Skip to content

Skip to table of contents

ਖ਼ਬਰਦਾਰ ਰਹੋ!

ਧਰਤੀ ਤਬਾਹ ਹੁੰਦੀ ਜਾ ਰਹੀ ਹੈ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਧਰਤੀ ਤਬਾਹ ਹੁੰਦੀ ਜਾ ਰਹੀ ਹੈ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

 “ਅਸੀਂ ਤੇਜ਼ੀ ਨਾਲ ਉਸ ਦਿਸ਼ਾ ਵੱਲ ਵਧ ਰਹੇ ਹਾਂ ਜਦੋਂ ਮੌਸਮ ਕਰਕੇ ਬਹੁਤ ਵੱਡੀ ਤਬਾਹੀ ਮਚੇਗੀ। ਵੱਡੇ-ਵੱਡੇ ਸ਼ਹਿਰ ਪਾਣੀ ਵਿਚ ਡੁੱਬ ਜਾਣਗੇ। ਜ਼ਬਰਦਸਤ ਲੂ (ਗਰਮ ਹਵਾਵਾਂ) ਵਗੇਗੀ। ਭਿਆਨਕ ਤੂਫ਼ਾਨ ਆਉਣਗੇ। ਬਹੁਤ ਵੱਡੇ ਪੈਮਾਨੇ ʼਤੇ ਪਾਣੀ ਦੀ ਕਮੀ ਹੋਵੇਗੀ। ਪੇੜ-ਪੌਦਿਆਂ ਅਤੇ ਜਾਨਵਰਾਂ ਦੀਆਂ ਲੱਖਾਂ ਪ੍ਰਜਾਤੀਆਂ ਅਲੋਪ ਹੋ ਜਾਣਗੀਆਂ। ਇਹ ਸਭ ਕੋਈ ਕਲਪਨਾ ਜਾਂ ਵਧਾ-ਚੜ੍ਹਾ ਕੇ ਕਹੀਆਂ ਗੱਲਾਂ ਨਹੀਂ ਹਨ, ਸਗੋਂ ਇਹ ਵਿਗਿਆਨੀਆਂ ਦਾ ਕਹਿਣਾ ਹੈ। ਉਹ ਦੱਸਦੇ ਹਨ ਕਿ ਜੇ ਊਰਜਾ ਦੀ ਵਰਤੋਂ ਕਰਨ ਦੀਆਂ ਨੀਤੀਆਂ ਨਾ ਬਦਲੀਆਂ ਗਈਆਂ, ਤਾਂ ਇਹੀ ਅੰਜਾਮ ਹੋਵੇਗਾ।”​—ਇਹ ਗੱਲ ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਅਨਟੋਨੀਓ ਗੁਟੇਰੇਸ ਨੇ ਕਹੀ। ਉਸ ਨੇ ਇਹ ਗੱਲ ਮੌਸਮ ਵਿਚ ਆਏ ਬਦਲਾਅ ਬਾਰੇ ਕਈ ਸਰਕਾਰਾਂ ਦੀ ਚਰਚਾ ਤੋਂ ਬਾਅਦ 4 ਅਪ੍ਰੈਲ 2022 ਨੂੰ ਦਿੱਤੀ ਗਈ ਰਿਪੋਰਟ ਨੂੰ ਧਿਆਨ ਵਿਚ ਰੱਖਦਿਆਂ ਕਹੀ ਸੀ।

 “ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਆਉਣ ਵਾਲੇ ਸਾਲਾਂ ਵਿਚ ਬਦਲਦੇ ਮੌਸਮ ਕਾਰਨ [ਅਮਰੀਕਾ ਦੇ]ਲਗਭਗ ਸਾਰੇ 423 ਨੈਸ਼ਨਲ ਪਾਰਕਾਂ ਵਿਚ ਭਿਆਨਕ ਤਬਾਹੀ ਮਚੇਗੀ। ਉਹ ਇਸ ਲਈ ਕਿਉਂਕਿ ਤਾਪਮਾਨ ਵਿਚ ਵਾਧੇ ਦਾ ਸਿੱਧਾ ਅਸਰ ਖ਼ਾਸ ਕਰਕੇ ਇਨ੍ਹਾਂ ਪਾਰਕਾਂ ʼਤੇ ਪੈ ਸਕਦਾ ਹੈ। ਵਾਰ-ਵਾਰ ਦਿੱਤੀ ਜਾਣ ਵਾਲੀ ਇਹ ਚੇਤਾਵਨੀ ਬਾਈਬਲ ਦੀਆਂ ਭਵਿੱਖਬਾਣੀਆਂ ਵਾਂਗ ਹੈ: ਥਾਂ-ਥਾਂ ਅੱਗ ਲੱਗੇਗੀ, ਹੜ੍ਹ ਆਉਣਗੇ, ਬਰਫ਼ ਦੀਆਂ ਚਟਾਨਾਂ ਪਿਘਲਣਗੀਆਂ, ਸਮੁੰਦਰ ਦਾ ਪਾਣੀ ਵਧਦਾ ਜਾਵੇਗਾ ਅਤੇ ਲੂ ਵਗੇਗੀ।”​—“ਯੈਲੋਸਟੋਨ ਨੈਸ਼ਨਲ ਪਾਰਕ ਵਿਚ ਹੜ੍ਹ ਨਾਲ ਹਫੜਾ-ਦਫੜੀ​—ਆਉਣ ਵਾਲੀ ਵੱਡੀ ਬਿਪਤਾ ਦੀ ਨਿਸ਼ਾਨੀ,” ਦ ਨਿਊ ਯਾਰਕ ਟਾਈਮਜ਼ ਅਖ਼ਬਾਰ, 15 ਜੂਨ 2022.

 ਕੀ ਵਾਤਾਵਰਣ ਸੰਬੰਧੀ ਸਮੱਸਿਆਵਾਂ ਕਦੇ ਖ਼ਤਮ ਹੋਣਗੀਆਂ? ਜੇ ਹਾਂ, ਤਾਂ ਕੌਣ ਇਨ੍ਹਾਂ ਨੂੰ ਖ਼ਤਮ ਕਰੇਗਾ? ਧਿਆਨ ਦਿਓ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਹੀ ਕੀ ਦੱਸਿਆ ਗਿਆ ਸੀ?

 ਬਾਈਬਲ ਵਿਚ ਲਿਖਿਆ ਹੈ ਕਿ ਪਰਮੇਸ਼ੁਰ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਗਾ।’ (ਪ੍ਰਕਾਸ਼ ਦੀ ਕਿਤਾਬ 11:18) ਇਸ ਤੋਂ ਸਾਨੂੰ ਤਿੰਨ ਗੱਲਾਂ ਪਤਾ ਲੱਗਦੀਆਂ ਹਨ:

  1.  1. ਇਨਸਾਨਾਂ ਦੇ ਕੰਮਾਂ ਕਰਕੇ ਕੁਝ ਹੱਦ ਤਕ ਧਰਤੀ ਦਾ ਨੁਕਸਾਨ ਹੋਵੇਗਾ।

  2.  2. ਧਰਤੀ ਦੀ ਤਬਾਹੀ ਇਕ ਦਿਨ ਰੋਕੀ ਜਾਵੇਗੀ।

  3.  3. ਇਸ ਧਰਤੀ ਦੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਕੋਈ ਇਨਸਾਨ ਨਹੀਂ, ਸਗੋਂ ਪਰਮੇਸ਼ੁਰ ਖ਼ਤਮ ਕਰੇਗਾ।

ਸਾਡੀ ਧਰਤੀ ਸੁਰੱਖਿਅਤ ਰਹੇਗੀ

 ਬਾਈਬਲ ਕਹਿੰਦੀ ਹੈ ਕਿ “ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ।” (ਉਪਦੇਸ਼ਕ ਦੀ ਕਿਤਾਬ 1:4) ਲੋਕ ਹਮੇਸ਼ਾ ਇਸ ਉੱਤੇ ਰਹਿਣਗੇ।

  •   “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।”​—ਜ਼ਬੂਰ 37:29.

 ਸਾਡੀ ਧਰਤੀ ਫਿਰ ਤੋਂ ਸੋਹਣੀ ਬਣ ਜਾਵੇਗੀ ਅਤੇ ਵਾਤਾਵਰਣ ਸੰਬੰਧੀ ਕੋਈ ਸਮੱਸਿਆ ਨਹੀਂ ਹੋਵੇਗੀ।

  •   “ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ, ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।”​—ਯਸਾਯਾਹ 35:1.