Skip to content

Skip to table of contents

fcafotodigital/E+ via Getty Images

ਸ਼ਾਕਾਹਾਰੀ ਜੀਵਨ-ਢੰਗ​—ਬਾਈਬਲ ਕੀ ਕਹਿੰਦੀ ਹੈ?

ਸ਼ਾਕਾਹਾਰੀ ਜੀਵਨ-ਢੰਗ​—ਬਾਈਬਲ ਕੀ ਕਹਿੰਦੀ ਹੈ?

 ਅੱਜ-ਕੱਲ੍ਹ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਸ਼ਾਕਾਹਾਰੀ ਜੀਵਨ-ਢੰਗ ਵੱਲ ਖਿੱਚੇ ਚਲੇ ਜਾ ਰਹੇ ਹਨ।

  •   “ਸ਼ਾਕਾਹਾਰੀ ਜੀਵਨ-ਢੰਗ ਜੀਉਣ ਦਾ ਇਕ ਅਜਿਹਾ ਤਰੀਕਾ ਹੈ ਜਿਸ ਵਿਚ ਲੋਕ ਭੋਜਨ, ਕੱਪੜਿਆਂ ਜਾਂ ਹੋਰ ਕਿਸੇ ਮਕਸਦ ਲਈ ਜਾਨਵਰਾਂ ਦਾ ਸ਼ੋਸ਼ਣ ਨਹੀਂ ਕਰਦੇ ਜਾਂ ਉਨ੍ਹਾਂ ʼਤੇ ਅਤਿਆਚਾਰ ਨਹੀਂ ਕਰਦੇ।”​—ਦ ਵੇਗਨ ਸੋਸਾਇਟੀ।

 ਕੁਝ ਲੋਕ ਸਿਰਫ਼ ਜਾਨਵਰਾਂ ਲਈ ਪਿਆਰ ਹੋਣ ਕਰਕੇ ਹੀ ਨਹੀਂ, ਸਗੋਂ ਵਾਤਾਵਰਣ ਪ੍ਰਤੀ ਜਾਗਰੂਕਤਾ, ਸਿਹਤ ਜਾਂ ਧਾਰਮਿਕ ਵਿਸ਼ਵਾਸਾਂ ਕਰਕੇ ਵੀ ਸ਼ਾਕਾਹਾਰੀ ਜੀਵਨ-ਢੰਗ ਅਪਣਾਉਂਦੇ ਹਨ।

  •   “ਸ਼ਾਕਾਹਾਰੀ ਜੀਵਨ-ਢੰਗ ਖਾਣ-ਪੀਣ ਦੀਆਂ ਹੋਰ ਆਦਤਾਂ ਦੇ ਮੁਕਾਬਲੇ ਵੱਖਰਾ ਹੁੰਦਾ ਹੈ ਕਿਉਂਕਿ ਲੋਕ ਇਸ ਜੀਵਨ-ਢੰਗ ਨੂੰ ਆਪਣੇ ਧਰਮ ਨਾਲ ਜੋੜਦੇ ਹਨ। ਉਹ ਇਸ ਜੀਵਨ-ਢੰਗ ਨੂੰ ਅਪਣਾਉਣਾ ਇਕ ਨੈਤਿਕ ਫ਼ਰਜ਼ ਸਮਝਦੇ ਹਨ ਅਤੇ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਇਸ ਨੂੰ ਇਕ ਮੁਹਿੰਮ ਵਜੋਂ ਦੇਖਦੇ ਹਨ।”​—ਬ੍ਰਿਟੈਨਿਕਾ ਅਕੈਡਮਿਕ।

 ਕੀ ਸ਼ਾਕਾਹਾਰੀ ਜੀਵਨ-ਢੰਗ ਧਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਇਨਸਾਨਾਂ ਅਤੇ ਜਾਨਵਰਾਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ

 ਬਾਈਬਲ ਕਹਿੰਦੀ ਹੈ ਕਿ ਸਾਡਾ ਸਿਰਜਣਹਾਰ ਯਹੋਵਾਹ a ਪਰਮੇਸ਼ੁਰ ਇਨਸਾਨਾਂ ਨੂੰ ਜਾਨਵਰਾਂ ਨਾਲੋਂ ਉੱਤਮ ਸਮਝਦਾ ਹੈ ਅਤੇ ਉਸ ਨੇ ਇਨਸਾਨਾਂ ਨੂੰ ਜਾਨਵਰਾਂ ਉੱਤੇ ਅਧਿਕਾਰ ਦਿੱਤਾ ਹੈ। (ਉਤਪਤ 1:27, 28) ਬਾਅਦ ਵਿਚ ਪਰਮੇਸ਼ੁਰ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਦਾ ਮਾਸ ਖਾਣ ਦੀ ਇਜਾਜ਼ਤ ਦਿੱਤੀ ਸੀ। (ਉਤਪਤ 9:3) ਪਰ ਉਹ ਜਾਨਵਰਾਂ ਅਤੇ ਪੰਛੀਆਂ ਨਾਲ ਕੀਤੇ ਜਾਂਦੇ ਬੁਰੇ ਸਲੂਕ ਨੂੰ ਬਰਦਾਸ਼ਤ ਨਹੀਂ ਕਰਦਾ।​—ਕਹਾਉਤਾਂ 12:10.

 ਬਾਈਬਲ ਮੁਤਾਬਕ ਮੀਟ ਖਾਣਾ ਜਾਂ ਨਾ ਖਾਣਾ ਨਿੱਜੀ ਮਾਮਲਾ ਹੈ। b ਖਾਣੇ ਬਾਰੇ ਸਾਡੇ ਫ਼ੈਸਲੇ ਕਰਕੇ ਅਸੀਂ ਰੱਬ ਦੀਆਂ ਨਜ਼ਰਾਂ ਵਿਚ ਚੰਗੇ ਜਾਂ ਮਾੜੇ ਨਹੀਂ ਬਣਦੇ। (1 ਕੁਰਿੰਥੀਆਂ 8:8) ਇਸ ਲਈ ਸਾਨੂੰ ਖਾਣੇ ਸੰਬੰਧੀ ਦੂਸਰਿਆਂ ਦੇ ਫ਼ੈਸਲਿਆਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ।​—ਰੋਮੀਆਂ 14:3.

ਸੋਹਣਾ ਭਵਿੱਖ​—ਕਿਵੇਂ?

 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸਾਡੇ ਕਿਸੇ ਜੀਵਨ-ਢੰਗ ਕਰਕੇ ਦੁਨੀਆਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਅੱਜ ਦੁਨੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਦੁਨੀਆਂ ਦੀ ਰਾਜਨੀਤਿਕ, ਸਮਾਜਕ ਅਤੇ ਆਰਥਿਕ ਵਿਵਸਥਾ ਹੈ। ਕੋਈ ਵੀ ਇਨਸਾਨ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ। ਬਾਈਬਲ ਇਸ ਬਾਰੇ ਕਹਿੰਦੀ ਹੈ:

 ਸਾਡਾ ਸਿਰਜਣਹਾਰ ਹੀ ਸਾਡੀਆਂ ਮੁਸ਼ਕਲਾਂ ਨੂੰ ਹੱਲ ਕਰੇਗਾ। ਬਾਈਬਲ ਵਿਚ ਤਸਵੀਰੀ ਭਾਸ਼ਾ ਵਰਤ ਕੇ ਦੱਸਿਆ ਗਿਆ ਹੈ ਕਿ ਉਹ ਕੀ ਕਰੇਗਾ।

  •   “ਫਿਰ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੇਖੀ ਕਿਉਂਕਿ ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ ਅਤੇ ਸਮੁੰਦਰ ਵੀ ਨਾ ਰਿਹਾ।”​—ਪ੍ਰਕਾਸ਼ ਦੀ ਕਿਤਾਬ 21:1.

 ਰੱਬ ‘ਪੁਰਾਣੇ ਆਕਾਸ਼’ ਯਾਨੀ ਇਨਸਾਨੀ ਸਰਕਾਰਾਂ ਦੀ ਥਾਂ “ਨਵਾਂ ਆਕਾਸ਼” ਯਾਨੀ ਸਵਰਗੀ ਸਰਕਾਰ ਲਿਆਵੇਗਾ। ਉਸ ਦਾ ਰਾਜ “ਪੁਰਾਣੀ ਧਰਤੀ” ਯਾਨੀ ਦੁਸ਼ਟ ਲੋਕਾਂ ਨੂੰ ਖ਼ਤਮ ਕਰ ਦੇਵੇਗਾ ਅਤੇ “ਨਵੀਂ ਧਰਤੀ” ਯਾਨੀ ਉਨ੍ਹਾਂ ਲੋਕਾਂ ʼਤੇ ਹਕੂਮਤ ਕਰੇਗਾ ਜੋ ਖ਼ੁਸ਼ੀ-ਖ਼ੁਸ਼ੀ ਇਸ ਰਾਜ ਦੇ ਅਧੀਨ ਰਹਿਣਗੇ।

 ਸਿਰਫ਼ ਪਰਮੇਸ਼ੁਰ ਦੇ ਰਾਜ ਵਿਚ ਲੋਕ ਜਾਨਵਰਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਜੀਉਣਾ ਸਿੱਖਣਗੇ।​—ਯਸਾਯਾਹ 11:6-9.

a ਰੱਬ ਦਾ ਨਾਂ ਯਹੋਵਾਹ ਹੈ।​—ਜ਼ਬੂਰ 83:18.

b ਬਾਈਬਲ ਹੁਕਮ ਦਿੰਦੀ ਹੈ ਕਿ ‘ਖ਼ੂਨ ਤੋਂ ਦੂਰ ਰਹੋ।’ (ਰਸੂਲਾਂ ਦੇ ਕੰਮ 15:28, 29) ਇਸ ਦਾ ਮਤਲਬ ਹੈ ਕਿ ਸਾਨੂੰ ਨਾ ਤਾਂ ਖ਼ੂਨ ਪੀਣਾ ਚਾਹੀਦਾ ਹੈ ਅਤੇ ਨਾ ਹੀ ਉਹ ਮੀਟ ਖਾਣਾ ਚਾਹੀਦਾ ਜਿਸ ਵਿੱਚੋਂ ਖ਼ੂਨ ਨਾ ਕੱਢਿਆ ਗਿਆ ਹੋਵੇ। ਸਾਨੂੰ ਅਜਿਹਾ ਕੋਈ ਵੀ ਖਾਣਾ ਨਹੀਂ ਖਾਣਾ ਚਾਹੀਦਾ ਜਿਸ ਵਿਚ ਖ਼ੂਨ ਮਿਲਾਇਆ ਗਿਆ ਹੋਵੇ।