Skip to content

Skip to table of contents

mustafahacalaki/DigitalVision Vectors via Getty Images

ਖ਼ਬਰਦਾਰ ਰਹੋ!

ਆਰਟੀਫੀਸ਼ੀਅਲ ਇੰਟੈਲੀਜੈਂਸ​—ਵਰਦਾਨ ਜਾਂ ਸਰਾਪ?​—ਬਾਈਬਲ ਕੀ ਕਹਿੰਦੀ ਹੈ?

ਆਰਟੀਫੀਸ਼ੀਅਲ ਇੰਟੈਲੀਜੈਂਸ​—ਵਰਦਾਨ ਜਾਂ ਸਰਾਪ?​—ਬਾਈਬਲ ਕੀ ਕਹਿੰਦੀ ਹੈ?

 ਹਾਲ ਹੀ ਦੇ ਸਾਲਾਂ ਵਿਚ ਦੁਨੀਆਂ ਦੇ ਨੇਤਾਵਾਂ, ਵਿਗਿਆਨੀਆਂ ਅਤੇ ਤਕਨਾਲੋਜੀ ਦੇ ਮਾਹਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ a (AI) ਦੀ ਤਾਕਤ ਬਾਰੇ ਗੱਲ ਕੀਤੀ। ਉਹ ਮੰਨਦੇ ਹਨ ਕਿ ਇਸ ਦੇ ਫ਼ਾਇਦੇ ਤਾਂ ਹਨ, ਪਰ ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਕਿਤੇ ਇਸ ਦੀ ਗ਼ਲਤ ਵਰਤੋਂ ਨਾ ਕੀਤੀ ਜਾਵੇ।

  •   ‘ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਭ ਤੋਂ ਜ਼ਿਆਦਾ ਤਾਕਤਵਰ ਤਕਨਾਲੋਜੀ ਹੈ। ਇਸ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਹੋ ਸਕਦਾ ਹੈ। ਪਰ ਦੂਜੇ ਪਾਸੇ, ਇਸ ਕਰਕੇ ਸਾਡੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ, ਲੋਕਾਂ ਦਾ ਲੋਕਤੰਤਰੀ ਸਰਕਾਰਾਂ ʼਤੇ ਭਰੋਸਾ ਕਰਨਾ ਔਖਾ ਹੋ ਸਕਦਾ ਹੈ ਅਤੇ ਇਹ ਲੋਕਾਂ ਦੇ ਹੱਕਾਂ ਤੇ ਪ੍ਰਾਈਵੇਸੀ ਨੂੰ ਖ਼ਤਰੇ ਵਿਚ ਪਾ ਸਕਦੀ ਹੈ।’​—ਕਮਲਾ ਹੈਰਿਸ, ਅਮਰੀਕਾ ਦੀ ਉਪ-ਰਾਸ਼ਟਰਪਤੀ, 4 ਮਈ 2023.

  •   “ਚਾਹੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੁਝ ਹੱਦ ਤਕ ਇਲਾਜ ਦੇ ਤਰੀਕਿਆਂ ਵਿਚ ਸੁਧਾਰ ਕਰ ਸਕਦੀ ਹੈ, ਪਰ ਇਸ ਕਰਕੇ ਕੁਝ ਹੱਦ ਤਕ ਸਰੀਰਕ ਤੇ ਮਾਨਸਿਕ ਸਿਹਤ ʼਤੇ ਮਾੜਾ ਅਸਰ ਵੀ ਪੈ ਸਕਦਾ ਹੈ।” ਡਾਕਟਰ ਫ੍ਰੈਡਰਿਕ ਫੈਡਰਸਪਿਲ ਅਤੇ ਉਸ ਦੇ ਅਧੀਨ ਹੋਰ ਮਾਹਰ ਡਾਕਟਰਾਂ ਨੇ 9 ਮਈ 2023 ਦੇ ਇਕ ਰਸਾਲੇ (BMJ Global Health) ਵਿਚ ਇਹ ਗੱਲ ਲਿਖੀ ਸੀ।

  •   “ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਪਹਿਲਾਂ ਹੀ ਗ਼ਲਤ ਜਾਣਕਾਰੀ ਫੈਲਾਉਣ ਲੱਗ ਪਏ ਹਨ। ਜਲਦ ਹੀ ਇਸ ਕਰਕੇ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਤਕਨਾਲੋਜੀ ਸੰਬੰਧੀ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਚਿੰਤਾ ਹੈ ਕਿ ਇਸ ਕਰਕੇ ਮਨੁੱਖਜਾਤੀ ਖ਼ਤਰੇ ਵਿਚ ਪੈ ਸਕਦੀ ਹੈ।”​—ਦ ਨਿਊ ਯਾਰਕ ਟਾਈਮਜ਼ ਅਖ਼ਬਾਰ, 1 ਮਈ 2023.

 ਸਮੇਂ ਦੇ ਬੀਤਣ ਨਾਲ ਪਤਾ ਲੱਗੇਗਾ ਕਿ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਇਕ-ਦੂਜੇ ਦੇ ਫ਼ਾਇਦੇ ਲਈ ਕਰਨਗੇ ਜਾਂ ਨੁਕਸਾਨ ਲਈ। ਬਾਈਬਲ ਕੀ ਕਹਿੰਦੀ ਹੈ?

ਇਨਸਾਨਾਂ ਦੀਆਂ ਕੋਸ਼ਿਸ਼ਾਂ ਕਰਕੇ ਸ਼ੱਕ ਕਿਉਂ ਪੈਦਾ ਹੁੰਦਾ ਹੈ?

 ਬਾਈਬਲ ਦੱਸਦੀ ਹੈ ਕਿ ਇਨਸਾਨ ਜੋ ਵੀ ਨਵੀਆਂ-ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕਰਦਾ ਹੈ, ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਇਹ ਸਿਰਫ਼ ਲੋਕਾਂ ਦੇ ਭਲੇ ਲਈ ਹੀ ਵਰਤੀ ਜਾਵੇਗੀ।

  1.  1. ਚਾਹੇ ਲੋਕਾਂ ਦੇ ਇਰਾਦੇ ਸਹੀ ਵੀ ਹੋਣ, ਫਿਰ ਵੀ ਉਹ ਭਵਿੱਖ ਵਿਚ ਦੇਖ ਨਹੀਂ ਸਕਦੇ ਕਿ ਉਨ੍ਹਾਂ ਦੇ ਕੰਮਾਂ ਦਾ ਦੂਜਿਆਂ ʼਤੇ ਮਾੜਾ ਅਸਰ ਪੈ ਸਕਦਾ ਹੈ।

    •   “ਇਕ ਅਜਿਹਾ ਰਾਹ ਹੈ ਜੋ ਆਦਮੀ ਨੂੰ ਸਹੀ ਲੱਗਦਾ ਹੈ, ਪਰ ਅਖ਼ੀਰ ਵਿਚ ਇਹ ਮੌਤ ਵੱਲ ਲੈ ਜਾਂਦਾ ਹੈ।”​—ਕਹਾਉਤਾਂ 14:12.

  2.  2. ਇਕ ਵਿਅਕਤੀ ਦਾ ਇਸ ਗੱਲ ʼਤੇ ਕੋਈ ਵੱਸ ਨਹੀਂ ਹੁੰਦਾ ਕਿ ਉਸ ਵੱਲੋਂ ਬਣਾਈਆਂ ਚੀਜ਼ਾਂ ਦੀ ਦੂਜੇ ਜਣੇ ਸਹੀ ਵਰਤੋਂ ਕਰਨਗੇ ਜਾਂ ਗ਼ਲਤ।

    •   “ਮੈਨੂੰ [ਆਪਣਾ ਕੰਮ] ਉਸ ਆਦਮੀ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ। ਕੌਣ ਜਾਣਦਾ ਕਿ ਉਹ ਇਨਸਾਨ ਬੁੱਧੀਮਾਨ ਹੋਵੇਗਾ ਜਾਂ ਮੂਰਖ? ਉਹ ਉਨ੍ਹਾਂ ਸਾਰੀਆਂ ਚੀਜ਼ਾਂ ʼਤੇ ਕਬਜ਼ਾ ਕਰ ਲਵੇਗਾ ਜੋ ਮੈਂ ਧਰਤੀ ਉੱਤੇ ਇੰਨੀ ਮਿਹਨਤ ਅਤੇ ਬੁੱਧ ਨਾਲ ਹਾਸਲ ਕੀਤੀਆਂ ਹਨ।”​—ਉਪਦੇਸ਼ਕ ਦੀ ਕਿਤਾਬ 2:18, 19.

 ਇਸ ਤਰ੍ਹਾਂ ਦੇ ਸ਼ੱਕ ਪੈਦਾ ਹੋਣ ʼਤੇ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਸਿਰਜਣਹਾਰ ਦੀ ਅਗਵਾਈ ਦੀ ਕਿਉਂ ਲੋੜ ਹੈ।

ਅਸੀਂ ਕਿਸ ʼਤੇ ਭਰੋਸਾ ਕਰ ਸਕਦੇ ਹਾਂ?

 ਸਾਡਾ ਸਿਰਜਣਹਾਰ ਵਾਅਦਾ ਕਰਦਾ ਹੈ ਕਿ ਉਹ ਕਿਸੇ ਵੀ ਇਨਸਾਨ ਜਾਂ ਇਨਸਾਨੀ ਤਕਨਾਲੋਜੀ ਨੂੰ ਧਰਤੀ ਜਾਂ ਮਨੁੱਖਜਾਤੀ ਨੂੰ ਕਦੇ ਵੀ ਤਬਾਹ ਨਹੀਂ ਕਰਨ ਦੇਵੇਗਾ।

 ਬਾਈਬਲ ਰਾਹੀਂ ਸਾਡਾ ਸਿਰਜਣਹਾਰ ਸਾਡੀ ਅਗਵਾਈ ਕਰਦਾ ਹੈ ਜਿਸ ਕਰਕੇ ਸਾਡਾ ਭਵਿੱਖ ਖ਼ੁਸ਼ਹਾਲ ਤੇ ਸੁਰੱਖਿਅਤ ਹੋਵੇਗਾ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ “ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?” ਅਤੇ “ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ!” (ਹਿੰਦੀ) ਨਾਂ ਦੇ ਲੇਖ ਪੜ੍ਹੋ।

a ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ AI ਇਕ ਤਰ੍ਹਾਂ ਦਾ ਕੰਪਿਊਟਰ ਜਾਂ ਕੰਪਿਊਟਰ-ਕੰਟ੍ਰੋਲ ਸਿਸਟਮ, ਨੈੱਟਵਰਕ ਜਾਂ ਤਕਨਾਲੋਜੀ ਹੈ ਜਿਸ ਨੂੰ ਇੱਦਾਂ ਪ੍ਰੋਗ੍ਰਾਮ ਕੀਤਾ ਜਾਂਦਾ ਹੈ ਤਾਂਕਿ ਇਹ ਇਨਸਾਨਾਂ ਤੋਂ ਸਿੱਖ ਸਕੇ ਜਾਂ ਇਨਸਾਨਾਂ ਦੀਆਂ ਸੋਚਾਂ ਅਤੇ ਕੰਮਾਂ ਦੀ ਰੀਸ ਕਰ ਸਕੇ।