Skip to content

Skip to table of contents

ਖ਼ਬਰਦਾਰ ਰਹੋ!

ਰਾਜਨੀਤੀ ਕਰਕੇ ਇੰਨੀ ਫੁੱਟ ਕਿਉਂ ਪਈ ਹੋਈ ਹੈ?​—ਬਾਈਬਲ ਕੀ ਦੱਸਦੀ ਹੈ?

ਰਾਜਨੀਤੀ ਕਰਕੇ ਇੰਨੀ ਫੁੱਟ ਕਿਉਂ ਪਈ ਹੋਈ ਹੈ?​—ਬਾਈਬਲ ਕੀ ਦੱਸਦੀ ਹੈ?

 ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਵਿਚ ਰਾਜਨੀਤੀ ਕਰਕੇ ਫੁੱਟ ਪਈ ਹੋਈ ਹੈ। 2022 ਵਿਚ ਪਿਊ ਰੀਸਰਚ ਸੈਂਟਰ ਦੇ ਇਕ ਸਰਵੇ ਮੁਤਾਬਕ, “ਸਰਵੇ ਵਿਚ ਸ਼ਾਮਲ 19 ਦੇਸ਼ਾਂ ਦੇ 65 ਪ੍ਰਤਿਸ਼ਤ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਕਰਨ ਵਾਲੇ ਲੋਕ ਇਕ-ਦੂਜੇ ਦਾ ਬਹੁਤ ਵਿਰੋਧ ਜਾਂ ਬਹੁਤ ਜ਼ਿਆਦਾ ਵਿਰੋਧ ਕਰਦੇ ਹਨ।”

 ਕੀ ਤੁਹਾਡੇ ਇਲਾਕੇ ਵਿਚ ਵੀ ਰਾਜਨੀਤੀ ਨੂੰ ਲੈ ਕੇ ਲੋਕਾਂ ਵਿਚ ਲਗਾਤਾਰ ਫੁੱਟ ਵਧ ਰਹੀ ਹੈ? ਇਸ ਤਰ੍ਹਾਂ ਕਿਉਂ ਹੈ? ਇਸ ਦਾ ਕੀ ਹੱਲ ਹੈ? ਗੌਰ ਕਰੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਲੋਕਾਂ ਦਾ ਰਵੱਈਆ

 ਬਾਈਬਲ ਵਿਚ ਸਾਡੇ ਸਮੇਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ’ ਵਿਚ ਬਹੁਤ ਸਾਰੇ ਲੋਕਾਂ ਦੇ ਰਵੱਈਏ ਕਰਕੇ ਏਕਤਾ ਹੋਣੀ ਸੰਭਵ ਨਹੀਂ ਹੋਵੇਗੀ।

  •   “ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, . . . ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ” ਹੋਣਗੇ।​—2 ਤਿਮੋਥਿਉਸ 3:1-3.

 ਬਹੁਤ ਸਾਰੇ ਲੋਕਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰਾਂ ਵਧੀਆ ਢੰਗ ਨਾਲ ਕੰਮ ਨਹੀਂ ਕਰ ਪਾ ਰਹੀਆਂ ਹਨ। ਲੋਕ ਇਕ-ਦੂਜੇ ਦੇ ਵਿਚਾਰਾਂ ਦਾ ਵਿਰੋਧ ਕਰਦੇ ਹਨ ਜਿਸ ਕਰਕੇ ਉਨ੍ਹਾਂ ਲਈ ਮਿਲ ਕੇ ਸਮੱਸਿਆਵਾਂ ਦਾ ਹੱਲ ਕੱਢਣਾ ਔਖਾ ਹੀ ਨਹੀਂ, ਸਗੋਂ ਨਾਮੁਮਕਿਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਾਫ਼ੀ ਸਮਾਂ ਪਹਿਲਾਂ ਲਿਖੀ ਬਾਈਬਲ ਦੀ ਇਹ ਗੱਲ ਬਿਲਕੁਲ ਸੱਚ ਹੈ।

 ਪਰ ਬਾਈਬਲ ਇਸ ਸਮੱਸਿਆ ਦਾ ਹੱਲ ਵੀ ਦੱਸਦੀ ਹੈ। ਇਹ ਦੱਸਦੀ ਹੈ ਕਿ ਸਰਕਾਰ ਦੀ ਵਾਗਡੋਰ ਇਕ ਅਜਿਹੇ ਸ਼ਖ਼ਸ ਦੇ ਹੱਥਾਂ ਵਿਚ ਹੋਵੇਗੀ ਜੋ ਇਨਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ ਜਿਨ੍ਹਾਂ ਕਰਕੇ ਇਨਸਾਨਾਂ ʼਤੇ ਦੁੱਖ ਆਉਂਦੇ ਹਨ।

ਇਕ ਕਾਬਲ ਆਗੂ ਜੋ ਸਾਡੀ ਪਰਵਾਹ ਕਰਦਾ ਹੈ

 ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਹੀ ਉਹ ਕਾਬਲ ਆਗੂ ਹੈ। ਯਿਸੂ ਮਸੀਹ ਕੋਲ ਪੂਰੀ ਦੁਨੀਆਂ ਵਿਚ ਸ਼ਾਂਤੀ ਤੇ ਏਕਤਾ ਕਾਇਮ ਕਰਨ ਦੀ ਤਾਕਤ ਤੇ ਅਧਿਕਾਰ ਹੈ ਅਤੇ ਉਸ ਵਿਚ ਇਸ ਤਰ੍ਹਾਂ ਕਰਨ ਦੀ ਇੱਛਾ ਵੀ ਹੈ।

  •   “ਉਸ ਦੇ ਰਾਜ ਵਿਚ ਧਰਮੀ ਵਧਣ-ਫੁੱਲਣਗੇ, . . . ਸਾਰੇ ਪਾਸੇ ਸ਼ਾਂਤੀ ਹੋਵੇਗੀ।”​—ਜ਼ਬੂਰ 72:7.

  •   “ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।”​—ਜ਼ਬੂਰ 72:11.

 ਯਿਸੂ ਇਕ ਕਾਬਲ ਆਗੂ ਹੈ ਕਿਉਂਕਿ ਉਸ ਨੂੰ ਲੋਕਾਂ ਦੀ ਪਰਵਾਹ ਹੈ ਅਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ, ਖ਼ਾਸ ਕਰਕੇ ਜਿਨ੍ਹਾਂ ਨਾਲ ਬੇਇਨਸਾਫ਼ੀ ਹੁੰਦੀ ਹੈ।

  •   “ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ, ਨਾਲੇ ਮਾਮੂਲੀ ਅਤੇ ਬੇਸਹਾਰਾ ਲੋਕਾਂ ਨੂੰ ਵੀ। ਉਹ ਮਾਮੂਲੀ ਅਤੇ ਗ਼ਰੀਬ ਲੋਕਾਂ ʼਤੇ ਤਰਸ ਖਾਏਗਾ ਅਤੇ ਗ਼ਰੀਬਾਂ ਦੀਆਂ ਜਾਨਾਂ ਬਚਾਵੇਗਾ। ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”​—ਜ਼ਬੂਰ 72:12-14.

 ਪਰਮੇਸ਼ੁਰ ਦੇ ਰਾਜ ਯਾਨੀ ਉਸ ਦੀ ਸਵਰਗੀ ਸਰਕਾਰ ਬਾਰੇ ਹੋਰ ਜਾਣਕਾਰੀ ਲਓ ਜਿਸ ਦਾ ਆਗੂ ਯਿਸੂ ਹੈ। ਇਹ ਵੀ ਜਾਣੋ ਕਿ ਉਸ ਦੇ ਰਾਜ ਤੋਂ ਤੁਹਾਨੂੰ ਕੀ ਫ਼ਾਇਦਾ ਹੋਵੇਗਾ ਅਤੇ ਤੁਸੀਂ ਉਸ ਦੇ ਰਾਜ ਦਾ ਕਿਵੇਂ ਸਮਰਥਨ ਕਰ ਸਕਦੇ ਹੋ।