ਖ਼ਬਰਦਾਰ ਰਹੋ!
ਕੀ ਉਲੰਪਿਕ ਖੇਡਾਂ ਸੱਚੀਂ ਲੋਕਾਂ ਵਿਚ ਏਕਤਾ ਕਾਇਮ ਕਰ ਸਕਦੀਆਂ?—ਬਾਈਬਲ ਕੀ ਕਹਿੰਦੀ ਹੈ?
2024 ਵਿਚ ਗਰਮੀਆਂ ਦੀਆਂ ਉਲੰਪਿਕ ਖੇਡਾਂ ਦੌਰਾਨ ਲਗਭਗ ਪੰਜ ਅਰਬ ਲੋਕ 206 ਦੇਸ਼ਾਂ ਦੇ ਖਿਡਾਰੀਆਂ ਨੂੰ ਖੇਡਦਿਆਂ ਦੇਖਣਗੇ। ਅੰਤਰਰਾਸ਼ਟਰੀ ਕਮੇਟੀ ਦੇ ਪ੍ਰਧਾਨ ਥੌਮਸ ਬਾਕ ਨੇ ਕਿਹਾ, “ਅਸੀਂ ਅਜਿਹੇ ਖੇਡ ਸਮਾਰੋਹ ਦਾ ਹਿੱਸਾ ਹਾਂ ਜੋ ਦੁਨੀਆਂ ਵਿਚ ਸ਼ਾਂਤੀ ਕਾਇਮ ਕਰ ਕੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਦਾ ਹੈ। ਆਓ ਆਪਾਂ ਉਲੰਪਿਕ ਖੇਡਾਂ ਦੇ ਮਕਸਦ ਮੁਤਾਬਕ ਆਪਣੇ ਮਤਭੇਦਾਂ ਦੇ ਬਾਵਜੂਦ ਇਕਜੁੱਟ ਹੋਈਏ ਅਤੇ ਸ਼ਾਂਤੀ ਨਾਲ ਰਹੀਏ।”
ਕੀ ਉਲੰਪਿਕ ਖੇਡਾਂ ਇਹ ਸ਼ਾਨਦਾਰ ਮਕਸਦ ਪੂਰਾ ਕਰ ਸਕਦੀਆਂ ਹਨ? ਕੀ ਸ਼ਾਂਤੀ ਤੇ ਏਕਤਾ ਸੱਚ-ਮੁੱਚ ਮੁਮਕਿਨ ਹੈ?
ਕੀ ਉਲੰਪਿਕ ਖੇਡਾਂ ਸ਼ਾਂਤੀ ਤੇ ਏਕਤਾ ਕਾਇਮ ਕਰ ਸਕਦੀਆਂ?
ਇਸ ਸਾਲ ਦੀਆਂ ਉਲੰਪਿਕ ਖੇਡਾਂ ਨੂੰ ਸਿਰਫ਼ ਖੇਡਾਂ ਹੀ ਨਹੀਂ ਸਮਝਿਆ ਜਾ ਸਕਦਾ। ਕਿਉਂ? ਕਿਉਂਕਿ ਇਨ੍ਹਾਂ ਖੇਡਾਂ ਨੇ ਦੁਨੀਆਂ ਦਾ ਧਿਆਨ ਉਨ੍ਹਾਂ ਸਮਾਜਕ ਤੇ ਰਾਜਨੀਤਿਕ ਮੁੱਦਿਆਂ ਵੱਲ ਖਿੱਚਿਆ ਹੈ ਜਿਨ੍ਹਾਂ ਕਰਕੇ ਲੋਕਾਂ ਵਿਚ ਫੁੱਟ ਪੈ ਰਹੀ ਹੈ। ਉਦਾਹਰਣ ਲਈ, ਇਨ੍ਹਾਂ ਖੇਡਾਂ ਨੇ ਮਨੁੱਖੀ ਅਧਿਕਾਰਾਂ, ਨਸਲੀ ਮਤਭੇਦਾਂ, ਧਾਰਮਿਕ ਪੱਖਪਾਤ ਅਤੇ ਅਸਮਾਨਤਾ ਵਰਗੇ ਮੁੱਦਿਆਂ ਨੂੰ ਸਾਮ੍ਹਣੇ ਲਿਆਂਦਾ ਹੈ।
ਉਲੰਪਿਕ ਖੇਡਾਂ ਵਰਗੀਆਂ ਅੰਤਰਰਾਸ਼ਟਰੀ ਖੇਡਾਂ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ। ਪਰ ਇਨ੍ਹਾਂ ਖੇਡਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਸੱਚੀ ਸ਼ਾਂਤੀ ਅਤੇ ਏਕਤਾ ਕਾਇਮ ਕਰਨ ਦੀ ਬਜਾਇ ਲੋਕਾਂ ਨੂੰ ਅਜਿਹਾ ਰਵੱਈਆ ਰੱਖਣ ਤੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੀਆਂ ਹਨ ਜਿਨ੍ਹਾਂ ਕਰਕੇ ਲੋਕਾਂ ਵਿਚ ਫੁੱਟ ਪੈਂਦੀ ਹੈ।
ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਲੋਕਾਂ ਦਾ ਰਵੱਈਆ ਇਹੋ ਜਿਹਾ ਹੋਵੇਗਾ ਜਿਸ ਕਰਕੇ ਅੱਜ ਦੁਨੀਆਂ ਵਿਚ ਏਕਤਾ ਕਾਇਮ ਕਰਨੀ ਔਖੀ ਹੈ। (2 ਤਿਮੋਥਿਉਸ 3:1-5) ਬਾਈਬਲ ਦੀ ਇਸ ਭਵਿੱਖਬਾਣੀ ਬਾਰੇ ਹੋਰ ਜਾਣਨ ਲਈ “ਕੀ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅੱਜ ਲੋਕਾਂ ਦੀ ਸੋਚ ਤੇ ਕੰਮ ਕਿਹੋ ਜਿਹੇ ਹੋਣਗੇ?”(ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।
ਦੁਨੀਆਂ ਭਰ ਵਿਚ ਸ਼ਾਂਤੀ ਤੇ ਏਕਤਾ ਕਾਇਮ ਕਰਨੀ ਮੁਮਕਿਨ ਹੈ
ਬਾਈਬਲ ਵਿਚ ਪੱਕੀ ਉਮੀਦ ਦਿੱਤੀ ਗਈ ਹੈ ਕਿ ਦੁਨੀਆਂ ਭਰ ਵਿਚ ਸ਼ਾਂਤੀ ਅਤੇ ਏਕਤਾ ਜ਼ਰੂਰ ਕਾਇਮ ਹੋਵੇਗੀ। ਇਸ ਵਿਚ ਵਾਅਦਾ ਕੀਤਾ ਗਿਆ ਹੈ ਕਿ ਧਰਤੀ ʼਤੇ ਸਾਰੇ ਲੋਕ “ਪਰਮੇਸ਼ੁਰ ਦੇ ਰਾਜ” ਯਾਨੀ ਸਵਰਗੀ ਸਰਕਾਰ ਅਧੀਨ ਏਕਤਾ ਨਾਲ ਰਹਿਣਗੇ।—ਲੂਕਾ 4:43; ਮੱਤੀ 6:10.
ਇਸ ਰਾਜ ਦਾ ਰਾਜਾ ਯਿਸੂ ਮਸੀਹ ਪੂਰੀ ਦੁਨੀਆਂ ਵਿਚ ਸ਼ਾਂਤੀ ਕਾਇਮ ਕਰੇਗਾ। ਬਾਈਬਲ ਕਹਿੰਦੀ ਹੈ:
“ਧਰਮੀ ਵਧਣ-ਫੁੱਲਣਗੇ, . . . ਸਾਰੇ ਪਾਸੇ ਸ਼ਾਂਤੀ ਹੋਵੇਗੀ।”—ਜ਼ਬੂਰ 72:7.
“ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ, . . . ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”—ਜ਼ਬੂਰ 72:12, 14.
ਅੱਜ ਵੀ ਯਿਸੂ ਦੀਆਂ ਸਿੱਖਿਆਵਾਂ ਨੇ 239 ਦੇਸ਼ਾਂ ਦੇ ਲੱਖਾਂ ਹੀ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਹੈ। ਮਸੀਹੀ ਹੋਣ ਦੇ ਨਾਤੇ, ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੇ ਸ਼ਾਂਤੀ ਨਾਲ ਰਹਿਣਾ ਸਿੱਖਿਆ ਹੈ। ਉਨ੍ਹਾਂ ਨੇ ਇੱਦਾਂ ਕਰਨਾ ਕਿਵੇਂ ਸਿੱਖਿਆ, ਇਹ ਜਾਣਨ ਲਈ “ਆਓ ਤੋੜੀਏ ਨਫ਼ਰਤ ਦਾ ਚੱਕਰ” ਨਾਂ ਦਾ ਪਹਿਰਾਬੁਰਜ ਰਸਾਲਾ ਪੜ੍ਹੋ।