Skip to content

Skip to table of contents

ਕੀ ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਕਦੇ ਖ਼ਤਮ ਹੋਵੇਗਾ?

ਕੀ ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਕਦੇ ਖ਼ਤਮ ਹੋਵੇਗਾ?

 ਪੂਰੀ ਦੁਨੀਆਂ ਵਿਚ ਬਹੁਤ ਸਾਰੇ ਸਰਕਾਰੀ ਅਧਿਕਾਰੀ ਭ੍ਰਿਸ਼ਟ ਹਨ ਜਿਸ ਦੇ ਬੁਰੇ ਅੰਜਾਮ ਨਿਕਲਦੇ ਹਨ। a ਮਿਸਾਲ ਲਈ, ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਸਾਰੇ ਦੇਸ਼ਾਂ ਦੇ ਅਧਿਕਾਰੀਆਂ ʼਤੇ ਦੋਸ਼ ਲਾਏ ਗਏ ਕਿ ਜਿਹੜੇ ਪੈਸੇ ਮਹਾਂਮਾਰੀ ਨਾਲ ਲੜਨ ਲਈ ਦਾਨ ਕੀਤੇ ਗਏ ਸਨ, ਉਨ੍ਹਾਂ ਪੈਸਿਆਂ ਨਾਲ ਅਧਿਕਾਰੀਆਂ ਨੇ ਆਪਣੀਆਂ ਜੇਬਾਂ ਭਰੀਆਂ। ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਕਰਕੇ ਲੋਕਾਂ ਨੂੰ ਲੋੜੀਂਦਾ ਇਲਾਜ ਤੇ ਦਵਾਈਆਂ ਨਹੀਂ ਮਿਲੀਆਂ। ਨਤੀਜੇ ਵਜੋਂ, ਬਹੁਤ ਸਾਰੇ ਲੋਕਾਂ ਨੂੰ ਦੁੱਖ ਸਹਿਣਾ ਪਿਆ ਤੇ ਉਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ।

 ਸਰਕਾਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਅਸਰ ਸਾਰਿਆਂ ʼਤੇ ਪੈਂਦਾ ਹੈ। ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ: “ਭ੍ਰਿਸ਼ਟਾਚਾਰ ਮੱਕੜੀ ਦੇ ਵੱਡੇ ਜਾਲ਼ ਵਾਂਗ ਹੈ ਜਿਸ ਵਿਚ ਸਾਰੇ ਦੇਸ਼ ਫਸੇ ਹੋਏ ਹਨ।”

 ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਲਦ ਹੀ ਸਾਰੀਆਂ ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗਾ। ਸਾਡੇ ਕੋਲ ਭਰੋਸਾ ਰੱਖਣ ਦੇ ਕਿਹੜੇ ਕਾਰਨ ਹਨ? ਗੌਰ ਕਰੋ ਕਿ ਬਾਈਬਲ ਦੱਸਦੀ ਹੈ ਕਿ ਰੱਬ ਕੀ ਕਰੇਗਾ।

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਰੱਬ ਭ੍ਰਿਸ਼ਟਾਚਾਰ ਖ਼ਿਲਾਫ਼ ਕਦਮ ਚੁੱਕੇਗਾ?

 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ ਕੀ ਕਿਹਾ: “ਮੈਂ ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹਾਂ; ਮੈਂ ਲੁੱਟ ਤੇ ਬੁਰਾਈ ਤੋਂ ਘਿਣ ਕਰਦਾ ਹਾਂ।” b (ਯਸਾਯਾਹ 61:8) ਜਦੋਂ ਲੋਕ ਭ੍ਰਿਸ਼ਟਾਚਾਰ ਕਰਕੇ ਦੁਖੀ ਹੁੰਦੇ ਹਨ, ਤਾਂ ਰੱਬ ਨੂੰ ਇਸ ਬਾਰੇ ਪਤਾ ਹੁੰਦਾ ਹੈ। (ਕਹਾਉਤਾਂ 14:31) ਉਹ ਵਾਅਦਾ ਕਰਦਾ ਹੈ: “ਦੁਖੀਆਂ ਨੂੰ ਸਤਾਇਆ ਜਾਂਦਾ ਹੈ, . . . ਇਸ ਲਈ ਮੈਂ ਕਾਰਵਾਈ ਕਰਨ ਲਈ ਉੱਠਾਂਗਾ।”​—ਜ਼ਬੂਰ 12:5.

 ਰੱਬ ਕੀ ਕਰੇਗਾ? ਮੌਜੂਦਾ ਸਰਕਾਰਾਂ ਵਿਚ ਕੋਈ ਸੁਧਾਰ ਕਰਨ ਦੀ ਬਜਾਇ ਉਹ ਆਪਣੀ ਸਵਰਗੀ ਸਰਕਾਰ ਖੜ੍ਹੀ ਕਰੇਗਾ ਜਿਸ ਨੂੰ “ਪਰਮੇਸ਼ੁਰ ਦਾ ਰਾਜ” ਕਿਹਾ ਗਿਆ ਹੈ। (ਮਰਕੁਸ 1:14, 15; ਮੱਤੀ 6:10) ਬਾਈਬਲ ਦੱਸਦੀ ਹੈ: “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜੋ . . . ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ, ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।” (ਦਾਨੀਏਲ 2:44) ਇਸ ਤਰ੍ਹਾਂ ਰੱਬ ਅੱਜ ਹੋ ਰਹੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗਾ।

ਭ੍ਰਿਸ਼ਟਾਚਾਰ ਤੋਂ ਬਗੈਰ ਸਰਕਾਰ

 ਅਸੀਂ ਕਿਵੇਂ ਜਾਣਦੇ ਹਾਂ ਕਿ ਰੱਬ ਦੀ ਸਰਕਾਰ ਭ੍ਰਿਸ਼ਟ ਨਹੀਂ ਹੋਵੇਗੀ? ਜ਼ਰਾ ਹੇਠ ਲਿਖੀਆਂ ਗੱਲਾਂ ʼਤੇ ਗੌਰ ਕਰੋ।

  1.  1. ਤਾਕਤ। ਇਹ ਸਰਕਾਰ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਤਾਕਤ ਨਾਲ ਹਕੂਮਤ ਕਰੇਗੀ।​—ਪ੍ਰਕਾਸ਼ ਦੀ ਕਿਤਾਬ 11:15.

     ਇਹ ਅਹਿਮ ਕਿਉਂ ਹੈ? ਇਨਸਾਨੀ ਸਰਕਾਰਾਂ ਲੋਕਾਂ ਦੇ ਪੈਸਿਆਂ ਨਾਲ ਚਲਾਈਆਂ ਜਾਂਦੀਆਂ ਹਨ। ਸਰਕਾਰੀ ਅਧਿਕਾਰੀ ਅਕਸਰ ਰਿਸ਼ਵਤ ਲੈਂਦੇ ਹਨ, ਚੋਰੀ ਅਤੇ ਹੇਰਾ-ਫੇਰੀ ਕਰਦੇ ਹਨ। ਪਰ ਸਵਰਗੀ ਸਰਕਾਰ ਰੱਬ ਦੀ ਤਾਕਤ ਨਾਲ ਚੱਲੇਗੀ ਜਿਸ ਕਰਕੇ ਉਹ ਆਪਣੀ ਪਰਜਾ ਦੀਆਂ ਹਮੇਸ਼ਾ ਲੋੜਾਂ ਪੂਰੀਆਂ ਕਰੇਗੀ।​—ਜ਼ਬੂਰ 145:16.

  2.  2. ਰਾਜਾ। ਰੱਬ ਨੇ ਆਪਣੇ ਰਾਜ ਦਾ ਰਾਜਾ ਯਿਸੂ ਮਸੀਹ ਨੂੰ ਚੁਣਿਆ ਹੈ।​—ਦਾਨੀਏਲ 7:13, 14.

     ਇਹ ਅਹਿਮ ਕਿਉਂ ਹੈ? ਵਧੀਆ ਹਾਕਮ ਵੀ ਕਿਸੇ ਦੇ ਪ੍ਰਭਾਵ ਵਿਚ ਆ ਕੇ ਕੁਝ ਗ਼ਲਤ ਕੰਮ ਕਰ ਲੈਂਦੇ ਹਨ। (ਉਪਦੇਸ਼ਕ ਦੀ ਕਿਤਾਬ 7:20) ਪਰ ਇਸ ਦੇ ਉਲਟ, ਯਿਸੂ ਨੇ ਦਿਖਾਇਆ ਕਿ ਉਸ ਨੂੰ ਰਿਸ਼ਵਤ ਨਹੀਂ ਦਿੱਤੀ ਜਾ ਸਕਦੀ। (ਮੱਤੀ 4:8-11) ਇਸ ਤੋਂ ਇਲਾਵਾ, ਉਹ ਹਮੇਸ਼ਾ ਆਪਣੀ ਪਰਜਾ ਨੂੰ ਸੱਚਾ ਪਿਆਰ ਕਰਦਾ ਹੈ ਅਤੇ ਦਿਲੋਂ ਉਨ੍ਹਾਂ ਦਾ ਭਲਾ ਚਾਹੁੰਦਾ ਹੈ।​—ਜ਼ਬੂਰ 72:12-14.

  3.  3. ਕਾਨੂੰਨ। ਪਰਮੇਸ਼ੁਰ ਦੇ ਰਾਜ ਦੇ ਕਾਨੂੰਨਾਂ ਵਿਚ ਕੋਈ ਖੋਟ ਨਹੀਂ ਹੈ ਅਤੇ ਉਨ੍ਹਾਂ ਨੂੰ ਮੰਨ ਕੇ ਖ਼ੁਸ਼ੀ ਹੁੰਦੀ ਹੈ।

     ਇਹ ਅਹਿਮ ਕਿਉਂ ਹੈ? ਇਨਸਾਨਾਂ ਵੱਲੋਂ ਬਣਾਏ ਕਾਨੂੰਨ ਅਕਸਰ ਗੁੰਝਲਦਾਰ ਹੁੰਦੇ ਹਨ ਤੇ ਇਨ੍ਹਾਂ ਨੂੰ ਮੰਨਣਾ ਬੋਝ ਲੱਗਦਾ ਹੈ। ਨਾਲੇ ਇਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਿਸ ਕਰਕੇ ਭ੍ਰਿਸ਼ਟਾਚਾਰ ਫੈਲਦਾ ਹੈ। ਦੂਜੇ ਪਾਸੇ, ਪਰਮੇਸ਼ੁਰ ਦੇ ਕਾਨੂੰਨ ਸਹੀ ਅਤੇ ਸਾਡੇ ਫ਼ਾਇਦੇ ਲਈ ਹਨ। (ਯਸਾਯਾਹ 48:17, 18) ਇਸ ਤੋਂ ਇਲਾਵਾ, ਇਨ੍ਹਾਂ ਕਾਨੂੰਨਾਂ ਵਿਚ ਸਿਰਫ਼ ਇਹੀ ਨਹੀਂ ਦੱਸਿਆ ਗਿਆ ਕਿ ਕੀ ਕਰਨਾ ਹੈ, ਪਰ ਇਹ ਵੀ ਦੱਸਿਆ ਗਿਆ ਹੈ ਕਿ ਕਿਉਂ ਕਰਨਾ ਹੈ। (ਮੱਤੀ 22:37, 39) ਦਰਅਸਲ, ਰੱਬ ਸਾਡੇ ਦਿਲਾਂ ਨੂੰ ਪੜ੍ਹ ਸਕਦਾ ਹੈ ਅਤੇ ਉਹ ਇਹ ਗੱਲ ਪੱਕੀ ਕਰਦਾ ਹੈ ਕਿ ਇਹ ਕਾਨੂੰਨ ਪਿਆਰ ਨਾਲ ਲਾਗੂ ਕੀਤੇ ਜਾਣ।​—ਯਿਰਮਿਯਾਹ 17:10.

 ਅਸੀਂ ਤੁਹਾਨੂੰ ਭ੍ਰਿਸ਼ਟਾਚਾਰ ਤੋਂ ਬਗੈਰ ਸਰਕਾਰ ਬਾਰੇ ਹੋਰ ਜਾਣਨ ਦਾ ਸੱਦਾ ਦਿੰਦੇ ਹਾਂ ਜਿਸ ਬਾਰੇ ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ।

a ਇਕ ਪਰਿਭਾਸ਼ਾ ਅਨੁਸਾਰ “ਭ੍ਰਿਸ਼ਟਾਚਾਰ” ਦਾ ਮਤਲਬ ਹੈ, ਆਪਣੇ ਫ਼ਾਇਦੇ ਲਈ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਨਾ।

b ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਜ਼ਬੂਰ 83:18) “ਯਹੋਵਾਹ ਕੌਣ ਹੈ?” ਨਾਂ ਦਾ ਲੇਖ ਦੇਖੋ।