ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਵਾਧੇ ਕਰਕੇ ਘਾਟਾ ਪੂਰਾ ਹੋਇਆ
1 ਅਕਤੂਬਰ 2020
ਯਹੋਵਾਹ ਦੇ ਗਵਾਹ 200 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਕਰਦੇ ਹਨ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦੇ ਹਨ। ਪਰ ਲਗਭਗ 35 ਦੇਸ਼ ਹੀ ਅਜਿਹੇ ਹਨ ਜੋ ਆਪਣਾ ਖ਼ਰਚਾ ਆਪ ਚੁੱਕ ਪਾਉਂਦੇ ਹਨ। ਤਾਂ ਫਿਰ ਬਾਕੀ ਦੇਸ਼ਾਂ ਦਾ ਖ਼ਰਚਾ ਕਿਵੇਂ ਪੂਰਾ ਕੀਤਾ ਜਾਂਦਾ ਹੈ?
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਭੈਣਾਂ-ਭਰਾਵਾਂ ਦੀਆਂ ਲੋੜਾਂ ਦਾ ਖ਼ਾਸ ਖ਼ਿਆਲ ਰੱਖਦੀ ਹੈ ਤਾਂਕਿ ਉਹ ਯਹੋਵਾਹ ਦੀ ਭਗਤੀ ਅਤੇ ਪ੍ਰਚਾਰ ਦਾ ਕੰਮ ਚੰਗੀ ਤਰ੍ਹਾਂ ਕਰ ਸਕਣ। ਇਸ ਲਈ ਸੰਗਠਨ ਦਾਨ ਵਿਚ ਮਿਲਣ ਵਾਲੇ ਪੈਸਿਆਂ ਦਾ ਬਜਟ ਬਣਾਉਂਦਾ ਹੈ ਅਤੇ ਸੋਚ-ਸਮਝ ਕੇ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਦਾ ਹੈ। ਮੰਨ ਲਓ ਕਿ ਇਕ ਬ੍ਰਾਂਚ ਆਫ਼ਿਸ ਨੂੰ ਜ਼ਿਆਦਾ ਦਾਨ ਮਿਲਦਾ ਹੈ। ਅਜਿਹਾ ਹੋਣ ਤੇ ਉਹ ਆਪਣਾ ਖ਼ਰਚਾ ਪੂਰਾ ਕਰਨ ਤੋਂ ਬਾਅਦ ਬਚੇ ਹੋਏ ਪੈਸੇ ਲੋੜਵੰਦ ਦੇਸ਼ਾਂ ਨੂੰ ਭੇਜ ਦਿੰਦਾ ਹੈ। ਇਸ ਤਰ੍ਹਾਂ ਦਾ ਪ੍ਰਬੰਧ ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਕੀਤਾ ਸੀ। ਉਹ ਆਪਣੇ ਵਾਧੇ ਵਿੱਚੋਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਸਨ ਜਿਨ੍ਹਾਂ ਕੋਲ ਘੱਟ ਹੁੰਦਾ ਸੀ। ਇਸ ਤਰ੍ਹਾਂ ਉਹ ਇਕ-ਦੂਜੇ ਦਾ “ਘਾਟਾ ਪੂਰਾ” ਕਰਦੇ ਸਨ।—2 ਕੁਰਿੰਥੀਆਂ 8:14.
ਜਦੋਂ ਭਰਾਵਾਂ ਨੂੰ ਹੋਰ ਬ੍ਰਾਂਚ ਆਫ਼ਿਸਾਂ ਤੋਂ ਆਰਥਿਕ ਮਦਦ ਮਿਲੀ, ਤਾਂ ਉਨ੍ਹਾਂ ਨੂੰ ਕਿਵੇਂ ਲੱਗਾ? ਆਓ ਤਨਜ਼ਾਨੀਆ ਦੇਸ਼ ਦੀ ਉਦਾਹਰਣ ʼਤੇ ਗੌਰ ਕਰੀਏ। ਇਸ ਦੇਸ਼ ਵਿਚ ਜ਼ਿਆਦਾਤਰ ਲੋਕ ਹਰ ਰੋਜ਼ ਸਿਰਫ਼ ਦੋ ਡਾਲਰ (150 ਰੁਪਏ) ਜਾਂ ਇਸ ਤੋਂ ਵੀ ਘੱਟ ਪੈਸਿਆਂ ਨਾਲ ਗੁਜ਼ਾਰਾ ਕਰਦੇ ਹਨ। ਇਸ ਲਈ ਉੱਥੇ ਦੇ ਭੈਣਾਂ-ਭਰਾਵਾਂ ਲਈ ਕਿੰਗਡਮ ਹਾਲ ਦੀ ਮੁਰੰਮਤ ਕਰਨੀ ਬਹੁਤ ਮੁਸ਼ਕਲ ਸੀ। ਪਰ ਹੋਰ ਬ੍ਰਾਂਚ ਆਫ਼ਿਸਾਂ ਤੋਂ ਮਿਲੇ ਪੈਸਿਆਂ ਕਰਕੇ ਮਾਫਿੰਗਾ ਮੰਡਲੀ ਦੇ ਕਿੰਗਡਮ ਹਾਲ ਦੀ ਮੁਰੰਮਤ ਹੋ ਪਾਈ। ਇਸ ਮੰਡਲੀ ਦੇ ਭਰਾਵਾਂ ਨੇ ਕਿਹਾ: “ਜਦੋਂ ਤੋਂ ਸਾਡੇ ਕਿੰਗਡਮ ਹਾਲ ਦੀ ਮੁਰੰਮਤ ਹੋਈ ਹੈ, ਉਦੋਂ ਤੋਂ ਮੀਟਿੰਗਾਂ ਵਿਚ ਆਉਣ ਵਾਲਿਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਅਸੀਂ ਸੰਗਠਨ ਅਤੇ ਦੁਨੀਆਂ ਭਰ ਵਿਚ ਰਹਿੰਦੇ ਸਾਡੇ ਭੈਣਾਂ-ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਇਸ ਸਦਕਾ ਅੱਜ ਅਸੀਂ ਇਕ ਸੋਹਣੇ ਕਿੰਗਡਮ ਹਾਲ ਵਿਚ ਯਹੋਵਾਹ ਦੀ ਭਗਤੀ ਕਰ ਪਾ ਰਹੇ ਹਾਂ।”
ਕੋਵਿਡ-19 ਮਹਾਂਮਾਰੀ ਕਰਕੇ ਸ਼੍ਰੀ ਲੰਕਾ ਵਿਚ ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਭਰ ਪੇਟ ਖਾਣਾ ਨਹੀਂ ਮਿਲ ਰਿਹਾ ਸੀ। ਸਾਡੀ ਭੈਣ ਈਮਾਰਾ ਫਰਨਾਂਡੂ ਅਤੇ ਉਸ ਦੇ ਮੁੰਡੇ ਈਨੌਸ਼ ਨੂੰ ਵੀ ਇਸ ਔਖੀ ਘੜੀ ਵਿੱਚੋਂ ਲੰਘਣਾ ਪਿਆ। ਉਹ ਦੂਜੇ ਦੇਸ਼ਾਂ ਤੋਂ ਮਿਲੇ ਦਾਨ ਅਤੇ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹਨ। ਉਨ੍ਹਾਂ ਨੇ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਇਕ ਕਾਰਡ ਬਣਾਇਆ ਜਿਸ ਵਿਚ ਉਨ੍ਹਾਂ ਨੇ ਲਿਖਿਆ: “ਇਨ੍ਹਾਂ ਔਖੀਆਂ ਘੜੀਆਂ ਦੌਰਾਨ ਭਰਾਵਾਂ ਨੇ ਜਿਸ ਤਰ੍ਹਾਂ ਸਾਡੀ ਮਦਦ ਕੀਤੀ ਹੈ, ਉਸ ਲਈ ਅਸੀਂ ਉਨ੍ਹਾਂ ਦੇ ਬਹੁਤ ਅਹਿਸਾਨਮੰਦ ਹਾਂ। ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਇਸ ਪਰਿਵਾਰ ਦਾ ਹਿੱਸਾ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਸਾਡੇ ਸਾਰੇ ਭੈਣਾਂ-ਭਰਾਵਾਂ ਦਾ ਖ਼ਿਆਲ ਰੱਖੇ।”
ਚਾਹੇ ਸਾਡੇ ਭੈਣ-ਭਰਾ ਜਿੱਥੇ ਮਰਜ਼ੀ ਰਹਿੰਦੇ ਹੋਣ, ਉਹ ਇਕ-ਦੂਜੇ ਦੀ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ। ਭਰਾ ਈਨੌਸ਼ ਦੀ ਮਿਸਾਲ ਲੈ ਲਓ। ਉਸ ਨੇ ਪੈਸੇ ਜਮਾ ਕਰਨ ਲਈ ਇਕ ਛੋਟਾ ਜਿਹਾ ਬਕਸਾ ਬਣਾਇਆ ਤਾਂਕਿ ਇਨ੍ਹਾਂ ਪੈਸਿਆਂ ਨਾਲ ਉਹ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਸਕੇ। ਭੈਣ ਗੁਆਡਾਲੂਪੇ ਅਲਵੈਰੇ ਨੇ ਵੀ ਅਜਿਹੀ ਖੁੱਲ੍ਹ-ਦਿਲੀ ਦਿਖਾਈ। ਉਹ ਮੈਕਸੀਕੋ ਦੇ ਇਕ ਅਜਿਹੇ ਸ਼ਹਿਰ ਵਿਚ ਰਹਿੰਦੀ ਹੈ ਜਿੱਥੇ ਲੋਕਾਂ ਦੀ ਆਮਦਨ ਬਹੁਤ ਘੱਟ ਜਾਂ ਨਾਂਹ ਦੇ ਬਰਾਬਰ ਹੈ। ਫਿਰ ਵੀ ਉਸ ਤੋਂ ਜਿੰਨਾ ਹੋ ਸਕਦਾ ਹੈ ਉਹ ਦਾਨ ਦਿੰਦੀ ਹੈ। ਉਹ ਕਹਿੰਦੀ ਹੈ: “ਮੈਂ ਯਹੋਵਾਹ ਅਤੇ ਉਸ ਦੇ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਦਾਨ ਕੀਤੇ ਪੈਸਿਆਂ ਨਾਲ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕੀਤੀ ਜਾਵੇਗੀ।”
ਬ੍ਰਾਂਚ ਆਫ਼ਿਸ ਖ਼ੁਸ਼ੀ-ਖ਼ੁਸ਼ੀ ਦਾਨ ਕੀਤੇ ਪੈਸਿਆਂ ਨੂੰ ਉੱਥੇ ਭੇਜਦੇ ਹਨ ਜਿੱਥੇ ਜ਼ਿਆਦਾ ਲੋੜ ਹੈ। ਬ੍ਰਾਜ਼ੀਲ ਦੀ ਬ੍ਰਾਂਚ ਕਮੇਟੀ ਵਿਚ ਸੇਵਾ ਕਰ ਰਿਹਾ ਭਰਾ ਐਂਥਨੀ ਕਾਰਵਾਹਲੂ ਕਹਿੰਦਾ ਹੈ: “ਕਈ ਸਾਲਾਂ ਤਕ ਦੂਜੇ ਦੇਸ਼ਾਂ ਦੇ ਬ੍ਰਾਂਚ ਆਫ਼ਿਸਾਂ ਨੇ ਸਾਡੀ ਮਦਦ ਕੀਤੀ ਹੈ। ਉਨ੍ਹਾਂ ਦੀ ਮਦਦ ਸਦਕਾ ਸਾਡੇ ਕੰਮ ਵਿਚ ਕਾਫ਼ੀ ਵਾਧਾ ਹੋਇਆ। ਹੁਣ ਸਾਡੀ ਆਰਥਿਕ ਹਾਲਤ ਪਹਿਲਾਂ ਨਾਲੋਂ ਵਧੀਆ ਹੈ। ਇਸ ਲਈ ਹੁਣ ਅਸੀਂ ਦੂਜੇ ਬ੍ਰਾਂਚ ਆਫ਼ਿਸਾਂ ਦੀ ਆਰਥਿਕ ਤੌਰ ਤੇ ਮਦਦ ਕਰ ਸਕਦੇ ਹਾਂ। ਬ੍ਰਾਜ਼ੀਲ ਦੇ ਭਰਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਹ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਿਚ ਮਦਦ ਕਿਵੇਂ ਕਰ ਸਕਦੇ ਹਨ।”
ਯਹੋਵਾਹ ਦੇ ਗਵਾਹ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰਦੇ ਹਨ? ਉਹ ਦੂਜੇ ਦੇਸ਼ਾਂ ਦੇ ਬ੍ਰਾਂਚ ਆਫ਼ਿਸਾਂ ਨੂੰ ਸਿੱਧਾ ਦਾਨ ਭੇਜਣ ਦੀ ਬਜਾਇ ਕਿੰਗਡਮ ਹਾਲ ਵਿਚ ਰੱਖੀ ਦਾਨ-ਪੇਟੀ ਵਿਚ ਦਾਨ ਪਾਉਂਦੇ ਹਨ ਜਿਸ ʼਤੇ ਲਿਖਿਆ ਹੁੰਦਾ ਹੈ, “ਦੁਨੀਆਂ ਭਰ ਵਿਚ ਹੁੰਦੇ ਕੰਮਾਂ ਲਈ ਦਾਨ।” ਉਹ donate.pr418.com ਰਾਹੀਂ ਵੀ ਦਾਨ ਕਰਦੇ ਹਨ। ਤੁਸੀਂ ਜੋ ਵੀ ਦਾਨ ਦਿੰਦੇ ਹੋ, ਉਸ ਦੀ ਅਸੀਂ ਦਿਲੋਂ ਕਦਰ ਕਰਦੇ ਹਾਂ।