ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਤੁਸੀਂ ਆਡੀਓ ਬਾਈਬਲ ਨੂੰ ਚੰਗੀ ਤਰ੍ਹਾਂ ਵਰਤ ਰਹੇ ਹੋ?
ਆਡੀਓ ਬਾਈਬਲ ਕੀ ਹੈ? ਇਹ ਨਵੀਂ ਦੁਨੀਆਂ ਅਨੁਵਾਦ ਦੀ ਆਡੀਓ ਰਿਕਾਰਡਿੰਗ ਹੈ। ਜਿੱਦਾਂ-ਜਿੱਦਾਂ ਇਸ ਦੀ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਆਡੀਓ ਰਿਕਾਰਡਿੰਗ ਤਿਆਰ ਹੁੰਦੀ ਹੈ, ਉੱਦਾਂ-ਉੱਦਾਂ ਇਹ ਰਿਲੀਜ਼ ਕੀਤੀ ਜਾਂਦੀ ਹੈ। ਕੁਝ ਭਾਸ਼ਾਵਾਂ ਵਿਚ ਆਡੀਓ ਬਾਈਬਲ ਦੀ ਇਕ ਖ਼ਾਸੀਅਤ ਇਹ ਹੈ ਕਿ ਇਸ ਵਿਚ ਹਰ ਪਾਤਰ ਲਈ ਅਲੱਗ-ਅਲੱਗ ਆਵਾਜ਼ ਵਰਤੀ ਗਈ ਹੈ। ਇਸ ਵਿਚ ਖ਼ਾਸ ਸ਼ਬਦਾਂ ʼਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਹੀ ਭਾਵਨਾਵਾਂ ਨਾਲ ਪੜ੍ਹਿਆ ਗਿਆ ਹੈ। ਇਸ ਤਰ੍ਹਾਂ ਬਾਈਬਲ ਦੇ ਸੰਦੇਸ਼ ਦੀ ਸਹੀ-ਸਹੀ ਸਮਝ ਮਿਲਦੀ ਹੈ।
ਕੁਝ ਜਣਿਆਂ ਨੂੰ ਆਡੀਓ ਬਾਈਬਲ ਤੋਂ ਕੀ ਫ਼ਾਇਦੇ ਹੋ ਰਹੇ ਹਨ? ਕਈ ਲੋਕਾਂ ਨੂੰ ਬਾਕਾਇਦਾ ਬਾਈਬਲ ਦੀ ਆਡੀਓ ਰਿਕਾਰਡਿੰਗ ਸੁਣਨੀ ਬਹੁਤ ਪਸੰਦ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਜਾਨ ਪੈ ਜਾਂਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਬਾਈਬਲ ਦੇ ਹਰ ਪਾਤਰ ਦੀ ਅਲੱਗ ਆਵਾਜ਼ ਹੋਣ ਕਰਕੇ ਉਹ ਬਾਈਬਲ ਦੀਆਂ ਘਟਨਾਵਾਂ ਦੀ ਮਨ ਵਿਚ ਤਸਵੀਰ ਬਣਾ ਸਕਦੇ ਹਨ ਅਤੇ ਗੱਲਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਮਝ ਸਕਦੇ ਹਨ। (ਕਹਾ 4:5) ਨਾਲੇ ਬਹੁਤ ਜਣਿਆਂ ਨੂੰ ਲੱਗਦਾ ਹੈ ਕਿ ਜਦੋਂ ਉਹ ਪਰੇਸ਼ਾਨ ਹੁੰਦੇ ਹਨ, ਤਾਂ ਆਡੀਓ ਬਾਈਬਲ ਸੁਣ ਕੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ।—ਜ਼ਬੂ 94:19.
ਪਰਮੇਸ਼ੁਰ ਦਾ ਬਚਨ ਸੁਣਨ ਨਾਲ ਸਾਡੀਆਂ ਜ਼ਿੰਦਗੀਆਂ ʼਤੇ ਜ਼ਬਰਦਸਤ ਅਸਰ ਪੈ ਸਕਦਾ ਹੈ। (2 ਇਤਿ 34:19-21) ਜੇ ਤੁਹਾਡੀ ਆਪਣੀ ਭਾਸ਼ਾ ਵਿਚ ਆਡੀਓ ਬਾਈਬਲ ਦਾ ਪੂਰਾ ਜਾਂ ਕੁਝ ਹਿੱਸਾ ਉਪਲਬਧ ਹੈ, ਤਾਂ ਕੀ ਤੁਸੀਂ ਹਰ ਰੋਜ਼ ਇਸ ਨੂੰ ਸੁਣਨ ਦਾ ਟੀਚਾ ਰੱਖ ਸਕਦੇ ਹੋ?
ਆਡੀਓ ਬਾਈਬਲ ਦੀ ਰਿਕਾਰਡਿੰਗ—ਕੁਝ ਹਿੱਸਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਆਡੀਓ ਬਾਈਬਲ ਦੀ ਜਿਸ ਤਰੀਕੇ ਨਾਲ ਰਿਕਾਰਡਿੰਗ ਕੀਤੀ ਗਈ ਹੈ, ਉਸ ਦੀ ਕਿਹੜੀ ਗੱਲ ਤੁਹਾਨੂੰ ਵਧੀਆ ਲੱਗੀ?