Skip to content

Skip to table of contents

ਖ਼ਬਰਦਾਰ ਰਹੋ!

ਯੂਕਰੇਨ ਵਿਚ ਯੁੱਧ ਕਰਕੇ ਦੁਨੀਆਂ ਭਰ ਵਿਚ ਭੁੱਖਮਰੀ ਵਿਚ ਹੋਰ ਵਾਧਾ

ਯੂਕਰੇਨ ਵਿਚ ਯੁੱਧ ਕਰਕੇ ਦੁਨੀਆਂ ਭਰ ਵਿਚ ਭੁੱਖਮਰੀ ਵਿਚ ਹੋਰ ਵਾਧਾ

 19 ਮਈ 2022 ਨੂੰ 75 ਤੋਂ ਵੀ ਜ਼ਿਆਦਾ ਉੱਚ-ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਦੱਸਿਆ ਕਿ “ਕੋਵਿਡ-19 ਮਹਾਂਮਾਰੀ ਅਤੇ ਵਾਤਾਵਰਣ ਵਿਚ ਤਬਦੀਲੀ ਕਰਕੇ ਪਹਿਲਾਂ ਹੀ ਭੁੱਖਮਰੀ ਫੈਲ ਗਈ ਸੀ, ਪਰ ਯੂਕਰੇਨ ਵਿਚ ਯੁੱਧ ਕਰਕੇ ਦੁਨੀਆਂ ਭਰ ਵਿਚ ਭੁੱਖਮਰੀ ਹੋਰ ਵੀ ਵਧ ਗਈ ਹੈ।” ਇਸ ਤੋਂ ਛੇਤੀ ਬਾਅਦ, ਦ ਇਕਾਨੋਮਿਸਟ ਨਾਂ ਦੇ ਰਸਾਲੇ ਨੇ ਦੱਸਿਆ ਕਿ “ਦੁਨੀਆਂ ਭਰ ਵਿਚ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਸਨ, ਪਰ ਯੁੱਧ ਕਰਕੇ ਭੁੱਖਮਰੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ।” ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਵਿਚ ਲੋਕ ਭੁੱਖਮਰੀ ਦੇ ਸ਼ਿਕਾਰ ਹੋਣਗੇ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਅਜਿਹੇ ਹਾਲਾਤ ਵਿਚ ਕੀ ਕਰ ਸਕਦੇ ਹਾਂ।

ਬਾਈਬਲ ਵਿਚ ਭੁੱਖਮਰੀ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ

  •    ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ।”​—ਮੱਤੀ 24:7.

  •    ਬਾਈਬਲ ਦੀ ਪ੍ਰਕਾਸ਼ ਦੀ ਕਿਤਾਬ ਵਿਚ ਚਾਰ ਘੋੜਸਵਾਰਾਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਘੋੜਸਵਾਰ ਯੁੱਧ ਨੂੰ ਦਰਸਾਉਂਦਾ ਹੈ। ਇਸ ਘੋੜਸਵਾਰ ਪਿੱਛੇ ਇਕ ਹੋਰ ਘੋੜਸਵਾਰ ਆਉਂਦਾ ਹੈ ਜੋ ਕਾਲ਼ ਨੂੰ ਦਰਸਾਉਂਦਾ ਹੈ। ਇਹ ਉਹ ਸਮਾਂ ਹੋਣਾ ਸੀ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋਣੀ ਸੀ ਅਤੇ ਇਹ ਅੱਗ ਦੇ ਭਾਅ ਵਿਕਣੀਆਂ ਸਨ। “ਮੈਂ ਇਕ ਕਾਲਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦੇ ਹੱਥ ਵਿਚ ਇਕ ਤੱਕੜੀ ਸੀ। ਮੈਂ . . . ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: ‘ਇਕ ਕਿਲੋ ਕਣਕ ਇਕ ਦੀਨਾਰ ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ।’”​—ਪ੍ਰਕਾਸ਼ ਦੀ ਕਿਤਾਬ 6:5, 6.

 ਭੁੱਖਮਰੀ ਬਾਰੇ ਬਾਈਬਲ ਦੀਆਂ ਇਹ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ। ਬਾਈਬਲ ਵਿਚ ਇਸ ਸਮੇਂ ਨੂੰ “ਆਖ਼ਰੀ ਦਿਨ” ਕਿਹਾ ਗਿਆ ਹੈ। (2 ਤਿਮੋਥਿਉਸ 3:1) ‘ਆਖ਼ਰੀ ਦਿਨਾਂ’ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਚਾਰ ਘੋੜਸਵਾਰਾਂ ਬਾਰੇ ਹੋਰ ਜਾਣਨ ਲਈ 1914 ਤੋਂ ਦੁਨੀਆਂ ਬਦਲ ਗਈ ਨਾਂ ਦੀ ਵੀਡੀਓ ਦੇਖੋ ਅਤੇ “ਚਾਰ ਘੋੜਸਵਾਰ​—ਇਹ ਕੌਣ ਹਨ?” (ਹਿੰਦੀ) ਨਾਂ ਦਾ ਲੇਖ ਪੜ੍ਹੋ।

ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

  •    ਬਾਈਬਲ ਵਿਚ ਵਧੀਆ ਸਲਾਹ ਦਿੱਤੀ ਗਈ ਹੈ ਜੋ ਮਹਿੰਗਾਈ, ਭੁੱਖਮਰੀ ਤੇ ਹੋਰ ਮੁਸ਼ਕਲ ਹਾਲਾਤਾਂ ਨਾਲ ਨਜਿੱਠਣ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਬਾਰੇ ਜਾਣਨ ਲਈ “ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?” ਨਾਂ ਦਾ ਲੇਖ ਦੇਖੋ।

  •    ਬਾਈਬਲ ਸਾਨੂੰ ਇਹ ਵੀ ਉਮੀਦ ਦਿੰਦੀ ਹੈ ਕਿ ਭਵਿੱਖ ਵਿਚ ਹਾਲਾਤ ਵਧੀਆ ਹੋ ਜਾਣਗੇ। ਇਹ ਵਾਅਦਾ ਕਰਦੀ ਹੈ ਕਿ ਅਜਿਹਾ ਸਮਾਂ ਆਵੇਗਾ ਜਦੋਂ “ਧਰਤੀ ਉੱਤੇ ਬਹੁਤ ਅੰਨ ਹੋਵੇਗਾ” ਅਤੇ ਹਰ ਕਿਸੇ ਕੋਲ ਖਾਣ ਨੂੰ ਬਹੁਤ ਕੁਝ ਹੋਵੇਗਾ। (ਜ਼ਬੂਰ 72:16) ਇਸ ਉਮੀਦ ਬਾਰੇ ਹੋਰ ਜਾਣਨ ਲਈ “ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ!” (ਹਿੰਦੀ) ਨਾਂ ਦਾ ਲੇਖ ਪੜ੍ਹੋ ਅਤੇ ਇਹ ਵੀ ਜਾਣੋ ਕਿ ਤੁਸੀਂ ਇਸ ਵਾਅਦੇ ʼਤੇ ਕਿਉਂ ਭਰੋਸਾ ਰੱਖ ਸਕਦੇ ਹੋ।