ਖ਼ਬਰਦਾਰ ਰਹੋ!
ਯੂਕਰੇਨ ਦੇ ਲੱਖਾਂ ਹੀ ਲੋਕ ਬਣੇ ਸ਼ਰਨਾਰਥੀ
24 ਫਰਵਰੀ 2022 ਨੂੰ ਰੂਸ ਨੇ ਯੂਕਰੇਨ ʼਤੇ ਹਮਲਾ ਕਰ ਦਿੱਤਾ ਜਿਸ ਕਰਕੇ ਉੱਥੇ ਦੇ ਲੋਕਾਂ ʼਤੇ ਭਾਰੀ ਕਹਿਰ ਟੁੱਟ ਪਿਆ। ਯੂਕਰੇਨ ਦੇ ਲੱਖਾਂ ਹੀ ਲੋਕਾਂ ਨੂੰ ਆਪਣਾ ਸ਼ਹਿਰ ਜਾਂ ਆਪਣਾ ਦੇਸ਼ ਛੱਡ ਕੇ ਭੱਜਣਾ ਪੈ ਰਿਹਾ ਹੈ। a
“ਹਰ ਪਾਸੇ ਬੰਬ ਧਮਾਕੇ ਹੋ ਰਹੇ ਸਨ। ਉਹ ਮੰਜ਼ਰ ਬਹੁਤ ਹੀ ਭਿਆਨਕ ਸੀ। ਜਦੋਂ ਸਾਨੂੰ ਪਤਾ ਲੱਗਾ ਕਿ ਗੱਡੀਆਂ ਰਾਹੀਂ ਲੋਕਾਂ ਨੂੰ ਦੂਸਰੀਆਂ ਥਾਵਾਂ ʼਤੇ ਭੇਜਿਆ ਜਾ ਰਿਹਾ ਸੀ, ਤਾਂ ਅਸੀਂ ਵੀ ਉੱਥੋਂ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅਸੀਂ ਕੀ ਲੈ ਕੇ ਜਾਈਏ ਤੇ ਕੀ ਨਹੀਂ। ਸਾਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਹਰੇਕ ਜਣਾ ਬੱਸ ਇਕ ਪਿੱਠੂ ਬੈਗ ਹੀ ਲੈ ਕੇ ਜਾ ਸਕਦਾ ਸੀ। ਅਸੀਂ ਸਿਰਫ਼ ਆਪਣੇ ਜ਼ਰੂਰੀ ਦਸਤਾਵੇਜ਼, ਦਵਾਈਆਂ ਅਤੇ ਥੋੜ੍ਹੀਆਂ-ਬਹੁਤੀਆਂ ਖਾਣ-ਪੀਣ ਦੀਆਂ ਚੀਜ਼ਾਂ ਹੀ ਲਿਜਾ ਸਕੇ। ਅਸੀਂ ਬੰਬਾਰੀ ਵਿਚ ਹੀ ਰੇਲਵੇ ਸਟੇਸ਼ਨ ʼਤੇ ਗਏ।”—ਯੂਕਰੇਨ ਦੇ ਖਾਰਕੀਵ ਸ਼ਹਿਰ ਤੋਂ ਨਟਾਲੀਆ।
“ਸਾਨੂੰ ਲੱਗਦਾ ਸੀ ਕਿ ਯੁੱਧ ਨਹੀਂ ਹੋਵੇਗਾ। ਪਰ ਫਿਰ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਬੰਬ ਧਮਾਕੇ ਹੋਣ ਲੱਗੇ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਮੇਰੇ ਘਰ ਦੀਆਂ ਖਿੜਕੀਆਂ ਜ਼ੋਰ-ਜ਼ੋਰ ਦੀ ਹਿਲਣ ਲੱਗ ਪਈਆਂ। ਉਸੇ ਸਮੇਂ ਮੈਂ ਦੇਸ਼ ਛੱਡਣ ਦਾ ਫ਼ੈਸਲਾ ਕਰ ਲਿਆ। ਅਗਲੇ ਦਿਨ ਸਵੇਰੇ 8 ਵਜੇ ਮੈਂ ਆਪਣਾ ਜ਼ਰੂਰੀ ਸਾਮਾਨ ਲਿਆ ਅਤੇ ਲਵੀਵ ਜਾਣ ਲਈ ਗੱਡੀ ਵਿਚ ਬੈਠ ਗਈ। ਫਿਰ ਉੱਥੋਂ ਪੋਲੈਂਡ ਜਾਣ ਲਈ ਬੱਸ ਲਈ।”—ਯੂਕਰੇਨ ਦੇ ਖਾਰਕੀਵ ਸ਼ਹਿਰ ਤੋਂ ਨਾਦੀਆ।
ਇਸ ਲੇਖ ਵਿਚ ਅਸੀਂ ਦੇਖਾਂਗੇ
ਲੋਕਾਂ ਨੂੰ ਸ਼ਰਨਾਰਥੀ ਕਿਉਂ ਬਣਨਾ ਪੈਂਦਾ ਹੈ?
ਯੂਕਰੇਨ ਦੇ ਲੋਕਾਂ ਨੂੰ ਇਸ ਲਈ ਭੱਜਣਾ ਪੈ ਰਿਹਾ ਹੈ ਕਿਉਂਕਿ ਰੂਸ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਹੈ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸ਼ਰਨਾਰਥੀ ਬਣਨ ਦੇ ਹੋਰ ਕਿਹੜੇ ਕਾਰਨ ਹਨ:
ਦੁਨੀਆਂ ਭਰ ਦੀਆਂ ਸਰਕਾਰਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਫ਼ਲ ਹੋਈਆਂ ਹਨ। ਉਹ ਅਕਸਰ ਆਪਣੀ ਤਾਕਤ ਦਾ ਨਾਜਾਇਜ਼ ਫ਼ਾਇਦਾ ਚੁੱਕਦੀਆਂ ਹਨ ਅਤੇ ਲੋਕਾਂ ʼਤੇ ਜ਼ੁਲਮ ਕਰਦੀਆਂ ਹਨ।—ਉਪਦੇਸ਼ਕ ਦੀ ਕਿਤਾਬ 4:1; 8:9.
ਸ਼ੈਤਾਨ ਇਸ ਦੁਨੀਆਂ ਦਾ “ਹਾਕਮ” ਹੈ ਜੋ ਲੋਕਾਂ ਨੂੰ ਬੁਰੇ ਕੰਮ ਕਰਨ ਲਈ ਉਕਸਾਉਂਦਾ ਹੈ। ਬਾਈਬਲ ਵਿਚ ਲਿਖਿਆ ਹੈ: “ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।”—ਯੂਹੰਨਾ 14:30; 1 ਯੂਹੰਨਾ 5:19.
ਸਦੀਆਂ ਤੋਂ ਲੋਕ ਮੁਸ਼ਕਲਾਂ ਸਹਿ ਰਹੇ ਹਨ, ਪਰ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” (2 ਤਿਮੋਥਿਉਸ 3:1) ਨਾਲੇ ਬਾਈਬਲ ਵਿਚ ਲਿਖਿਆ ਹੈ ਕਿ ਇਨ੍ਹਾਂ ਦਿਨਾਂ ਵਿਚ ਯੁੱਧ ਹੋਣਗੇ, ਕੁਦਰਤੀ ਆਫ਼ਤਾਂ ਆਉਣਗੀਆਂ, ਕਾਲ਼ ਪੈਣਗੇ ਅਤੇ ਮਹਾਂਮਾਰੀਆਂ ਫੈਲਣਗੀਆਂ। ਇੱਦਾਂ ਦੇ ਹਾਲਾਤਾਂ ਕਰਕੇ ਲੋਕਾਂ ਨੂੰ ਆਪਣੇ ਘਰੋਂ ਭੱਜਣਾ ਪੈਂਦਾ ਹੈ।—ਲੂਕਾ 21:10, 11.
ਸ਼ਰਨਾਰਥੀਆਂ ਨੂੰ ਉਮੀਦ ਕਿੱਥੋਂ ਮਿਲ ਸਕਦੀ ਹੈ?
ਬਾਈਬਲ ਦੱਸਦੀ ਹੈ ਕਿ ਸਾਡਾ ਸਿਰਜਣਹਾਰ ਯਹੋਵਾਹ b ਪਰਮੇਸ਼ੁਰ ਸ਼ਰਨਾਰਥੀਆਂ ਅਤੇ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦਾ ਹੈ ਜਿਨ੍ਹਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪੈਂਦਾ ਹੈ। (ਬਿਵਸਥਾ ਸਾਰ 10:18) ਉਹ ਸ਼ਰਨਾਰਥੀਆਂ ਦੀਆਂ ਮੁਸ਼ਕਲਾਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ। ਉਹ ਇਹ ਕਿਵੇਂ ਕਰੇਗਾ? ਉਹ ਇਹ ਆਪਣੀ ਸਵਰਗੀ ਸਰਕਾਰ ਰਾਹੀਂ ਕਰੇਗਾ ਜਿਸ ਨੂੰ ਪਰਮੇਸ਼ੁਰ ਦਾ ਰਾਜ ਕਿਹਾ ਗਿਆ ਹੈ। ਇਹ ਸਰਕਾਰ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗੀ। (ਦਾਨੀਏਲ 2:44; ਮੱਤੀ 6:10) ਯਹੋਵਾਹ ਇਸ ਰਾਜ ਦੇ ਜ਼ਰੀਏ ਸ਼ੈਤਾਨ ਨੂੰ ਖ਼ਤਮ ਕਰ ਦੇਵੇਗਾ। (ਰੋਮੀਆਂ 16:20) ਇਹ ਰਾਜ ਪੂਰੀ ਦੁਨੀਆਂ ਉੱਤੇ ਹਕੂਮਤ ਕਰੇਗਾ। ਉਸ ਸਮੇਂ ਸਰਹੱਦਾਂ ਨਹੀਂ ਹੋਣਗੀਆਂ ਅਤੇ ਸਾਰੇ ਲੋਕ ਇਕ ਪਰਿਵਾਰ ਵਜੋਂ ਰਹਿਣਗੇ। ਫਿਰ ਕਦੀ ਵੀ ਕਿਸੇ ਨੂੰ ਆਪਣਾ ਘਰ ਛੱਡ ਕੇ ਭੱਜਣਾ ਨਹੀਂ ਪਵੇਗਾ ਕਿਉਂਕਿ ਬਾਈਬਲ ਵਾਅਦਾ ਕਰਦੀ ਹੈ: “ਉਹ ਆਪੋ-ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ।”—ਮੀਕਾਹ 4:4.
ਅੱਜ ਇਨਸਾਨਾਂ ʼਤੇ ਜੋ ਸ਼ਰਨਾਰਥੀ ਸੰਕਟ ਟੁੱਟਿਆ ਹੈ, ਉਸ ਨੂੰ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਦੂਰ ਕਰ ਸਕਦਾ ਹੈ। ਕਿਵੇਂ? ਯਹੋਵਾਹ ਉਨ੍ਹਾਂ ਕਾਰਨਾਂ ਨੂੰ ਹੀ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਰਕੇ ਲੋਕ ਸ਼ਰਨਾਰਥੀ ਬਣਨ ਲਈ ਮਜਬੂਰ ਹੁੰਦੇ ਹਨ। ਜ਼ਰਾ ਕੁਝ ਮਿਸਾਲਾਂ ʼਤੇ ਗੌਰ ਕਰੋ:
ਲੜਾਈਆਂ। “[ਯਹੋਵਾਹ] ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ।” (ਜ਼ਬੂਰ 46:9) ਇਹ ਜਾਣਨ ਲਈ ਕਿ ਰੱਬ ਲੜਾਈਆਂ ਨੂੰ ਕਿਵੇਂ ਖ਼ਤਮ ਕਰੇਗਾ, “ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ!” (ਹਿੰਦੀ) ਨਾਂ ਦਾ ਲੇਖ ਪੜ੍ਹੋ।
ਜ਼ੁਲਮ ਅਤੇ ਹਿੰਸਾ। “[ਯਹੋਵਾਹ] ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।” (ਜ਼ਬੂਰ 72:14) ਇਹ ਜਾਣਨ ਲਈ ਕਿ ਲੋਕ ਆਪਣੇ ਦਿਲ ਵਿੱਚੋਂ ਨਫ਼ਰਤ ਦੀ ਜੜ੍ਹ ਕਿਵੇਂ ਪੁੱਟ ਸਕਦੇ ਹਨ, “ਆਓ ਤੋੜੀਏ ਨਫ਼ਰਤ ਦਾ ਚੱਕਰ” ਨਾਂ ਦੇ ਲੜੀਵਾਰ ਲੇਖ ਪੜ੍ਹੋ।
ਗ਼ਰੀਬੀ। “[ਯਹੋਵਾਹ] ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ।” (ਜ਼ਬੂਰ 72:12) ਇਹ ਜਾਣਨ ਲਈ ਕਿ ਰੱਬ ਗ਼ਰੀਬੀ ਨੂੰ ਕਿਵੇਂ ਖ਼ਤਮ ਕਰੇਗਾ, “ਕੀ ਗ਼ਰੀਬੀ ਤੋਂ ਬਿਨਾਂ ਦੁਨੀਆਂ ਹੋ ਸਕਦੀ ਹੈ?” ਨਾਂ ਦਾ ਲੇਖ ਪੜ੍ਹੋ।
ਭੋਜਨ ਦੀ ਕਮੀ। “ਧਰਤੀ ਉੱਤੇ ਬਹੁਤ ਅੰਨ ਹੋਵੇਗਾ।” (ਜ਼ਬੂਰ 72:16) ਪਰਮੇਸ਼ੁਰ ਜਲਦੀ ਹੀ ਅਜਿਹਾ ਸਮਾਂ ਲਿਆਵੇਗਾ ਜਦੋਂ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣਾ ਪਵੇਗਾ। ਇਹ ਜਾਣਨ ਲਈ ਕਿ ਉਹ ਇਹ ਕਿਵੇਂ ਕਰੇਗਾ, “ਭੁੱਖਮਰੀ ਤੋਂ ਬਗੈਰ ਦੁਨੀਆਂ” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।
ਕੀ ਬਾਈਬਲ ਅੱਜ ਸ਼ਰਨਾਰਥੀਆਂ ਦੀ ਮਦਦ ਕਰ ਸਕਦੀ ਹੈ?
ਹਾਂਜੀ। ਬਾਈਬਲ ਸ਼ਰਨਾਰਥੀਆਂ ਨੂੰ ਭਵਿੱਖ ਬਾਰੇ ਸ਼ਾਨਦਾਰ ਉਮੀਦ ਦੇਣ ਦੇ ਨਾਲ-ਨਾਲ ਅੱਜ ਵੀ ਮੁਸ਼ਕਲਾਂ ਨਾਲ ਲੜਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੀ ਹੈ।
ਬਾਈਬਲ ਦਾ ਅਸੂਲ: “ਭੋਲਾ ਹਰ ਗੱਲ ʼਤੇ ਯਕੀਨ ਕਰ ਲੈਂਦਾ ਹੈ, ਪਰ ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।”—ਕਹਾਉਤਾਂ 14:15.
ਮਤਲਬ: ਸੋਚੋ ਕਿ ਕਿਹੜੇ ਖ਼ਤਰੇ ਆ ਸਕਦੇ ਹਨ ਅਤੇ ਤੁਸੀਂ ਆਪਣੇ ਬਚਾਅ ਲਈ ਕੀ ਕਰੋਗੇ। ਜਦੋਂ ਤੁਸੀਂ ਕਿਸੇ ਹੋਰ ਜਗ੍ਹਾ ਜਾਂਦੇ ਹੋ, ਤਾਂ ਸ਼ਾਇਦ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਾ ਕਰੋ ਅਤੇ ਤੁਹਾਨੂੰ ਉਸ ਇਲਾਕੇ ਬਾਰੇ ਚੰਗੀ ਤਰ੍ਹਾਂ ਪਤਾ ਨਾ ਹੋਵੇ। ਇਸ ਲਈ ਉਨ੍ਹਾਂ ਲੋਕਾਂ ਤੋਂ ਖ਼ਬਰਦਾਰ ਰਹੋ ਜੋ ਤੁਹਾਡੀ ਮਜਬੂਰੀ ਦਾ ਗ਼ਲਤ ਫ਼ਾਇਦਾ ਚੁੱਕ ਸਕਦੇ ਹਨ।
ਬਾਈਬਲ ਦਾ ਅਸੂਲ: “ਜੇ ਸਾਡੇ ਕੋਲ ਰੋਟੀ, ਕੱਪੜਾ ਅਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।”—1 ਤਿਮੋਥਿਉਸ 6:8.
ਮਤਲਬ: ਸੁੱਖ-ਸਹੂਲਤਾਂ ਦੀਆਂ ਚੀਜ਼ਾਂ ਬਾਰੇ ਜ਼ਿਆਦਾ ਨਾ ਸੋਚੋ। ਜੇ ਤੁਸੀਂ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਹੋਵੋਗੇ ਜੋ ਤੁਹਾਡੇ ਕੋਲ ਹਨ, ਤਾਂ ਤੁਸੀਂ ਖ਼ੁਸ਼ ਰਹੋਗੇ।
ਬਾਈਬਲ ਦਾ ਅਸੂਲ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਮੱਤੀ 7:12.
ਮਤਲਬ: ਧੀਰਜ ਰੱਖੋ ਅਤੇ ਪਿਆਰ ਨਾਲ ਪੇਸ਼ ਆਓ। ਇਨ੍ਹਾਂ ਗੁਣਾਂ ਕਰਕੇ ਲੋਕ ਵੀ ਤੁਹਾਡੇ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਣਗੇ।
ਬਾਈਬਲ ਦਾ ਅਸੂਲ: “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।”—ਰੋਮੀਆਂ 12:17.
ਮਤਲਬ: ਜਦੋਂ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਗੁੱਸੇ ਵਿਚ ਆ ਕੇ ਬਦਲਾ ਨਾ ਲਓ। ਇੱਦਾਂ ਕਰਨ ਨਾਲ ਹਾਲਾਤ ਹੋਰ ਵਿਗੜਨਗੇ।
ਬਾਈਬਲ ਦਾ ਅਸੂਲ: “ਪਰਮੇਸ਼ੁਰ ਆਪਣੀ ਸ਼ਕਤੀ ਨਾਲ ਮੈਨੂੰ ਹਰ ਹਾਲਾਤ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ।”—ਫ਼ਿਲਿੱਪੀਆਂ 4:13.
ਮਤਲਬ: ਰੱਬ ʼਤੇ ਭਰੋਸਾ ਰੱਖੋ ਤੇ ਉਸ ਨੂੰ ਪ੍ਰਾਰਥਨਾ ਕਰੋ। ਉਹ ਤੁਹਾਨੂੰ ਮੁਸ਼ਕਲ ਹਾਲਾਤਾਂ ਨੂੰ ਸਹਿਣ ਦੀ ਤਾਕਤ ਦੇ ਸਕਦਾ ਹੈ।
ਬਾਈਬਲ ਦਾ ਅਸੂਲ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, . . . ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.
ਮਤਲਬ: ਹਰ ਹਾਲਾਤ ਵਿਚ ਰੱਬ ਤੋਂ ਮਨ ਦੀ ਸ਼ਾਂਤੀ ਮੰਗੋ। “ਫ਼ਿਲਿੱਪੀਆਂ 4:6, 7—‘ਕਿਸੇ ਗੱਲ ਦੀ ਚਿੰਤਾ ਨਾ ਕਰੋ’” ਨਾਂ ਦਾ ਲੇਖ ਦੇਖੋ।
a ਹਮਲੇ ਤੋਂ ਇਕ ਦਿਨ ਬਾਅਦ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCR) ਨੇ ਕਿਹਾ ਕਿ ਲੋਕਾਂ ਦਾ ਯੂਕਰੇਨ ਛੱਡ ਕੇ ਭੱਜਣਾ ਸਭ ਤੋਂ ਗੰਭੀਰ ਸੰਕਟ ਹੈ। ਸਿਰਫ਼ 12 ਦਿਨਾਂ ਦੇ ਅੰਦਰ-ਅੰਦਰ 20 ਲੱਖ ਲੋਕਾਂ ਨੂੰ ਯੂਕਰੇਨ ਤੋਂ ਗੁਆਂਢੀ ਦੇਸ਼ਾਂ ਨੂੰ ਭੱਜਣਾ ਪਿਆ ਅਤੇ ਹੋਰ 10 ਲੱਖ ਲੋਕਾਂ ਨੂੰ ਯੂਕਰੇਨ ਦੇ ਹੋਰ ਹਿੱਸਿਆਂ ਵਿਚ ਜਾਣਾ ਪਿਆ।
b ਯਹੋਵਾਹ ਰੱਬ ਦਾ ਨਾਂ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।