Skip to content

Skip to table of contents

id-work/​DigitalVision Vectors via Getty Images

ਖ਼ਬਰਦਾਰ ਰਹੋ!

ਇੰਨੀ ਨਫ਼ਰਤ ਕਿਉਂ?​—ਬਾਈਬਲ ਕੀ ਕਹਿੰਦੀ ਹੈ?

ਇੰਨੀ ਨਫ਼ਰਤ ਕਿਉਂ?​—ਬਾਈਬਲ ਕੀ ਕਹਿੰਦੀ ਹੈ?

 ਅੱਜ-ਕੱਲ੍ਹ ਇਹੀ ਖ਼ਬਰਾਂ ਸੁਣਨ ਤੇ ਪੜ੍ਹਨ ਨੂੰ ਮਿਲਦੀਆਂ ਹਨ ਕਿ ਲੋਕ ਦੂਜਿਆਂ ਨੂੰ ਇੱਦਾਂ ਦੀਆਂ ਗੱਲਾਂ ਕਹਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਨਫ਼ਰਤ ਸਾਫ਼ ਝਲਕਦੀ ਹੈ। ਉਹ ਪੱਖਪਾਤ ਕਰਕੇ ਹਿੰਸਾ ਕਰਦੇ ਹਨ ਅਤੇ ਨਸਲੀ ਮਤਭੇਦ ਕਰਕੇ ਯੁੱਧ ਅਤੇ ਇਕ-ਦੂਜੇ ʼਤੇ ਹਮਲੇ ਕਰਦੇ ਹਨ।

  •   “ਇਜ਼ਰਾਈਲ ਅਤੇ ਗਾਜ਼ਾ ਵਿਚ ਹੋ ਰਹੇ ਯੁੱਧ ਕਰਕੇ ਅਤੇ ਨਫ਼ਰਤ ਤੇ ਹਿੰਸਾ ਭੜਕਾਉਣ ਵਾਲੇ ਲੋਕਾਂ ਕਰਕੇ ਸੋਸ਼ਲ ਮੀਡੀਆ ʼਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਫ਼ਰਤ ਭਰੀਆਂ ਗੱਲਾਂ ਦੀ ਭਰਮਾਰ ਹੈ।”​—ਦ ਨਿਊ ਯਾਰਕ ਟਾਈਮਜ਼, 15 ਨਵੰਬਰ 2023.

  •   “7 ਅਕਤੂਬਰ ਤੋਂ ਨਫ਼ਰਤ ਭਰੀਆਂ ਗੱਲਾਂ ਅਤੇ ਹਿੰਸਾ ਵਿਚ ਇਕਦਮ ਵਾਧਾ ਹੋਇਆ ਹੈ ਕਿਉਂਕਿ ਲੋਕਾਂ ਵਿਚ ਪੱਖਪਾਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧਿਆ ਹੈ।”​—ਡੈਨਿੱਸ ਫ਼ਰਾਂਸਿਸ, ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਪ੍ਰਧਾਨ, 3 ਨਵੰਬਰ 2023.

 ਨਫ਼ਰਤ ਭਰੀਆਂ ਗੱਲਾਂ, ਹਿੰਸਾ ਅਤੇ ਯੁੱਧ ਕੋਈ ਨਵੀਂ ਗੱਲ ਨਹੀਂ ਹੈ। ਬਾਈਬਲ ਵਿਚ ਕਾਫ਼ੀ ਸਮਾਂ ਪਹਿਲਾਂ ਹੀ ਇੱਦਾਂ ਦੇ ਲੋਕਾਂ ਬਾਰੇ ਦੱਸਿਆ ਗਿਆ ਸੀ ਜੋ ਆਪਣੇ “ਕੌੜੇ ਸ਼ਬਦਾਂ ਦੇ ਤੀਰਾਂ ਨਾਲ ਨਿਸ਼ਾਨਾ ਸਾਧਦੇ“ ਅਤੇ ਯੁੱਧ ਤੇ ਹਿੰਸਾ ਕਰਦੇ ਸਨ। (ਜ਼ਬੂਰ 64:3; 120:7; 140:1) ਅੱਜ ਦੁਨੀਆਂ ਵਿਚ ਫੈਲੀ ਨਫ਼ਰਤ ਬਾਰੇ ਬਾਈਬਲ ਵਿਚ ਜੋ ਦੱਸਿਆ ਗਿਆ ਹੈ, ਉਹ ਸਾਡੇ ਲਈ ਇਕ ਅਹਿਮ ਨਿਸ਼ਾਨੀ ਹੈ।

ਨਫ਼ਰਤ​—ਸਾਡੇ ਸਮੇਂ ਬਾਰੇ ਇਕ ਨਿਸ਼ਾਨੀ

 ਬਾਈਬਲ ਵਿਚ ਦੋ ਕਾਰਨ ਦੱਸੇ ਹਨ ਕਿ ਅੱਜ ਇੰਨੀ ਨਫ਼ਰਤ ਕਿਉਂ ਹੈ।

  1.  1. ਇਸ ਵਿਚ ਪਹਿਲਾਂ ਹੀ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ “ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ ਜਾਵੇਗਾ।“(ਮੱਤੀ 24:12) ਲੋਕਾਂ ਦਾ ਰਵੱਈਆ ਇੱਦਾਂ ਦਾ ਹੋਵੇਗਾ ਕਿ ਉਹ ਪਿਆਰ ਦਿਖਾਉਣ ਦੀ ਬਜਾਇ ਇਕ-ਦੂਜੇ ਨਾਲ ਨਫ਼ਰਤ ਕਰਨਗੇ।​—2 ਤਿਮੋਥਿਉਸ 3:1-5.

  2.  2. ਸ਼ੈਤਾਨ ਦੇ ਮਾੜੇ ਅਤੇ ਦੁਸ਼ਟ ਪ੍ਰਭਾਵ ਕਰਕੇ ਅੱਜ ਦੁਨੀਆਂ ਵਿਚ ਇੰਨੀ ਜ਼ਿਆਦਾ ਨਫ਼ਰਤ ਫੈਲੀ ਹੋਈ ਹੈ। ਬਾਈਬਲ ਕਹਿੰਦੀ ਹੈ ਕਿ “ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।”​—1 ਯੂਹੰਨਾ 5:19; ਪ੍ਰਕਾਸ਼ ਦੀ ਕਿਤਾਬ 12:9, 12.

 ਪਰ ਬਾਈਬਲ ਇਹ ਵੀ ਦੱਸਦੀ ਹੈ ਕਿ ਪਰਮੇਸ਼ੁਰ ਜਲਦੀ ਹੀ ਨਫ਼ਰਤ ਦੀ ਜੜ੍ਹ ਪੂਰੀ ਤਰ੍ਹਾਂ ਉਖਾੜ ਸੁੱਟੇਗਾ। ਇਸ ਤੋਂ ਇਲਾਵਾ, ਨਫ਼ਰਤ ਕਰਕੇ ਸਾਨੂੰ ਜੋ ਵੀ ਦੁੱਖ ਸਹਿਣੇ ਪਏ ਹਨ, ਉਨ੍ਹਾਂ ਨੂੰ ਵੀ ਰੱਬ ਦੂਰ ਕਰ ਦੇਵੇਗਾ। ਬਾਈਬਲ ਵਾਅਦਾ ਕਰਦੀ ਹੈ:

  •   ਰੱਬ “ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:4.