ਕੰਮ ਛੁੱਟ ਜਾਣ ਤੇ ਕੀ ਕਰੀਏ?—ਬਾਈਬਲ ਵਿਚ ਦਿੱਤੇ ਸੁਝਾਅ ਲਾਗੂ ਕਰੋ
ਕੰਮ ਛੁੱਟਣ ਤੇ ਪੈਸਿਆਂ ਦੀ ਤੰਗੀ ਤਾਂ ਆਉਂਦੀ ਹੈ, ਪਰ ਇਸ ਦੇ ਨਾਲ-ਨਾਲ ਤੁਹਾਡੀਆਂ ਚਿੰਤਾਵਾਂ ਵੀ ਵਧ ਸਕਦੀਆਂ ਹਨ। ਤੁਹਾਡੇ ਘਰ ਦਾ ਮਾਹੌਲ ਵਿਗੜ ਸਕਦਾ ਹੈ। ਇੱਦਾਂ ਹੋਣ ਤੇ ਤੁਸੀਂ ਕੀ ਕਰ ਸਕਦੇ ਹੋ? ਆਓ ਕੁਝ ਸੁਝਾਵਾਂ ʼਤੇ ਗੌਰ ਕਰੀਏ। ਇਹ ਸੁਝਾਅ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹਨ ਜੋ ਤੁਹਾਡੇ ਕੰਮ ਆ ਸਕਦੇ ਹਨ।
ਦੂਜਿਆਂ ਨੂੰ ਦੱਸੋ ਕਿ ਤੁਹਾਡੇ ਮਨ ਵਿਚ ਕੀ ਚੱਲ ਰਿਹਾ ਹੈ।
ਬਾਈਬਲ ਕੀ ਕਹਿੰਦੀ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ।”—ਕਹਾਉਤਾਂ 17:17.
ਕੰਮ ਛੁੱਟ ਜਾਣ ਤੋਂ ਬਾਅਦ ਸ਼ਾਇਦ ਤੁਸੀਂ ਬਹੁਤ ਉਦਾਸ ਹੋ ਜਾਓ, ਤੁਹਾਨੂੰ ਗੁੱਸਾ ਆਵੇ ਜਾਂ ਤੁਹਾਨੂੰ ਸਮਝ ਨਾ ਲੱਗੇ ਕਿ ਹੁਣ ਤੁਸੀਂ ਕੀ ਕਰੋਗੇ। ਤੁਸੀਂ ਸ਼ਾਇਦ ਆਪਣੇ ਆਪ ਨੂੰ ਨਿਕੰਮਾ ਸਮਝਣ ਲੱਗ ਪਓ। ਇਨ੍ਹਾਂ ਹਾਲਾਤਾਂ ਵਿਚ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਨੂੰ ਦੱਸੋਗੇ ਕਿ ਤੁਹਾਡੇ ਮਨ ਵਿਚ ਕੀ ਚੱਲ ਰਿਹਾ ਹੈ, ਤਾਂ ਉਹ ਤੁਹਾਡੀ ਮਦਦ ਕਰ ਸਕਣਗੇ। ਉਹ ਤੁਹਾਨੂੰ ਤਸੱਲੀ ਦੇ ਸਕਣਗੇ ਤੇ ਤੁਹਾਡੀ ਹਿੰਮਤ ਵਧਾ ਸਕਣਗੇ। ਉਨ੍ਹਾਂ ਨਾਲ ਗੱਲ ਕਰ ਕੇ ਤੁਹਾਨੂੰ ਚੰਗਾ ਲੱਗੇਗਾ। ਸ਼ਾਇਦ ਉਹ ਤੁਹਾਨੂੰ ਕੁਝ ਇੱਦਾਂ ਦੇ ਸੁਝਾਅ ਦੇਣ ਜਿਸ ਕਰਕੇ ਤੁਸੀਂ ਹੋਰ ਕੰਮ ਲੱਭ ਸਕੋ।
ਹੱਦੋਂ ਵੱਧ ਚਿੰਤਾ ਨਾ ਕਰੋ।
ਬਾਈਬਲ ਕੀ ਕਹਿੰਦੀ ਹੈ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।”—ਮੱਤੀ 6:34.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਚੰਗੀ ਗੱਲ ਹੈ। (ਕਹਾਉਤਾਂ 21:5) ਪਰ ਉਸ ਵਿਚ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਸਾਨੂੰ ਭਵਿੱਖ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ। ਕਈ ਵਾਰ ਅਸੀਂ ਬਿਨਾਂ ਵਜ੍ਹਾ ਅਜਿਹੀਆਂ ਗੱਲਾਂ ਦੀ ਚਿੰਤਾ ਕਰਨ ਲੱਗ ਪੈਂਦੇ ਹਾਂ ਜੋ ਸ਼ਾਇਦ ਕਦੇ ਹੋਣ ਹੀ ਨਾ। ਇਸ ਲਈ ਵਧੀਆ ਹੋਵੇਗਾ ਕਿ ਅਸੀਂ ਅੱਜ ਦੇ ਦਿਨ ਦੀ ਹੀ ਚਿੰਤਾ ਕਰੀਏ।
ਇਸ ਤੋਂ ਇਲਾਵਾ, ਬਾਈਬਲ ਵਿਚ ਹੋਰ ਵੀ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਤਣਾਅ ਦਾ ਸਾਮ੍ਹਣਾ ਕਰ ਸਕਦੇ ਹੋ। ਇਸ ਬਾਰੇ ਹੋਰ ਜਾਣਨ ਲਈ “ਤਣਾਅ ਨਾਲ ਲੜਨ ਦੇ ਤਰੀਕੇ” ਨਾਂ ਦਾ ਲੇਖ ਪੜ੍ਹੋ।
ਖ਼ਰਚੇ ਘਟਾਓ।
ਬਾਈਬਲ ਕੀ ਕਹਿੰਦੀ ਹੈ: “ਚਾਹੇ ਮੇਰੇ ਕੋਲ ਬਹੁਤ ਕੁਝ ਹੋਵੇ ਜਾਂ ਫਿਰ ਮੈਂ ਤੰਗੀਆਂ ਕੱਟਦਾ ਹੋਵਾਂ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣ ਲਿਆ ਹੈ।”—ਫ਼ਿਲਿੱਪੀਆਂ 4:12.
ਨਵੇਂ ਹਾਲਾਤਾਂ ਮੁਤਾਬਕ ਫੇਰ-ਬਦਲ ਕਰੋ। ਤੁਸੀਂ ਜਿੱਦਾਂ ਪਹਿਲਾਂ ਪੈਸੇ ਖ਼ਰਚਦੇ ਸੀ, ਹੁਣ ਸ਼ਾਇਦ ਤੁਹਾਨੂੰ ਉਸ ਵਿਚ ਵੀ ਫੇਰ-ਬਦਲ ਕਰਨਾ ਪਵੇ। ਇਸ ਤਰ੍ਹਾਂ ਤੁਹਾਡੇ ਕੋਲ ਜੋ ਕੁਝ ਵੀ ਹੈ, ਤੁਸੀਂ ਉਸ ਵਿਚ ਹੀ ਆਪਣਾ ਗੁਜ਼ਾਰਾ ਕਰ ਸਕੋਗੇ। ਧਿਆਨ ਰੱਖੋ ਕਿ ਤੁਸੀਂ ਬੇਲੋੜਾ ਕਰਜ਼ਾ ਨਾ ਲਓ।—ਕਹਾਉਤਾਂ 22:7.
“ਘੱਟ ਪੈਸਿਆਂ ਵਿਚ ਗੁਜ਼ਾਰਾ ਕਿਵੇਂ ਤੋਰੀਏ?” ਨਾਂ ਦੇ ਲੇਖ ਵਿਚ ਕੁਝ ਹੋਰ ਸੁਝਾਅ ਵੀ ਦਿੱਤੇ ਗਏ ਹਨ। ਇਹ ਸੁਝਾਅ ਜਾਣਨ ਲਈ ਇਹ ਲੇਖ ਪੜ੍ਹੋ।
ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।
ਬਾਈਬਲ ਕੀ ਕਹਿੰਦੀ ਹੈ: “ਸਮਝਦਾਰੀ ਤੋਂ ਕੰਮ ਲਓ ਅਤੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”—ਕੁਲੁੱਸੀਆਂ 4:5.
ਜਦੋਂ ਤੁਸੀਂ ਕੰਮ ʼਤੇ ਜਾਂਦੇ ਸੀ, ਤਾਂ ਤੁਹਾਡਾ ਇਕ ਵਧੀਆ ਸ਼ਡਿਉਲ ਸੀ। ਚਾਹੇ ਹੁਣ ਤੁਹਾਡੇ ਕੋਲ ਕੰਮ ਨਹੀਂ ਹੈ, ਪਰ ਫਿਰ ਵੀ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ ਅਤੇ ਇਕ ਸ਼ਡਿਉਲ ਬਣਾਓ। ਇਸ ਤਰ੍ਹਾਂ ਤੁਸੀਂ ਪੂਰਾ ਦਿਨ ਵਿਹਲੇ ਨਹੀਂ ਰਹੋਗੇ ਅਤੇ ਇਹ ਨਹੀਂ ਸੋਚੋਗੇ ਕਿ ਤੁਸੀਂ ਨਿਕੰਮੇ ਹੋ।
ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਢਾਲੋ।
ਬਾਈਬਲ ਕੀ ਕਹਿੰਦੀ ਹੈ: “ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕਰਨ ਦਾ ਫ਼ਾਇਦਾ ਹੁੰਦਾ ਹੈ।”—ਕਹਾਉਤਾਂ 14:23.
ਜ਼ਰੂਰੀ ਨਹੀਂ ਕਿ ਤੁਹਾਨੂੰ ਪਹਿਲਾਂ ਵਰਗਾ ਹੀ ਕੰਮ ਮਿਲੇ। ਇਸ ਲਈ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਢਾਲੋ ਅਤੇ ਕੋਈ ਵੀ ਕੰਮ ਕਰਨ ਲਈ ਤਿਆਰ ਹੋਵੋ। ਤੁਹਾਨੂੰ ਸ਼ਾਇਦ ਛੋਟੇ-ਮੋਟੇ ਕੰਮ ਕਰਨੇ ਪੈਣ ਜਾਂ ਅਜਿਹਾ ਕੰਮ ਵੀ ਕਰਨਾ ਪਵੇ ਜਿਸ ਦੇ ਉੱਨੇ ਪੈਸੇ ਨਾ ਮਿਲਣ ਜਿੰਨੇ ਪਹਿਲੇ ਕੰਮ ਦੇ ਮਿਲਦੇ ਸਨ।
ਹਾਰ ਨਾ ਮੰਨੋ।
ਬਾਈਬਲ ਕੀ ਕਹਿੰਦੀ ਹੈ: “ਸਵੇਰ ਨੂੰ ਆਪਣਾ ਬੀ ਬੀਜ ਅਤੇ ਸ਼ਾਮ ਤਕ ਆਪਣਾ ਹੱਥ ਢਿੱਲਾ ਨਾ ਪੈਣ ਦੇ ਕਿਉਂਕਿ ਤੂੰ ਨਹੀਂ ਜਾਣਦਾ ਕਿ ਕਿਹੜਾ ਬੀ ਉੱਗੇਗਾ।”—ਉਪਦੇਸ਼ਕ ਦੀ ਕਿਤਾਬ 11:6.
ਕੰਮ ਲੱਭਦੇ ਰਹੋ। ਆਪਣੇ ਰਿਸ਼ਤੇਦਾਰਾਂ, ਦੋਸਤਾਂ, ਗੁਆਂਢੀਆਂ ਜਾਂ ਜਾਣ-ਪਛਾਣ ਵਾਲਿਆਂ ਨਾਲ ਗੱਲ ਕਰੋ ਅਤੇ ਦੱਸੋ ਕਿ ਤੁਹਾਨੂੰ ਕੰਮ ਦੀ ਲੋੜ ਹੈ। ਕੰਮ ਦਿਵਾਉਣ ਵਾਲੀਆਂ ਏਜੰਸੀਆਂ ਨਾਲ ਸੰਪਰਕ ਕਰੋ, ਅਲੱਗ-ਅਲੱਗ ਵੈੱਬਸਾਈਟਾਂ ਅਤੇ ਹੋਰ ਇਸ਼ਤਿਹਾਰ ਦੇਖਦੇ ਰਹੋ। ਤੁਹਾਨੂੰ ਸ਼ਾਇਦ ਇਕਦਮ ਕੰਮ ਨਾ ਮਿਲੇ। ਹੋ ਸਕਦਾ ਹੈ ਕਿ ਤੁਹਾਨੂੰ ਕਈ ਥਾਵਾਂ ʼਤੇ ਇੰਟਰਵਿਊ ਦੇਣੀ ਪਵੇ ਅਤੇ ਕਈ ਜਗ੍ਹਾ ਅਰਜ਼ੀ ਦੇਣੀ ਪਵੇ। ਪਰ ਹਾਰ ਨਾ ਮੰਨੋ।