ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਗਿਲਿਅਡ ਸਕੂਲ—ਦੁਨੀਆਂ ਭਰ ਤੋਂ ਆਏ ਵਿਦਿਆਰਥੀ
1 ਦਸੰਬਰ 2020
ਹਰ ਸਾਲ ਦੁਨੀਆਂ ਭਰ ਤੋਂ ਪੂਰੇ ਸਮੇਂ ਦੀ ਖ਼ਾਸ ਸੇਵਾ ਕਰਨ ਵਾਲੇ ਸੇਵਕਾ ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਸਿਖਲਾਈ ਲੈਣ ਲਈ ਬੁਲਾਇਆ ਜਾਂਦਾ ਹੈ। ਇਹ ਸਕੂਲ ਨਿਊਯਾਰਕ ਦੇ ਪੈਟਰਸਨ ਸ਼ਹਿਰ ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਚ ਰੱਖਿਆ ਜਾਂਦਾ ਹੈ। a ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਯਹੋਵਾਹ ਦੇ ਸੰਗਠਨ ਵਿਚ ਅਲੱਗ-ਅਲੱਗ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਿਖਲਾਈ ਕਰਕੇ ਉਹ ਦੁਨੀਆਂ ਭਰ ਵਿਚ ਮੰਡਲੀਆਂ ਅਤੇ ਬ੍ਰਾਂਚ-ਆਫ਼ਿਸਾਂ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰ ਪਾਉਂਦੇ ਹਨ। ਨਾਲੇ ਮੰਡਲੀਆਂ ਅਤੇ ਬ੍ਰਾਂਚ-ਆਫ਼ਿਸਾਂ ਦੇ ਕੰਮਾਂ ਵਿਚ ਮਦਦ ਕਰ ਪਾਉਂਦੇ ਹਨ।
ਸੱਚ-ਮੁੱਚ, ਗਿਲਿਅਡ ਇਕ ਅੰਤਰਰਾਸ਼ਟਰੀ ਸਕੂਲ ਹੈ। ਉਦਾਹਰਣ ਲਈ, 2019 ਵਿਚ ਹੋਈ 147ਵੀਂ ਕਲਾਸ ਵਿਚ 29 ਦੇਸ਼ਾਂ ਤੋਂ 56 ਵਿਦਿਆਰਥੀ ਆਏ ਸਨ। ਇਨ੍ਹਾਂ ਵਿਚ ਕੁਝ ਵਿਦਿਆਰਥੀ ਸਰਕਟ ਓਵਰਸੀਅਰ, ਮਿਸ਼ਨਰੀ, ਖ਼ਾਸ ਪਾਇਨੀਅਰ ਅਤੇ ਕੁਝ ਬੈਥਲ ਵਿਚ ਖ਼ਾਸ ਪੂਰੇ ਸਮੇਂ ਦੀ ਸੇਵਾ ਕਰ ਰਹੇ ਸਨ।
ਸਕੂਲ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਹੈੱਡ-ਕੁਆਰਟਰ ਦਾ ਸਫ਼ਰੀ ਵਿਭਾਗ, ਸਕੂਲ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਹਵਾਈ ਜਹਾਜ਼ ਦੀਆਂ ਟਿਕਟਾਂ ਖ਼ਰੀਦਦਾ ਹੈ। ਉਦਾਹਰਣ ਲਈ, 147ਵੀਂ ਕਲਾਸ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਆਪਣੀ ਸੇਵਾ ਦੀ ਜਗ੍ਹਾ ਤੋਂ ਪੈਟਰਸਨ ਸ਼ਹਿਰ ਤਕ ਆਉਣ-ਜਾਣ ਦਾ ਖ਼ਰਚਾ ਲਗਭਗ 79 ਹਜ਼ਾਰ ਰੁਪਏ (1,075 ਡਾਲਰ) ਸੀ। ਇਸ ਤੋਂ ਇਲਾਵਾ, ਜਿਹੜੇ ਵਿਦਿਆਰਥੀ ਸੋਲਮਨ ਦੀਪ-ਸਮੂਹ ਤੋਂ ਸਨ, ਉਨ੍ਹਾਂ ਨੂੰ ਪੈਟਰਸਨ ਸ਼ਹਿਰ ਆਉਣ ਲਈ ਚਾਰ ਵਾਰ ਅਤੇ ਉੱਥੋਂ ਵਾਪਸ ਜਾਣ ਲਈ ਤਿੰਨ ਵਾਰ ਹਵਾਈ ਜਹਾਜ਼ ਬਦਲਣਾ ਪਿਆ। ਇਸ ਤਰ੍ਹਾਂ ਸੋਲਮਨ ਦੀਪ-ਸਮੂਹ ਤੋਂ ਆਏ ਵਿਦਿਆਰਥੀਆਂ ਨੇ 35 ਹਜ਼ਾਰ ਚਾਰ ਸੋ ਕਿਲੋਮੀਟਰ (22,000 ਮੀਲ) ਲੰਬਾ ਸਫ਼ਰ ਤੈਅ ਕੀਤਾ ਅਤੇ ਹਰ ਵਿਦਿਆਰਥੀ ਲਈ ਲਗਭਗ 1 ਲੱਖ 68 ਹਜ਼ਾਰ ਰੁਪਏ (2,300 ਡਾਲਰ) ਖ਼ਰਚ ਹੋਏ। ਹੈੱਡ-ਕੁਆਰਟਰ ਦਾ ਸਫ਼ਰੀ ਵਿਭਾਗ ਇਕ ਕੰਪਿਊਟਰ ਪ੍ਰੋਗ੍ਰਾਮ ਦੀ ਮਦਦ ਨਾਲ ਸਸਤੀਆਂ ਟਿਕਟਾਂ ਬੁੱਕ ਕਰਦਾ ਹੈ। ਪਰ ਟਿਕਟਾਂ ਬੁੱਕ ਕਰਨ ਤੋਂ ਬਾਅਦ ਵੀ ਇਹ ਕੰਪਿਊਟਰ ਪ੍ਰੋਗ੍ਰਾਮ ਅਗਲੇ ਕਈ ਹਫ਼ਤਿਆਂ ਅਤੇ ਮਹੀਨਿਆਂ ਤਕ ਸਸਤੀਆਂ ਟਿਕਟਾਂ ਲੱਭਦਾ ਰਹਿੰਦਾ ਹੈ। ਇਸ ਤੋਂ ਇਲਾਵਾ, ਕੁਝ ਭੈਣ-ਭਰਾ ਏਅਰਲਾਈਨ ਤੋਂ ਮਿਲਣ ਵਾਲੇ ਪੁਆਇੰਟ ਅਤੇ ਕੂਪਨ ਦਾਨ ਕਰਦੇ ਹਨ। ਸਫ਼ਰੀ ਵਿਭਾਗ ਇਨ੍ਹਾਂ ਪੁਆਇੰਟਾਂ ਅਤੇ ਕੂਪਨਾਂ ਨੂੰ ਵਰਤ ਕੇ ਵੀ ਟਿਕਟਾਂ ਬੁੱਕ ਕਰਦਾ ਹੈ।
ਅਲੱਗ-ਅਲੱਗ ਦੇਸ਼ਾਂ ਤੋਂ ਅਮਰੀਕਾ ਆਉਣ ਲਈ ਵਿਦਿਆਰਥੀਆਂ ਨੂੰ ਵੀਜੇ ਦੀ ਲੋੜ ਹੁੰਦੀ ਹੈ। ਹੈੱਡਕੁਆਰਟਰ ਦਾ ਕਾਨੂੰਨੀ ਵਿਭਾਗ ਇਨ੍ਹਾਂ ਵਿਦਿਆਰਥੀਆਂ ਦੇ ਵੀਜੇ ਲਗਵਾਉਣ ਵਿਚ ਮਦਦ ਕਰਦਾ ਹੈ। ਹਰ ਵਿਦਿਆਰਥੀ ਦਾ ਵੀਜਾ ਲਗਵਾਉਣ ਅਤੇ ਰਜਿਸਟਰੇਸ਼ਨ ਕਰਵਾਉਣ ਲਈ ਲਗਭਗ 37 ਹਜ਼ਾਰ ਰੁਪਏ (510 ਡਾਲਰ) ਖ਼ਰਚ ਹੁੰਦੇ ਹਨ।
ਇਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸਿਖਲਾਈ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਹੇਂਡਰਾ ਗੁਨਾਵਾਨ ਨਾਂ ਦਾ ਭਰਾ ਦੱਖਣੀ ਪੂਰਬੀ ਏਸ਼ੀਆ ਦੀ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਨ੍ਹਾਂ ਦੀ ਮੰਡਲੀ ਵਿਚ ਇਕ ਪਤੀ-ਪਤਨੀ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋਏ ਹਨ। ਭਰਾ ਹੇਂਡਰਾ ਗੁਨਾਵਾਨ ਕਹਿੰਦਾ ਹੈ: “ਪਹਿਲਾਂ ਸਾਡੀ ਮੰਡਲੀ ਵਿਚ ਇਕ ਵੀ ਪਾਇਨੀਅਰ ਨਹੀਂ ਸੀ। ਪਰ ਜਦੋਂ ਤੋਂ ਇਹ ਪਤੀ-ਪਤਨੀ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋ ਕੇ ਸਾਡੀ ਮੰਡਲੀ ਵਿਚ ਆਏ ਹਨ, ਉਦੋਂ ਤੋਂ ਭੈਣ-ਭਰਾਵਾਂ ਦਾ ਜ਼ੋਸ ਹੋਰ ਵੀ ਵਧ ਗਿਆ ਹੈ। ਕਈ ਭੈਣ-ਭਰਾ ਪਾਇਨੀਅਰ ਬਣ ਗਏ ਅਤੇ ਇਕ ਭੈਣ ਨੂੰ ਤਾਂ ‘ਰਾਜ ਦੇ ਪ੍ਰਚਾਰਕਾਂ ਲਈ ਸਕੂਲ’ ਵਿਚ ਜਾਣ ਦਾ ਮੌਕਾ ਵੀ ਮਿਲਿਆ।”
ਸਰਜੀਓ ਪਾਂਜਾ-ਇਤਾਨ ਨਾਂ ਦਾ ਭਰਾ, ਦੱਖਣੀ-ਪੂਰਬੀ ਏਸ਼ੀਆ ਦੇ ਇਕ ਬੈਥਲ ਵਿਚ ਕੰਮ ਕਰਦਾ ਹੈ। ਉਸ ਨਾਲ ਇਕ ਭਰਾ ਅਤੇ ਚਾਰ ਭੈਣਾਂ ਕੰਮ ਕਰਦੀਆਂ ਹਨ ਜਿਨ੍ਹਾਂ ਨੇ ਗਿਲਿਅਡ ਸਕੂਲ ਤੋਂ ਸਿਖਲਾਈ ਲਈ ਹੈ। ਉਹ ਕਹਿੰਦਾ ਹੈ: “ਗਿਲਿਅਡ ਸਕੂਲ ਤੋਂ ਵਿਦਿਆਰਥੀਆਂ ਨੂੰ ਜੋ ਸਿਖਲਾਈ ਮਿਲਦੀ ਹੈ ਉਹ ਨਾ ਸਿਰਫ਼ ਉਨ੍ਹਾਂ ਲਈ, ਬਲਕਿ ਸਾਡੇ ਲਈ ਵੀ ਇਕ ਬਰਕਤ ਹੈ। ਉੱਥੇ ਉਨ੍ਹਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ! ਪਰ ਇਸ ਕਰਕੇ ਉਹ ਖ਼ੁਦ ਨੂੰ ਦੂਸਰਿਆਂ ਤੋਂ ਬਿਹਤਰ ਨਹੀਂ ਸਮਝਦੇ। ਉਨ੍ਹਾਂ ਨੇ ਜੋ ਵੀ ਸਿੱਖਿਆ ਹੈ, ਉਹ ਦੂਸਰੇ ਭੈਣਾਂ-ਭਰਾਵਾਂ ਨਾਲ ਸਾਂਝਾ ਕਰਦੇ ਹਨ। ਇਸ ਤਰ੍ਹਾਂ ਸਾਡਾ ਹੌਸਲਾ ਵਧਦਾ ਹੈ ਅਤੇ ਬਦਲੇ ਵਿਚ ਅਸੀਂ ਦੂਸਰਿਆਂ ਦਾ ਹੌਸਲਾ ਵਧਾਉਂਦੇ ਹਾਂ।”
ਇਸ ਸਕੂਲ ਦਾ ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ? ‘ਪੂਰੀ ਦੁਨੀਆਂ ਵਿਚ ਹੋਣ ਵਾਲੇ ਕੰਮ ਲਈ’ ਦਿੱਤੇ ਦਾਨ ਨਾਲ। ਜ਼ਿਆਦਾਤਰ ਦਾਨ donate.pr418.com ਵਿਚ ਦੱਸੇ ਅਲੱਗ-ਅਲੱਗ ਤਰੀਕਿਆਂ ਨਾਲ ਦਿੱਤਾ ਜਾਂਦਾ ਹੈ। ਤੁਹਾਡੇ ਦਿਲੋਂ ਦਿੱਤੇ ਦਾਨ ਲਈ ਬਹੁਤ-ਬਹੁਤ ਸ਼ੁਕਰੀਆ! ਕਿਉਂਕਿ ਇਸ ਦਾਨ ਦੀ ਮਦਦ ਨਾਲ ਹੀ ਇਹ ਅੰਤਰਰਾਸ਼ਟਰੀ ਸਕੂਲ ਚਲਾਇਆ ਜਾਂਦਾ ਹੈ।
a ਇਸ ਸਕੂਲ ਦਾ ਕੋਰਸ ਯਹੋਵਾਹ ਦੇ ਗਵਾਹਾਂ ਦਾ ਸਕੂਲ ਵਿਭਾਗ ਤਿਆਰ ਕਰਦਾ ਹੈ। ਇਸ ਕੋਰਸ ਨੂੰ ਤਿਆਰ ਕਰਨ ਲਈ ਉਹ ਪ੍ਰਬੰਧਕ ਸਭਾ ਦੀ ਸਿੱਖਿਆ ਕਮੇਟੀ ਦੀ ਮਦਦ ਲੈਂਦਾ ਹੈ। ਗਿਲਿਅਡ ਸਕੂਲ ਵਿਚ ਅਲੱਗ-ਅਲੱਗ ਭਰਾ ਸਿਖਾਉਂਦੇ ਹਨ ਜਿਵੇਂ: ਸਕੂਲ ਵਿਭਾਗ ਦੇ ਸਿੱਖਿਅਕ, ਮਹਿਮਾਨ ਸਿੱਖਿਅਕ ਅਤੇ ਪ੍ਰਬੰਧਕ ਸਭਾ ਦੇ ਮੈਂਬਰ।