ਖ਼ਬਰਦਾਰ ਰਹੋ!
ਯਹੋਵਾਹ ਦੇ ਗਵਾਹ ਅਤੇ ਨਾਜ਼ੀਆਂ ਦੁਆਰਾ ਕਤਲੇਆਮ—ਬਾਈਬਲ ਕੀ ਦੱਸਦੀ ਹੈ?
27 ਜਨਵਰੀ 2023 ਨੂੰ ਅੰਤਰਰਾਸ਼ਟਰੀ ਪੱਧਰ ʼਤੇ ਉਨ੍ਹਾਂ ਲੋਕਾਂ ਦੀ ਯਾਦ ਵਿਚ ਦਿਨ ਮਨਾਇਆ ਜੋ ਨਾਜ਼ੀਆਂ ਦੇ ਕਤਲੇਆਮ ਦਾ ਸ਼ਿਕਾਰ ਹੋਏ ਸਨ। 75 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਜੋ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ, ਉਸ ਬਾਰੇ ਜਾਣ ਕੇ ਤੁਸੀਂ ਸ਼ਾਇਦ ਸੋਚੋ ਕਿ ਰੱਬ ਨੇ ਇਹ ਕਤਲੇਆਮ ਕਿਉਂ ਹੋਣ ਦਿੱਤਾ।
“ਯਹੂਦੀਆਂ ਦਾ ਕਤਲੇਆਮ ਕਿਉਂ ਹੋਇਆ? ਰੱਬ ਨੇ ਇਸ ਨੂੰ ਰੋਕਿਆ ਕਿਉਂ ਨਹੀਂ?” ਨਾਂ ਦਾ ਲੇਖ ਪੜ੍ਹ ਕੇ ਜਾਣੋ ਕਿ ਬਾਈਬਲ ਇਸ ਬਾਰੇ ਕੀ ਦੱਸਦੀ ਹੈ।
ਇਸ ਨਸਲੀ ਕਤਲੇਆਮ ਦੌਰਾਨ ਯਹੂਦੀਆਂ ʼਤੇ ਬਹੁਤ ਜ਼ੁਲਮ ਕੀਤੇ ਗਏ। ਲੱਖਾਂ ਹੀ ਯਹੂਦੀਆਂ ਦਾ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕੀਤਾ ਗਿਆ। ਇਸ ਦੌਰਾਨ ਹੋਰ ਧਰਮਾਂ ਅਤੇ ਨਸਲਾਂ ਵਗੈਰਾ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਕੇ ਉਨ੍ਹਾਂ ʼਤੇ ਜ਼ੁਲਮ ਕੀਤੇ ਗਏ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਬਾਈਬਲ ਮੁਤਾਬਕ ਚੱਲਣ ਕਰਕੇ ਗਵਾਹਾਂ ʼਤੇ ਜ਼ੁਲਮ ਕੀਤੇ ਗਏ।
ਹੋਰ ਜਾਣਕਾਰੀ ਲਈ “ਯਹੂਦੀਆਂ ਦੇ ਕਤਲੇਆਮ ਦੌਰਾਨ ਯਹੋਵਾਹ ਦੇ ਗਵਾਹਾਂ ਨਾਲ ਕੀ ਹੋਇਆ?” ਨਾਂ ਦਾ ਲੇਖ ਪੜ੍ਹੋ।
“ਚੰਗਾ ਭਵਿੱਖ ਅਤੇ ਉਮੀਦ”
ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਇੱਦਾਂ ਦਾ ਕਤਲੇਆਮ ਫਿਰ ਤੋਂ ਹੋ ਸਕਦਾ ਹੈ। ਪਰ ਬਾਈਬਲ ਸਾਨੂੰ ਚੰਗੇ ਭਵਿੱਖ ਬਾਰੇ ਦੱਸਦੀ ਹੈ ਜਦੋਂ ਅਜਿਹਾ ਕੁਝ ਨਹੀਂ ਵਾਪਰੇਗਾ।
“ਯਹੋਵਾਹ ਕਹਿੰਦਾ ਹੈ, ‘ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ। ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।’”—ਯਿਰਮਿਯਾਹ 29:11. a
ਇਹ ਉਮੀਦ ਉਦੋਂ ਹਕੀਕਤ ਸਾਬਤ ਹੋਵੇਗੀ ਜਦੋਂ ਯਹੋਵਾਹ ਪਰਮੇਸ਼ੁਰ ਦੁਸ਼ਟਤਾ ਨੂੰ ਖ਼ਤਮ ਕਰੇਗਾ ਅਤੇ ਇਸ ਕਰਕੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ। ਉਹ ਜਲਦੀ ਹੀ:
ਦੂਜਿਆਂ ʼਤੇ ਜ਼ੁਲਮ ਕਰਨ ਵਾਲੇ ਦੁਸ਼ਟਾ ਨੂੰ ਮਿਟਾ ਦੇਵੇਗਾ।—ਕਹਾਉਤਾਂ 2:22.
ਜ਼ੁਲਮ ਸਹਿਣ ਵਾਲਿਆਂ ਦੇ ਜ਼ਖ਼ਮਾਂ ਨੂੰ ਭਰ ਦੇਵੇਗਾ।—ਪ੍ਰਕਾਸ਼ ਦੀ ਕਿਤਾਬ 21:4.
ਮਰ ਚੁੱਕੇ ਲੋਕਾਂ ਨੂੰ ਧਰਤੀ ʼਤੇ ਦੁਬਾਰਾ ਜੀਉਂਦਾ ਕਰੇਗਾ।—ਯੂਹੰਨਾ 5:28, 29.
ਬਾਈਬਲ ਵਿਚ ਦਰਜ ਇਸ ਦਿਲਾਸਾ ਦੇਣ ਵਾਲੀ ਉਮੀਦ ʼਤੇ ਤੁਸੀਂ ਪੂਰਾ ਭਰੋਸਾ ਕਰ ਸਕਦੇ ਹੋ। ਤੁਸੀਂ ਇਸ ʼਤੇ ਕਿਉਂ ਭਰੋਸਾ ਕਰ ਸਕਦੇ ਹੋ? ਇਸ ਬਾਰੇ ਜਾਣਨ ਲਈ ਕਿਉਂ ਨਾ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਅਤੇ ਇਸ ਬਾਰੇ ਬਾਈਬਲ ਤੋਂ ਸਿੱਖੋ।
a ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰ 83:18.