸਾਰਿਆਂ ਨਾਲ ਸੋਚ-ਸਮਝ ਕੇ, ਦੋਸਤਾਨਾ ਅਤੇ ਦਇਆ ਨਾਲ ਪੇਸ਼ ਆਈਏ। ਨਾਲੇ ਵਾਦ-ਵਿਵਾਦਾਂ ਅਤੇ ਝਗੜਿਆਂ ਤੋਂ ਬਚੀਏ। ਯਾਦ ਰੱਖੋ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲਦੇ ਹਾਂ, ਉਹ ਦਿਲੋਂ ਆਪਣੇ ਧਰਮ ਦੀਆਂ ਸਿੱਖਿਆਵਾਂ ’ਤੇ ਯਕੀਨ ਕਰਦੇ ਹਨ ਅਤੇ ਉਨ੍ਹਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। . . . ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪ੍ਰਭੂ ਦੀਆਂ ‘ਭੇਡਾਂ’ ਹਨ ਜਿਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਰਾਜ ਵੱਲ ਲਿਜਾਣਾ ਬਹੁਤ ਜ਼ਰੂਰੀ ਹੈ।”

ਅੱਜ ਨਿਊਜ਼ੀਲੈਂਡ ਵਿਚ ਯਹੋਵਾਹ ਦੇ ਗਵਾਹ ਉੱਥੇ ਰਹਿੰਦੇ ਲੋਕਾਂ ਅਤੇ ਉੱਥੇ ਘੁੰਮਣ-ਫਿਰਨ ਲਈ ਆਉਂਦੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾ ਰਹੇ ਹਨ। ਇਕ ਦਿਨ, ਟੂਰੰਗੀ ਸ਼ਹਿਰ ਵਿਚ 4 ਭੈਣਾਂ ਨੇ 17 ਦੇਸ਼ਾਂ ਤੋਂ ਘੁੰਮਣ-ਫਿਰਨ ਆਏ 67 ਲੋਕਾਂ ਨਾਲ ਕੁਝ ਹੀ ਘੰਟਿਆਂ ਵਿਚ ਗੱਲ ਕੀਤੀ!

ਇਸ ਤੋਂ ਸਾਫ਼ ਪਤਾ ਲੱਗਾ ਕਿ ਨਿਊਜ਼ੀਲੈਂਡ ਦੇ ਲੋਕ ਸਮਝ ਗਏ ਕਿ ਯਹੋਵਾਹ ਦੇ ਗਵਾਹ ਸ਼ਾਂਤੀ-ਪਸੰਦ ਅਤੇ ਸਮਰਪਿਤ ਮਸੀਹੀ ਹਨ। ਨਾਲੇ ਗਵਾਹ ਬਾਈਬਲ ਦੀਆਂ ਸਿੱਖਿਆਵਾਂ ਨੂੰ ਬਹੁਤ ਅਹਿਮੀਅਤ ਦਿੰਦੇ ਹਨ ਅਤੇ ਇਨ੍ਹਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਹਰ ਸਾਲ ਸੈਂਕੜੇ ਹੀ ਲੋਕ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈਂਦੇ ਹਨ। 2019 ਤੋਂ 14,000 ਤੋਂ ਜ਼ਿਆਦਾ ਗਵਾਹ ਇਸ ਦੱਖਣੀ ਦੇਸ਼ ਵਿਚ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਆ ਰਹੇ ਹਨ।

1940 ਵਿਚ ਪਾਬੰਦੀ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਬਾਈਬਲ ਸਟੱਡੀ ਲਈ ਰੱਖੀ ਇਕ ਮੀਟਿੰਗ

ਨਿਊਜ਼ੀਲੈਂਡ ਦੇ ਉੱਤਰੀ ਟਾਪੂ ’ਤੇ ਨਜ਼ਰਬੰਦੀ ਕੈਂਪ ਵਿਚ ਹਰ ਕੈਦੀ ਲਈ ਇਕ-ਇਕ ਕੋਠੜੀ

ਨਿਊਜ਼ੀਲੈਂਡ ਦੇ ਉੱਤਰੀ ਟਾਪੂ ’ਤੇ ਹਾਉਟੂ ਨਜ਼ਰਬੰਦੀ ਕੈਂਪ

1949 ਵਿਚ ਨਜ਼ਰਬੰਦੀ ਕੈਂਪ ਵਿਚ ਉਹ ਯਹੋਵਾਹ ਦੇ ਗਵਾਹ ਜਿਨ੍ਹਾਂ ਨੂੰ ਨਿਰਪੱਖਤਾ ਕਰਕੇ ਕੈਦ ਹੋਈ ਸੀ