ਸਾਡੀ ਮਸੀਹੀ ਜ਼ਿੰਦਗੀ
ਵੱਡੇ ਸੰਮੇਲਨ—ਪਿਆਰ ਦਿਖਾਉਣ ਦੇ ਮੌਕੇ
ਅਸੀਂ ਆਪਣੇ ਵੱਡੇ ਸੰਮੇਲਨਾਂ ਦਾ ਇੰਨਾ ਆਨੰਦ ਕਿਉਂ ਮਾਣਦੇ ਹਾਂ? ਇਜ਼ਰਾਈਲੀਆਂ ਦੇ ਜ਼ਮਾਨੇ ਵਾਂਗ ਅੱਜ ਸਾਡੇ ਕੋਲ ਵੀ ਵੱਡੇ ਸੰਮੇਲਨਾਂ ਵਿਚ ਸੈਂਕੜੇ ਜਾਂ ਹਜ਼ਾਰਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦਾ ਮੌਕਾ ਹੈ। ਇਨ੍ਹਾਂ ਵਿਚ ਮਿਲਦੀ ਜਾਣਕਾਰੀ ਕਰਕੇ ਸਾਨੂੰ ਖ਼ੁਸ਼ੀ ਹੁੰਦੀ ਹੈ ਅਤੇ ਅਸੀਂ ਯਹੋਵਾਹ ਦੇ ਹੋਰ ਨੇੜੇ ਮਹਿਸੂਸ ਕਰਦੇ ਹਾਂ। ਨਾਲੇ ਸਾਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਗੁਜ਼ਾਰ ਕੇ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਅਸੀਂ ਵੱਡੇ ਸੰਮੇਲਨ ਦੇ ਤਿੰਨੇ ਦਿਨ ਹਾਜ਼ਰ ਹੋ ਕੇ ਆਪਣੀ ਕਦਰਦਾਨੀ ਜ਼ਾਹਰ ਕਰਨੀ ਚਾਹੁੰਦੇ ਹਾਂ।
ਜਦੋਂ ਸਾਡੇ ਕੋਲ ਇਕੱਠੇ ਹੋਣ ਦਾ ਮੌਕਾ ਹੁੰਦਾ ਹੈ, ਤਾਂ ਅਸੀਂ ਸਿਰਫ਼ ਇਹੀ ਨਹੀਂ ਸੋਚਦੇ ਕਿ ਸਾਨੂੰ ਕੀ ਫ਼ਾਇਦਾ ਹੋਵੇਗਾ, ਸਗੋਂ ਇਹ ਵੀ ਸੋਚਦੇ ਹਾਂ ਕਿ ਅਸੀਂ ਦੂਜਿਆਂ ਨੂੰ ਪਿਆਰ ਕਿਵੇਂ ਦਿਖਾ ਸਕਦੇ ਹਾਂ। (ਗਲਾ 6:10; ਇਬ 10:24, 25) ਜਦੋਂ ਅਸੀਂ ਕਿਸੇ ਭੈਣ ਜਾਂ ਭਰਾ ਲਈ ਦਰਵਾਜ਼ਾ ਖੋਲ੍ਹਦੇ ਹਾਂ ਜਾਂ ਸਿਰਫ਼ ਉੱਨੀਆਂ ਸੀਟਾਂ ਬੁੱਕ ਕਰਦੇ ਹਾਂ ਜਿੰਨੀਆਂ ਸਾਨੂੰ ਚਾਹੀਦੀਆਂ ਹਨ, ਤਾਂ ਅਸੀਂ ਦੂਜਿਆਂ ਦੇ ਭਲੇ ਬਾਰੇ ਸੋਚ ਰਹੇ ਹੁੰਦੇ ਹਾਂ। (ਫ਼ਿਲਿ 2:3, 4) ਵੱਡੇ ਸੰਮੇਲਨਾਂ ’ਤੇ ਅਸੀਂ ਨਵੇਂ ਦੋਸਤ ਬਣਾ ਸਕਦੇ ਹਾਂ। ਪ੍ਰੋਗ੍ਰਾਮ ਤੋਂ ਪਹਿਲਾਂ ਤੇ ਬਾਅਦ ਵਿਚ ਅਤੇ ਦੁਪਹਿਰ ਦੇ ਖਾਣੇ ਦੌਰਾਨ ਅਸੀਂ ਉਨ੍ਹਾਂ ਨਾਲ ਗੱਲ ਕਰਨ ਦਾ ਟੀਚਾ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। (2 ਕੁਰਿੰ 6:13) ਵੱਡੇ ਸੰਮੇਲਨਾਂ ਵਿਚ ਸਾਨੂੰ ਅਜਿਹੇ ਦੋਸਤ ਮਿਲ ਸਕਦੇ ਹਨ ਜੋ ਹਮੇਸ਼ਾ ਸਾਡੇ ਦੋਸਤ ਰਹਿਣਗੇ! ਸਭ ਤੋਂ ਅਹਿਮ ਗੱਲ, ਜਦੋਂ ਲੋਕ ਦੇਖਣਗੇ ਕਿ ਅਸੀਂ ਆਪਣੇ ਕੰਮਾਂ ਰਾਹੀਂ ਪਿਆਰ ਦਿਖਾਉਂਦੇ ਹਾਂ, ਤਾਂ ਸ਼ਾਇਦ ਉਹ ਵੀ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰਨ।—ਯੂਹੰ 13:35.
“ਪਿਆਰ ਕਦੇ ਖ਼ਤਮ ਨਹੀਂ ਹੁੰਦਾ”! ਅੰਤਰਰਾਸ਼ਟਰੀ ਸੰਮੇਲਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
2019 ਦੇ ਅੰਤਰਰਾਸ਼ਟਰੀ ਸੰਮੇਲਨ ’ਤੇ ਹੋਰ ਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਪਿਆਰ ਕਿਵੇਂ ਦਿਖਾਇਆ ਗਿਆ?
-
ਯਹੋਵਾਹ ਦੇ ਲੋਕਾਂ ਵਿਚ ਪਿਆਰ ਅਤੇ ਏਕਤਾ ਲਾਜਵਾਬ ਕਿਉਂ ਹੈ?
-
ਪ੍ਰਬੰਧਕ ਸਭਾ ਦੇ ਮੈਂਬਰਾਂ ਨੇ ਮਸੀਹੀ ਪਿਆਰ ਦੇ ਕਿਹੜੇ ਪਹਿਲੂਆਂ ’ਤੇ ਜ਼ੋਰ ਦਿੱਤਾ?
-
ਮਸੀਹੀ ਪਿਆਰ ਨੇ ਜਰਮਨੀ ਅਤੇ ਦੱਖਣੀ ਕੋਰੀਆ ਦੇ ਭੈਣਾਂ-ਭਰਾਵਾਂ ਨੂੰ ਏਕਤਾ ਦੇ ਬੰਧਨ ਵਿਚ ਕਿਵੇਂ ਬੰਨ੍ਹਿਆ ਹੈ?
-
ਸਾਨੂੰ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ?