Skip to content

Skip to table of contents

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਗੋਲੀਬਾਰੀ ਦੀ ਦਹਿਸ਼ਤ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਦੁਨੀਆਂ ਭਰ ਵਿਚ ਗੋਲੀਬਾਰੀ ਦੀ ਦਹਿਸ਼ਤ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

 ਜੁਲਾਈ 2022 ਦੌਰਾਨ ਦੁਨੀਆਂ ਭਰ ਵਿਚ ਗੋਲੀਬਾਰੀ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਹੋਈਆਂ ਹਨ:

  •   “ਜਪਾਨ ਦੇ ਮਸ਼ਹੂਰ ਨੇਤਾ [ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ] ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਦੁਨੀਆਂ ਭਰ ਵਿਚ ਲੋਕਾਂ ਨੂੰ ਬਹੁਤ ਵੱਡਾ ਸਦਮਾ ਲੱਗਾ ਕਿਉਂਕਿ ਇਸ ਦੇਸ਼ ਵਿਚ ਬਹੁਤ ਘੱਟ ਅਪਰਾਧ ਹੁੰਦੇ ਹਨ ਤੇ ਬੰਦੂਕ ਰੱਖਣ ਨੂੰ ਲੈ ਕੇ ਕਾਨੂੰਨ ਬਹੁਤ ਸਖ਼ਤ ਹਨ।”​—10 ਜੁਲਾਈ 2022, ਦ ਜਪਾਨ ਟਾਈਮਜ਼।

  •   “ਡੈਨਮਾਰਕ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਛਾ ਗਿਆ ਜਦੋਂ ਕੋਪਨਹੇਗਨ ਦੇ ਸ਼ਾਪਿੰਗ ਮਾਲ ਵਿਚ ਇਕ ਆਦਮੀ ਨੇ ਤਿੰਨ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।”​—4 ਜੁਲਾਈ 2022, ਰਾਇਟਰਜ਼।

  •   “ਦੱਖਣੀ ਅਫ਼ਰੀਕਾ: ਸੋਵੇਟੋ ਕਸਬੇ ਦੇ ਬਾਰ ਵਿਚ ਹਮਲਾਵਰਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 15 ਦੀ ਮੌਤ।”​—10 ਜੁਲਾਈ 2022, ਦ ਗਾਰਡੀਅਨ।

  •   “ਅਮਰੀਕਾ ਵਿਚ ਹਫ਼ਤੇ ਦੇ ਅੰਤ ਵਿਚ 4 ਜੁਲਾਈ ਨੂੰ ਚੱਲੀਆਂ ਗੋਲੀਆਂ ਨਾਲ 220 ਤੋਂ ਜ਼ਿਆਦਾ ਲੋਕ ਮਾਰੇ ਗਏ।”​—5 ਜੁਲਾਈ 2022, ਸੀ. ਬੀ. ਐੱਸ. ਨਿਊਜ਼।

 ਕੀ ਕੋਈ ਉਮੀਦ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਕਦੇ ਖ਼ਤਮ ਹੋਵੇਗੀ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਹਿੰਸਾ ਦਾ ਅੰਤ

 ਬਾਈਬਲ ਸਾਡੇ ਇਸ ਸਮੇਂ ਨੂੰ “ਆਖ਼ਰੀ ਦਿਨ” ਕਹਿੰਦੀ ਹੈ ਜਦੋਂ ਲੋਕ ਵਹਿਸ਼ੀਆਨਾ ਤੇ ਜ਼ਾਲਮਾਨਾ ਕੰਮ ਕਰਨਗੇ। (2 ਤਿਮੋਥਿਉਸ 3:1, 3) ਇਨ੍ਹਾਂ ਹਿੰਸਕ ਕੰਮਾਂ ਕਰਕੇ ਲੋਕ ਡਰ ਨਾਲ ਜੀਉਂਦੇ ਹਨ। (ਲੂਕਾ 21:11) ਪਰ ਬਾਈਬਲ ਵਾਅਦਾ ਕਰਦੀ ਹੈ ਕਿ ਉਹ ਸਮਾਂ ਆਵੇਗਾ ਜਦੋਂ ਹਿੰਸਾ ਦਾ ਅੰਤ ਹੋ ਜਾਵੇਗਾ ਅਤੇ “ਲੋਕ ਅਜਿਹੀ ਥਾਂ ਵੱਸਣਗੇ ਜਿੱਥੇ ਸ਼ਾਂਤੀ ਹੋਵੇਗੀ, ਉਹ ਸੁਰੱਖਿਅਤ ਬਸੇਰਿਆਂ ਵਿਚ ਅਤੇ ਸਕੂਨ ਦੇਣ ਵਾਲੀਆਂ ਥਾਵਾਂ ʼਤੇ ਵੱਸਣਗੇ।” (ਯਸਾਯਾਹ 32:18) ਹਿੰਸਾ ਦਾ ਅੰਤ ਕਿਵੇਂ ਹੋਵੇਗਾ?

 ਰੱਬ ਦੁਸ਼ਟ ਲੋਕਾਂ ਅਤੇ ਸਾਰੇ ਹਥਿਆਰਾਂ ਨੂੰ ਨਾਸ਼ ਕਰ ਦੇਵੇਗਾ।

  •   “ਦੁਸ਼ਟ ਧਰਤੀ ਤੋਂ ਮਿਟਾ ਦਿੱਤੇ ਜਾਣਗੇ ਅਤੇ ਧੋਖੇਬਾਜ਼ ਇਸ ਤੋਂ ਉਖਾੜ ਦਿੱਤੇ ਜਾਣਗੇ।”​—ਕਹਾਉਤਾਂ 2:22.

  •   “[ਰੱਬ] ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ। ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੇ ਦੇ ਟੋਟੇ-ਟੋਟੇ ਕਰ ਦਿੰਦਾ ਹੈ; ਉਹ ਯੁੱਧ ਦੇ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ।”​—ਜ਼ਬੂਰ 46:9.

 ਰੱਬ ਲੋਕਾਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾ ਕੇ ਹਿੰਸਾ ਦੇ ਕਾਰਨਾਂ ਨੂੰ ਜੜ੍ਹੋਂ ਉਖਾੜ ਦੇਵੇਗਾ।

  •   “ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।”​—ਯਸਾਯਾਹ 11:9.

  •   ਹੁਣ ਵੀ ਰੱਬ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਸਿਖਾ ਰਿਹਾ ਹੈ ਕਿ ਉਹ ਹਿੰਸਾ ਕਰਨੀ ਅਤੇ ਹਥਿਆਰ ਵਰਤਣੇ ਛੱਡ ਦੇਣ ਤੇ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣ ਅਤੇ ਆਪਣੇ ਬਰਛਿਆਂ ਨੂੰ ਦਾਤ।’​—ਮੀਕਾਹ 4:3.

 ਬਾਈਬਲ ਵਾਅਦਾ ਕਰਦੀ ਹੈ ਕਿ ਉਹ ਸਮਾਂ ਆਵੇਗਾ ਜਦੋਂ ਦੁਨੀਆਂ ਵਿਚ ਡਰ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ। ਇਸ ਵਾਅਦੇ ਬਾਰੇ ਹੋਰ ਜਾਣਨ ਲਈ “ਡਰ ਤੋਂ ਆਜ਼ਾਦੀ​—ਕੀ ਇਹ ਮੁਮਕਿਨ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।

 ਹਿੰਸਾ ਨੂੰ ਹਮੇਸ਼ਾ ਲਈ ਕਿਵੇਂ ਖ਼ਤਮ ਕੀਤਾ ਜਾਵੇਗਾ, ਇਸ ਬਾਰੇ ਹੋਰ ਜਾਣਨ ਲਈ “ਇਕ ਦਿਨ ਧਰਤੀ ਉੱਤੇ ਅਮਨ-ਚੈਨ ਜ਼ਰੂਰ ਹੋਵੇਗਾ” ਨਾਂ ਦਾ ਲੇਖ ਪੜ੍ਹੋ।