Skip to content

Skip to table of contents

ਦੁਨੀਆਂ ਭਰ ਵਿਚ ਹੋ ਰਹੀ ਪਾਣੀ ਦੀ ਘਾਟ ਬਾਰੇ ਬਾਈਬਲ ਕੀ ਕਹਿੰਦੀ ਹੈ?

ਦੁਨੀਆਂ ਭਰ ਵਿਚ ਹੋ ਰਹੀ ਪਾਣੀ ਦੀ ਘਾਟ ਬਾਰੇ ਬਾਈਬਲ ਕੀ ਕਹਿੰਦੀ ਹੈ?

 ਸਾਨੂੰ ਸਾਰਿਆਂ ਨੂੰ ਜੀਉਂਦੇ ਰਹਿਣ ਲਈ ਸਾਫ਼ ਪਾਣੀ ਦੀ ਲੋੜ ਹੈ। ਪਰ ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਅਨਟੋਨੀਓ ਗੁਟੇਰੇਸ ਨੇ ਚੇਤਾਵਨੀ ਦਿੱਤੀ ਕਿ “ਦੁਨੀਆਂ ਭਰ ਵਿਚ ਲਗਾਤਾਰ ਪਾਣੀ ਦੀ ਮੰਗ ਵਧਦੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਪਾਣੀ ਦੀ ਗੰਭੀਰ ਸਮੱਸਿਆ ਆ ਰਹੀ ਹੈ।” ਦੁਨੀਆਂ ਭਰ ਵਿਚ ਅਰਬਾਂ ਹੀ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ।

Strdel/AFP via Getty Images

 ਕੀ ਕਦੇ ਸਾਰਿਆਂ ਲਈ ਲੋੜੀਂਦਾ ਪਾਣੀ ਹੋਵੇਗਾ? ਜਾਂ ਫਿਰ ਕੀ ਸਾਨੂੰ ਹਮੇਸ਼ਾ ਪਾਣੀ ਦੀ ਘਾਟ ਰਹੇਗੀ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਪਾਣੀ ਦੀ ਘਾਟ ਨੂੰ ਪੂਰਾ ਕਰਨ ਬਾਰੇ ਬਾਈਬਲ ਕੀ ਵਾਅਦਾ ਕਰਦੀ ਹੈ?

 ਬਾਈਬਲ ਦੱਸਦੀ ਹੈ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਪਾਣੀ ਦੀ ਘਾਟ ਨਹੀਂ ਰਹੇਗੀ। ਦਰਅਸਲ, ਉਸ ਸਮੇਂ ਭਰਪੂਰ ਮਾਤਰਾ ਵਿਚ ਸਾਫ਼ ਤੇ ਤਾਜ਼ਾ ਪਾਣੀ ਹੋਵੇਗਾ।

 “ਉਜਾੜ ਵਿਚ ਪਾਣੀ ਅਤੇ ਰੇਗਿਸਤਾਨ ਵਿਚ ਨਦੀਆਂ ਫੁੱਟ ਨਿਕਲਣਗੀਆਂ। ਝੁਲ਼ਸੀ ਹੋਈ ਜ਼ਮੀਨ ਕਾਨਿਆਂ ਵਾਲਾ ਤਲਾਬ ਬਣ ਜਾਵੇਗੀ ਅਤੇ ਪਿਆਸੀ ਜ਼ਮੀਨ ਪਾਣੀਆਂ ਦੇ ਚਸ਼ਮੇ।”​—ਯਸਾਯਾਹ 35:6, 7.

 ਅਸੀਂ ਬਾਈਬਲ ਦੇ ਇਸ ਵਾਅਦੇ ʼਤੇ ਕਿਉਂ ਭਰੋਸਾ ਕਰ ਸਕਦੇ ਹਾਂ? ਜ਼ਰਾ ਗੌਰ ਕਰੋ ਕਿ ਧਰਤੀ ਨੂੰ ਜਿਸ ਤਰੀਕੇ ਨਾਲ ਬਣਾਇਆ ਗਿਆ ਹੈ, ਉਸ ਦੀ ਇਕ ਖੂਬੀ ਬਾਰੇ ਬਾਈਬਲ ਕੀ ਦੱਸਦੀ ਹੈ।

ਧਰਤੀ ਅਤੇ ਪਾਣੀ ਦੇ ਚੱਕਰ ਬਾਰੇ ਬਾਈਬਲ ਕੀ ਕਹਿੰਦੀ ਹੈ?

 “[ਰੱਬ] ਨੇ [ਧਰਤੀ] ਨੂੰ ਐਵੇਂ ਹੀ ਨਹੀਂ ਸਿਰਜਿਆ, ਸਗੋਂ ਇਸ ਨੂੰ ਵੱਸਣ ਲਈ ਬਣਾਇਆ।”​—ਯਸਾਯਾਹ 45:18.

 ਰੱਬ ਨੇ ਧਰਤੀ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਸ ʼਤੇ ਜੀਵਨ ਕਾਇਮ ਰਹਿ ਸਕੇ। ਇਸ ਲਈ ਉਸ ਨੇ ਅਜਿਹੇ ਪ੍ਰਬੰਧ ਕੀਤੇ ਹਨ ਤਾਂਕਿ ਭਰਪੂਰ ਮਾਤਰਾ ਵਿਚ ਤਾਜ਼ਾ ਪਾਣੀ ਮਿਲਦਾ ਰਹੇ।

 “[ਰੱਬ] ਪਾਣੀ ਦੀਆਂ ਬੂੰਦਾਂ ਉਤਾਂਹ ਖਿੱਚਦਾ ਹੈ; ਅਤੇ ਧੁੰਦ ਤੋਂ ਮੀਂਹ ਬਣ ਜਾਂਦਾ ਹੈ; ਫਿਰ ਬੱਦਲ ਇਸ ਨੂੰ ਡੋਲ੍ਹ ਦਿੰਦੇ ਹਨ; ਉਹ ਮਨੁੱਖਜਾਤੀ ਉੱਤੇ ਇਸ ਨੂੰ ਵਰ੍ਹਾ ਦਿੰਦੇ ਹਨ।”​—ਅੱਯੂਬ 36:27, 28.

 ਸੌਖੇ ਸ਼ਬਦਾਂ ਵਿਚ ਇਸ ਆਇਤ ਦਾ ਮਤਲਬ ਹੈ ਕਿ ਪਾਣੀ ਦੀ ਮੁੜ ਵਰਤੋਂ ਲਈ ਰੱਬ ਨੇ ਪਾਣੀ ਦੇ ਕੁਦਰਤੀ ਤੇ ਭਰੋਸੇਯੋਗ ਚੱਕਰ ਬਣਾਏ ਹਨ ਅਤੇ ਹਰ ਜਗ੍ਹਾ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ। ਪਾਣੀ ਜ਼ਮੀਨ ਤੇ ਸਮੁੰਦਰ ਤੋਂ ਭਾਫ਼ ਬਣ ਕੇ ਉੱਡਦਾ ਹੈ, ਫਿਰ ਇਸ ਦੇ ਬੱਦਲ ਬਣਦੇ ਹਨ ਅਤੇ ਫਿਰ ਇਹ ਪਾਣੀ ਮੀਂਹ ਬਣ ਕੇ ਧਰਤੀ ʼਤੇ ਪੈਂਦਾ ਹੈ। ਇਸ ਤਰ੍ਹਾਂ ਇਨਸਾਨਾਂ ਤੇ ਜਾਨਵਰਾਂ ਨੂੰ ਤਾਜ਼ਾ ਤੇ ਸਾਫ਼ ਪਾਣੀ ਮਿਲਦਾ ਰਹਿੰਦਾ ਹੈ।​—ਉਪਦੇਸ਼ਕ ਦੀ ਕਿਤਾਬ 1:7; ਆਮੋਸ 5:8.

 “ਮੈਂ ਸਹੀ ਸਮੇਂ ʼਤੇ ਤੁਹਾਡੇ ਲਈ ਮੀਂਹ ਵਰ੍ਹਾਵਾਂਗਾ ਅਤੇ ਜ਼ਮੀਨ ਆਪਣੀ ਪੈਦਾਵਾਰ ਦੇਵੇਗੀ ਅਤੇ ਖੇਤ ਦੇ ਦਰਖ਼ਤ ਆਪਣਾ ਫਲ ਦੇਣਗੇ।”​—ਲੇਵੀਆਂ 26:4.

 ਪੁਰਾਣੇ ਸਮੇਂ ਵਿਚ ਇਜ਼ਰਾਈਲੀ ਖੇਤੀ-ਬਾੜੀ ਕਰਦੇ ਸਨ। ਰੱਬ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਬਰਕਤ ਵਜੋਂ ਭਰਪੂਰ ਫ਼ਸਲ ਦੇਣ ਲਈ ਲਗਾਤਾਰ ਪਾਣੀ ਦਿੰਦਾ ਰਹੇਗਾ। ਉਹ ਜਾਣਦਾ ਹੈ ਕਿ ਫ਼ਸਲ ਦੀ ਪੈਦਾਵਾਰ ਲਈ ਸਹੀ ਸਮੇਂ ʼਤੇ ਮੀਂਹ ਦੀ ਲੋੜ ਹੈ।

 ਰੱਬ ਨੇ ਪੁਰਾਣੇ ਇਜ਼ਰਾਈਲ ਵਿਚ ਜੋ ਕੁਝ ਕੀਤਾ ਸੀ, ਉਹੀ ਉਹ ਬਹੁਤ ਜਲਦ ਪੂਰੀ ਧਰਤੀ ʼਤੇ ਕਰੇਗਾ। (ਯਸਾਯਾਹ 30:23) ਪਰ ਅੱਜ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਪਾਣੀ ਦੀ ਘਾਟ ਵਧਦੀ ਜਾ ਰਹੀ ਹੈ ਤੇ ਇਸ ਦਾ ਇਕ ਕਾਰਨ ਮੀਂਹ ਦੀ ਕਮੀ ਹੈ। ਅੱਜ ਹੋ ਰਹੀ ਪਾਣੀ ਦੀ ਸਮੱਸਿਆ ਦੇ ਹੱਲ ਬਾਰੇ ਬਾਈਬਲ ਹੋਰ ਕੀ ਕਹਿੰਦੀ ਹੈ?

ਪਾਣੀ ਦੀ ਸਮੱਸਿਆ ਕਿਵੇਂ ਖ਼ਤਮ ਹੋਵੇਗੀ?

 ਬਾਈਬਲ ਦੱਸਦੀ ਹੈ ਕਿ ਰੱਬ ਆਪਣੇ ਰਾਜ ਦੇ ਜ਼ਰੀਏ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਜਿਨ੍ਹਾਂ ਵਿਚ ਪਾਣੀ ਦੀ ਸਮੱਸਿਆ ਵੀ ਸ਼ਾਮਲ ਹੈ। (ਮੱਤੀ 6:9, 10) ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਜੋ ਸਾਰੀ ਧਰਤੀ ʼਤੇ ਰਾਜ ਕਰੇਗੀ। (ਦਾਨੀਏਲ 2:44; ਪ੍ਰਕਾਸ਼ ਦੀ ਕਿਤਾਬ 11:15) ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਰਾਜ ਉਹ ਕੰਮ ਕਰੇਗਾ ਜੋ ਇਨਸਾਨੀ ਸਰਕਾਰਾਂ ਕਰਨ ਦੇ ਕਾਬਲ ਨਹੀਂ ਹਨ। ਇਹ ਰਾਜ ਪਾਣੀ ਦੀ ਸਮੱਸਿਆ ਖੜ੍ਹੀ ਕਰਨ ਵਾਲੇ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ।

 ਸਮੱਸਿਆ: ਮੌਸਮ ਵਿਚ ਹੋ ਰਹੇ ਬਦਲਾਅ ਕਰਕੇ ਪਾਣੀ ਦੇ ਚੱਕਰ ʼਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਭਿਆਨਕ ਸੋਕਾ ਪੈਂਦਾ ਹੈ ਅਤੇ ਮੋਹਲੇਧਾਰ ਮੀਂਹ ਜਾਂ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਕਰਕੇ ਵੱਡੇ-ਵੱਡੇ ਹੜ੍ਹ ਆਉਂਦੇ ਹਨ।

 ਹੱਲ: ਪਰਮੇਸ਼ੁਰ ਦਾ ਰਾਜ ਵਾਤਾਵਰਨ ʼਤੇ ਪੈਂਦੇ ਮਾੜੇ ਅਸਰਾਂ ਨੂੰ ਖ਼ਤਮ ਕਰ ਦੇਵੇਗਾ ਤਾਂਕਿ ਸਾਡੀ ਧਰਤੀ ਦੁਬਾਰਾ ਪਹਿਲਾ ਵਰਗੀ ਬਣ ਸਕੇ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” (ਪ੍ਰਕਾਸ਼ ਦੀ ਕਿਤਾਬ 21:5) ਝੁਲ਼ਸੀਆਂ ਥਾਵਾਂ ʼਤੇ ਭਰਪੂਰ ਤਾਜ਼ਾ ਪਾਣੀ ਹੋਵੇਗਾ ਜਿਸ ਕਰਕੇ ਉਨ੍ਹਾਂ ਥਾਵਾਂ ʼਤੇ ਵੀ ਜੀਵ-ਜੰਤੂ ਤੇ ਪੇੜ-ਪੌਦੇ ਵਧਣ-ਫੁੱਲਣਗੇ ਜੋ ਹੁਣ ਸੁੰਨਸਾਨ ਪਈਆਂ ਹਨ।(ਯਸਾਯਾਹ 41:17-20) ਯਿਸੂ ਮਸੀਹ ਅਧੀਨ ਪਰਮੇਸ਼ੁਰ ਦਾ ਰਾਜ ਧਰਤੀ ਦੀਆਂ ਸਾਰੀਆਂ ਕੁਦਰਤੀ ਤਾਕਤਾਂ ʼਤੇ ਵੀ ਕਾਬੂ ਰੱਖੇਗਾ।

 ਧਰਤੀ ʼਤੇ ਹੁੰਦਿਆਂ ਯਿਸੂ ਨੇ ਇਕ ਭਿਆਨਕ ਤੂਫ਼ਾਨ ਨੂੰ ਸ਼ਾਂਤ ਕੀਤਾ। ਇਸ ਤਰ੍ਹਾਂ ਉਸ ਨੇ ਰੱਬ ਤੋਂ ਮਿਲੀ ਤਾਕਤ ਦੀ ਝਲਕ ਦਿਖਾਈ। (ਮਰਕੁਸ 4:39, 41) ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਮਸੀਹ ਕੁਦਰਤੀ ਆਫ਼ਤਾਂ ਨੂੰ ਖ਼ਤਮ ਕਰ ਦੇਵੇਗਾ। ਫਿਰ ਲੋਕਾਂ ਨੂੰ ਕਿਸੇ ਕੁਦਰਤੀ ਆਫ਼ਤ ਦਾ ਡਰ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਸੱਚੀ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ।

 ਸਮੱਸਿਆ: ਦੂਰ ਦੀ ਨਾ ਸੋਚਣ ਵਾਲੇ ਇਨਸਾਨ ਅਤੇ ਲਾਲਚੀ ਸੰਸਥਾਵਾਂ ਨਦੀਆਂ, ਝੀਲਾਂ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰਦੀਆਂ ਹਨ। ਇਸ ਤਰ੍ਹਾਂ ਉਹ ਸਾਫ਼ ਪਾਣੀ ਦੀ ਸਮੱਸਿਆ ਨੂੰ ਹੋਰ ਵਧਾਉਂਦੇ ਹਨ।

 ਹੱਲ: ਰੱਬ ਧਰਤੀ ਨੂੰ ਸਾਫ਼-ਸੁਥਰੀ ਕਰ ਦੇਵੇਗਾ ਅਤੇ ਇਸ ਦੀਆਂ ਨਦੀਆਂ, ਝੀਲਾਂ, ਸਮੁੰਦਰਾਂ ਅਤੇ ਮਿੱਟੀ ਨੂੰ ਪਹਿਲਾਂ ਵਾਂਗ ਠੀਕ ਕਰ ਦੇਵੇਗਾ। ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਬਾਈਬਲ ਸ਼ਾਇਰਾਨਾ ਅੰਦਾਜ਼ ਵਿਚ ਕਹਿੰਦੀ ਹੈ: “ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ, ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।”​—ਯਸਾਯਾਹ 35:1.

 ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਵਾਤਾਵਰਣ ਅਤੇ ਦੂਜਿਆਂ ਦੀ ਕੋਈ ਪਰਵਾਹ ਨਹੀਂ ਕਰਦੇ? ਰੱਬ ਨੇ ਵਾਅਦਾ ਕੀਤਾ ਹੈ ਕਿ ਉਹ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਂਗਾ।”​—ਪ੍ਰਕਾਸ਼ ਦੀ ਕਿਤਾਬ 11:18; ਕਹਾਉਤਾਂ 2:21, 22.

 ਸਮੱਸਿਆ: ਪਾਣੀ ਦੇ ਸੋਮਿਆਂ ਦੀ ਗ਼ਲਤ ਵਰਤੋਂ ਹੋ ਰਹੀ ਹੈ। ਇਸ ਕਰਕੇ ਧਰਤੀ ਜਿੰਨਾ ਪਾਣੀ ਪੈਦਾ ਕਰ ਸਕਦੀ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਪਾਣੀ ਬਰਬਾਦ ਹੋ ਰਿਹਾ ਹੈ।

 ਹੱਲ: ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਉਸ ਦੀ ਇੱਛਾ ‘ਧਰਤੀ ਉੱਤੇ ਪੂਰੀ ਹੋਵੇਗੀ,’ ਨਾ ਕਿ ਸੁਆਰਥੀ ਇਨਸਾਨਾਂ ਦੀ। (ਮੱਤੀ 6:9, 10) ਪਰਮੇਸ਼ੁਰ ਦੇ ਰਾਜ ਵਿਚ ਸਾਰੇ ਇਨਸਾਨਾਂ ਨੂੰ ਸਭ ਤੋਂ ਵਧੀਆ ਸਿੱਖਿਆ ਦਿੱਤੀ ਜਾਵੇਗੀ। ਯਸਾਯਾਹ 11:9 ਵਿਚ ਦੱਸਿਆ ਗਿਆ ਹੈ ਕਿ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” a ਇਹ ਗਿਆਨ ਹਾਸਲ ਕਰ ਕੇ, ਰੱਬ ਅਤੇ ਉਸ ਦੀਆਂ ਰਚੀਆਂ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਇਨਸਾਨ ਧਰਤੀ ਅਤੇ ਇਸ ਦੇ ਕੁਦਰਤੀ ਸੋਮਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨਗੇ।

  •    ਪਰਮੇਸ਼ੁਰ ਦਾ ਰਾਜ ਕੀ-ਕੀ ਕਰੇਗਾ, ਇਸ ਬਾਰੇ ਹੋਰ ਜਾਣਨ ਲਈ “ਪਰਮੇਸ਼ੁਰ ਦਾ ਰਾਜ ਕੀ ਕਰੇਗਾ?” ਨਾਂ ਦਾ ਲੇਖ ਦੇਖੋ।

  •    ਧਰਤੀ ਨੂੰ ਬਾਗ਼ ਵਰਗੀ ਸੋਹਣੀ ਕਿਵੇਂ ਬਣਾਇਆ ਜਾਵੇਗਾ, ਇਸ ਬਾਰੇ ਜਾਣਨ ਲਈ ਬਾਈਬਲ ਵਿੱਚੋਂ ਯਸਾਯਾਹ ਦੀ ਕਿਤਾਬ ਦਾ ਅਧਿਆਇ 35 ਪੜ੍ਹੋ।

  •    ਧਰਤੀ ਅਤੇ ਇਨਸਾਨਾਂ ਲਈ ਰੱਬ ਦੇ ਮਕਸਦ ਬਾਰੇ ਹੋਰ ਜਾਣਨ ਲਈ ਰੱਬ ਨੇ ਧਰਤੀ ਕਿਉਂ ਬਣਾਈ? ਨਾਂ ਦੀ ਵੀਡੀਓ ਦੇਖੋ।

a ਰੱਬ ਦਾ ਨਾਂ ਯਹੋਵਾਹ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।