ਸਾਡੀ ਮਸੀਹੀ ਜ਼ਿੰਦਗੀ
ਕੋਈ ਆਫ਼ਤ ਆਉਣ ਤੋਂ ਬਾਅਦ ਕਿਵੇਂ ਮਦਦ ਕਰੀਏ?
ਕੁਦਰਤੀ ਆਫ਼ਤਾਂ ਦਿਨ-ਬਦਿਨ ਵਧਦੀਆਂ ਜਾ ਰਹੀਆਂ ਹਨ। ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਜ਼ਰੂਰੀ ਹੈ ਕਿ ਰਾਹਤ ਦੇ ਕੰਮ ਚੰਗੇ ਤਰੀਕੇ ਨਾਲ ਕੀਤੇ ਜਾਣ। ਇਸ ਲਈ ਪ੍ਰਬੰਧਕ ਸਭਾ ਨੇ ਹਰ ਬ੍ਰਾਂਚ ਆਫ਼ਿਸ ਵਿਚ ਰਾਹਤ ਵਿਭਾਗ ਬਣਾਇਆ ਹੈ।
ਜਦੋਂ ਇਸ ਵਿਭਾਗ ਦੇ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਕਿਸੇ ਇਲਾਕੇ ਵਿਚ ਕੋਈ ਆਫ਼ਤ ਆਈ ਹੈ, ਤਾਂ ਉਹ ਉਸੇ ਵੇਲੇ ਉੱਥੋਂ ਦੇ ਬਜ਼ੁਰਗਾਂ ਨਾਲ ਸੰਪਰਕ ਕਰਦੇ ਹਨ ਤਾਂਕਿ ਉਹ ਉਸ ਇਲਾਕੇ ਦੇ ਪ੍ਰਚਾਰਕਾਂ ਦੀ ਮਦਦ ਕਰ ਸਕਣ। ਜੇ ਕਿਸੇ ਇਲਾਕੇ ਵਿਚ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਉੱਥੋਂ ਦੇ ਭੈਣ-ਭਰਾ ਆਪਣੇ ਆਪ ਉਸ ਮੁਸ਼ਕਲ ਨਾਲ ਨਜਿੱਠ ਨਹੀਂ ਸਕਦੇ, ਤਾਂ ਬ੍ਰਾਂਚ ਆਫ਼ਿਸ ਕਾਬਲ ਭਰਾਵਾਂ ਨੂੰ ਰਾਹਤ ਦੇ ਕੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪਦਾ ਹੈ। ਉਹ ਭਰਾ ਸ਼ਾਇਦ ਵਲੰਟੀਅਰਾਂ ਲਈ ਜਾਂ ਖ਼ਾਸ ਚੀਜ਼ਾਂ ਦਾਨ ਕਰਨ ਲਈ ਬੇਨਤੀ ਕਰਨ। ਜਾਂ ਉਹ ਸ਼ਾਇਦ ਉਸ ਇਲਾਕੇ ਵਿਚ ਹੀ ਜ਼ਰੂਰਤ ਦੀਆਂ ਚੀਜ਼ਾਂ ਖ਼ਰੀਦ ਕੇ ਲੋੜਵੰਦ ਭੈਣਾਂ-ਭਰਾਵਾਂ ਨੂੰ ਵੰਡ ਦੇਣ।
ਜਦੋਂ ਭਰਾ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੀ ਬਜਾਇ ਪ੍ਰਬੰਧਾਂ ਮੁਤਾਬਕ ਸਾਰੇ ਕੰਮ ਕਰਦੇ ਹਨ, ਤਾਂ ਉਹ ਫ਼ਜ਼ੂਲ ਦੇ ਕੰਮ ਅਤੇ ਮਿਹਨਤ ਕਰਨ ਤੋਂ ਬਚਦੇ ਹਨ। ਇਸ ਕਰਕੇ ਗੜਬੜੀ ਨਹੀਂ ਹੁੰਦੀ ਅਤੇ ਪੈਸੇ ਤੇ ਚੀਜ਼ਾਂ ਦਾ ਸੋਚ-ਸਮਝ ਕੇ ਅਤੇ ਸਹੀ ਇਸਤੇਮਾਲ ਹੁੰਦਾ ਹੈ।
ਬ੍ਰਾਂਚ ਆਫ਼ਿਸ ਵੱਲੋਂ ਚੁਣੇ ਗਏ ਭਰਾ ਤੈਅ ਕਰਦੇ ਹਨ ਕਿ ਰਾਹਤ ਦੇ ਕੰਮ ਵਿਚ ਕਿੰਨੇ ਪੈਸਿਆਂ ਦੀ ਅਤੇ ਮਦਦ ਕਰਨ ਲਈ ਕਿੰਨੇ ਵਲੰਟੀਅਰਾਂ ਦੀ ਲੋੜ ਪਵੇਗੀ। ਉਹ ਉਸ ਇਲਾਕੇ ਦੇ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਉੱਥੇ ਦੇ ਭੈਣਾਂ-ਭਰਾਵਾਂ ਨੂੰ ਰਾਹਤ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਆਪਣੇ ਵੱਲੋਂ ਪੈਸੇ ਇਕੱਠੇ ਨਾ ਕਰੋ, ਚੀਜ਼ਾਂ ਨਾ ਭੇਜੋ ਜਾਂ ਪੁੱਛੇ ਬਿਨਾਂ ਉੱਥੇ ਨਾ ਜਾਓ ਜਿੱਥੇ ਕੋਈ ਆਫ਼ਤ ਆਈ ਹੈ।
ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਾਂ, ਇਸ ਲਈ ਕੋਈ ਆਫ਼ਤ ਆਉਣ ਤੇ ਅਸੀਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। (ਇਬ 13:16) ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਲਈ ਅਤੇ ਰਾਹਤ ਪਹੁੰਚਾਉਣ ਵਾਲਿਆਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮਾਂ ਲਈ ਦਾਨ ਵੀ ਦੇ ਸਕਦੇ ਹਾਂ। ਪ੍ਰਬੰਧਕ ਸਭਾ ਦੀ ਅਗਵਾਈ ਅਧੀਨ ਬ੍ਰਾਂਚ ਆਫ਼ਿਸ ਇਹ ਤੈਅ ਕਰ ਸਕਦੇ ਹਨ ਕਿ ਦਾਨ ਕੀਤੇ ਪੈਸੇ ਕਿੱਥੇ ਵਧੀਆ ਢੰਗ ਨਾਲ ਇਸਤੇਮਾਲ ਕੀਤੇ ਜਾ ਸਕਦੇ ਹਨ। ਨਾਲੇ ਜੇ ਅਸੀਂ ਖ਼ੁਦ ਰਾਹਤ ਦੇ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹਾਂ, ਤਾਂ ਸਥਾਨਕ ਡੀਜ਼ਾਈਨ/ਉਸਾਰੀ ਦਾ ਫਾਰਮ (Local Design/Construction Application [DC-50]) ਭਰੋ।
ਬ੍ਰਾਜ਼ੀਲ ਵਿਚ ਹੜ੍ਹ ਕਾਰਨ ਤਬਾਹੀ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸਾਲ 2020 ਵਿਚ ਬ੍ਰਾਜ਼ੀਲ ਵਿਚ ਹੜ੍ਹ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨੇ ਜਿਸ ਤਰ੍ਹਾਂ ਰਾਹਤ ਦਾ ਕੰਮ ਕੀਤਾ, ਉਸ ਬਾਰੇ ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ?