ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?
ਕੀ ਤੰਗੀ ਕਰਕੇ ਤੁਹਾਨੂੰ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਪੈ ਰਿਹਾ ਹੈ? ਸ਼ਾਇਦ ਮਹਾਂਮਾਰੀ, ਕੁਦਰਤੀ ਆਫ਼ਤਾਂ, ਰਾਜਨੀਤਿਕ ਗੜਬੜ ਜਾਂ ਯੁੱਧ ਕਰਕੇ ਅਚਾਨਕ ਆਰਥਿਕ ਮੰਦੀ ਛਾ ਜਾਵੇ। ਅਚਾਨਕ ਆਮਦਨ ਬੰਦ ਹੋਣ ਕਰਕੇ ਤੁਸੀਂ ਬਹੁਤ ਪਰੇਸ਼ਾਨ ਹੋ ਸਕਦੇ ਹੋ। ਇਸ ਹਾਲਾਤ ਵਿਚ ਬਾਈਬਲ ਦੀ ਵਧੀਆ ਸਲਾਹ ਮੰਨ ਕੇ ਤੁਸੀਂ ਘੱਟ ਪੈਸਿਆਂ ਵਿਚ ਵੀ ਗੁਜ਼ਾਰਾ ਤੋਰ ਸਕੋਗੇ।
1. ਮੰਨੋ ਕਿ ਤੁਹਾਡੇ ਹਾਲਾਤ ਬਦਲ ਗਏ ਹਨ।
ਬਾਈਬਲ ਦਾ ਅਸੂਲ: “ਮੈਂ ਥੋੜ੍ਹੇ ਵਿਚ ਵੀ ਅਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ।”—ਫ਼ਿਲਿੱਪੀਆਂ 4:12.
ਭਾਵੇਂ ਤੁਹਾਡੇ ਕੋਲ ਪਹਿਲਾਂ ਨਾਲੋਂ ਘੱਟ ਪੈਸੇ ਹੋਣ, ਪਰ ਤੁਸੀਂ ਥੋੜ੍ਹੇ ਵਿਚ ਗੁਜ਼ਾਰਾ ਤੋਰਨਾ ਸਿੱਖ ਸਕਦੇ ਹੋ। ਜਿੰਨੀ ਜਲਦੀ ਤੁਸੀਂ ਮੰਨ ਲਓਗੇ ਕਿ ਤੁਹਾਡੇ ਹਾਲਾਤ ਬਦਲ ਗਏ ਹਨ, ਉੱਨੀ ਜਲਦੀ ਤੁਸੀਂ ਗੁਜ਼ਾਰਾ ਤੋਰਨਾ ਸਿੱਖ ਜਾਓਗੇ। ਫਿਰ ਤੁਸੀਂ ਪਰਿਵਾਰ ਵਜੋਂ ਵਧੀਆ ਤਰੀਕੇ ਨਾਲ ਹਾਲਾਤਾਂ ਦਾ ਸਾਮ੍ਹਣਾ ਕਰ ਸਕੋਗੇ।
ਪਤਾ ਕਰੋ ਕਿ ਸਰਕਾਰ ਜਾਂ ਕਿਸੇ ਸਮਾਜ-ਸੇਵਾ ਸੰਗਠਨ ਨੇ ਆਰਥਿਕ ਮਦਦ ਕਰਨ ਲਈ ਕੋਈ ਪ੍ਰਬੰਧ ਕੀਤਾ ਹੈ। ਛੇਤੀ ਹੀ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਲਓ ਕਿਉਂਕਿ ਅਜਿਹੀਆਂ ਸੇਵਾਵਾਂ ਬਸ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ।
2. ਪਰਿਵਾਰ ਵਜੋਂ ਮਿਲ ਕੇ ਗੱਲ ਕਰੋ।
ਬਾਈਬਲ ਦਾ ਅਸੂਲ: “ਜੇ ਸਲਾਹ ਨਾ ਮਿਲੇ, ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।”—ਕਹਾਉਤਾਂ 15:22.
ਆਪਣੇ ਸਾਥੀ ਤੇ ਬੱਚਿਆਂ ਨਾਲ ਗੱਲ ਕਰੋ ਕਿ ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰਿਆ ਜਾ ਸਕਦਾ ਹੈ। ਖੁੱਲ੍ਹ ਕੇ ਗੱਲ ਕਰਨ ਨਾਲ ਪਰਿਵਾਰ ਦੇ ਸਾਰੇ ਮੈਂਬਰ ਸਮਝ ਸਕਣਗੇ ਕਿ ਤੁਹਾਡੀ ਆਰਥਿਕ ਹਾਲਤ ਕੀ ਹੈ ਅਤੇ ਸਾਰੇ ਜਣੇ ਇਕ-ਦੂਜੇ ਦਾ ਸਾਥ ਕਿਵੇਂ ਦੇ ਸਕਦੇ ਹਨ। ਜੇ ਪਰਿਵਾਰ ਦਾ ਹਰ ਮੈਂਬਰ ਸੋਚੇ ਕਿ ਉਹ ਥੋੜ੍ਹੇ ਵਿਚ ਗੁਜ਼ਾਰਾ ਕਿਵੇਂ ਕਰ ਸਕਦਾ ਹੈ, ਤਾਂ ਕੋਈ ਵੀ ਫ਼ਜ਼ੂਲ ਖ਼ਰਚ ਨਹੀਂ ਕਰੇਗਾ ਅਤੇ ਤੁਹਾਡੇ ਕੋਲ ਜੋ ਪੈਸੇ ਹਨ, ਉਹ ਜ਼ਿਆਦਾ ਦੇਰ ਤਕ ਚੱਲ ਸਕਣਗੇ।
3. ਖ਼ਰਚੇ ਦਾ ਹਿਸਾਬ ਰੱਖੋ।
ਬਾਈਬਲ ਦਾ ਅਸੂਲ: ‘ਪਹਿਲਾਂ ਬੈਠ ਕੇ ਪੂਰਾ ਹਿਸਾਬ ਲਾਓ।’—ਲੂਕਾ 14:28.
ਜੇ ਤੁਹਾਨੂੰ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਪੈ ਰਿਹਾ ਹੈ, ਤਾਂ ਧਿਆਨ ਦਿਓ ਕਿ ਤੁਸੀਂ ਪੈਸਾ ਕਿੱਥੇ ਖ਼ਰਚ ਕਰ ਰਹੇ ਹੋ। ਬੈਠ ਕੇ ਹਿਸਾਬ ਲਾਓ ਕਿ ਹੁਣ ਤੋਂ ਤੁਹਾਨੂੰ ਹਰ ਮਹੀਨੇ ਕਿੰਨੇ ਪੈਸੇ ਮਿਲਣਗੇ। ਫਿਰ ਲਿਖੋ ਕਿ ਤੁਹਾਡੇ ਹਰ ਮਹੀਨੇ ਦੇ ਕਿਹੜੇ ਖ਼ਰਚੇ ਹਨ ਅਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਖ਼ਰੀਦਣ ਦੀ ਆਦਤ ਹੈ। ਤੁਹਾਨੂੰ ਸ਼ਾਇਦ ਆਪਣੀਆਂ ਕੁਝ ਆਦਤਾਂ ਬਦਲਣੀਆਂ ਪੈਣ। ਨਾਲੇ ਇਹ ਵੀ ਲਿਖੋ ਕਿ ਹਰ ਮਹੀਨੇ ਤੁਸੀਂ ਕਿੰਨੇ ਪੈਸੇ ਬਚਾ ਸਕਦੇ ਹੋ ਤਾਂਕਿ ਅਚਾਨਕ ਕੋਈ ਮੁਸ਼ਕਲ ਖੜ੍ਹੀ ਹੋਣ ʼਤੇ ਤੁਸੀਂ ਇਨ੍ਹਾਂ ਪੈਸਿਆਂ ਨੂੰ ਵਰਤ ਸਕੋ।
ਸੁਝਾਅ: ਖ਼ਰਚ ਦਾ ਹਿਸਾਬ ਲਿਖਦੇ ਵੇਲੇ ਛੋਟੇ-ਮੋਟੇ ਖ਼ਰਚੇ ਵੀ ਲਿਖੋ। ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਕਦੀ-ਕਦਾਈਂ ਛੋਟੀਆਂ-ਮੋਟੀਆਂ ਚੀਜ਼ਾਂ ʼਤੇ ਕਿੰਨਾ ਪੈਸਾ ਖ਼ਰਚ ਹੁੰਦਾ ਹੈ। ਮਿਸਾਲ ਲਈ, ਇਕ ਆਦਮੀ ਨੇ ਜਦੋਂ ਆਪਣੇ ਸਾਲ ਭਰ ਦੇ ਖ਼ਰਚੇ ਦਾ ਹਿਸਾਬ ਲਾਇਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਹਰ ਸਾਲ ਹਜ਼ਾਰਾਂ ਰੁਪਏ ਬਬਲ-ਗਮ ʼਤੇ ਖ਼ਰਚ ਰਿਹਾ ਸੀ।
4. ਆਪਣੀਆਂ ਲੋੜਾਂ ਨੂੰ ਸਮਝੋ ਅਤੇ ਫਾਲਤੂ ਖ਼ਰਚੇ ਘੱਟ ਕਰੋ।
ਬਾਈਬਲ ਦਾ ਅਸੂਲ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.
ਦੇਖੋ ਕਿ ਤੁਹਾਡੀ ਆਮਦਨ ਕਿੰਨੀ ਹੈ ਅਤੇ ਖ਼ਰਚਾ ਕਿੰਨਾ ਹੈ। ਸੋਚੋ ਕਿ ਤੁਸੀਂ ਕਿਨ੍ਹਾਂ ਚੀਜ਼ਾਂ ʼਤੇ ਘੱਟ ਖ਼ਰਚਾ ਕਰ ਸਕਦੇ ਹੋ ਅਤੇ ਕਿਨ੍ਹਾਂ ਚੀਜ਼ਾਂ ਤੋਂ ਬਗੈਰ ਗੁਜ਼ਾਰਾ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਥੋੜ੍ਹੀ ਆਮਦਨ ਵਿਚ ਵੀ ਗੁਜ਼ਾਰਾ ਤੋਰ ਸਕੋਗੇ। ਜ਼ਰਾ ਕੁਝ ਗੱਲਾਂ ʼਤੇ ਗੌਰ ਕਰੋ:
ਆਉਣ-ਜਾਣ ਲਈ ਸਾਧਨ। ਜੇ ਤੁਹਾਡੇ ਕੋਲ ਇਕ ਤੋਂ ਜ਼ਿਆਦਾ ਗੱਡੀਆਂ ਹਨ, ਤਾਂ ਕੀ ਤੁਸੀਂ ਇਕ ਗੱਡੀ ਵੇਚ ਸਕਦੇ ਹੋ? ਜੇ ਤੁਹਾਡੇ ਕੋਲ ਮਹਿੰਗੀ ਗੱਡੀ ਹੈ, ਤਾਂ ਕੀ ਤੁਸੀਂ ਕੋਈ ਛੋਟੀ ਜਾਂ ਸਸਤੀ ਗੱਡੀ ਲੈ ਸਕਦੇ ਹੋ? ਕੀ ਤੁਸੀਂ ਬੱਸ, ਆਟੋ ਜਾਂ ਸਾਈਕਲ ʼਤੇ ਆ-ਜਾ ਸਕਦੇ ਹੋ? ਜੇ ਤੁਸੀਂ ਇੱਦਾਂ ਕਰ ਸਕਦੇ ਹੋ, ਤਾਂ ਆਪਣੇ ਕੋਲ ਕੋਈ ਵੀ ਗੱਡੀ ਨਾ ਰੱਖੋ।
ਮਨੋਰੰਜਨ। ਕੀ ਤੁਸੀਂ ਕੇਬਲ ਜਾਂ ਡਿਸ਼ ਟੀ.ਵੀ ਨੂੰ ਥੋੜ੍ਹੇ ਸਮੇਂ ਲਈ ਕਟਵਾ ਸਕਦੇ ਹੋ? ਕੀ ਤੁਸੀਂ ਮਨੋਰੰਜਨ ਲਈ ਕੁਝ ਅਜਿਹਾ ਕਰ ਸਕਦੇ ਹੋ ਜਿਸ ʼਤੇ ਘੱਟ ਪੈਸਾ ਲੱਗੇ?
ਜ਼ਰੂਰੀ ਖ਼ਰਚੇ। ਪਰਿਵਾਰ ਨਾਲ ਬੈਠ ਕੇ ਗੱਲ ਕਰੋ ਕਿ ਤੁਸੀਂ ਪਾਣੀ, ਬਿਜਲੀ ਤੇ ਪੈਟ੍ਰੋਲ ਦਾ ਖ਼ਰਚਾ ਕਿਵੇਂ ਘਟਾ ਸਕਦੇ ਹੋ। ਜੇ ਲੋੜ ਨਹੀਂ ਹੈ, ਤਾਂ ਲਾਈਟਾਂ ਬੰਦ ਕਰੋ ਅਤੇ ਹੋ ਸਕੇ ਤਾਂ ਨਹਾਉਣ ਵੇਲੇ ਪਾਣੀ ਦੀ ਘੱਟ ਵਰਤੋਂ ਕਰੋ। ਇੱਦਾਂ ਕਰ ਕੇ ਤੁਸੀਂ ਪੈਸਾ ਬਚਾ ਸਕਦੇ ਹੋ।
ਖਾਣਾ। ਰੈਸਟੋਰੈਂਟ ਵਿਚ ਜਾਣਾ ਘੱਟ ਕਰ ਦਿਓ। ਘਰ ਵਿਚ ਹੀ ਖਾਣਾ ਬਣਾਓ। ਪਹਿਲਾਂ ਤੋਂ ਹੀ ਤੈਅ ਕਰੋ ਕਿ ਘਰ ਵਿਚ ਕੀ ਬਣੇਗਾ ਅਤੇ ਜੇ ਹੋ ਸਕੇ, ਤਾਂ ਅਜਿਹੀਆਂ ਚੀਜ਼ਾਂ ਖ਼ਰੀਦੋ ਜੋ ਜਲਦੀ ਖ਼ਰਾਬ ਨਾ ਹੋਣ। ਮੁਮਕਿਨ ਹੋਵੇ ਤਾਂ ਜ਼ਿਆਦਾ ਖਾਣਾ ਬਣਾਓ ਅਤੇ ਬਚਿਆ ਹੋਇਆ ਖਾਣਾ ਬਾਅਦ ਵਿਚ ਖਾਓ। ਖ਼ਰੀਦਾਰੀ ਕਰਨ ਤੋਂ ਪਹਿਲਾਂ ਲਿਸਟ ਬਣਾਓ ਤਾਂਕਿ ਫ਼ਜ਼ੂਲ ਖ਼ਰਚ ਨਾ ਹੋਵੇ। ਮੌਸਮ ਦੇ ਹਿਸਾਬ ਨਾਲ ਤਾਜ਼ੀਆਂ ਚੀਜ਼ਾਂ ਖ਼ਰੀਦੋ ਕਿਉਂਕਿ ਇਹ ਸਸਤੀਆਂ ਹੁੰਦੀਆਂ ਹਨ। ਚਟਪਟੀਆਂ ਜਾਂ ਬਜ਼ਾਰੀ ਚੀਜ਼ਾਂ ਨਾ ਖ਼ਰੀਦੋ। ਘਰ ਵਿਚ ਸਬਜ਼ੀਆਂ ਉਗਾਉਣ ਬਾਰੇ ਸੋਚੋ।
ਕੱਪੜੇ। ਜੇ ਤੁਹਾਡੇ ਕੱਪੜੇ ਪਾਉਣ ਦੇ ਲਾਇਕ ਨਹੀਂ ਰਹੇ, ਤਾਂ ਹੀ ਨਵੇਂ ਖ਼ਰੀਦੋ। ਸਿਰਫ਼ ਫ਼ੈਸ਼ਨ ਵਿਚ ਰਹਿਣ ਕਰਕੇ ਨਾ ਖ਼ਰੀਦੋ। ਉੱਥੋਂ ਕੱਪੜੇ ਖ਼ਰੀਦਣ ਦੀ ਕੋਸ਼ਿਸ਼ ਕਰੋ ਜਿੱਥੇ ਸੇਲ ਲੱਗਦੀ ਹੈ ਅਤੇ ਵਧੀਆ ਕੱਪੜੇ ਮਿਲਦੇ ਹਨ। ਹੋ ਸਕੇ, ਤਾਂ ਧੁੱਪ ਵਿਚ ਕੱਪੜੇ ਸੁਕਾਓ। ਇਸ ਨਾਲ ਤੁਹਾਡਾ ਬਿਜਲੀ ਦਾ ਬਿਲ ਘੱਟ ਆਵੇਗਾ।
ਭਵਿੱਖ ਵਿਚ ਹੋਣ ਵਾਲੇ ਖ਼ਰਚੇ। ਕੁਝ ਵੀ ਖ਼ਰੀਦਣ ਤੋਂ ਪਹਿਲਾਂ ਆਪਣੇ ਤੋਂ ਪੁੱਛੋ, ‘ਕੀ ਮੇਰੇ ਕੋਲ ਇਹ ਖ਼ਰੀਦਣ ਲਈ ਪੈਸੇ ਹਨ? ਕੀ ਵਾਕਈ ਮੈਨੂੰ ਇਸ ਚੀਜ਼ ਦੀ ਲੋੜ ਹੈ?’ ਜੇ ਜ਼ਰੂਰੀ ਨਹੀਂ ਹੈ, ਤਾਂ ਪੁਰਾਣੀਆਂ ਚੀਜ਼ਾਂ ਨਾ ਬਦਲੋ, ਜਿਵੇਂ ਮੋਬਾਇਲ, ਲੈਪਟੋਪ ਜਾਂ ਗੱਡੀ। ਨਾਲੇ ਸੋਚੋ, ‘ਕੀ ਮੈਂ ਉਨ੍ਹਾਂ ਚੀਜ਼ਾਂ ਨੂੰ ਵੇਚ ਸਕਦਾ ਹਾਂ ਜਿਨ੍ਹਾਂ ਦੀ ਮੈਨੂੰ ਲੋੜ ਨਹੀਂ ਹੈ?’ ਇੱਦਾਂ ਕਰਨ ਨਾਲ ਤੁਹਾਡੇ ਕੋਲ ਥੋੜ੍ਹੇ ਪੈਸੇ ਆ ਜਾਣਗੇ।
ਸੁਝਾਅ: ਜਦੋਂ ਅਚਾਨਕ ਤੁਹਾਡੀ ਆਮਦਨ ਘੱਟ ਜਾਂਦੀ ਹੈ, ਤਾਂ ਇਹ ਆਪਣੇ ਆਪ ਵਿਚ ਬਦਲਾਅ ਕਰਨ ਅਤੇ ਬੁਰੀਆਂ ਆਦਤਾਂ ਨੂੰ ਛੱਡਣ ਦਾ ਵਧੀਆ ਮੌਕਾ ਹੁੰਦਾ ਹੈ, ਜਿਵੇਂ ਤਮਾਖੂ ਖਾਣਾ, ਜੂਆ ਖੇਡਣਾ ਅਤੇ ਹੱਦੋਂ ਵੱਧ ਸ਼ਰਾਬ ਪੀਣੀ। ਅਜਿਹੇ ਬਦਲਾਅ ਕਰਨ ਨਾਲ ਨਾ ਸਿਰਫ਼ ਤੁਹਾਡੇ ਪੈਸੇ ਬਚਣਗੇ, ਸਗੋਂ ਤੁਸੀਂ ਵਧੀਆ ਜ਼ਿੰਦਗੀ ਜੀ ਸਕੋਗੇ।
5. ਰੱਬ ਨੂੰ ਜਾਣੋ।
ਬਾਈਬਲ ਦਾ ਅਸੂਲ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”—ਮੱਤੀ 5:3.
ਬਾਈਬਲ ਬਹੁਤ ਹੀ ਵਧੀਆ ਸਲਾਹ ਦਿੰਦੀ ਹੈ: “ਜਿਵੇਂ ਪੈਸਾ ਸੁਰੱਖਿਆ ਦਿੰਦਾ ਹੈ, ਤਿਵੇਂ ਬੁੱਧ ਸੁਰੱਖਿਆ ਦਿੰਦੀ ਹੈ। ਪਰ ਗਿਆਨ ਦੇ ਨਾਲ-ਨਾਲ ਬੁੱਧ ਹੋਣ ਦਾ ਫ਼ਾਇਦਾ ਇਹ ਹੈ ਕਿ ਇਹ ਆਪਣੇ ਮਾਲਕ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਕਿਤਾਬ 7:12) ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਇਹ ਸਲਾਹ ਮੰਨ ਕੇ ਉਨ੍ਹਾਂ ਨੂੰ ਫ਼ਾਇਦਾ ਹੋਇਆ ਹੈ, ਖ਼ਾਸ ਕਰਕੇ ਉਦੋਂ ਜਦੋਂ ਪੈਸੇ ਬਾਰੇ ਹੱਦੋਂ ਵੱਧ ਚਿੰਤਾ ਹੋਣ ਲੱਗੇ।—ਮੱਤੀ 6:31, 32.