ਖ਼ਬਰਦਾਰ ਰਹੋ!
ਹੜ੍ਹਾਂ ਨੇ ਮਚਾਈ ਤਬਾਹੀ—ਬਾਈਬਲ ਕੀ ਕਹਿੰਦੀ ਹੈ?
ਪੂਰੀ ਦੁਨੀਆਂ ਵਿਚ ਬਹੁਤ ਸਾਰੇ ਲੋਕ ਹੜ੍ਹਾਂ ਕਾਰਨ ਹੋਈ ਤਬਾਹੀ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਰਿਪੋਰਟਾਂ ʼਤੇ ਗੌਰ ਕਰੋ:
‘ਪਿਛਲੇ ਕੁਝ ਦਿਨਾਂ ਵਿਚ ਚੀਨ ਦੀ ਰਾਜਧਾਨੀ ਵਿਚ ਇੰਨਾ ਮੀਂਹ ਪਿਆ ਕਿ ਇਸ ਨੇ ਪਿਛਲੇ 140 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਸ਼ਨੀਵਾਰ ਅਤੇ ਬੁੱਧਵਾਰ ਨੂੰ 29.3 ਇੰਚ (744.8 ਮਿਲੀਮੀਟਰ) ਮੀਂਹ ਪੈਣ ਕਰਕੇ ਹੜ੍ਹ ਆ ਗਿਆ।’—ਏ. ਪੀ. ਨਿਊਜ਼, 2 ਅਗਸਤ 2023.
“ਖਾਨੂਨ ਤੂਫ਼ਾਨ ਕਰਕੇ ਦੱਖਣੀ ਜਪਾਨ ਵਿਚ ਭਾਰੀ ਮੀਂਹ ਪਿਆ ਤੇ ਤੇਜ਼ ਹਵਾਵਾਂ ਚੱਲੀਆਂ। ਦੂਜੇ ਦਿਨ ਵੀਰਵਾਰ ਤਕ ਇਸ ਤੂਫ਼ਾਨ ਕਰਕੇ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। . . . ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਇਸ ਤੂਫ਼ਾਨ ਕਰਕੇ ਕੇਂਦਰੀ ਤਾਈਵਾਨ ਦੇ ਪਹਾੜੀ ਇਲਾਕੇ ਵਿਚ 2 ਫੁੱਟ (0.6 ਮੀਟਰ) ਤਕ ਮੀਂਹ ਪਵੇਗਾ।”—ਡਿਊਸ਼ ਵੈੱਲ, 3 ਅਗਸਤ 2023.
“ਐਟਲਾਂਟਿਕ ਕੈਨੇਡਾ ਵਿਚ ਭਾਰੀ ਮੀਂਹ ਪੈਣ ਕਰਕੇ ਹਫ਼ਤੇ ਦੇ ਅਖ਼ੀਰ ਵਿਚ [ਨੋਵਾ ਸਕੌਸ਼ਾ] ਵਿਚ ਹੜ੍ਹ ਆ ਗਿਆ ਤੇ ਇਸ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ।”—ਬੀ. ਬੀ. ਸੀ. ਨਿਊਜ਼, 24 ਜੁਲਾਈ 2023
ਅਜਿਹੀਆਂ ਘਟਨਾਵਾਂ ਬਾਰੇ ਬਾਈਬਲ ਬਾਰੇ ਕੀ ਕਹਿੰਦੀ ਹੈ?
‘ਆਖ਼ਰੀ ਦਿਨਾਂ’ ਦੀ ਨਿਸ਼ਾਨੀ
ਅਸੀਂ ਜਿਸ ਸਮੇਂ ਵਿਚ ਜੀ ਰਹੇ ਹਾਂ, ਬਾਈਬਲ ਵਿਚ ਉਸ ਨੂੰ “ਆਖ਼ਰੀ ਦਿਨ” ਕਿਹਾ ਗਿਆ ਹੈ। (2 ਤਿਮੋਥਿਉਸ 3:1) ਯਿਸੂ ਨੇ ਸਾਡੇ ਸਮੇਂ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਅਸੀਂ ਆਪਣੀ ਅੱਖੀਂ “ਖ਼ੌਫ਼ਨਾਕ ਨਜ਼ਾਰੇ” ਜਾਂ ਭਿਆਨਕ ਘਟਨਾਵਾਂ ਦੇਖਾਂਗੇ। (ਲੂਕਾ 21:11) ਵਾਤਾਵਰਣ ਵਿਚ ਤਬਦੀਲੀ ਕਰਕੇ ਅੱਜ ਮੌਸਮ ਵਿਚ ਅਕਸਰ ਬਦਲਾਅ ਹੋ ਰਿਹਾ ਹੈ ਅਤੇ ਆਫ਼ਤਾਂ ਆ ਰਹੀਆਂ ਹਨ।
ਉਮੀਦ ਦੀ ਕਿਰਨ
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਡੇ ਸਮੇਂ ਵਿਚ ਧਰਤੀ ʼਤੇ ਭਿਆਨਕ ਘਟਨਾਵਾਂ ਵਾਪਰਨ ਕਰਕੇ ਸਾਨੂੰ ਉਮੀਦ ਮਿਲਦੀ ਹੈ। ਕਿਵੇਂ? ਯਿਸੂ ਨੇ ਕਿਹਾ ਸੀ: “ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।”—ਲੂਕਾ 21:31; ਮੱਤੀ 24:3.
ਇਨ੍ਹਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਬਹੁਤ ਜਲਦੀ ਕੁਦਰਤੀ ਤਾਕਤਾਂ ʼਤੇ ਵੀ ਕਾਬੂ ਪਾ ਲਵੇਗਾ, ਜਿਨ੍ਹਾਂ ਵਿਚ ਪਾਣੀ ਦਾ ਚੱਕਰ ਵਿਚ ਸ਼ਾਮਲ ਹੈ।—ਅੱਯੂਬ 36:27, 28; ਜ਼ਬੂਰ 107:29.
ਪਰਮੇਸ਼ੁਰ ਦਾ ਰਾਜ ਧਰਤੀ ਦੇ ਵਾਤਾਵਰਣ ਨੂੰ ਠੀਕ ਕਰੇਗਾ, ਇਸ ਬਾਰੇ ਹੋਰ ਜਾਣਨ ਲਈ “ਕੌਣ ਧਰਤੀ ਨੂੰ ਬਚਾ ਸਕਦਾ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।