Skip to content

Skip to table of contents

ਕੀ ਕਦੇ ਜ਼ਿੰਦਗੀ ਦੁਬਾਰਾ ਤੋਂ ਪਹਿਲਾਂ ਵਰਗੀ ਹੋਵੇਗੀ? ਬਾਈਬਲ ਮਹਾਂਮਾਰੀ ਤੋਂ ਬਾਅਦ ਦੇ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਕੀ ਕਦੇ ਜ਼ਿੰਦਗੀ ਦੁਬਾਰਾ ਤੋਂ ਪਹਿਲਾਂ ਵਰਗੀ ਹੋਵੇਗੀ? ਬਾਈਬਲ ਮਹਾਂਮਾਰੀ ਤੋਂ ਬਾਅਦ ਦੇ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

 “ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੁਬਾਰਾ ਤੋਂ ਪਹਿਲਾਂ ਵਰਗੀ ਹੋ ਜਾਵੇ।”​—ਐਂਜਲਾ ਮਾਰਕਲ, ਜਰਮਨ ਚਾਂਸਲਰ।

 ਸ਼ਾਇਦ ਤੁਸੀਂ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਵੋ ਕਿਉਂਕਿ ਅੱਜ ਪੂਰੀ ਦੁਨੀਆਂ ਦੇ ਲੋਕਾਂ ʼਤੇ ਕੋਵਿਡ-19 ਮਹਾਂਮਾਰੀ ਦਾ ਅਸਰ ਪੈ ਰਿਹਾ ਹੈ। ਪਰ “ਜ਼ਿੰਦਗੀ ਦੁਬਾਰਾ ਤੋਂ ਪਹਿਲਾਂ ਵਰਗੀ ਹੋਣ” ਦਾ ਕੀ ਮਤਲਬ ਹੈ? ਲੋਕ ਕੀ ਉਮੀਦ ਰੱਖ ਰਹੇ ਹਨ?

  •   ਮਹਾਂਮਾਰੀ ਤੋਂ ਪਹਿਲਾਂ ਵਰਗੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ। ਕੁਝ ਜਣੇ ਲੋਕਾਂ ਨਾਲ ਜ਼ਿਆਦਾ ਮਿਲਣਾ-ਜੁਲਣਾ ਚਾਹੁੰਦੇ ਹਨ, ਉਨ੍ਹਾਂ ਨਾਲ ਗਲੇ ਮਿਲਣਾ ਤੇ ਹੱਥ ਮਿਲਾਉਣਾ ਚਾਹੁੰਦੇ ਹਨ। ਨਾਲੇ ਉਹ ਦੁਬਾਰਾ ਤੋਂ ਸਫ਼ਰ ਕਰਨਾ ਚਾਹੁੰਦੇ ਹਨ। ਡਾਕਟਰ ਐਂਥਨੀ ਫਾਓਚੀ a ਨੇ ਕਿਹਾ ਕਿ ਲੋਕਾਂ ਲਈ ਪਹਿਲਾਂ ਵਰਗੀ ਜ਼ਿੰਦਗੀ ਦਾ ਮਤਲਬ ਹੈ, “ਹੋਟਲਾਂ ਤੇ ਸਿਨੇਮੇ ਵਿਚ ਜਾਣਾ [ਅਤੇ] ਇੱਦਾਂ ਦੇ ਹੋਰ ਕੰਮ ਕਰਨੇ।”

  •   ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਕਰਨਾ ਚਾਹੁੰਦੇ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਕੋਲ ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਕਰਨ ਦਾ ਮੌਕਾ ਹੈ ਤਾਂਕਿ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਬਿਹਤਰ ਹੋਵੇ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੌਕਰੀਆਂ ਵਿਚ ਫੇਰ-ਬਦਲ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਵਿਚ ਜ਼ਿਆਦਾ ਸਮਾਂ ਤੇ ਤਾਕਤ ਲਾਉਣ ਦੀ ਮੰਗ ਕੀਤੀ ਜਾਂਦੀ ਹੈ। ਨਾਲੇ, ਨਸਲ ਜਾਂ ਅਮੀਰੀ-ਗ਼ਰੀਬੀ ਦੇ ਆਧਾਰ ʼਤੇ ਪੱਖਪਾਤ ਨੂੰ ਖ਼ਤਮ ਕੀਤਾ ਜਾਣਾ ਅਤੇ ਤਣਾਅ ਦੇ ਸ਼ਿਕਾਰ ਲੋਕਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਵਾਲੀ ਇਕ ਸੰਸਥਾ ਦੇ ਮੋਢੀ ਕਲਾਊਸ ਸ਼ਵਾਬ ਨੇ ਕਿਹਾ: “ਮਹਾਂਮਾਰੀ ਸਾਨੂੰ ਮੌਕਾ ਦੇ ਰਹੀ ਹੈ ਕਿ ਅਸੀਂ ਸੋਚੀਏ ਕਿ ਅਸੀਂ ਕਿਹੋ ਜਿਹੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹਾਂ ਅਤੇ ਫਿਰ ਉਸ ਅਨੁਸਾਰ ਅਸੀਂ ਇਸ ਦੁਨੀਆਂ ਨੂੰ ਬਦਲੀਏ। ਪਰ ਇਹ ਮੌਕਾ ਥੋੜ੍ਹੇ ਚਿਰ ਲਈ ਹੀ ਹੈ।”

 ਕੁਝ ਲੋਕ ਮਹਾਂਮਾਰੀ ਕਰਕੇ ਇੰਨੀਆਂ ਮੁਸ਼ਕਲਾਂ ਝੱਲ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਕਦੇ ਵੀ ਦੁਬਾਰਾ ਤੋਂ ਪਹਿਲਾਂ ਵਰਗੀ ਨਹੀਂ ਹੋਵੇਗੀ। ਮਿਸਾਲ ਲਈ, ਬਹੁਤ ਸਾਰਿਆਂ ਦੇ ਘਰ-ਬਾਰ ਤੇ ਨੌਕਰੀਆਂ ਚਲੀਆਂ ਗਈਆਂ, ਸਿਹਤ ਖ਼ਰਾਬ ਹੋ ਗਈ ਅਤੇ ਕਈਆਂ ਦੇ ਅਜ਼ੀਜ਼ਾਂ ਦੀ ਮੌਤ ਹੋ ਗਈ।

 ਬਿਨਾਂ ਸ਼ੱਕ, ਕੋਈ ਵੀ ਇਹ ਸਾਫ਼-ਸਾਫ਼ ਨਹੀਂ ਦੱਸ ਸਕਦਾ ਕਿ ਮਹਾਂਮਾਰੀ ਤੋਂ ਬਾਅਦ ਜ਼ਿੰਦਗੀ ਕਿੱਦਾਂ ਦੀ ਹੋਵੇਗੀ। (ਉਪਦੇਸ਼ਕ ਦੀ ਕਿਤਾਬ 9:11) ਪਰ ਬਾਈਬਲ ਭਵਿੱਖ ਬਾਰੇ ਸਹੀ ਨਜ਼ਰੀਆ ਰੱਖਣ ਅਤੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਨਾਲੇ ਬਾਈਬਲ ਵਿਚ ਅਜਿਹੇ ਭਵਿੱਖ ਬਾਰੇ ਦੱਸਿਆ ਗਿਆ ਹੈ ਜਿਸ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਹੈ।

ਕੋਵਿਡ-19 ਮਹਾਂਮਾਰੀ ਬਾਰੇ ਸਹੀ ਨਜ਼ਰੀਆ

 ਬਹੁਤ ਸਮਾਂ ਪਹਿਲਾਂ ਹੀ ਬਾਈਬਲ ਵਿਚ ਦੱਸ ਦਿੱਤਾ ਗਿਆ ਸੀ ਕਿ “ਯੁਗ ਦੇ ਆਖ਼ਰੀ ਸਮੇਂ” ਵਿਚ ਲੜਾਈਆਂ ਹੋਣਗੀਆਂ, ਵੱਡੇ-ਵੱਡੇ ਭੁਚਾਲ਼ ਆਉਣਗੇ, ਕਾਲ਼ ਪੈਣਗੇ ਅਤੇ “ਮਹਾਂਮਾਰੀਆਂ” ਫੈਲਣਗੀਆਂ। (ਲੂਕਾ 21:11; ਮੱਤੀ 24:3) ਇਸ ਲਈ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਬਾਈਬਲ ਵਿਚ ਲਿਖੀਆਂ ਗੱਲਾਂ ਪੂਰੀਆਂ ਹੁੰਦੀਆਂ ਦੇਖਦੇ ਹਾਂ ਜਿਸ ਵਿਚ ਕੋਵਿਡ-19 ਵਰਗੀਆਂ ਮਹਾਂਮਾਰੀਆਂ ਵੀ ਸ਼ਾਮਲ ਹਨ।

 ਇਹ ਜਾਣ ਕੇ ਸਾਡੀ ਕਿਵੇਂ ਮਦਦ ਹੋਵੇਗੀ? ਭਾਵੇਂ ਕਿ ਇਹ ਮਹਾਂਮਾਰੀ ਖ਼ਤਮ ਹੋ ਜਾਵੇ, ਪਰ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਅਸੀਂ ਉਨ੍ਹਾਂ ਦਿਨਾਂ ਵਿਚ ਰਹਿ ਰਹੇ ਹਾਂ “ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋਥਿਉਸ 3:1) ਇਹ ਗੱਲ ਜਾਣ ਕੇ ਅਸੀਂ ਇਹ ਉਮੀਦ ਨਹੀਂ ਕਰਾਂਗੇ ਕਿ ਅੱਜ ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਸਾਡੀ ਜ਼ਿੰਦਗੀ ਵਧੀਆ ਹੋ ਜਾਵੇਗੀ।

 ਬਾਈਬਲ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਦੀ ਹੈ: ਅੱਜ ਇਸ ਦੁਨੀਆਂ ਵਿਚ ਜ਼ਿੰਦਗੀ ਔਖੀ ਤੋਂ ਔਖੀ ਹੁੰਦੀ ਜਾ ਰਹੀ ਹੈ, ਪਰ ਬਹੁਤ ਜਲਦ ਇਕ ਵੱਡਾ ਬਦਲਾਅ ਹੋਵੇਗਾ। ਕਿਹੜਾ ਬਦਲਾਅ ਹੋਵੇਗਾ?

ਸੁਨਹਿਰਾ ਭਵਿੱਖ

 ਬਾਈਬਲ ਵਿਚ ਸਿਰਫ਼ ਮੁਸ਼ਕਲਾਂ ਬਾਰੇ ਹੀ ਨਹੀਂ, ਸਗੋਂ ਇਹ ਵੀ ਦੱਸਿਆ ਗਿਆ ਹੈ ਕਿ ਜਲਦ ਹੀ ਵਧੀਆ ਸਮਾਂ ਆਵੇਗਾ। ਇਹ ਅਜਿਹੇ ਭਵਿੱਖ ਬਾਰੇ ਦੱਸਦੀ ਹੈ ਜੋ ਇਨਸਾਨੀ ਸਰਕਾਰਾਂ ਕਦੇ ਵੀ ਨਹੀਂ ਦੇ ਸਕਦੀਆਂ। ਇਹ ਭਵਿੱਖ ਸਿਰਫ਼ ਰੱਬ ਹੀ ਦੇ ਸਕਦਾ ਹੈ। ਪ੍ਰਕਾਸ਼ ਦੀ ਕਿਤਾਬ 21:4 ਵਿਚ ਲਿਖਿਆ ਹੈ: “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”

 ਯਹੋਵਾਹ b ਪਰਮੇਸ਼ੁਰ ਵਾਅਦਾ ਕਰਦਾ ਹੈ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” (ਪ੍ਰਕਾਸ਼ ਦੀ ਕਿਤਾਬ 21:5) ਉਹ ਇਸ ਦੁਨੀਆਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰੇਗਾ, ਉਨ੍ਹਾਂ ਮੁਸ਼ਕਲਾਂ ਨੂੰ ਵੀ ਜੋ ਇਸ ਮਹਾਂਮਾਰੀ ਕਰਕੇ ਆਈਆਂ ਹਨ। ਉਹ ਸਾਨੂੰ ਇਹ ਚੀਜ਼ਾਂ ਦੇਣ ਦਾ ਵਾਅਦਾ ਕਰਦਾ ਹੈ:

  •   ਸਾਰੇ ਜਣੇ ਤੰਦਰੁਸਤ ਹੋਣਗੇ। ਨਾ ਹੀ ਕੋਈ ਬੀਮਾਰ ਹੋਵੇਗਾ ਤੇ ਨਾ ਹੀ ਕੋਈ ਮਰੇਗਾ।​—ਯਸਾਯਾਹ 25:8; 33:24.

  •   ਸਾਡੇ ਸਾਰਿਆਂ ਕੋਲ ਅਜਿਹਾ ਕੰਮ ਹੋਵੇਗਾ ਜਿਸ ਨੂੰ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। ਸਾਡੇ ਕੋਲ ਉਹ ਕੰਮ ਕਰਨ ਦੀ ਮੰਗ ਨਹੀਂ ਕੀਤੀ ਜਾਵੇਗੀ ਜਿਸ ਵਿਚ ਜ਼ਿਆਦਾ ਸਮਾਂ ਤੇ ਤਾਕਤ ਲੱਗਦੀ ਹੈ ਤੇ ਜਿਸ ਕਰਕੇ ਨਿਰਾਸ਼ਾ ਹੱਥ ਲੱਗਦੀ ਹੈ।​—ਯਸਾਯਾਹ 65:22, 23.

  •   ਕੋਈ ਵੀ ਗ਼ਰੀਬ ਜਾਂ ਭੁੱਖਾ ਨਹੀਂ ਹੋਵੇਗਾ।​—ਜ਼ਬੂਰ 72:12, 13; 145:16.

  •   ਕੋਈ ਵੀ ਬੁਰੀਆਂ ਯਾਦਾਂ ਨਹੀਂ ਰਹਿਣਗੀਆਂ ਤੇ ਸਾਡੇ ਮਰ ਚੁੱਕੇ ਪਿਆਰੇ ਜੀਉਂਦੇ ਕੀਤੇ ਜਾਣਗੇ।​—ਯਸਾਯਾਹ 65:17; ਰਸੂਲਾਂ ਦੇ ਕੰਮ 24:15.

 ਇਹ ਜਾਣ ਕੇ ਸਾਡੀ ਕਿਵੇਂ ਮਦਦ ਹੋਵੇਗੀ? ਬਾਈਬਲ ਦੱਸਦੀ ਹੈ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।” (ਇਬਰਾਨੀਆਂ 6:19) ਇਸ ਤਰ੍ਹਾਂ ਦੀ ਵਧੀਆ ਉਮੀਦ ਹੋਣ ਕਰਕੇ ਅਸੀਂ ਅੱਜ ਦੇ ਔਖੇ ਹਾਲਾਤਾਂ ਦਾ ਸਾਮ੍ਹਣਾ ਕਰ ਸਕਾਂਗੇ, ਘੱਟ ਚਿੰਤਾ ਕਰਾਂਗੇ, ਖ਼ੁਸ਼ ਰਹਿ ਸਕਾਂਗੇ ਤੇ ਸਾਡੇ ਕੋਲ ਮਨ ਦੀ ਸ਼ਾਂਤੀ ਹੋਵੇਗੀ।

 ਪਰ ਕੀ ਤੁਸੀਂ ਬਾਈਬਲ ਦੇ ਵਾਅਦਿਆਂ ʼਤੇ ਭਰੋਸਾ ਕਰ ਸਕਦੇ ਹੋ? “ਬਾਈਬਲ​—ਇਕ ਸੱਚੀ ਕਿਤਾਬ” ਨਾਂ ਦਾ ਲੇਖ ਦੇਖੋ।

ਮਹਾਂਮਾਰੀ ਤੋਂ ਬਾਅਦ ਦੀ ਜ਼ਿੰਦਗੀ ਦਾ ਸਾਮ੍ਹਣਾ ਕਰਨ ਲਈ ਬਾਈਬਲ ਦੇ ਅਸੂਲ

  •   ਜ਼ਿੰਦਗੀ ਦੀ ਕਦਰ ਕਰੋ

     ਹਵਾਲਾ: “ਬੁੱਧ . . . ਆਪਣੇ ਮਾਲਕ ਦੀ ਜਾਨ ਦੀ ਰਾਖੀ ਕਰਦੀ ਹੈ।”​—ਉਪਦੇਸ਼ਕ ਦੀ ਕਿਤਾਬ 7:12.

     ਇਸ ਦਾ ਕੀ ਮਤਲਬ ਹੈ? ਆਪਣੇ ਇਲਾਕੇ ਦੇ ਹਾਲਾਤਾਂ ਬਾਰੇ ਜਾਣੋ। ਸੋਚ-ਸਮਝ ਕੇ ਫ਼ੈਸਲੇ ਕਰੋ ਤਾਂਕਿ ਬੀਮਾਰ ਹੋਣ ਦਾ ਖ਼ਤਰਾ ਘੱਟ ਹੋਵੇ। ਸਿਹਤ ਅਤੇ ਸੁਰੱਖਿਆ ਸੰਬੰਧੀ ਹਿਦਾਇਤਾਂ ʼਤੇ ਗੌਰ ਕਰੋ। ਨਾਲੇ ਜਾਣੋ ਕਿ ਤੁਹਾਡੇ ਇਲਾਕੇ ਵਿਚ ਕਿੰਨੇ ਕੁ ਲੋਕ ਬੀਮਾਰ ਹਨ ਅਤੇ ਕਿੰਨੇ ਕੁ ਲੋਕਾਂ ਨੇ ਟੀਕੇ ਲਗਵਾਏ ਹਨ।

  •   ਖ਼ਬਰਦਾਰ ਰਹੋ

     ਹਵਾਲਾ: “ਬੁੱਧੀਮਾਨ ਚੁਕੰਨਾ ਹੁੰਦਾ ਹੈ ਤੇ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ, ਪਰ ਮੂਰਖ ਲਾਪਰਵਾਹ ਹੁੰਦਾ ਹੈ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ।”​—ਕਹਾਉਤਾਂ 14:16.

     ਇਸ ਦਾ ਕੀ ਮਤਲਬ ਹੈ? ਜ਼ਰੂਰੀ ਕਦਮ ਚੁੱਕੋ ਤਾਂਕਿ ਤੁਸੀਂ ਬੀਮਾਰ ਨਾ ਹੋ ਜਾਓ। ਮਾਹਰ ਮੰਨਦੇ ਹਨ ਕਿ ਕੋਰੋਨਾਵਾਇਰਸ ਲੰਬੇ ਸਮੇਂ ਤਕ ਰਹੇਗਾ।

  •   ਭਰੋਸੇਮੰਦ ਜਾਣਕਾਰੀ ਵਰਤੋ

     ਹਵਾਲਾ: “ਭੋਲਾ ਹਰ ਗੱਲ ʼਤੇ ਯਕੀਨ ਕਰ ਲੈਂਦਾ ਹੈ, ਪਰ ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।”​—ਕਹਾਉਤਾਂ 14:15.

     ਇਸ ਦਾ ਕੀ ਮਤਲਬ ਹੈ? ਧਿਆਨ ਨਾਲ ਸੋਚੋ ਕਿ ਤੁਸੀਂ ਕਿਸ ਦੀ ਸਲਾਹ ਮੰਨੋਗੇ। ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿਉਂਕਿ ਗ਼ਲਤ ਜਾਣਕਾਰੀ ਦੇ ਆਧਾਰ ʼਤੇ ਫ਼ੈਸਲੇ ਕਰਨ ਕਰਕੇ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ।

  •   ਸਹੀ ਨਜ਼ਰੀਆ ਬਣਾਈ ਰੱਖੋ

     ਹਵਾਲਾ: “ਇਹ ਨਾ ਕਹਿ, ‘ਬੀਤ ਚੁੱਕਾ ਸਮਾਂ ਅੱਜ ਨਾਲੋਂ ਚੰਗਾ ਸੀ।’ ਤੇਰੇ ਲਈ ਇਹ ਕਹਿਣਾ ਬੁੱਧੀਮਾਨੀ ਦੀ ਗੱਲ ਨਹੀਂ।”​—ਉਪਦੇਸ਼ਕ ਦੀ ਕਿਤਾਬ 7:10.

     ਇਸ ਦਾ ਕੀ ਮਤਲਬ ਹੈ? ਆਪਣੇ ਹੁਣ ਦੇ ਹਾਲਾਤਾਂ ਮੁਤਾਬਕ ਵਧੀਆ ਜ਼ਿੰਦਗੀ ਜੀਉਣ ਦਾ ਇਰਾਦਾ ਕਰੋ। ਨਾ ਤਾਂ ਇਹ ਸੋਚੋ ਕਿ ਮਹਾਂਮਾਰੀ ਤੋਂ ਪਹਿਲਾਂ ਦੀ ਜ਼ਿੰਦਗੀ ਵਧੀਆ ਸੀ ਤੇ ਨਾ ਹੀ ਇਹ ਸੋਚੋ ਕਿ ਮਹਾਂਮਾਰੀ ਕਰਕੇ ਤੁਸੀਂ ਕੀ-ਕੀ ਨਹੀਂ ਕਰ ਸਕੇ।

  •   ਦੂਜਿਆਂ ਲਈ ਆਦਰ ਦਿਖਾਓ

     ਹਵਾਲਾ: “ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰੋ।”​—1 ਪਤਰਸ 2:17.

     ਇਸ ਦਾ ਕੀ ਮਤਲਬ ਹੈ? ਮਹਾਂਮਾਰੀ ਅਤੇ ਇਸ ਦੇ ਅਸਰਾਂ ਬਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ। ਸਾਰਿਆਂ ਦੇ ਵਿਚਾਰਾਂ ਦਾ ਆਦਰ ਕਰੋ, ਪਰ ਆਪਣੇ ਵੱਲੋਂ ਲਏ ਵਧੀਆ ਫ਼ੈਸਲੇ ਬਦਲੋ ਨਾ। ਉਨ੍ਹਾਂ ਲੋਕਾਂ ਪ੍ਰਤੀ ਪਰਵਾਹ ਦਿਖਾਓ ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਹਨ, ਜੋ ਬਜ਼ੁਰਗ ਅਤੇ ਜੋ ਕਾਫ਼ੀ ਬੀਮਾਰ ਹਨ।

  •   ਧੀਰਜ ਰੱਖੋ

     ਹਵਾਲਾ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ।”​—1 ਕੁਰਿੰਥੀਆਂ 13:4.

     ਇਸ ਦਾ ਕੀ ਮਤਲਬ ਹੈ? ਜਦੋਂ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਉਹ ਕੰਮ ਕਰਨ ਤੋਂ ਡਰ ਲੱਗਦਾ ਹੈ ਜੋ ਉਹ ਪਹਿਲਾਂ ਬਿਨਾਂ ਡਰੇ ਕਰ ਲੈਂਦੇ ਸਨ, ਤਾਂ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਓ। ਆਪਣੇ ਆਪ ਨਾਲ ਵੀ ਧੀਰਜ ਰੱਖਿਓ ਜਦੋਂ ਮਹਾਂਮਾਰੀ ਤੋਂ ਬਾਅਦ ਹਾਲਾਤ ਸੁਧਰ ਜਾਣਗੇ ਤੇ ਤੁਸੀਂ ਹੋਰ ਜ਼ਿਆਦਾ ਕੰਮ ਕਰ ਸਕੋਗੇ।

ਮਹਾਂਮਾਰੀ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਲੋਕਾਂ ਦੀ ਕਿਵੇਂ ਮਦਦ ਕਰ ਰਹੀ ਹੈ?

 ਬਾਈਬਲ ਵਿਚ ਇਕ ਸੁਨਹਿਰੇ ਭਵਿੱਖ ਦਾ ਵਾਅਦਾ ਕੀਤਾ ਗਿਆ ਹੈ। ਇਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਦਿਲਾਸਾ ਮਿਲਦਾ ਹੈ ਅਤੇ ਉਹ ਮਹਾਂਮਾਰੀ ʼਤੇ ਜ਼ਿਆਦਾ ਧਿਆਨ ਨਹੀਂ ਲਾਉਂਦੇ। ਨਾਲੇ ਉਹ ਬਾਈਬਲ ਦੇ ਹੁਕਮ ਨੂੰ ਮੰਨਦੇ ਹੋਏ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ ਤੇ ਦੂਜਿਆਂ ਨੂੰ ਹੌਸਲਾ ਦਿੰਦੇ ਹਨ। (ਇਬਰਾਨੀਆਂ 10:24, 25) ਕੋਈ ਵੀ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆ ਸਕਦਾ ਹੈ ਜੋ ਮਹਾਂਮਾਰੀ ਦੌਰਾਨ ਆਨ-ਲਾਈਨ ਕੀਤੀਆਂ ਜਾਂਦੀਆਂ ਹਨ।

 ਕਈਆਂ ਨੇ ਮੰਨਿਆ ਹੈ ਕਿ ਮੁਸ਼ਕਲ ਸਮਿਆਂ ਦੌਰਾਨ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆ ਕੇ ਉਨ੍ਹਾਂ ਨੂੰ ਫ਼ਾਇਦਾ ਹੋਇਆ ਹੈ। ਮਿਸਾਲ ਲਈ, ਇਕ ਔਰਤ ਨੂੰ ਕੋਵਿਡ-19 ਹੋਇਆ ਸੀ। ਉਸ ਨੇ ਆਨ-ਲਾਈਨ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਸੱਦਾ ਸਵੀਕਾਰ ਕੀਤਾ। ਇਨ੍ਹਾਂ ਸਭਾਵਾਂ ਨੇ ਬੀਮਾਰੀ ਦੇ ਬਾਵਜੂਦ ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਉਸ ਦੀ ਮਦਦ ਕੀਤੀ। ਉਸ ਨੇ ਬਾਅਦ ਵਿਚ ਦੱਸਿਆ: “ਮੈਨੂੰ ਲੱਗਦਾ ਹੈ ਕਿ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਹਾਂ। ਬਾਈਬਲ ਪੜ੍ਹ ਕੇ ਮੈਨੂੰ ਮਨ ਦੀ ਸ਼ਾਂਤੀ ਤੇ ਸਕੂਨ ਮਿਲਦਾ ਹੈ। ਨਾਲੇ ਮੈਂ ਮੁਸ਼ਕਲਾਂ ਦੇ ਬਾਵਜੂਦ ਵੀ ਆਪਣਾ ਧਿਆਨ ਵਧੀਆ ਭਵਿੱਖ ʼਤੇ ਲਾਈ ਰੱਖ ਸਕਦੀ ਹਾਂ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਰੱਬ ਦੇ ਨੇੜੇ ਆਉਣ ਵਿਚ ਮੇਰੀ ਮਦਦ ਕੀਤੀ ਹੈ ਤੇ ਮੈਂ ਹਮੇਸ਼ਾ ਤੋਂ ਇੱਦਾਂ ਹੀ ਕਰਨਾ ਚਾਹੁੰਦੀ ਸੀ।”

a Director of the National Institute of Allergy and Infectious Diseases in the United States

b ਬਾਈਬਲ ਅਨੁਸਾਰ ਰੱਬ ਦਾ ਨਾਂ ਯਹੋਵਾਹ ਹੈ।​—ਜ਼ਬੂਰ 83:18.