Skip to content

Skip to table of contents

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਵਧਦੀ ਮਹਿੰਗਾਈ​—ਬਾਈਬਲ ਕੀ ਕਹਿੰਦੀ ਹੈ?

ਦੁਨੀਆਂ ਭਰ ਵਿਚ ਵਧਦੀ ਮਹਿੰਗਾਈ​—ਬਾਈਬਲ ਕੀ ਕਹਿੰਦੀ ਹੈ?

 ਜੂਨ 2022 ਦੀ ਰਿਪੋਰਟ ਵਿਚ ਵਰਲਡ ਬੈਂਕ ਗਰੁੱਪ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ: “ਦੁਨੀਆਂ ਦੀ ਆਰਥਿਕ ਸਥਿਤੀ ਦੁਬਾਰਾ ਖ਼ਤਰੇ ਵਿਚ ਹੈ।” ਉਸ ਨੇ ਕਿਹਾ ਕਿ ਲੋਕਾਂ ਦੀ ਆਮਦਨ ਘੱਟ ਹੈ ਜਦ ਕਿ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ।

 ਅੰਤਰਰਾਸ਼ਟਰੀ ਮੁਦਰਾ ਫੰਡ ਨੇ ਦੱਸਿਆ: “ਖਾਣ-ਪੀਣ, ਪੈਟਰੋਲ ਤੇ ਤੇਲ ਵਗੈਰਾ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ ਜਿਸ ਦਾ ਅਸਰ ਜ਼ਿਆਦਾਤਰ ਗ਼ਰੀਬ ਦੇਸ਼ ਦੇ ਲੋਕਾਂ ʼਤੇ ਪਿਆ ਹੈ।”

 ਬਾਈਬਲ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਦੁਨੀਆਂ ਭਰ ਵਿਚ ਆਰਥਿਕ ਤੰਗੀ ਕਿਉਂ ਹੈ ਅਤੇ ਅਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ। ਨਾਲੇ ਇਹ ਇਸ ਮੁਸ਼ਕਲ ਦਾ ਪੱਕਾ ਹੱਲ ਵੀ ਦੱਸਦੀ ਹੈ।

‘ਆਖ਼ਰੀ ਦਿਨਾਂ’ ਦੌਰਾਨ ਕੀਮਤਾਂ ਵਿਚ ਵਾਧਾ

  •    ਬਾਈਬਲ ਦੱਸਦੀ ਹੈ ਕਿ ਅਸੀਂ ਜਿਸ ਸਮੇਂ ਵਿਚ ਰਹਿ ਰਹੇ ਹਾਂ, ਉਹ “ਆਖ਼ਰੀ ਦਿਨ” ਹਨ।​—2 ਤਿਮੋਥਿਉਸ 3:1.

  •   ਯਿਸੂ ਨੇ ਕਿਹਾ ਸੀ ਕਿ ਇਸ ਸਮੇਂ ਦੌਰਾਨ “ਖ਼ੌਫ਼ਨਾਕ ਨਜ਼ਾਰੇ” ਜਾਂ ਡਰਾਉਣੀਆਂ ਘਟਨਾਵਾਂ ਹੋਣਗੀਆਂ। (ਲੂਕਾ 21:11) ਮਹਿੰਗਾਈ ਵਧਣ ਕਰਕੇ ਲੋਕ ਡਰ ਦੇ ਸਾਏ ਹੇਠ ਹਨ। ਲੋਕ ਆਪਣੇ ਕੱਲ੍ਹ ਦੀ ਚਿੰਤਾ ਕਰਦੇ ਹਨ ਤੇ ਸੋਚਦੇ ਹਨ ਕਿ ਉਹ ਆਪਣੇ ਪਰਿਵਾਰ ਦਾ ਢਿੱਡ ਵੀ ਭਰ ਸਕਣਗੇ ਜਾਂ ਨਹੀਂ।

  •   ਪ੍ਰਕਾਸ਼ ਦੀ ਕਿਤਾਬ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸ ਸਮੇਂ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। “ਮੈਂ . . . ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: ‘ਇਕ ਕਿਲੋ ਕਣਕ ਇਕ ਦੀਨਾਰ ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ।’”​—ਪ੍ਰਕਾਸ਼ ਦੀ ਕਿਤਾਬ 6:6.

 ‘ਆਖ਼ਰੀ ਦਿਨਾਂ’ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦਿੱਤੀ ਭਵਿੱਖਬਾਣੀ ਬਾਰੇ ਹੋਰ ਜਾਣਨ ਲਈ 1914 ਤੋਂ ਦੁਨੀਆਂ ਬਦਲ ਗਈ ਨਾਂ ਦੀ ਵੀਡੀਓ ਦੇਖੋ ਅਤੇ “ਚਾਰ ਘੋੜਸਵਾਰ​​—ਇਹ ਕੌਣ ਹਨ?” (ਹਿੰਦੀ) ਨਾਂ ਦਾ ਲੇਖ ਪੜ੍ਹੋ।

ਹਰ ਤਰ੍ਹਾਂ ਦੀ ਆਰਥਿਕ ਤੰਗੀ ਦਾ ਹੱਲ

  •   “ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ, ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇ।”​—ਯਸਾਯਾਹ 65:21, 22.

  •   “ਧਰਤੀ ਉੱਤੇ ਬਹੁਤ ਅੰਨ ਹੋਵੇਗਾ; ਪਹਾੜਾਂ ਦੀਆਂ ਚੋਟੀਆਂ ਉੱਤੇ ਇਸ ਦੀ ਭਰਮਾਰ ਹੋਵੇਗੀ।”​—ਜ਼ਬੂਰ 72:16.

  •   “‘ਦੁਖੀਆਂ ਨੂੰ ਸਤਾਇਆ ਜਾਂਦਾ ਹੈ, ਗ਼ਰੀਬ ਹਉਕੇ ਭਰਦੇ ਹਨ, ਇਸ ਲਈ ਮੈਂ ਕਾਰਵਾਈ ਕਰਨ ਲਈ ਉੱਠਾਂਗਾ,’ ਯਹੋਵਾਹ ਕਹਿੰਦਾ ਹੈ।”​—ਜ਼ਬੂਰ 12:5. a

 ਰੱਬ ਜਲਦੀ ਹੀ ਅਮੀਰੀ-ਗ਼ਰੀਬੀ ਨੂੰ ਖ਼ਤਮ ਕਰ ਦੇਵੇਗਾ। ਉਹ ਇੱਦਾਂ ਸਿਰਫ਼ ਇਕ ਦੇਸ਼ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਕਰੇਗਾ। ਉਹ ਇਹ ਕਿਵੇਂ ਕਰੇਗਾ, ਇਹ ਜਾਣਨ ਲਈ “ਕੀ ਕਦੇ ਦੁਨੀਆਂ ਵਿੱਚੋਂ ਅਮੀਰੀ-ਗ਼ਰੀਬੀ ਖ਼ਤਮ ਹੋਵੇਗੀ?” ਨਾਂ ਦਾ ਲੇਖ ਪੜ੍ਹੋ।

 ਪਰ ਬਾਈਬਲ ਅੱਜ ਵੀ ਮਹਿੰਗਾਈ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਕਿਵੇਂ? ਇਸ ਵਿਚ ਵਧੀਆ ਸਲਾਹ ਦਿੱਤੀ ਗਈ ਹੈ ਕਿ ਅਸੀਂ ਆਪਣੇ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ। (ਕਹਾਉਤਾਂ 23:4, 5; ਉਪਦੇਸ਼ਕ ਦੀ ਕਿਤਾਬ 7:12) ਇਸ ਬਾਰੇ ਹੋਰ ਜਾਣਨ ਲਈ “ਸੋਚ-ਸਮਝ ਕੇ ਖ਼ਰਚਾ ਕਰੋ” ਅਤੇ “ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?” ਨਾਂ ਦੇ ਲੇਖ ਪੜ੍ਹੋ।

a ਯਹੋਵਾਹ ਰੱਬ ਦਾ ਨਾਂ ਹੈ।​—ਜ਼ਬੂਰ 83:18.