ਖ਼ਬਰਦਾਰ ਰਹੋ!
ਮਾਹਰ ਸਿਹਤ ਅਧਿਕਾਰੀ ਨੌਜਵਾਨਾਂ ʼਤੇ ਸੋਸ਼ਲ ਮੀਡੀਆ ਦੇ ਬੁਰੇ ਅਸਰ ਬਾਰੇ ਚੇਤਾਵਨੀ ਦਿੰਦੇ ਹਨ—ਬਾਈਬਲ ਕੀ ਕਹਿੰਦੀ ਹੈ?
23 ਮਈ 2023 ਨੂੰ ਅਮਰੀਕਾ ਦੇ ਇਕ ਮਾਹਰ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ਦਾ ਕਈ ਨੌਜਵਾਨਾਂ ʼਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।
“ਭਾਵੇਂ ਕਿ ਸੋਸ਼ਲ ਮੀਡੀਆ ਦਾ ਕੁਝ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ਾਇਦ ਫ਼ਾਇਦਾ ਹੁੰਦਾ ਹੈ, ਪਰ ਬਹੁਤ ਸਾਰੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਕਰਕੇ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਤੇ ਸਰੀਰਕ ਸਿਹਤ ʼਤੇ ਬਹੁਤ ਜ਼ਿਆਦਾ ਮਾੜਾ ਅਸਰ ਪਿਆ ਹੈ।”—ਸੋਸ਼ਲ ਮੀਡੀਆ ਐਂਡ ਯੂਥ ਮੈਂਟਲ ਹੈਲਥ: ਦ ਯੂ. ਐੱਸ. ਸਰਜਨ ਜਨਰਲਸ ਐਡਵਾਈਜ਼ਰੀ, 2023.
ਇਸ ਐਡਵਾਈਜ਼ਰੀ ਵਿਚ ਦਰਜ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਇਸ ਵੱਲ ਖ਼ਾਸ ਧਿਆਨ ਕਿਉਂ ਦੇਣਾ ਚਾਹੀਦਾ ਹੈ।
12 ਤੋਂ 15 ਸਾਲ ਦੀ ਉਮਰ ਦੇ ਉਹ ਬੱਚੇ “ਜੋ ਹਰ ਰੋਜ਼ ਸੋਸ਼ਲ ਮੀਡੀਆ ʼਤੇ ਤਿੰਨ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ʼਤੇ ਇਸ ਦਾ ਮਾੜਾ ਅਸਰ ਦੁਗਣਾ ਪੈਂਦਾ ਹੈ। ਨਾਲੇ ਉਨ੍ਹਾਂ ਵਿਚ ਡਿਪਰੈਸ਼ਨ ਅਤੇ ਚਿੰਤਾ ਦੇ ਲੱਛਣ ਵੀ ਦੇਖੇ ਜਾਂਦੇ ਹਨ।”
ਜਦੋਂ 14 ਸਾਲਾਂ ਦੇ ਬੱਚੇ ਸੋਸ਼ਲ ਮੀਡੀਆ ਜ਼ਿਆਦਾ ਵਰਤਦੇ ਹਨ, ਤਾਂ “ਉਹ ਅਕਸਰ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ, ਇੰਟਰਨੈੱਟ ʼਤੇ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸੋਹਣੇ ਨਹੀਂ ਹਨ, ਉਹ ਆਪਣੇ ਆਪ ਨੂੰ ਬੇਕਾਰ ਸਮਝਦੇ ਹਨ ਅਤੇ ਉਹ ਨਿਰਾਸ਼ ਰਹਿੰਦੇ ਹਨ। ਨਾਲੇ ਦੇਖਿਆ ਗਿਆ ਹੈ ਕਿ ਇਹ ਸਾਰਾ ਕੁਝ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਨਾਲ ਹੁੰਦਾ ਹੈ।”
ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਖ਼ਤਰਿਆਂ ਤੋਂ ਕਿਵੇਂ ਬਚਾ ਸਕਦੇ ਹਨ? ਬਾਈਬਲ ਵਿਚ ਇਸ ਬਾਰੇ ਚੰਗੀਆਂ ਸਲਾਹਾਂ ਦਿੱਤੀਆਂ ਗਈਆਂ ਹਨ।
ਮਾਪੇ ਕੀ ਕਰ ਸਕਦੇ ਹਨ?
ਧਿਆਨ ਦਿਓ। ਮਾਪਿਓ, ਇਨ੍ਹਾਂ ਖ਼ਤਰਿਆਂ ʼਤੇ ਗੌਰ ਕਰੋ ਅਤੇ ਫ਼ੈਸਲਾ ਕਰੋ ਕਿ ਤੁਹਾਡਾ ਬੱਚਾ ਸੋਸ਼ਲ ਮੀਡੀਆ ਇਸਤੇਮਾਲ ਕਰੇਗਾ ਜਾਂ ਨਹੀਂ।
ਬਾਈਬਲ ਦਾ ਅਸੂਲ: “ਬੱਚੇ ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ।”—ਕਹਾਉਤਾਂ 22:6 ਫੁਟਨੋਟ।
ਹੋਰ ਜਾਣਨ ਲਈ ਇਹ ਲੇਖ ਦੇਖੋ: “ਕੀ ਮੇਰੇ ਬੱਚੇ ਨੂੰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਹੈ?” (ਅੰਗ੍ਰੇਜ਼ੀ)।
ਜੇ ਤੁਸੀਂ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੰਦੇ ਹੋ, ਤਾਂ ਇਸ ਤੋਂ ਹੋਣ ਵਾਲੇ ਖ਼ਤਰਿਆਂ ਪ੍ਰਤੀ ਸਾਵਧਾਨ ਰਹੋ ਅਤੇ ਤੁਹਾਡਾ ਬੱਚਾ ਇੰਟਰਨੈੱਟ ʼਤੇ ਜੋ ਕੁਝ ਕਰਦਾ ਹੈ, ਉਸ ਵੱਲ ਵੀ ਧਿਆਨ ਦਿਓ। ਪਰ ਤੁਸੀਂ ਇਹ ਕਿਵੇਂ ਕਰ ਸਕਦੇ ਹੋ?
ਆਪਣੇ ਬੱਚੇ ਨੂੰ ਨੁਕਸਾਨਦੇਹ ਜਾਣਕਾਰੀ ਤੋਂ ਬਚਾਓ। ਆਪਣੇ ਬੱਚੇ ਨੂੰ ਸਿਖਲਾਈ ਦਿਓ ਤਾਂ ਜੋ ਉਹ ਨੁਕਸਾਨਦੇਹ ਜਾਣਕਾਰੀ ਨੂੰ ਪਛਾਣ ਸਕੇ ਅਤੇ ਉਸ ਤੋਂ ਦੂਰ ਰਹਿ ਸਕੇ।
ਬਾਈਬਲ ਦਾ ਅਸੂਲ: “ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਕਿਸੇ ਵੀ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲਾਲਚ ਦਾ ਜ਼ਿਕਰ ਤਕ ਨਾ ਕੀਤਾ ਜਾਵੇ . . . ਨਾਲੇ ਤੁਸੀਂ ਬੇਸ਼ਰਮੀ ਭਰੇ ਕੰਮ ਨਾ ਕਰੋ ਅਤੇ ਨਾ ਬੇਹੂਦਾ ਗੱਲਾਂ ਤੇ ਨਾ ਹੀ ਗੰਦੇ ਮਜ਼ਾਕ ਕਰੋ।”—ਅਫ਼ਸੀਆਂ 5:3, 4.
ਹੋਰ ਸੁਝਾਵਾਂ ਲਈ ਇਹ ਲੇਖ ਦੇਖੋ: “ਆਪਣੇ ਨੌਜਵਾਨ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਸਾਵਧਾਨੀ ਨਾਲ ਇਸਤੇਮਾਲ ਕਰਨਾ ਸਿਖਾਓ” (ਅੰਗ੍ਰੇਜ਼ੀ)।
ਹੱਦਾਂ ਠਹਿਰਾਓ। ਉਦਾਹਰਣ ਲਈ, ਨਿਯਮ ਬਣਾਓ ਕਿ ਤੁਹਾਡਾ ਬੱਚਾ ਕਦੋਂ ਤੇ ਕਿੰਨੇ ਸਮੇਂ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਸਕਦਾ ਹੈ।
ਬਾਈਬਲ ਦਾ ਅਸੂਲ: ‘ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਬੁੱਧੀਮਾਨ ਇਨਸਾਨਾਂ ਵਾਂਗ ਚੱਲੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।’—ਅਫ਼ਸੀਆਂ 5:15, 16.
ਹੱਦਾਂ ਠਹਿਰਾਉਣੀਆਂ ਕਿਉਂ ਜ਼ਰੂਰੀ ਹਨ, ਆਪਣੇ ਬੱਚੇ ਨੂੰ ਇਹ ਸਮਝਾਉਣ ਲਈ ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ ਨਾਂ ਦੀ ਐਨੀਮੇਸ਼ਨ ਵੀਡੀਓ ਦਿਖਾਓ।