ਕੀ ਅੱਤਵਾਦ ਕਦੇ ਖ਼ਤਮ ਹੋਵੇਗਾ?
ਜਦੋਂ ਵੀ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਅਕਸਰ ਸਾਡੇ ਮਨ ਵਿਚ ਅਜਿਹੇ ਸਵਾਲ ਆਉਂਦੇ ਹਨ: ‘ਕੀ ਇਹ ਸਭ ਕੁਝ ਦੇਖ ਕੇ ਰੱਬ ਨੂੰ ਕੋਈ ਫ਼ਰਕ ਪੈਂਦਾ ਹੈ? ਇਹ ਸਭ ਕੁਝ ਕਿਉਂ ਹੁੰਦਾ ਹੈ? ਕੀ ਅੱਤਵਾਦ a ਕਦੇ ਖ਼ਤਮ ਹੋਵੇਗਾ? ਮੈਂ ਆਪਣੇ ਇਸ ਡਰ ʼਤੇ ਕਾਬੂ ਕਿਵੇਂ ਪਾ ਸਕਦਾ ਹਾਂ?’ ਬਾਈਬਲ ਸਾਨੂੰ ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੰਦੀ ਹੈ।
ਜਦੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਰੱਬ ਨੂੰ ਕਿਵੇਂ ਮਹਿਸੂਸ ਹੁੰਦਾ ਹੈ?
ਰੱਬ ਹਿੰਸਾ ਅਤੇ ਅੱਤਵਾਦ ਤੋਂ ਨਫ਼ਰਤ ਕਰਦਾ ਹੈ। (ਜ਼ਬੂਰ 11:5; ਕਹਾਉਤਾਂ 6:16, 17) ਰੱਬ ਦਾ ਪੁੱਤਰ ਯਿਸੂ ਵੀ ਇਸ ਤੋਂ ਸਖ਼ਤ ਨਫ਼ਰਤ ਕਰਦਾ ਹੈ। ਇਕ ਵਾਰ ਜਦੋਂ ਯਿਸੂ ਦੇ ਇਕ ਚੇਲੇ ਨੇ ਤਲਵਾਰ ਨਾਲ ਕਿਸੇ ʼਤੇ ਹਮਲਾ ਕੀਤਾ, ਤਾਂ ਯਿਸੂ ਨੇ ਉਸ ਨੂੰ ਝਿੜਕਿਆ। (ਮੱਤੀ 26:50-52) ਭਾਵੇਂ ਅਜਿਹੇ ਹਮਲੇ ਕਰਨ ਵਾਲੇ ਦਾਅਵਾ ਕਰਦੇ ਹਨ ਕਿ ਉਹ ਆਪਣੇ ਰੱਬ ਨੂੰ ਖ਼ੁਸ਼ ਕਰਨ ਲਈ ਇੱਦਾਂ ਕਰਦੇ ਹਨ, ਪਰ ਰੱਬ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ। ਸੱਚ ਤਾਂ ਇਹ ਹੈ ਕਿ ਰੱਬ ਤਾਂ ਅਜਿਹੇ ਲੋਕਾਂ ਦੀਆਂ ਪ੍ਰਾਰਥਨਾਵਾਂ ਤਕ ਵੀ ਨਹੀਂ ਸੁਣਦਾ।—ਯਸਾਯਾਹ 1:15.
ਬਾਈਬਲ ਦੱਸਦੀ ਹੈ ਕਿ ਰੱਬ ਨੂੰ ਦੁੱਖ ਝੱਲ ਰਹੇ ਸਾਰੇ ਲੋਕਾਂ ਦਾ ਫ਼ਿਕਰ ਹੈ, ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਅੱਤਵਾਦ ਦੇ ਸ਼ਿਕਾਰ ਹੁੰਦੇ ਹਨ। (ਜ਼ਬੂਰ 31:7; 1 ਪਤਰਸ 5:7) ਬਾਈਬਲ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੱਬ ਹਿੰਸਾ ਤੇ ਮਾਰ-ਧਾੜ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।—ਯਸਾਯਾਹ 60:18.
ਅੱਤਵਾਦ ਦੀ ਜੜ੍ਹ ਕੀ ਹੈ?
ਬਾਈਬਲ ਵਿੱਚੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ। ਇਸ ਵਿਚ ਲਿਖਿਆ ਹੈ: “ਇਨਸਾਨ ਨੇ ਇਨਸਾਨ ʼਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।” (ਉਪਦੇਸ਼ਕ ਦੀ ਕਿਤਾਬ 8:9) ਸ਼ੁਰੂ ਤੋਂ ਇੱਦਾਂ ਹੁੰਦਾ ਆਇਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਅਧਿਕਾਰ ਹੁੰਦਾ ਹੈ, ਉਹ ਦੂਜਿਆਂ ʼਤੇ ਆਪਣਾ ਦਬਦਬਾ ਬਣਾਉਣ ਲਈ ਅਜਿਹੇ ਹਮਲੇ ਕਰਾਉਂਦੇ ਹਨ। ਨਾਲੇ ਜਿਨ੍ਹਾਂ ਲੋਕਾਂ ਨੂੰ ਦਬਾਇਆ ਜਾਂਦਾ ਹੈ ਬਦਲੇ ਵਿਚ ਉਹ ਵੀ ਅੱਤਵਾਦੀ ਹਮਲੇ ਕਰਦੇ ਹਨ।—ਉਪਦੇਸ਼ਕ ਦੀ ਕਿਤਾਬ 7:7.
ਅੱਤਵਾਦ ਦਾ ਖ਼ਾਤਮਾ
ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਜਲਦ ਡਰ ਅਤੇ ਹਿੰਸਾ ਨੂੰ ਖ਼ਤਮ ਕਰ ਕੇ ਪੂਰੀ ਧਰਤੀ ʼਤੇ ਸ਼ਾਂਤੀ ਕਾਇਮ ਕਰੇਗਾ। (ਯਸਾਯਾਹ 32:18; ਮੀਕਾਹ 4:3, 4) ਉਹ ਇਹ ਕਿਵੇਂ ਕਰੇਗਾ?
ਉਹ ਅੱਤਵਾਦ ਦੀ ਜੜ੍ਹ ਨੂੰ ਪੁੱਟ ਸੁੱਟੇਗਾ। ਬਹੁਤ ਜਲਦ ਰੱਬ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਹਟਾ ਕੇ ਆਪਣੀ ਸਰਕਾਰ ਲਿਆਵੇਗਾ ਅਤੇ ਪੂਰੀ ਧਰਤੀ ʼਤੇ ਸਿਰਫ਼ ਉਸ ਦਾ ਹੀ ਰਾਜ ਹੋਵੇਗਾ। ਉਸ ਦੇ ਰਾਜ ਦਾ ਰਾਜਾ ਯਿਸੂ ਸਾਰਿਆਂ ਨਾਲ ਚੰਗਾ ਸਲੂਕ ਕਰੇਗਾ ਅਤੇ ਧਰਤੀ ਤੋਂ ਹਿੰਸਾ ਤੇ ਜ਼ੁਲਮ ਨੂੰ ਜੜ੍ਹੋਂ ਪੁੱਟ ਸੁੱਟੇਗਾ। (ਜ਼ਬੂਰ 72:2, 14) ਉਸ ਵੇਲੇ ਅੱਤਵਾਦ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੋਵੇਗਾ ਅਤੇ ਲੋਕ “ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”—ਜ਼ਬੂਰ 37:10, 11.
ਰੱਬ ਅੱਤਵਾਦ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰੇਗਾ। ਅੱਤਵਾਦੀ ਹਮਲਿਆਂ ਕਰਕੇ ਲੱਖਾਂ ਹੀ ਲੋਕ ਜ਼ਖ਼ਮੀ ਹੁੰਦੇ ਹਨ, ਕੁਝ ਲੋਕਾਂ ਦਾ ਸਭ ਕੁਝ ਤਬਾਹ ਹੋ ਜਾਂਦਾ ਹੈ ਅਤੇ ਕਈਆਂ ਦੀ ਤਾਂ ਜਾਨ ਤਕ ਚਲੀ ਜਾਂਦੀ ਹੈ। ਇਨ੍ਹਾਂ ਹਮਲਿਆਂ ਦੇ ਸ਼ਿਕਾਰ ਹੋਏ ਲੋਕਾਂ ਦੀ ਮਾਨਸਿਕ ਸਿਹਤ ʼਤੇ ਵੀ ਅਸਰ ਪੈਂਦਾ ਹੈ। ਉਹ ਇਨ੍ਹਾਂ ਨੂੰ ਭੁਲਾ ਨਹੀਂ ਪਾਉਂਦੇ ਅਤੇ ਡਰ-ਡਰ ਕੇ ਜੀਉਂਦੇ ਹਨ। ਪਰ ਰੱਬ ਆਪਣੇ ਰਾਜ ਵਿਚ ਇਨ੍ਹਾਂ ਲੋਕਾਂ ਦੇ ਸਰੀਰਾਂ ਤੇ ਮਨਾਂ ʼਤੇ ਲੱਗੇ ਹਰ ਜ਼ਖ਼ਮ ਨੂੰ ਭਰ ਦੇਵੇਗਾ। (ਯਸਾਯਾਹ 65:17; ਪ੍ਰਕਾਸ਼ ਦੀ ਕਿਤਾਬ 21:3, 4) ਉਸ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਉਹ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੇਗਾ ਅਤੇ ਪੂਰੀ ਧਰਤੀ ʼਤੇ ਸ਼ਾਂਤੀ ਹੋਵੇਗੀ।—ਯੂਹੰਨਾ 5:28, 29.
ਬਾਈਬਲ ਦੀਆਂ ਇਨ੍ਹਾਂ ਗੱਲਾਂ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਰੱਬ ਬਹੁਤ ਜਲਦੀ ਸਾਰਾ ਕੁਝ ਠੀਕ ਕਰ ਦੇਵੇਗਾ। ਪਰ ਸ਼ਾਇਦ ਤੁਸੀਂ ਸੋਚੋ, ‘ਉਸ ਨੇ ਹੁਣ ਤਕ ਕੁਝ ਕਿਉਂ ਨਹੀਂ ਕੀਤਾ?’ ਇਸ ਸਵਾਲ ਦਾ ਜਵਾਬ ਜਾਣਨ ਲਈ ਇਹ ਵੀਡੀਓ ਦੇਖੋ: ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
a “ਅੱਤਵਾਦ” ਦਾ ਮਤਲਬ ਹੈ, ਆਮ ਲੋਕਾਂ ਵਿਚ ਡਰ ਪੈਦਾ ਕਰਨ ਲਈ ਉਨ੍ਹਾਂ ʼਤੇ ਹਮਲਾ ਕਰਨਾ ਜਾਂ ਇੱਦਾਂ ਕਰਨ ਦੀ ਧਮਕੀ ਦੇਣੀ। ਅੱਤਵਾਦੀ ਅਕਸਰ ਧਰਮ ਦੇ ਨਾਂ ʼਤੇ ਜਾਂ ਕਿਸੇ ਰਾਜਨੀਤਿਕ ਮਾਮਲੇ ਵਿਚ ਆਪਣੀ ਗੱਲ ਮਨਾਉਣ ਲਈ ਜਾਂ ਸਮਾਜ ਵਿਚ ਕੋਈ ਬਦਲਾਅ ਲਿਆਉਣ ਲਈ ਹਮਲੇ ਕਰਦੇ ਹਨ। ਪਰ ਕਿਸੇ ਹਮਲੇ ਨੂੰ ਅੱਤਵਾਦੀ ਹਮਲਾ ਕਿਹਾ ਜਾ ਸਕਦਾ ਜਾਂ ਨਹੀਂ ਇਸ ਬਾਰੇ ਲੋਕਾਂ ਦੀ ਅਲੱਗ-ਅਲੱਗ ਰਾਇ ਹੁੰਦੀ ਹੈ।