Skip to content

Skip to table of contents

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

ਭਰੋਸੇਮੰਦ ਅਤੇ ਨਿਹਚਾ ਵਧਾਉਣ ਵਾਲੀਆਂ ਖ਼ਬਰਾਂ

ਭਰੋਸੇਮੰਦ ਅਤੇ ਨਿਹਚਾ ਵਧਾਉਣ ਵਾਲੀਆਂ ਖ਼ਬਰਾਂ

1 ਦਸੰਬਰ 2021

 ਯਹੋਵਾਹ ਦੇ ਗਵਾਹ ਆਪਣੇ ਭੈਣਾਂ-ਭਰਾਵਾਂ ਦੀ ਦਿਲੋਂ ਪਰਵਾਹ ਕਰਦੇ ਹਨ। (1 ਪਤਰਸ 2:17) ਸਾਡੇ ਵਿੱਚੋਂ ਬਹੁਤ ਸਾਰੇ ਕੀਨੀਆ ਵਿਚ ਰਹਿਣ ਵਾਲੀ ਟਾਨਿਸ ਨਾਂ ਦੀ ਭੈਣ ਵਾਂਗ ਮਹਿਸੂਸ ਕਰਦੇ ਹਨ। ਉਸ ਨੇ ਕਿਹਾ: “ਮੈਨੂੰ ਇਹ ਜਾਣਨਾ ਬਹੁਤ ਚੰਗਾ ਲੱਗਦਾ ਹੈ ਕਿ ਪੂਰੀ ਦੁਨੀਆਂ ਵਿਚ ਮੇਰੇ ਭੈਣਾਂ-ਭਰਾਵਾਂ ਨਾਲ ਕੀ ਹੋ ਰਿਹਾ ਹੈ।” ਟਾਨਿਸ ਅਤੇ ਹੋਰ ਲੱਖਾਂ ਗਵਾਹਾਂ ਨੂੰ ਆਪਣੇ ਭੈਣਾਂ-ਭਰਾਵਾਂ ਬਾਰੇ ਕਿਵੇਂ ਪਤਾ ਲੱਗਦਾ ਹੈ? ਅਸੀਂ 2013 ਤੋਂ ਆਪਣੀ ਵੈੱਬਸਾਈਟ jw.org ਦੇ ਨਿਊਜ਼ ਰੂਮ ਨਾਂ ਦੇ ਸੈਕਸ਼ਨ a ਤੋਂ ਉਨ੍ਹਾਂ ਬਾਰੇ ਜਾਣ ਸਕਦੇ ਹਾਂ।

 ਨਿਊਜ਼ ਰੂਮ ʼਤੇ ਯਹੋਵਾਹ ਦੇ ਗਵਾਹਾਂ ਬਾਰੇ ਅਲੱਗ-ਅਲੱਗ ਖ਼ਬਰਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਬਾਈਬਲ ਦੀ ਰੀਲੀਜ਼, ਰਾਹਤ ਕੰਮ, ਉਸਾਰੀ ਪ੍ਰਾਜੈਕਟ ਅਤੇ ਹੋਰ ਅਹਿਮ ਕੰਮਾਂ ਬਾਰੇ। ਅਸੀਂ ਇਨ੍ਹਾਂ ਖ਼ਬਰਾਂ ʼਤੇ ਭਰੋਸਾ ਕਰ ਸਕਦੇ ਹਾਂ। ਇਸ ਵਿਚ ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਵੀ ਦੱਸਿਆ ਜਾਂਦਾ ਹੈ ਜੋ ਆਪਣੀ ਨਿਹਚਾ ਕਰਕੇ ਜੇਲ੍ਹ ਵਿਚ ਹਨ। ਨਾਲੇ ਨਿਊਜ਼ ਰੂਮ ʼਤੇ ਪ੍ਰਚਾਰ ਮੁਹਿੰਮ ਅਤੇ ਮੈਮੋਰੀਅਲ ਵਿਚ ਹੋਏ ਤਜਰਬਿਆਂ ਬਾਰੇ ਵੀ ਦੱਸਿਆ ਜਾਂਦਾ ਹੈ ਜਿਨ੍ਹਾਂ ਨਾਲ ਸਾਡਾ ਹੌਸਲਾ ਵਧਦਾ ਹੈ। ਲੇਖ ਤਿਆਰ ਕਰਨ ਲਈ ਇਨ੍ਹਾਂ ਖ਼ਬਰਾਂ ਦੀ ਖੋਜਬੀਨ ਕੌਣ ਕਰਦਾ ਹੈ ਅਤੇ ਇਹ ਲੇਖ ਕਿਵੇਂ ਤਿਆਰ ਕੀਤੇ ਜਾਂਦੇ ਹਨ?

ਕਿਹੜੀ ਖ਼ਬਰ ਕਿਵੇਂ ਤਿਆਰ ਕੀਤੀ ਜਾਂਦੀ ਹੈ?

 ਨਿਊਜ਼ ਰੂਮ ਦਾ ਕੰਮ ਆਫ਼ਿਸ ਆਫ਼ ਪਬਲਿਕ ਇੰਨਫਾਰਮੇਸ਼ਨ ਸੰਭਾਲਦਾ ਹੈ। ਇਹ ਵਿਭਾਗ ਮੁੱਖ ਦਫ਼ਤਰ ਵਿਚ ਹੈ ਅਤੇ ਇਹ ਵਿਭਾਗ ਪ੍ਰਬੰਧਕ ਸਭਾ ਦੀ ਪ੍ਰਬੰਧਕਾਂ ਦੀ ਕਮੇਟੀ ਦੀ ਨਿਗਰਾਨੀ ਅਧੀਨ ਕੰਮ ਕਰਦਾ ਹੈ। ਆਫ਼ਿਸ ਆਫ਼ ਪਬਲਿਕ ਇੰਨਫਾਰਮੇਸ਼ਨ ਵਿਚ 100 ਤੋਂ ਜ਼ਿਆਦਾ ਭੈਣ-ਭਰਾ ਕੰਮ ਕਰਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਭੈਣ-ਭਰਾ ਆਪਣੇ ਘਰੋਂ ਕੰਮ ਕਰਦੇ ਹਨ। ਇਹ ਭੈਣ-ਭਰਾ ਲੇਖ ਲਿਖਦੇ ਹਨ, ਖੋਜਬੀਨ ਕਰਦੇ ਹਨ, ਤਸਵੀਰਾਂ ਚੁਣਦੇ ਹਨ ਅਤੇ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਦੇ ਹਨ। ਕੁਝ ਜਣੇ ਸਰਕਾਰੀ ਅਧਿਕਾਰੀਆਂ, ਸਿੱਖਿਆ ਅਤੇ ਮੀਡੀਆ ਨਾਲ ਸੰਬੰਧਿਤ ਲੋਕਾਂ ਨਾਲ ਗੱਲ ਕਰਦੇ ਹਨ। ਇਹ ਵਿਭਾਗ ਦੁਨੀਆਂ ਭਰ ਦੇ 80 ਬ੍ਰਾਂਚ ਆਫ਼ਿਸਾਂ ਦੇ ਪਬਲਿਕ ਇੰਨਫਾਰਮੇਸ਼ਨ ਡੈੱਸਕ ਦੀ ਮਦਦ ਕਰਦਾ ਹੈ।

 ਕੋਈ ਨਿਊਜ਼ ਰਿਪੋਰਟ ਤਿਆਰ ਕਰਨ ਲਈ ਆਫ਼ਿਸ ਆਫ਼ ਪਬਲਿਕ ਇੰਨਫਾਰਮੇਸ਼ਨ ਵਿਭਾਗ ਪਬਲਿਕ ਇੰਨਫਾਰਮੇਸ਼ਨ ਡੈੱਸਕ ਨਾਲ ਮਿਲ ਕੇ ਕੰਮ ਕਰਦਾ ਹੈ। ਜਦੋਂ ਭਰਾ ਫ਼ੈਸਲਾ ਕਰ ਲੈਂਦੇ ਹਨ ਕਿ ਕਿਹੜੀ ਖ਼ਬਰ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਾਂ ਉਹ ਉਸ ਵਿਸ਼ੇ ਦੀ ਚੰਗੀ ਤਰ੍ਹਾਂ ਖੋਜਬੀਨ ਕਰਦੇ ਹਨ ਅਤੇ ਭਰੋਸੇਮੰਦ ਜਾਣਕਾਰੀ ਇਕੱਠੀ ਕਰਦੇ ਹਨ। ਉਹ ਇੰਟਰਵਿਊਜ਼ ਲੈਂਦੇ ਹਨ ਅਤੇ ਮਾਹਰਾਂ ਨਾਲ ਗੱਲ ਕਰਦੇ ਹਨ। ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਲੇਖ ਲਿਖਿਆ ਜਾਂਦਾ ਹੈ, ਇਸ ਵਿਚ ਸੁਧਾਰ ਕੀਤਾ ਜਾਂਦਾ ਹੈ, ਦੁਬਾਰਾ ਪੜ੍ਹਿਆ ਜਾਂਦਾ ਹੈ, ਫੋਟੋਆਂ ਲਾਈਆਂ ਜਾਂਦੀਆਂ ਹਨ ਅਤੇ ਮਨਜ਼ੂਰੀ ਲਈ ਪ੍ਰਬੰਧਕਾਂ ਦੀ ਕਮੇਟੀ ਕੋਲ ਭੇਜਿਆ ਜਾਂਦਾ ਹੈ।

ਸ਼ੁਕਰਗੁਜ਼ਾਰੀ ਦੇ ਸ਼ਬਦ

 ਭੈਣ-ਭਰਾ ਨਿਊਜ਼ ਰੂਮ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਫ਼ਿਲਪੀਨ ਤੋਂ ਚੈਰਲ ਨਾਂ ਦੀ ਭੈਣ ਕਹਿੰਦੀ ਹੈ: “ਮੈਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਯਹੋਵਾਹ ਦੇ ਸੰਗਠਨ ਅਤੇ ਉਸ ਦੇ ਲੋਕਾਂ ਬਾਰੇ ਖ਼ਬਰਾਂ ਪੜ੍ਹਨੀਆਂ ਬਹੁਤ ਪਸੰਦ ਹਨ।”

 ਬਹੁਤ ਸਾਰੇ ਪਾਠਕਾਂ ਨੇ ਦੇਖਿਆ ਹੈ ਕਿ jw.org ਨਿਊਜ਼ ਰੂਮ ਅਤੇ ਹੋਰ ਨਿਊਜ਼ ਮੀਡੀਆ ʼਤੇ ਆਉਂਦੀਆਂ ਖ਼ਬਰਾਂ ਵਿਚ ਬਹੁਤ ਫ਼ਰਕ ਹੈ। ਕਜ਼ਾਕਸਤਾਨ ਤੋਂ ਟੇਟੀਯਾਨਾ ਨੇ ਕਿਹਾ: “ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਮੈਂ jw.org ʼਤੇ ਆਉਂਦੀਆਂ ਖ਼ਬਰਾਂ ʼਤੇ ਭਰੋਸਾ ਕਰ ਸਕਦੀ ਹਾਂ। ਇਹ ਸੱਚੀਆਂ ਤੇ ਭਰੋਸੇਯੋਗ ਹਨ।” ਮੈਕਸੀਕੋ ਤੋਂ ਭੈਣ ਆਲਮਾ ਨੇ ਕਿਹਾ: “ਮੀਡੀਆ ʼਤੇ ਆਉਂਦੀਆਂ ਖ਼ਬਰਾਂ ਬਹੁਤ ਨਿਰਾਸ਼ ਕਰਨ ਵਾਲੀਆਂ ਹੁੰਦੀਆਂ ਹਨ, ਪਰ ਨਿਊਜ਼ ਰੂਮ ʼਤੇ ਆਉਂਦੀਆਂ ਖ਼ਬਰਾਂ ਨਾਲ ਹੌਸਲਾ ਵਧਦਾ ਹੈ।”

 ਨਿਊਜ਼ ਰੂਮ ʼਤੇ ਆਉਂਦੀਆਂ ਖ਼ਬਰਾਂ ਸਿਰਫ਼ ਭਰੋਸੇਯੋਗ ਹੀ ਨਹੀਂ ਹਨ, ਸਗੋਂ ਇਸ ਨਾਲ ਸਾਡੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ। ਕੀਨੀਆ ਤੋਂ ਬਰਨਾਰਡ ਦੱਸਦਾ ਹੈ: “ਨਿਊਜ਼ ਰੂਮ ਕਰਕੇ ਮੈਂ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਆਪਣਾ ਪਰਿਵਾਰ ਸਮਝਦਾ ਹਾਂ, ਚਾਹੇ ਉਹ ਜਿਸ ਮਰਜ਼ੀ ਦੇਸ਼ ਦੇ ਹੋਣ। ਮੈਂ ਉਨ੍ਹਾਂ ਦਾ ਨਾਂ ਲੈ ਕੇ ਅਤੇ ਉਨ੍ਹਾਂ ਦੇ ਹਾਲਾਤਾਂ ਬਾਰੇ ਪ੍ਰਾਰਥਨਾ ਕਰ ਸਕਦਾ ਹਾਂ।” ਕੀਨੀਆ ਤੋਂ ਹੀ ਭੈਣ ਬਾਏਰਨ ਨੇ ਕਿਹਾ: “ਕਿਸੇ ਭਾਸ਼ਾ ਵਿਚ ਬਾਈਬਲ ਰੀਲੀਜ਼ ਬਾਰੇ ਕੋਈ ਲੇਖ ਦੇਖ ਕੇ ਮੈਨੂੰ ਹਮੇਸ਼ਾ ਬਹੁਤ ਖ਼ੁਸ਼ੀ ਹੁੰਦੀ ਹੈ। ਇਨ੍ਹਾਂ ਲੇਖਾਂ ਤੋਂ ਮੈਨੂੰ ਯਾਦ ਰਹਿੰਦਾ ਹੈ ਕਿ ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ।”

ਨਿਊਜ਼ ਰੂਮ ਕਰਕੇ ਅਸੀਂ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਦੀਆਂ ਮੁਸ਼ਕਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ

 ਭੈਣਾਂ-ਭਰਾਵਾਂ ਨੂੰ ਸਤਾਏ ਜਾਣ ਦੀਆਂ ਖ਼ਬਰਾਂ ਨਾਲ ਵੀ ਸਾਨੂੰ ਹੌਸਲਾ ਮਿਲ ਸਕਦਾ ਹੈ। ਕੀਨੀਆ ਤੋਂ ਜੈਕਲੀਨ ਨੇ ਕਿਹਾ: “ਉਨ੍ਹਾਂ ਦੀ ਦਲੇਰੀ ʼਤੇ ਸੋਚ-ਵਿਚਾਰ ਕਰਕੇ ਮੇਰੀ ਨਿਹਚਾ ਸੱਚੀਂ ਮਜ਼ਬੂਤ ਹੋਈ ਹੈ। ਮੈਂ ਹਮੇਸ਼ਾ ਜਾਣਨ ਦੀ ਕੋਸ਼ਿਸ਼ ਕਰਦੀ ਹਾਂ ਕਿ ਕਿਹੜੀਆਂ ਗੱਲਾਂ ਨੇ ਦੁੱਖ ਸਹਿਣ ਵਿਚ ਉਨ੍ਹਾਂ ਦੀ ਮਦਦ ਕੀਤੀ। ਮੈਂ ਸਿੱਖਿਆ ਕਿ ਕਿਵੇਂ ਪ੍ਰਾਰਥਨਾ ਕਰ ਕੇ, ਬਾਈਬਲ ਪੜ੍ਹ ਕੇ ਅਤੇ ਇੱਥੋਂ ਤਕ ਕਿ ਗੀਤ ਗਾ ਕੇ ਭੈਣ-ਭਰਾ ਆਪਣੀ ਨਿਹਚਾ ਮਜ਼ਬੂਤ ਰੱਖ ਸਕੇ।”

 ਕਾਸਟਾ ਰੀਕਾ ਤੋਂ ਭੈਣ ਬੇਆਟਰੀਸ ਨੇ ਕੁਦਰਤੀ ਆਫ਼ਤਾਂ ਸੰਬੰਧੀ ਆਉਂਦੀਆਂ ਖ਼ਬਰਾਂ ਲਈ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ। ਉਹ ਕਹਿੰਦੀ ਹੈ: “ਨਿਊਜ਼ ਰੂਮ ਕਰਕੇ ਮੈਂ ਜਾਣ ਸਕਦੀ ਹਾਂ ਕਿ ਕਿਵੇਂ ਸਾਡਾ ਸੰਗਠਨ ਵਧੀਆ ਤਰੀਕੇ ਅਤੇ ਪਿਆਰ ਨਾਲ ਇਕਦਮ ਭੈਣਾਂ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਇਸ ਤੋਂ ਮੈਨੂੰ ਯਕੀਨ ਹੁੰਦਾ ਹੈ ਕਿ ਇਹੀ ਯਹੋਵਾਹ ਦਾ ਸੰਗਠਨ ਹੈ।”

 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਦੀਆਂ ਤਾਜ਼ਾ ਖ਼ਬਰਾਂ ਮਿਲਦੀਆਂ ਹਨ। ਇਹ ਦੁਨੀਆਂ ਭਰ ਵਿਚ ਹੋ ਰਹੇ ਕੰਮ ਲਈ ਦਿੱਤੇ ਜਾਂਦੇ ਦਾਨ ਤੋਂ ਬਗੈਰ ਮੁਮਕਿਨ ਨਹੀਂ ਹੋਣਾ ਸੀ ਜੋ ਤੁਹਾਡੇ ਵਿੱਚੋਂ ਬਹੁਤ ਜਣੇ donate.pr418.com ਰਾਹੀਂ ਦਿੰਦੇ ਹਨ। ਤੁਹਾਡੇ ਵੱਲੋਂ ਦਿਲੋਂ ਦਿੱਤੇ ਜਾਂਦੇ ਦਾਨ ਲਈ ਸ਼ੁਕਰੀਆ।

a ਇਹ ਸੈਕਸ਼ਨ ਅਜੇ ਪੰਜਾਬੀ ਵਿਚ ਉਪਲਬਧ ਨਹੀਂ ਹੈ।