ਚਿੰਤਾ ਕਿਵੇਂ ਘਟਾਈਏ?
ਬਹੁਤ ਜ਼ਿਆਦਾ ਚਿੰਤਾ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ, ਤੁਹਾਡਾ ਤਣਾਅ ਅਤੇ ਦੁੱਖ ਵਧ ਸਕਦਾ ਹੈ। ਇਸ ਕਰਕੇ ਹੋਰ ਵੀ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਚਿੰਤਾ ਘਟਾਉਣ ਲਈ ਸੁਝਾਅ
ਬੁਰੀਆਂ ਖ਼ਬਰਾਂ ਘੱਟ ਸੁਣੋ। ਕਿਸੇ ਬੁਰੀ ਘਟਨਾ ਬਾਰੇ ਤੁਹਾਨੂੰ ਹਰ ਗੱਲ ਜਾਣਨ ਦੀ ਲੋੜ ਨਹੀਂ ਹੈ। ਹੱਦੋਂ ਵੱਧ ਬੁਰੀਆਂ ਖ਼ਬਰਾਂ ਸੁਣਨ ਨਾਲ ਤੁਹਾਡੇ ਅੰਦਰ ਬੱਸ ਡਰ ਤੇ ਨਿਰਾਸ਼ਾ ਹੀ ਵਧੇਗੀ।
ਬਾਈਬਲ ਦਾ ਅਸੂਲ: “ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।”—ਕਹਾਉਤਾਂ 17:22.
“ਸਾਨੂੰ ਸੌਖਿਆਂ ਹੀ ਟੀ. ਵੀ ਜਾਂ ਇੰਟਰਨੈੱਟ ਉੱਤੇ ਨਵੀਆਂ ਤੇ ਬੁਰੀਆਂ ਖ਼ਬਰਾਂ ਸੁਣਨ ਦੀ ਆਦਤ ਪੈ ਸਕਦੀ ਹੈ। ਇਹ ਬਹੁਤ ਹੀ ਬੁਰੀ ਆਦਤ ਹੈ। ਜਦੋਂ ਮੈਂ ਬੁਰੀਆਂ ਖ਼ਬਰਾਂ ਘੱਟ ਸੁਣਦਾ ਹਾਂ, ਤਾਂ ਮੈਨੂੰ ਚਿੰਤਾ ਵੀ ਘੱਟ ਹੁੰਦੀ ਹੈ।”—ਜੋਨ।
ਜ਼ਰਾ ਸੋਚੋ: ਤੁਹਾਨੂੰ ਕਿੰਨੀਆਂ ਕੁ ਨਵੀਆਂ-ਨਵੀਆਂ ਖ਼ਬਰਾਂ ਸੁਣਨੀਆਂ ਚਾਹੀਦੀਆਂ?
ਰੁਟੀਨ ਅਨੁਸਾਰ ਕੰਮ ਕਰੋ। ਸਵੇਰੇ ਉੱਠਣ, ਖਾਣ-ਪੀਣ, ਆਪਣੇ ਹੋਰ ਕੰਮ ਕਰਨ ਅਤੇ ਸੌਣ ਦਾ ਸਮਾਂ ਤੈਅ ਕਰੋ। ਰੁਟੀਨ ਮੁਤਾਬਕ ਕੰਮ ਕਰਨ ਨਾਲ ਤੁਹਾਡੀ ਜ਼ਿੰਦਗੀ ਵਧੀਆ ਚੱਲੇਗੀ ਅਤੇ ਤੁਹਾਨੂੰ ਚਿੰਤਾ ਵੀ ਘੱਟ ਹੋਵੇਗੀ।
ਬਾਈਬਲ ਦਾ ਅਸੂਲ: “ਮਿਹਨਤੀ ਦੀਆਂ ਯੋਜਨਾਵਾਂ ਵਾਕਈ ਸਫ਼ਲ ਬਣਾਉਂਦੀਆਂ ਹਨ।”—ਕਹਾਉਤਾਂ 21:5.
“ਜਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ, ਤਾਂ ਮੈਂ ਆਪਣੀ ਰੁਟੀਨ ਮੁਤਾਬਕ ਕੰਮ ਕਰਨੇ ਬੰਦ ਕਰ ਦਿੱਤੇ। ਮੈਂ ਹੱਦੋਂ ਵੱਧ ਮਨੋਰੰਜਨ ਕਰਨ ਲੱਗ ਪਿਆ। ਪਰ ਮੈਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤਣਾ ਚਾਹੁੰਦਾ ਸੀ। ਇਸ ਲਈ ਮੈਂ ਰੋਜ਼ ਦੇ ਕੰਮਾਂ ਵਾਸਤੇ ਇਕ ਸਮਾਂ-ਸਾਰਣੀ ਬਣਾਈ।”—ਜੋਸਫ਼।
ਜ਼ਰਾ ਸੋਚੋ: ਕੀ ਰੁਟੀਨ ਅਨੁਸਾਰ ਕੰਮ ਕਰ ਕੇ ਤੁਹਾਨੂੰ ਦਿਨ ਦੇ ਅਖ਼ੀਰ ਵਿਚ ਇੱਦਾਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਾਫ਼ੀ ਕੁਝ ਕਰ ਸਕੇ?
ਚੰਗੀਆਂ ਗੱਲਾਂ ʼਤੇ ਧਿਆਨ ਲਾਓ। ਜੇ ਤੁਸੀਂ ਇਹੀ ਸੋਚੀ ਜਾਓਗੇ ਕਿ ਕਾਸ਼! ਤੁਸੀਂ ਇੱਦਾਂ ਕਰ ਲੈਂਦੇ, ਤਾਂ ਵਧੀਆ ਹੋਣਾ ਸੀ। ਜਾਂ ਭਵਿੱਖ ਵਿਚ ਆਪਣੇ ਨਾਲ ਕੁਝ ਗ਼ਲਤ ਹੋਣ ਬਾਰੇ ਸੋਚ ਕੇ ਡਰੀ ਜਾਓਗੇ, ਤਾਂ ਇਹ ਬਲ਼ਦੀ ʼਤੇ ਤੇਲ ਪਾਉਣ ਵਾਂਗ ਹੋਵੇਗਾ ਯਾਨੀ ਇਸ ਨਾਲ ਤੁਹਾਡੀ ਚਿੰਤਾ ਵਧੇਗੀ। ਇਸ ਦੀ ਬਜਾਇ ਦਿਨ ਵਿਚ ਹੋਈਆਂ ਦੋ-ਤਿੰਨ ਚੰਗੀਆਂ ਗੱਲਾਂ ਬਾਰੇ ਸੋਚੋ।
ਬਾਈਬਲ ਦਾ ਅਸੂਲ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।”—ਕੁਲੁੱਸੀਆਂ 3:15.
“ਬਾਈਬਲ ਪੜ੍ਹ ਕੇ ਮੈਂ ਬੁਰੀਆਂ ਗੱਲਾਂ ਦੀ ਬਜਾਇ ਚੰਗੀਆਂ ਗੱਲਾਂ ʼਤੇ ਧਿਆਨ ਲਾ ਸਕਿਆ। ਸ਼ਾਇਦ ਕੋਈ ਕਹੇ ਕਿ ਸਿਰਫ਼ ਇੱਦਾਂ ਕਰਨ ਨਾਲ ਕੁਝ ਨਹੀਂ ਹੁੰਦਾ, ਪਰ ਇੱਦਾਂ ਕਰਨ ਨਾਲ ਸੱਚੀ ਫ਼ਾਇਦਾ ਹੁੰਦਾ ਹੈ!”—ਲੀਸਾ।
ਜ਼ਰਾ ਸੋਚੋ: ਤੁਹਾਡੀ ਕੀ ਆਦਤ ਹੈ? ਕੀ ਤੁਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਹੋਈਆਂ ਬੁਰੀਆਂ ਗੱਲਾਂ ਬਾਰੇ ਹੀ ਸੋਚਦੇ ਰਹਿੰਦੇ ਹੋ ਅਤੇ ਚੰਗੀਆਂ ਗੱਲਾਂ ਭੁੱਲ ਜਾਂਦੇ ਹੋ?
ਦੂਜਿਆਂ ਬਾਰੇ ਸੋਚੋ। ਜੇ ਤੁਸੀਂ ਹਰ ਵੇਲੇ ਆਪਣੀਆਂ ਹੀ ਚਿੰਤਾਵਾਂ ਵਿਚ ਡੁੱਬੇ ਰਹੋਗੇ, ਤਾਂ ਤੁਸੀਂ ਸੌਖਿਆਂ ਹੀ ਦੂਜਿਆਂ ਤੋਂ ਦੂਰ-ਦੂਰ ਰਹਿਣਾ ਸ਼ੁਰੂ ਕਰ ਦਿਓਗੇ। ਇਸ ਦੀ ਬਜਾਇ ਸੋਚੋ ਕਿ ਤੁਸੀਂ ਕਿਸੇ ਲੋੜਵੰਦ ਦੀ ਕਿਵੇਂ ਮਦਦ ਕਰ ਸਕਦੇ ਹੋ।
ਬਾਈਬਲ ਦਾ ਅਸੂਲ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4.
“ਜਦੋਂ ਮੈਂ ਦੂਜਿਆਂ ਲਈ ਕੁਝ ਕਰਦੀ ਹਾਂ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਇਸ ਦੇ ਨਾਲ-ਨਾਲ ਦੂਜਿਆਂ ਨੂੰ ਵੀ ਵਧੀਆ ਲੱਗਦਾ ਹੈ। ਨਾਲੇ ਇੱਦਾਂ ਕਰਨ ਨਾਲ ਮੇਰੀ ਚਿੰਤਾ ਵੀ ਘੱਟਦੀ ਹੈ। ਦਰਅਸਲ, ਮੇਰੇ ਕੋਲ ਚਿੰਤਾ ਕਰਨ ਦਾ ਸਮਾਂ ਹੀ ਨਹੀਂ ਬਚਦਾ।”—ਮਾਰੀਆ।
ਜ਼ਰਾ ਸੋਚੋ: ਸੋਚੋ ਕਿ ਤੁਹਾਡੇ ਜਾਣ-ਪਛਾਣ ਵਾਲਿਆਂ ਵਿੱਚੋਂ ਕਿਨ੍ਹਾਂ ਨੂੰ ਮਦਦ ਦੀ ਲੋੜ ਹੈ ਅਤੇ ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ।
ਆਪਣੀ ਸਿਹਤ ਦਾ ਖ਼ਿਆਲ ਰੱਖੋ। ਹਰ ਰੋਜ਼ ਕਸਰਤ ਕਰੋ ਅਤੇ ਆਰਾਮ ਕਰੋ। ਪੌਸ਼ਟਿਕ ਭੋਜਨ ਖਾਓ। ਜੇ ਤੁਹਾਡੀ ਸਿਹਤ ਚੰਗੀ ਹੋਵੇਗੀ, ਤਾਂ ਤੁਹਾਡਾ ਮਨ ਵੀ ਖ਼ੁਸ਼ ਰਹੇਗਾ ਅਤੇ ਤੁਸੀਂ ਘੱਟ ਚਿੰਤਾ ਕਰੋਗੇ।
ਬਾਈਬਲ ਦਾ ਅਸੂਲ: ‘ਕਸਰਤ ਕਰਨ ਨਾਲ ਫ਼ਾਇਦਾ ਹੁੰਦਾ ਹੈ।’—1 ਤਿਮੋਥਿਉਸ 4:8, ਫੁਟਨੋਟ।
“ਮੈਂ ਤੇ ਮੇਰਾ ਮੁੰਡਾ ਬਾਹਰ ਜਾ ਕੇ ਕਸਰਤ ਕਰਨੀ ਚਾਹੁੰਦੇ ਸੀ, ਪਰ ਅਸੀਂ ਨਹੀਂ ਕਰ ਸਕੇ। ਇਸ ਲਈ ਅਸੀਂ ਘਰ ਵਿਚ ਹੀ ਕਸਰਤ ਕਰਨੀ ਸ਼ੁਰੂ ਕਰ ਦਿੱਤੀ। ਇਸ ਕਰਕੇ ਅਸੀਂ ਜ਼ਿਆਦਾ ਖ਼ੁਸ਼ ਰਹਿਣ ਲੱਗੇ ਤੇ ਇਕ ਦੂਜੇ ਨੂੰ ਖਿੱਝਣ ਦੀ ਬਜਾਇ ਹੋਰ ਵੀ ਜ਼ਿਆਦਾ ਪਿਆਰ ਨਾਲ ਪੇਸ਼ ਆਉਣ ਲੱਗੇ।”—ਕੈਥਰੀਨ।
ਜ਼ਰਾ ਸੋਚੋ: ਕੀ ਤੰਦਰੁਸਤ ਰਹਿਣ ਵਾਸਤੇ ਤੁਹਾਨੂੰ ਹੋਰ ਵੀ ਪੌਸ਼ਟਿਕ ਭੋਜਨ ਖਾਣ ਅਤੇ ਕਸਰਤ ਕਰਨ ਦੀ ਲੋੜ ਹੈ?
ਇਨ੍ਹਾਂ ਸੁਝਾਵਾਂ ਨੂੰ ਮੰਨ ਕੇ ਬਹੁਤ ਸਾਰੇ ਲੋਕਾਂ ਦੀ ਚਿੰਤਾ ਘਟੀ ਹੈ। ਪਰ ਜਦੋਂ ਉਨ੍ਹਾਂ ਨੇ ਬਾਈਬਲ ਵਿੱਚੋਂ ਚੰਗੇ ਭਵਿੱਖ ਬਾਰੇ ਕੀਤੇ ਵਾਅਦਿਆਂ ਬਾਰੇ ਜਾਣਿਆ, ਤਾਂ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਫ਼ਾਇਦਾ ਹੋਇਆ ਹੈ। ਹੋਰ ਜਾਣਕਾਰੀ ਲਈ “ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ?” ਨਾਂ ਦਾ ਲੇਖ ਦੇਖੋ।