Skip to content

Skip to table of contents

Surasak Suwanmake/Moment via Getty Images

ਖ਼ਬਰਦਾਰ ਰਹੋ!

2023 ਦੀਆਂ ਗਰਮੀਆਂ ਵਿਚ ਤਪ ਰਹੀ ਧਰਤੀ​—ਬਾਈਬਲ ਕੀ ਕਹਿੰਦੀ ਹੈ?

2023 ਦੀਆਂ ਗਰਮੀਆਂ ਵਿਚ ਤਪ ਰਹੀ ਧਰਤੀ​—ਬਾਈਬਲ ਕੀ ਕਹਿੰਦੀ ਹੈ?

 ਪੂਰੀ ਦੁਨੀਆਂ ਵਿਚ ਲੋਕ ਰਿਕਾਰਡ ਤੋੜ ਗਰਮੀ ਅਤੇ ਇਸ ਕਾਰਨ ਆਉਣ ਵਾਲੀਆਂ ਹੋਰ ਆਫ਼ਤਾਂ ਦੀ ਮਾਰ ਝੱਲ ਰਹੇ ਹਨ। ਜ਼ਰਾ ਇਨ੍ਹਾਂ ਰਿਪੋਰਟਾਂ ʼਤੇ ਗੌਰ ਕਰੋ:

  •   “ਪਿਛਲੇ 174 ਸਾਲਾਂ ਵਿਚ ਪਹਿਲੀ ਵਾਰ ਇਸ ਸਾਲ ਦੇ ਜੂਨ ਮਹੀਨੇ ਵਿਚ ਸਭ ਤੋਂ ਜ਼ਿਆਦਾ ਗਰਮੀ ਪਈ ਹੈ।”​—ਨੈਸ਼ਨਲ ਓਸ਼ਨਿਕ ਐਂਡ ਐਟਮੋਸਫ਼ੈਰਿਕ ਐਡਮਿਨਸਟਰੈਸ਼ਨ, ਯੂ.ਐੱਸ. ਡਿਪਾਰਟਮੈਂਟ ਆਫ਼ ਕਾਮਰਸ, 13 ਜੁਲਾਈ 2023.

  •   “ਇਟਲੀ, ਸਪੇਨ, ਫਰਾਂਸ ਅਤੇ ਪੋਲੈਂਡ ਵਿਚ ਵਧਦੇ ਤਾਪਮਾਨ ਕਰਕੇ ਲੂ ਵਗ ਰਹੀ ਹੈ ਅਤੇ ਸੰਭਾਵਨਾ ਹੈ ਕਿ ਸਿਸਲੀ ਅਤੇ ਸਾਰਡੀਨੀਆ ਵਿਚ ਪਾਰਾ 48 ਡਿਗਰੀ ਸੈਲਸੀਅਸ [118 ਫੈਰਨਹਾਈਟ] ਤਕ ਪਹੁੰਚ ਸਕਦਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਯੂਰਪ ਵਿਚ ਇੰਨੀ ਜ਼ਿਆਦਾ ਗਰਮੀ ਪਵੇਗੀ।”​—ਯੂਰਪੀਅਨ ਸਪੇਸ ਏਜੰਸੀ, 13 ਜੁਲਾਈ 2023.

  •   “ਜਿੱਦਾਂ-ਜਿੱਦਾਂ ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਪਹਿਲਾਂ ਨਾਲੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਰਕੇ ਹੋਰ ਵੀ ਵੱਡੇ-ਵੱਡੇ ਹੜ੍ਹ ਆਉਣ ਦਾ ਖ਼ਤਰਾ ਹੈ।”​—ਸਟੀਵਨ ਅਲੂਨਬਰੂਕ, ਸੰਯੁਕਤ ਰਾਸ਼ਟਰ-ਸੰਘ ਦੀ ਮੌਸਮ ਏਜੰਸੀ, 17 ਜੁਲਾਈ 2023.

 ਕੀ ਮੌਸਮ ਬਾਰੇ ਇੱਦਾਂ ਦੀਆਂ ਖ਼ਬਰਾਂ ਸੁਣ ਕੇ ਤੁਹਾਨੂੰ ਚਿੰਤਾ ਹੁੰਦੀ ਹੈ? ਗੌਰ ਕਰੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਕੀ ਵਧਦੇ ਤਾਪਮਾਨ ਕਰਕੇ ਬਾਈਬਲ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ?

 ਜੀ ਹਾਂ। ਬਾਈਬਲ ਵਿਚ ਉਨ੍ਹਾਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਜੋ ਸਾਡੇ ਸਮੇਂ ਵਿਚ ਪੂਰੀਆਂ ਹੋਣੀਆਂ ਸਨ। ਵਧਦਾ ਤਾਪਮਾਨ ਤੇ ਮੌਸਮ ਵਿਚ ਹੁੰਦਾ ਬਦਲਾਅ ਉਨ੍ਹਾਂ ਘਟਨਾਵਾਂ ਵਿੱਚੋਂ ਹੀ ਇਕ ਹੈ। ਮਿਸਾਲ ਲਈ, ਯਿਸੂ ਨੇ ਕਿਹਾ ਸੀ ਕਿ ਸਾਡੇ ਸਮੇਂ ਵਿਚ “ਖ਼ੌਫ਼ਨਾਕ ਨਜ਼ਾਰੇ” ਜਾਂ “ਭਿਆਨਕ ਚੀਜ਼ਾਂ” ਦੇਖਣ ਨੂੰ ਮਿਲਣਗੀਆਂ। (ਲੂਕਾ 21:11) ਗਰਮੀ ਵਧਣ ਕਰਕੇ ਬਹੁਤ ਸਾਰੇ ਲੋਕ ਇਸ ਖ਼ੌਫ਼ ਵਿਚ ਹਨ ਕਿ ਇਨਸਾਨ ਧਰਤੀ ਨੂੰ ਤਬਾਹ ਕਰ ਦੇਣਗੇ।

ਕੀ ਧਰਤੀ ʼਤੇ ਰਹਿਣਾ ਨਾਮੁਮਕਿਨ ਹੋ ਜਾਵੇਗਾ?

 ਨਹੀਂ। ਰੱਬ ਨੇ ਧਰਤੀ ਇਨਸਾਨਾਂ ਦੇ ਰਹਿਣ ਲਈ ਬਣਾਈ ਹੈ ਅਤੇ ਇਹ ਹਮੇਸ਼ਾ ਤਕ ਰਹੇਗੀ। ਉਹ ਇਨਸਾਨਾਂ ਨੂੰ ਇਸ ਨੂੰ ਤਬਾਹ ਨਹੀਂ ਕਰਨ ਦੇਵੇਗਾ। (ਜ਼ਬੂਰ 115:16; ਉਪਦੇਸ਼ਕ ਦੀ ਕਿਤਾਬ 1:4) ਪਰ ਰੱਬ ਵਾਅਦਾ ਕਰਦਾ ਹੈ ਕਿ ਉਹ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼” ਕਰ ਦੇਵੇਗਾ।​—ਪ੍ਰਕਾਸ਼ ਦੀ ਕਿਤਾਬ 11:18.

 ਬਾਈਬਲ ਦੱਸਦੀ ਹੈ ਕਿ ਰੱਬ ਧਰਤੀ ਨੂੰ ਬਚਾਉਣ ਦੀ ਤਾਕਤ ਰੱਖਦਾ ਹੈ ਅਤੇ ਉਹ ਇੱਦਾਂ ਕਰੇਗਾ ਵੀ।

  •   “[ਰੱਬ] ਤੂਫ਼ਾਨ ਨੂੰ ਸ਼ਾਂਤ ਕਰਦਾ ਹੈ ਅਤੇ ਸਮੁੰਦਰ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ।” (ਜ਼ਬੂਰ 107:29) ਰੱਬ ਕੁਦਰਤੀ ਤਾਕਤਾਂ ʼਤੇ ਕਾਬੂ ਪਾ ਸਕਦਾ ਹੈ। ਉਸ ਕੋਲ ਵਾਤਾਵਰਣ ਸੰਬੰਧੀ ਉਨ੍ਹਾਂ ਮੁਸ਼ਕਲਾਂ ਨੂੰ ਖ਼ਤਮ ਕਰਨ ਦੀ ਤਾਕਤ ਹੈ ਜਿਸ ਕਰਕੇ ਅੱਜ ਮੌਸਮ ਵਿਚ ਤਬਦੀਲੀਆਂ ਹੋ ਰਹੀਆਂ ਹਨ।

  •   “ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ, ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।” (ਜ਼ਬੂਰ 65:9) ਰੱਬ ਦੀ ਮਿਹਰ ਨਾਲ ਇਹ ਧਰਤੀ ਬਾਗ਼ ਵਰਗੀ ਸੋਹਣੀ ਬਣਾਈ ਜਾਵੇਗੀ।

 ਬਾਈਬਲ ਵਾਅਦਾ ਕਰਦੀ ਹੈ ਕਿ ਧਰਤੀ ਦੇ ਵਾਤਾਵਰਣ ਨੂੰ ਠੀਕ ਕੀਤਾ ਜਾਵੇਗਾ, ਇਸ ਬਾਰੇ ਹੋਰ ਜਾਣਨ ਲਈ “ਕੌਣ ਧਰਤੀ ਨੂੰ ਬਚਾ ਸਕਦਾ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।